Thursday, 25 October 2012 10:37
Print PDF

''ਭੈਣ ਦੇ ਘਰ ਭਾਈ ਕੁੱਤਾ, ਸਹੁਰੇ ਘਰ ਜੁਆਈ ਕੁੱਤਾ, ਆਪਣੀ ਗਲ਼ੀ ਵਿੱਚ ਕੁੱਤਾ ਵੀ ਸ਼ੇਰ ਹੁੰਦੈ, ਸ਼ੇਰ ਦੀ ਸੂਰੀ ਨਾਲ ਕੋਈ ਰਿਸ਼ਤਦਾਰੀ ਨਹੀਂ ਹੁੰਦੀ, ਫੇਰ ਵੀ ਸ਼ੇਰਸ਼ਾਹ ਸੂਰੀ ਕਿਉਂ ਸੀ?" ਇਹ, ਹੋਰ ਕੁੱਝ ਨਾ ਵੀ ਹੋਵੇ, ਇੱਕ ਸੁਆਲ ਜ਼ਰੂਰ ਹੈ। 18 ਮਈ 1969 ਨੂੰ ਮੁਰਾਦਾਬਾਦ ਵਿੱਚ ਪਿੱਤਲ ਦੀ ਖ਼ਰੂਦੋ-ਫ਼ਰੋਖ਼ਤ ਕਰਨ ਵਾਲ਼ੇ ਇੱਕ ਪਰਿਵਾਰ ਵਿੱਚ ਪੈਦਾ ਹੋਏ ਰੌਬਰਟ ਵਾਡਰਾ ਨੂੰ, 1997 ਵਿੱਚ ਪ੍ਰਿਯੰਕਾ ਗਾਂਧੀ ਨਾਲ਼ ਵਿਆਹ ਕਰਾਉਣ ਤੋਂ ਪਹਿਲਾਂ ਸ਼ਾਇਦ ਮੁਰਾਦਾਬਾਦ ਵਿੱਚ ਵੀ ਬਹੁਤੇ ਲੋਕ ਨਹੀਂ ਜਾਣਦੇ ਸਨ। ਇਸ ਵੇਲ਼ੇ ਉਸ ਨੂੰ ਕੁੱਲ ਜਹਾਨ ਜਾਣਦਾ ਹੈ ਕਿਉਂ ਕਿ ਉਹ, ਭਾਰਤ ਦੀ 'ਅਸਲੀ ਹੁਕਮਰਾਨ' ਸੋਨੀਆ ਗਾਂਧੀ ਦਾ ਜੁਆਈ ਹੈ। ਪ੍ਰਿਯੰਕਾ ਨਾਲ ਵਿਆਹ ਕਰਾਉਣ 'ਤੇ ਨਰਾਜ਼ ਹੋਣ ਕਾਰਨ, ਰੌਬਰਟ ਦਾ ਭਰਾ ਰਿਚਰਡ ਅਤੇ ਭੈਣ ਮਿਸ਼ੈਲ਼ ਆਪਣੇ ਬਾਪ ਦੇ ਘਰੋਂ ਨਿੱਕਲ ਗਏ ਸਨ।
 ਸੰਨ 2001 ਵਿੱਚ ਰੌਬਰਟ ਨੇ ਮੁਨਾਦੀ ਕਰਾਈ ਸੀ ਕਿ ਉਸ ਦਾ ਬਾਪ ਰਜਿੰਦਰ ਵਾਡਰਾ ਅਤੇ ਭਰਾ ਰਿਚਰਡ, ਲੋਕਾਂ ਨੂੰ ਕਾਂਗਰਸ ਪਾਰਟੀ ਵਿੱਚ ਨੌਕਰੀਆਂ ਦੁਆਉਣ ਦੇ ਝਾਂਸੇ ਦੇ ਕੇ ਠਗ ਰਹੇ ਹਨ। ਰਜਿੰਦਰ ਵਾਡਰਾ ਨੇ ਬਾਅਦ ਵਿੱਚ ਆਪਣੇ ਪੁੱਤਰ (ਰੌਬਰਟ ਵਾਡਰਾ) ਖ਼ਿਲਾਫ਼ ਹੱਤਕ ਇੱਜ਼ਤ ਦਾ ਕੇਸ ਦਰਜ ਕਰਾਉਣ ਦੀ ਧਮਕੀ ਵੀ ਦਿੱਤੀ ਸੀ। ਸੰਨ 2009 ਵਿੱਚ ਉਹ, ਨਵੀਂ ਦਿੱਲੀ ਦੇ ਯੂਸਫ਼ ਸਰਾਏ ਇਲਾਕੇ ਦੇ ਇੱਕ ਗੈੱਸਟ ਹਾਉਸ ਵਿੱਚ

ਮਰਿਆ ਪਿਆ ਮਿਲਿਆ ਸੀ। ਰੌਬਰਟ ਦੇ ਵੱਡੇ ਭਰਾ ਰਿਚਰਡ ਨੇ 2003 ਵਿੱਚ ਖ਼ੁਦਕੁਸ਼ੀ ਕਰ ਲਈ ਸੀ। ਉਸ ਦੀ ਭੈਣ ਮਿਸ਼ੈਲ, 2001 ਵਿੱਚ ਇੱਕ ਕਾਰ ਹਾਦਸੇ ਵਿੱਚ ਮਾਰੀ ਗਈ ਸੀ। ਯਾਨੀ ਪ੍ਰਿਯੰਕਾ ਗਾਂਧੀ ਨਾਲ ਵਿਆਹ ਕਰਾਉਣ ਤੋਂ 10-12 ਸਾਲ ਵਿੱਚ ਹੀ ਰੌਬਰਟ ਨੂੰ ਛੱਡ ਕੇ ਉਸ ਦੇ ਤਕਰੀਬਨ ਸਾਰੇ ਹੀ ਪਰਿਵਾਰ ਦਾ ਭੋਗ ਪੈ ਗਿਆ ਸੀ।
 ਮੁਰਾਦਾਬਾਦ ਦੇ ਪਿੱਤਲ ਦੇ ਕਬਾੜੀਆਂ ਦਾ ਇਹ ਸਾਹਿਬਜ਼ਾਦਾ ਇਸ ਵੇਲ਼ੇ ਗਹਿਣਿਆਂ ਅਤੇ ਦਸਤਕਾਰੀ ਦਾ ਸਾਮਾਨ ਬਣਾਉਣ ਵਾਲ਼ੀ ਇੱਕ ਕੰਪਨੀ 'ਆਰਟੈਕਸ' ਦਾ ਮਾਲਕ ਹੈ। ਦਿੱਲੀ ਵਿੱਚ ਜ਼ਮੀਨ-ਜਾਇਦਾਦ ਦੀ ਵੇਚ-ਵੱਟ ਕਰਨ ਵਾਲ਼ੀ, ਭਾਰਤ ਦੀ ਸਭ ਤੋਂ ਵੱਡੀ ਕੰਪਨੀ 'ਡੀ. ਐੱਲ. ਐੱਫ. ਲਿਮਿਟਿਡ', ਰੌਬਰਟ ਵਾਡਰਾ ਦੀਆਂ ਕੰਪਨੀਆਂ ਨੂੰ ਜ਼ਮੀਨ ਖ਼ਰੀਦਣ ਲਈ, ਹਾਕਾਂ ਮਾਰ-ਮਾਰ ਕੇ, ਬਹੁਤ ਹੀ ਮਾਮੂਲੀ ਵਿਆਜ 'ਤੇ ਕਰਜ਼ਾ ਦੇ ਰਹੀ ਹੈ। ਵਾਡਰਾ ਤੇ ਉਸ ਦੀ ਮਾਂ ਮੌਰੀਨ ਵਾਡਰਾ ਦੀ ਕੰਪਨੀ 'ਸਕਾਈ ਲਾਈਟ ਹੌਸਪੀਟੈਲਿਟੀ ਪ੍ਰਾ. ਲਿਮ.' ਦੱਖਣੀ ਦਿੱਲੀ ਦੇ ਵਪਾਰਕ ਖੇਤਰ ਸਾਕੇਤ ਵਿੱਚ ਬਹੁਤ ਵੱਡੇ ਹੋਟਲ 'ਹਿਲਟਨ ਗਾਰਡਨ ਇੰਨ' ਦੀ ਮਾਲਕਣ ਕੰਪਨੀ ਦੀ ਭਾਈਵਾਲ ਹੈ। ਇਸ ਤੋਂ ਇਲਾਵਾ ਉਹ, ਹਵਾਈ ਜਹਾਜ਼ ਭਾੜੇ 'ਤੇ ਦਿੰਦੀ ਕੰਪਨੀ 'ਬਲੂ ਬਰੀਜ਼ ਟਰੇਡਿੰਗ ਪ੍ਰਾ. ਲਿਮ.', 'ਨਾਰਥ ਇੰਡੀਆ ਆਈ. ਟੀ. ਪਾਰਕ ਪ੍ਰਾ. ਲਿਮ.', 'ਰੀਅਲ ਅਰਥ ਅਸਟੇਟਸ ਪ੍ਰਾ. ਲਿਮ.', 'ਸਕਾਈ ਲਾਈਟ ਰੀਐਲਿਟੀ ਪ੍ਰਾ. ਲਿਮ.' ਦਾ ਮਾਲਕ ਵੀ ਹੈ।
 ਭਾਰਤ ਦਾ ਕੋਈ ਵੀ 'ਆਮ ਆਦਮੀ', ਜਿਸ ਨੂੰ ਰੌਬਰਟ ਵਾਡਰਾ ਨੇ ਆਪਣੇ 'ਫੇਸਬੁੱਕ' ਦੇ ਖਾਤੇ ਵਿੱਚ 'ਮੈਂਗੋ ਮੈਨ' ਕਰਾਰ ਦਿੱਤਾ ਹੋਇਆ ਹੈ, ਆਪਣਾ ਕੰਮ ਸ਼ੁਰੂ ਕਰ ਕੇ ਉਸ ਨੂੰ ਵਧਾ ਸਕਦਾ ਹੈ। ਇਸ ਲਈ ਰੌਬਰਟ ਵੱਲੋਂ ਵੀ ਕੋਈ ਵੀ ਕਾਰੋਬਾਰ ਕਰਨਾ ਤੇ ਉਸ ਨੂੰ ਜਾਇਜ਼ ਢੰਗ ਨਾਲ ਵਧਾਉਣਾ ਨਜਾਇਜ਼ ਕੰਮ ਨਹੀਂ ਹੈ, ਪਰ ਜਦੋਂ ਕੋਈ ਮੁਰਾਦਾਬਾਦੀ 'ਪਿੱਤਲ ਦਾ ਕਬਾੜੀਆ' ਮੁਲਕ ਦੇ ਸਭ ਤੋਂ ਵੱਡੇ ਸਿਆਸੀ ਪਰਿਵਾਰ ਦਾ 'ਘਰ-ਜੁਆਈ' ਬਣ ਕੇ ਸਾਰੇ ਦੇਸ਼ ਦਾ ਜੁਆਈ ਬਣਨ ਨੂੰ ਫ਼ਿਰੇ ਤਾਂ ਹਰ 'ਮੈਂਗੋ ਮੈਨ' ਤੁੰਮਾ ਵੀ ਬਣ ਸਕਦਾ ਹੈ ਤੇ ਤੁੰਮੇਂ, ਅੰਬਾਂ ਵਾਂਗ ਮਿੱਠੇ ਨਹੀਂ ਹੁੰਦੇ। ਰੌਬਰਟ ਵਾਡਰਾ ਸਭ ਤੋਂ ਪਹਿਲਾਂ ਉਸ ਵੇਲ਼ੇ ਬਹੁਤ ਸਾਰੇ ਭਾਰਤੀਆਂ ਦੀਆਂ ਅੱਖਾਂ ਵਿੱਚ ਰੜਕਿਆ ਸੀ, ਜਦੋਂ ਉਸ ਨੂੰ ਦੇਸ਼ ਦੇ ਕਈ ਉੱਚ-ਅਹੁਦੇਦਾਰਾਂ ਵਾਂਗ ਹੀ, ਹਵਾਈ ਅੱਡਿਆਂ ਤੋਂ ਤਲਾਸ਼ੀ ਕਰਨ ਤੋਂ ਬਗ਼ੈਰ ਹੀ ਜਾ ਲੈਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ। ਯਾਨੀ ਇੱਕ 'ਮੈਂਗੋ ਮੈਨ' ਨੂੰ ਇਸ ਕਰ ਕੇ ਹੀ 'ਬਹੁਤ ਵੱਡਾ ਬੰਦਾ' ਕਰਾਰ ਦੇ ਦਿੱਤਾ ਗਿਆ ਕਿਉਂ ਕਿ ਦੇਸ਼ ਦੇ ਇੱਕ ਬਹੁਤ ਵੱਡੇ ਸਿਆਸੀ ਪਰਿਵਾਰ ਦੀ ਧੀ, ਉਸ ਦੀ ਘਰ ਵਾਲ਼ੀ ਹੈ। ਬੇਸ਼ੱਕ ਕੋਈ ਵਿਅਕਤੀ ਕਿਸੇ ਪਿੰਡ ਜਾਂ ਸ਼ਹਿਰ ਦਾ ਜੁਆਈ ਤਾਂ ਹੋ ਸਕਦਾ ਹੈ, ਪਰ ਰੌਬਰਟ ਵਾਡਰਾ ਸਾਰੇ ਭਾਰਤ ਦਾ ਜੁਆਈ ਬਣ ਜਾਵੇ ਤੇ ਸਾਰੇ ਭਾਰਤ ਵਾਸੀ ਉਸ ਦੇ ਸਾਲ਼ੇ ਬਣ ਜਾਣ, ਇਹ ਤਾਂ ਨਹੀਂ ਹੋ ਸਕਦਾ ਨਾ। 26 ਸਤੰਬਰ, 2005 ਨੂੰ ਸਰਕਾਰ ਵੱਲੋਂ ਸਾਰੇ ਹਵਾਈ ਅੱਡਿਆਂ ਨੂੰ ਤਲਾਸ਼ੀ ਕੀਤੇ ਬਗ਼ੈਰ ਜਾਣ ਦੇਣ ਲਈ, ਜਿਹੜੇ ਲੋਕਾਂ ਦੇ ਨਾਵਾਂ ਦੀ ਸੂਚੀ ਭੇਜੀ ਗਈ ਸੀ, ਉਸ ਵਿੱਚ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸਾਰੇ ਸਾਬਕਾ ਰਾਸ਼ਟਰਪਤੀਆਂ ਅਤੇ ਪ੍ਰਧਾਨ ਮੰਤਰੀਆਂ ਦੇ ਨਾਂਵਾਂ ਦੇ ਨਾਲ ਹੀ ਸੋਨੀਆ ਗਾਂਧੀ ਦੇ ਘਰ-ਜੁਆਈ ਰੌਬਰਟ ਵਾਡਰਾ ਦਾ ਨਾਂ ਵੀ ਸੀ।
ਇਹ ਲੇਖ ਲਿਖੇ ਜਾਣ ਦੀ ਵਜ੍ਹਾ ਇਹੋ ਹੀ ਨਹੀਂ ਹੈ। 'ਟਾਟਿਆਂ' ਨੂੰ ਅਰਬਪਤੀ ਹੋਣ ਲਈ 100 ਸਾਲ ਲੱਗ ਗਏ, 'ਅੰਬਾਨੀਆਂ' ਨੂੰ ਸਾਰਾ ਜ਼ੋਰ ਲਾਉਣ ਦੇ ਬਾਵਜੂਦ 50 ਸਾਲ ਲੱਗ ਗਏ ਜਦੋਂ ਕਿ ਰੌਬਰਟ ਵਾਡਰਾ 10 ਸਾਲਾਂ ਵਿੱਚ ਹੀ ਅਰਬਪਤੀ ਹੋ ਗਿਆ। ਉਸ ਕੋਲ ਕਿਹੜੀ 'ਗਿੱਦੜ ਸਿੰਗੀ' ਹੋਈ? ਅਰਵਿੰਦ ਕੇਜਰੀਵਾਲ ਵੱਲੋਂ ਇਹ ਸੁਆਲ ਉਠਾਏ ਜਾਣ ਤੋਂ ਪਹਿਲਾਂ ਕੋਈ ਵੀ ਅਖ਼ਬਾਰ ਜਾਂ ਟੀਵੀ ਚੈਨਲ ਇਸ ਸਬੰਧ ਵਿੱਚ ਕਿਉਂ ਨਹੀਂ ਕੁਸਕਿਆ? ਇਹ ਵੀ ਇੱਕ ਸੁਆਲ ਹੈ। ਕਿਹਾ ਜਾਂਦਾ ਹੈ ਕਿ ਸੋਨੀਆ ਗਾਂਧੀ ਤੇ ਉਨ੍ਹਾਂ ਦੀ ਕਾਂਗਰਸ ਸਰਕਾਰ ਨੇ ਮੀਡੀਆ ਦੇ ਮੂੰਹ 'ਸਿਉਂਤੇ' ਹੋਏ ਸਨ।
ਰੌਬਰਟ ਵਾਡਰਾ ਦੇ ਬਾਪ ਅਤੇ ਭਰਾ ਵੱਲੋਂ ਖ਼ੁਦਕੁਸ਼ੀ ਕਰ ਲੈਣ ਅਤੇ ਉਸ ਦੀ ਭੈਣ ਦੇ, ਇੱਕ ਹਾਦਸੇ ਵਿੱਚ ਮਾਰੀ ਜਾਣ ਦੀਆਂ ਖ਼ਬਰਾਂ ਭਾਰਤੀ ਮੀਡੀਆ ਦੀਆਂ ਨਜ਼ਰਾਂ ਤੋਂ ਉਹਲੇ ਕਿਉਂ ਰਹੀਆਂ? ਹੈ ਤਾਂ ਇਹ ਵੀ ਇੱਕ ਸੁਆਲ ਹੀ। ਕਾਮਨਵੈਲਥ ਖੇਡਾਂ ਵਿੱਚ ਜਿਹੜੇ ਘਪਲਿਆਂ ਲਈ ਸੁਰੇਸ਼ ਕਲਮਾਡੀ ਨੂੰ 'ਬਲੀ ਦਾ ਬੱਕਰਾ' ਬਣਾਇਆ ਗਿਆ ਹੈ, ਉਨ੍ਹਾਂ ਵਿੱਚੋਂ ਫ਼ਾਇਦਾ ਤਾਂ ਵਾਡਰਾ ਨੂੰ ਹੀ ਹੋਇਆ ਦੱਸਿਆ ਜਾਂਦਾ ਹੈ। 'ਕੋਲਕਾਤਾ ਨਾਈਟ ਰਾਈਡਰਜ਼' ਨਾਲ ਵਾਡਰਾ ਦਾ ਕੀ ਸਬੰਧ ਹੈ, ਇਸ ਬਾਰੇ ਮੀਡੀਆ ਨੇ ਕਦੇ ਕੋਈ ਰੌਸ਼ਨੀ ਕਿਉਂ ਨਹੀਂ ਪਾਈ? ਇਹ ਸੁਆਲ ਵੀ ਇਹ ਲੇਖ ਲਿਖੇ ਜਾਣ ਦੇ ਕਾਰਨਾਂ ਵਿੱਚ ਸ਼ਾਮਲ ਹੈ। 'ਟੂ ਜੀ ਘਪਲੇ' ਵਿੱਚ ਸਭ ਤੋਂ ਵੱਧ ਫ਼ਾਇਦਾ ਉਠਾਉਣ ਵਾਲੀ ਕੰਪਨੀ 'ਯੂਨੀਟੈੱਕ' ਵਿੱਚ ਰੌਬਰਟ ਵਾਡਰਾ ਦਾ 20 ਫੀ ਸਦੀ ਹਿੱਸਾ ਹੈ। ਇਹੋ ਕਾਰਨ ਹੈ ਕਿ ਇਸ ਘਪਲੇ ਦੀ ਜਾਂਚ ਇਸ ਸਦੀ ਵਿੱਚ ਪੂਰੀ ਹੋਣ ਦੇ ਆਸਾਰ ਨਹੀਂ ਹਨ।
ਅਰਵਿੰਦ ਕੇਜਰੀਵਾਲ ਨੇ ਵੀ ਰੌਬਰਟ ਵਾਡਰਾ ਦੇ ਸਬੰਧ ਵਿੱਚ ਹੁਣੇ ਹੀ ਆਪਣਾ ਮੂੰਹ ਕਿਉਂ ਖੋਲ੍ਹਿਆ ਹੈ? ਇਹ ਸੁਆਲ ਵੀ ਜੁਆਬ ਦੀ ਭਾਲ ਵਿੱਚ ਹੈ। ਕੇਜਰੀਵਾਲ ਨੇ ਦੋਸ਼ ਲਗਾਇਆ ਹੈ ਕਿ ਵਾਡਰਾ ਨੇ 'ਡੀ ਐੱਲ ਐੱਫ ਲਿਮਟਿਡ' ਤੋਂ 65 ਕਰੋੜ ਰੁਪਏ ਦਾ ਬੇਵਿਆਜਾ ਯਾਨੀ ਵਿਆਜ ਤੋਂ ਬਗ਼ੈਰ ਕਰਜ਼ਾ ਹੀ ਨਹੀਂ ਲਿਆ, ਇਸ ਫਰਮ ਨਾਲ਼ ਕੁੱਝ ਜ਼ਮੀਨਾਂ ਦੇ ਸੌਦੇ ਵੀ ਕੀਤੇ ਹਨ। ਕਾਂਗਰਸ ਪਾਰਟੀ ਤੇ ਉਸ ਦੀ ਸਰਕਾਰ ਦਾ ਕਹਿਣ ਹੈ ਕਿ ਕਿਸੇ ਤੋਂ ਕਰਜ਼ਾ ਲੈਣਾ ਜਾਂ ਜ਼ਮੀਨਾਂ ਦਾ ਸੌਦਾ ਕਰਨਾ ਤਾਂ ਕੋਈ ਗ਼ੁਨਾਹ ਨਹੀਂ, ਸੋ ਕੇਜਰੀਵਾਲ ਵੀ ਇਹ ਕੰਮ ਕਰ ਲਵੇ। ਜਦੋਂ ਕਿ ਅੰਦਰਲੀਆਂ ਜਾਨਣ ਵਾਲ਼ਿਆਂ ਦਾ ਖ਼ਿਆਲ ਹੈ ਕਿ 'ਡੀ. ਐੱਲ. ਐੱਫ. ਲਿਮਟਿਡ' ਨੇ ਵਾਡਰਾ ਉੱਤੇ ਇਹ 'ਮਿਹਰਬਾਨੀ' ਉਸ ਦੀ ਸੱਸ ਤੋਂ ਕੋਈ ਮੋਟਾ ਫ਼ਾਇਦਾ ਹਾਸਲ ਕਰਨ ਲਈ ਰਾਹ ਪੱਧਰਾ ਕਰਨ ਵਾਸਤੇ ਕੀਤੀ ਹੈ।
ਵਾਡਰਾ ਨੇ 'ਫ਼ੇਸਬੁੱਕ' ਦੇ ਜਿਹੜੇ ਖ਼ਾਤੇ ਵਿੱਚ ਭਾਰਤ ਦੇ 'ਆਮ ਲੋਕਾਂ' ਨੂੰ ਟਿੱਚਰ ਕਰਦਿਆਂ 'ਮੈਂਗੋ ਮੈੱਨ' ਲਿਖਿਆ ਸੀ, ਭਾਰਤ ਦੇ ਆਮ ਲੋਕਾਂ ਵੱਲੋਂ ਹੀ ਇਸ ਦੀ ਸਖ਼ਤ ਆਲੋਚਨਾ ਕਰਨ ਮਗਰੋਂ ਉਹ ਖ਼ਾਤਾ 8 ਅਕਤੂਬਰ ਨੂੰ ਬੰਦ ਕਰ ਦਿੱਤਾ ਗਿਆ ਹੈ। ਇੱਕ ਹੋਰ ਸੂਚਨਾ ਅਨੁਸਾਰ, 'ਕਾਰਪੋਰੇਸ਼ਨ ਬੈਂਕ' ਨੇ ਵਾਡਰਾ ਦੀਆਂ ਕੰਪਨੀਆਂ ਨੂੰ 7. 84 ਕਰੋੜ ਰੁਪਏ ਪੇਸ਼ਗੀ ਦਿੱਤੇ ਹਨ, ਪਰ ਇਸ ਬੈਂਕ ਨੇ ਇਹ ਸੂਚਨਾ ਨਕਾਰ ਦਿੱਤੀ ਹੈ। ਹੁਣ ਸਾਰੀ ਕਾਂਗਰਸ ਪਾਰਟੀ ਆਪਣੀ ਪ੍ਰਧਾਨ ਦੇ 'ਘਰ-ਜੁਆਈ' ਨੂੰ ਇਸ ਮਾਮਲੇ ਵਿੱਚੋਂ ਬਚਾਉਣ ਲਈ ਨਿੱਕਲ ਤੁਰੀ ਹੈ। ਇਸ ਵੇਲ਼ੇ ਵਾਡਰਾ ਨੂੰ ਬੇਦਾਗ਼ ਸਿੱਧ ਕਰਨਾ ਹੀ ਕਾਂਗਰਸ ਤੇ ਉਸ ਦੇ ਲੀਡਰਾਂ ਦਾ 'ਪਰਮ ਧਰਮ' ਬਣ ਗਿਆ ਹੈ।
ਹਰਿਆਣਾ ਦੇ ਪਲਵਲ ਜ਼ਿਲੇ ਵਿੱਚ ਪਿੰਡ ਹਸਨਪੁਰ ਵਿੱਚ ਵਾਡਰਾ ਨੇ ਉਹ 75 ਏਕੜ ਜ਼ਮੀਨ 'ਖਰੀਦ' ਲਈ ਹੈ, 1981 ਵਿੱਚ ਹਰਿਆਣਾ ਸਰਕਾਰ ਨੇ ਅਨੁਸੂਚਿਤ ਜਾਤੀਆਂ ਨੂੰ ਦਿੱਤੀ ਹੋਈ ਸੀ। ਜਦੋਂ ਪਤਾ ਲੱਗਿਆ ਕਿ ਦੇਸ਼ ਦੇ 'ਮੈਂਗੋ ਮੈੱਨ' ਯਾਨੀ 'ਆਮ ਆਦਮੀ', 'ਵੱਡੇ ਘਰ' ਦੇ ਜੁਆਈ ਮਗਰ ਪੈ ਗਏ ਹਨ ਤਾਂ ਹਰਿਆਣਾ ਵਿੱਚ ਚੱਕਬੰਦੀ ਦੇ ਤਤਕਾਲੀ ਡਾਇਰੈਕਟਰ ਜਨਰਲ ਅਸ਼ੋਕ ਖੇਮਕਾ ਨੇ ਜ਼ਿਲਾ ਮਾਨੇਸਰ ਵਿੱਚ ਸ਼ਿਕੋਹਪੁਰ ਵਿੱਚ, ਵਾਡਰਾ ਦੀਆਂ ਕਈ ਕੰਪਨੀਆਂ ਨੂੰ ਦਿੱਤੀ ਹੋਈ 3. 531 ਏਕੜ ਜ਼ਮੀਨ ਦੀ ਅਲਾਟਮੈਂਟ ਰੱਦ ਕਰ ਦਿੱਤੀ। ਇਹ ਅਲਾਟਮੈਂਟ ਰੱਦ ਕਰਨ ਦੀ ਦੇਰ ਸੀ ਕਿ ਉਸ ਅਫ਼ਸਰ ਦਾ ਤਬਾਦਲਾ ਕਰ ਕੇ ਉਸ ਨੂੰ ਹਰਿਆਣਾ ਸੀਡ ਡਿਵੈਲਪਮੈਂਟ ਕਾਰਪੋਰੇਸ਼ਨ ਦਾ ਡਾਇਰੈਕਟਰ ਜਨਰਲ ਲਗਾ ਦਿੱਤਾ ਗਿਆ। ਵਾਡਰਾ ਦੀ ਕੰਪਨੀ 'ਸਕਾਈ ਲਾਈਟ ਹੌਸਪੀਟੈਲਿਟੀ' ਨੇ ਇਹ ਜ਼ਮੀਨ, ਫਰਵਰੀ 2008 ਵਿੱਚ ਮਸਾਂ 7. 5 ਕਰੋੜ ਰੁਪਏ ਦੀ ਖਰੀਦੀ ਸੀ ਤੇ ਸਰਕਾਰੀ ਦਫ਼ਤਰਾਂ ਵਿੱਚ ਇਸ ਜ਼ਮੀਨ ਦੀ ਮਾਲਕੀ, 24 ਘੰਟਿਆਂ ਦੇ ਅੰਦਰ-ਅੰਦਰ ਵਾਡਰਾ ਦੀ ਕੰਪਨੀ ਦੇ ਹੱਕ ਵਿੱਚ ਤਬਦੀਲ ਕਰ ਦਿੱਤੀ ਗਈ ਜਦੋਂ ਕਿ ਕਿਸੇ 'ਮੈਂਗੋ ਮੈਨ' ਨੇ ਇਹ ਕੰਮ ਕਰਾਉਣਾ ਹੋਵੇ ਤਾਂ ਸਰਕਾਰ ਤਿੰਨ ਮਹੀਨੇ ਲਾਉਂਦੀ ਹੈ। ਇਸ ਤੋਂ ਮਸਾਂ ਇੱਕ ਮਹੀਨੇ ਮਗਰੋਂ ਵਾਡਰਾ ਦੀ ਕੰਪਨੀ ਨੇ ਇਹ ਜ਼ਮੀਨ 'ਡੀ ਐੱਲ ਐੱਫ ਲਿਮਟਿਡ' ਨੂੰ 58 ਕਰੋੜ ਰੁਪਏ ਦੀ ਵੇਚ ਦਿੱਤੀ। ਇਸ ਢੰਗ ਨਾਲ ਵਾਡਰਾ ਨੇ ਇਕੋ ਹੀ ਸੌਦੇ ਵਿੱਚੋਂ ਸਾਡੇ ਸੱਤ ਕਰੋੜ ਨੂੰ ਅੱਠ ਗੁਣਾ ਕਰਦਿਆਂ 58 ਕਰੋੜ ਬਣਾ ਲਿਆ।
ਪਿਛਲੇ ਹਫ਼ਤੇ ਹੀ ਸ਼੍ਰੀ ਖੇਮਕਾ ਨੇ ਇਸ 'ਘਪਲੇ' ਦੀ ਜਾਂਚ ਦਾ ਹੁਕਮ ਦਿੱਤਾ ਸੀ ਕਿ ਉਨ੍ਹਾਂ ਦੇ ਤਬਾਦਲੇ ਦਾ ਹੁਕਮ ਆ ਗਿਆ। ਦੂਜੇ ਪਾਸੇ ਹਰਿਆਣਾ ਦੇ ਕਾਂਗਰਸੀ ਮੁੱਖ ਮੰਤਰੀ ਭੂਪਿੰਦਰ ਸਿੰਘ ਅੱਡੀਆਂ ਤਕ ਜ਼ੋਰ ਲਾ-ਲਾ ਕੇ ਇਹ ਕਹੀ ਜਾ ਰਹੇ ਹਨ ਕਿ ਸ਼੍ਰੀ ਖੇਮਕਾ ਦਾ ਤਬਾਦਲਾ ਉਨ੍ਹਾਂ ਨੂੰ ਕੋਈ 'ਸਜ਼ਾ' ਦੇਣ ਲਈ ਨਹੀਂ ਕੀਤਾ ਗਿਆ ਤੇ ਸ਼੍ਰੀ ਖੇਮਕਾ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਲਈ ਹੁਕਮ ਜਾਰੀ ਕੀਤੇ ਜਾਣ ਦੀ ਜਾਂਚ ਕਰਾਈ ਜਾਵੇਗੀ।
ਸ਼੍ਰੀ ਖੇਮਕਾ 20 ਸਾਲ ਦੇ ਆਪਣੇ ਸੇਵਾ-ਕਾਲ 40 ਵਾਰ ਤਬਾਦਲੇ ਬਰਦਾਸ਼ਤ ਕਰ ਚੁੱਕੇ ਹਨ ਤੇ ਉਨ੍ਹਾਂ ਦਾ ਕਹਿਣ ਹੈ ਕਿ ਇਹ ਤਬਾਦਲੇ ਉਨ੍ਹਾਂ ਦਾ ਮਨੋਬਲ ਡੇਗਣ ਲਈ ਹੀ ਕੀਤੇ ਜਾਂਦੇ ਰਹੇ ਹਨ। ਉਨ੍ਹਾਂ ਨੇ ਹਰਿਆਣਾ ਸਰਕਾਰ ਨੂੰ ਲਿਖੀ ਇੱਕ ਚਿੱਠੀ ਵਿੱਚ ਕਿਹਾ ਹੈ ਕਿ ਉਨ੍ਹਾਂ ਨੂੰ ਭ੍ਰਿਸ਼ਟ ਲੋਕਾਂ ਦੀ ਸ਼ਹਿ 'ਤੇ ਸਤਾਉਣ ਦੇ ਹੀਲੇ ਕੀਤੇ ਜਾ ਰਹੇ ਹਨ। ਰੌਬਰ... ਰੌਬਰ... ਰੌਬਰਟ ਵਾਡਰਾ ਜਾਂ ਵਡੇਰਾ, ਮੁਆਫ਼ ਕਰਨਾ ਇਸ ਵੱਡੇ ਆਦਮੀ ਦਾ ਨਾਂ ਵੀ ਚੱਜ ਨਾਲ ਮੂੰਹ ਨਹੀਂ ਚੜ੍ਹਦਾ, ਨੂੰ ਇਸ ਗੱਲ ਦਾ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਕੁੱਝ ਸਮਾਂ ਪਹਿਲਾਂ ਉਹ ਵੀ ਮੁਰਾਦਾਬਾਦ ਦਾ ਇੱਕ 'ਮੈਂਗੋ ਮੈਨ' ਹੀ ਸੀ। ਬਹੁਤ ਕੁੱਝ ਥਾਂ ਦੀ ਘਾਟ ਕਾਰਨ ਲਿਖਣੋਂ ਰਹਿ ਗਿਆ ਹੈ। ਸ਼ਾਇਦ ਛੇਤੀ ਹੀ ਮੌਕਾ ਮਿਲੇ। '

ਰੌਬਰਟ ਵਾਡਰਾ ਦੇ ਜੀਵਨ ਦੀਆਂ ਕੁੱਝ ਝਲਕੀਆਂ, ਜਿਨ੍ਹਾਂ ਵਿੱਚ ਕੋਈ ਮੁਰਾਦਾਬਾਦੀ ਨਹੀਂ ਦਿਸਦਾ

Comments (0)

Write comment

smaller | bigger

busy
You are here:   Homeਲੜੀਵਾਰਅਰਜ਼ ਕੀਤੈਰੌਬਰ... ਰੌਬਰ... ਰੌਬਰਟ ਵਾਡਰਾ

Currency Converter

Amount:
From:
To:


Gurbani Radio


Gurbani - Sri Harmandir Sahib