Thursday, 10 May 2012 05:29
Print PDF

ਅਰਜ਼ ਕੀਤੈ

ਬਖ਼ਸ਼ਿੰਦਰ
ਬੱਚੇ ਖੇਡਦੇ ਹਨ। ਬੱਚਿਆਂ ਨੂੰ ਖੇਡਣਾ ਵੀ ਚਾਹੀਦਾ ਹੈ, ਪਰ ਹਰ ਚੀਜ਼ ਨੂੰ 'ਬੱਚਿਆਂ ਦੀ ਖੇਡ' ਨਹੀਂ ਬਣਾਉਣਾ ਚਾਹੀਦਾ। ਪਿਛਲੇ ਦਿਨੀਂ ਭਾਰਤ ਸਰਕਾਰ ਨੇ ਇਹੋ ਜਿਹੀ ਸਿਆਸਤ ਖੇਡੀ ਕਿ ਸਿਆਸਤ 'ਬੱਚਿਆਂ ਦੀ ਖੇਡ' ਬਣ ਗਈ। ਕ੍ਰਿਕਟ ਖਿਡਾਰੀ ਸਚਿਨ ਤੈਂਦੁਲਕਰ ਨੇ ਬਹੁਤ ਸਾਰੇ ਰਿਕਾਰਡ 'ਭੰਨੇ', ਬਹੁਤ ਸਾਰੇ 'ਬਣਾਏ' ਵੀ। ਸਰਕਾਰ ਨੇ ਉਸ ਦੇ ਰਿਕਾਰਡਾਂ ਦਾ ਆਸਰਾ ਲੈ ਕੇ, ਇਕ ਅਜੀਬ ਰਿਕਾਰਡ ਬਣਾਉਣ ਦਾ 'ਦੁਰਹੀਲਾ' ਕੀਤਾ ਹੈ। ਸਚਿਨ ਦੇ ਰਿਕਾਰਡਾਂ ਦੇ ਭਾਰ ਥੱਲੇ ਦੱਬੇ ਲੋਕਾਂ ਨੂੰ ਦੇਸ਼ ਦੇ ਸਾਰੇ ਮਸਲਿਆਂ ਦਾ ਹੱਲ, ਸਚਿਨ ਨੂੰ 'ਭਾਰਤ ਰਤਨ' ਦੇਣਾ ਲੱਗਦਾ ਹੈ। ਸਰਕਾਰ ਨਹੀਂ ਚਾਹੁੰਦੀ ਕਿ ਇਹ ਮੰਗ ਮੰਨ ਕੇ ਉਹ ਲੋਕਾਂ ਦੀਆਂ ਮੰਗਾਂ ਨਾ ਮੰਨਣ ਦਾ ਆਪਣਾ ਰਿਕਾਰਡ ਖ਼ਰਾਬ ਕਰਾ ਬੈਠੇ। ਉਸ ਨੇ ਸੋਟੇ ਤੋਂ ਬਗ਼ੈਰ ਹੀ ਸੱਪ ਮਾਰਨ ਦਾ ਨਵਾਂ ਰਾਹ ਕੱਢ ਲਿਆ।
ਇਸ ਨਵੇਂ ਰਾਹ ਚਲਦਿਆਂ, ਮਨਮੋਹਨ ਸਿੰਘ ਦੀ ਅਗਵਾਈ ਵਿੱਚ ਚਲਦੀ ਦਿਸਦੀ ਭਾਰਤ ਸਰਕਾਰ ਨੇ ਸਚਿਨ ਨੂੰ 'ਭਾਰਤ ਰਤਨ' ਦੇਣ ਦੀ ਥਾਂ, ਆਪਣੀ ਖੇਡਣ ਦੀ ਥਾਂ ਬਦਲਣ ਲਈ ਕਹਿ ਦਿੱਤਾ। ਉਸ ਨੂੰ ਕ੍ਰਿਕਟ ਦੇ ਸਟੇਡੀਅਮਾਂ ਦੀ ਥਾਂ ਸੰਸਦ ਭਵਨ ਵਿੱਚ ਖੇਡਣ ਲਈ ਕਹਿ

ਦਿੱਤਾ ਗਿਆ। ਜਿਹੜਾ ਇੰਨੇ ਚਿਰ ਦਾ ਖੇਡਦਾ ਹੈ, ਉਹ ਕਿਤੇ ਵੀ ਚਲਿਆ ਜਾਵੇ, ਖੇਡੇਗਾ ਹੀ। ਮੋਚੀ ਲੰਡਨ ਦਾ ਹੋਵੇ ਜਾਂ ਦਿੱਲੀ ਦਾ, ਉਹ ਝਾਕੇਗਾ ਤਾਂ ਲੋਕਾਂ ਦੀਆਂ ਜੁੱਤੀਆਂ ਵੱਲ ਹੀ। ਸੋ ਸਚਿਨ ਨੂੰ ਕਿਹਾ ਗਿਆ ਕਿ ਉਹ ਐਲਾਨ ਕਰ ਦੇਵੇ, ''ਆਓ ਹੁਣ 'ਪਾਰਲੀਮੈਂਟ-ਪਾਰਲੀਮੈਂਟ' ਖੇਡੀਏ।"
ਭਾਰਤੀ ਸੰਸਦ ਪਿਛਲੇ ਦਿਨੀਂ 'ਲਾਫ਼ਟਰ ਚੈਲੇਂਜ', 'ਕਾਮੇਡੀ ਸਰਕਸ' ਜਾਂ ਇਸੇ ਕਿਸਮ ਦੇ ਕਿਸੇ ਵੀ ਹੋਰ ਟੀ. ਵੀ. ਪ੍ਰੋਗਰਾਮ ਤੋਂ ਊਣੀ ਨਹੀਂ ਲੱਗਦੀ ਸੀ, ਯਾਨੀ ਸੰਸਦ ਭਵਨ ਵੱਲ ਦੇਖ ਕੇ ਹੀ ਲੋਕਾਂ ਦਾ ਨਿਕਲਣ ਵਾਲ਼ਾ ਹੋ ਜਾਂਦਾ। ਸ਼ਾਇਦ ਮੈਂ ਮਗਰਲੇ ਫ਼ਿਕਰੇ ਵਿੱਚ 'ਹਾਸਾ' ਲਿਖਣਾ ਭੁੱਲ ਗਿਆ ਹਾਂ। 31 ਸਾਲ ਪਹਿਲਾਂ 1981 ਵਿੱਚ ਬਹੁਤ ਹੋਰ ਹੀ ਤਰ੍ਹਾਂ ਸ਼ੁਰੂ ਕੀਤਾ ਹੋਇਆ ਇਕ ਲਤੀਫ਼ਾ, ਪਾਰਲੀਮੈਂਟ ਨੇ ਹੁਣ ਪੂਰਾ ਕਰ ਸੁਣਾਇਆ ਹੈ। ਇਹ ਵੀ ਰਿਕਾਰਡ ਤੋਂ ਘੱਟ ਤਾਂ ਨਹੀਂ। ਇਹ ਰਿਕਾਰਡ 1981 ਵਿੱਚ ਬਣੀ ਫ਼ਿਲਮ 'ਸਿਲਸਿਲਾ' ਦੇ ਬਣਨ ਨਾਲ ਬਣਨਾ ਸ਼ੁਰੂ ਹੋਇਆ ਸੀ ਤੇ ਹੁਣ ਬਣਿਆ ਹੈ। 'ਸਿਲਸਿਲਾ' ਵਿੱਚ ਸਾਡੇ ਸੁਪਰਸਟਾਰ ਅਮਿਤਾਭ ਬੱਚਨ, ਜੋ ਕੱਲ੍ਹ-ਪਰਸੋਂ ਹੀ 'ਬੋਫ਼ਰਜ਼ ਤੋਪ ਸੌਦੇ ਦੀ ਦਲਾਲੀ' ਵਿੱਚੋਂ ਆਪਣਾ ਮੂੰਹ ਬਚਾਉਣ ਵਿੱਚ ਕਾਮਯਾਬ ਹੋਏ ਹਨ ਅਤੇ ਉਨ੍ਹਾਂ ਦੀ ਪਤਨੀ ਜਯਾ ਬੱਚਨ ਦੇ ਨਾਲ-ਨਾਲ, ਕਦੇ ਅਮਿਤਾਭ ਬੱਚਨ ਦੇ ਦਿਲ ਵਿੱਚ ਵਸੀ ਰਹੀ ਅਦਾਕਾਰਾ ਰੇਖਾ ਨੇ ਵੀ ਕੰਮ ਕੀਤਾ ਸੀ। ਅਮਿਤਾਭ ਬੱਚਨ ਉਸ ਵੇਲ਼ੇ ਜਯਾ ਤੇ ਰੇਖਾ ਨੂੰ ਇਕ ਘਰ ਵਿੱਚ ਬਿਠਾਉਣ (ਵਸਾਉਣ) ਵਿੱਚ ਕਾਮਯਾਬ ਨਹੀਂ ਹੋਏ ਸਨ, ਪਰ ਹੁਣ ਸਚਿਨ ਦੇ ਨਾਲ ਹੀ ਰੇਖਾ ਨੂੰ ਵੀ ਪਾਰਲੀਮੈਂਟ ਦੇ ਉੱਪਰਲੇ ਸਦਨ ਵਿੱਚ ਨਾਮਜ਼ਦ ਕਰ ਲੈਣ ਨਾਲ ਜਯਾ ਤੇ ਰੇਖਾ ਇਕੋ ਹੀ 'ਹਾਊਸ' ਯਾਨੀ ਘਰ ਵਿੱਚ ਆ ਗਈਆਂ ਹਨ। 'ਸਿਲਸਿਲਾ' ਦੇ ਗੀਤਕਾਰ ਜਾਵੇਦ ਅਖ਼ਤਰ ਪਹਿਲਾਂ ਹੀ ਰਾਜ ਸਭਾ ਦੇ ਮੈਂਬਰ ਹਨ। ਭਲਕ ਨੂੰ ਇਸ ਫ਼ਿਲਮ ਦੇ ਯੂਨਿਟ ਦੇ ਹੋਰ ਮੈਂਬਰ ਵੀ ਰਾਜ ਸਭਾ ਦੇ ਮੈਂਬਰ ਨਾਮਜ਼ਦ ਕਰ ਦਿੱਤੇ ਜਾਣ ਤਾਂ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ।
ਜਦੋਂ ਦੂਰਦਰਸ਼ਨ ਨੇ ਸੰਸਦ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਸ਼ੁਰੂ ਕੀਤਾ ਸੀ ਤਾਂ ਸੰਸਦ ਮੈਂਬਰਾਂ ਯਾਨੀ 'ਮੈਂਬਰਜ਼ ਆਫ਼ ਦਾ ਪਾਰਲੀਮੈਂਟ' ਦਾ ਖ਼ਰਚਾ ਵਧ ਗਿਆ ਸੀ। ਪਾਰਲੀਮੈਂਟ ਹਾਊਸ ਵਿੱਚ ਕੈਮਰੇ ਤੇ ਰੌਸ਼ਨੀਆਂ ਫ਼ਿੱਟ ਕਰ ਦਿੱਤੀਆਂ ਗਈਆਂ। ਜਿਹੜੇ ਹਮਾਤੜ ਪਾਰਲੀਮੈਂਟ ਦੇ ਠੰਢੇ ਮਾਹੌਲ ਵਿੱਚ ਜਾਂਦੇ ਹੀ 'ਦੇਵਗੌੜਾ' ਵਾਂਗ ਸੌਂ ਜਾਂਦੇ ਸਨ, ਉਨ੍ਹਾਂ ਨੂੰ ਇਹ ਰੌਸ਼ਨੀਆਂ ਤੇ ਕੈਮਰੇ ਮੁਹੱਲੇ ਦੇ ਚੌਕੀਦਾਰਾਂ ਵਾਂਗ 'ਜਾਗਦੇ ਰਹੋ' ਕਹਿੰਦੇ ਲੱਗਦੇ ਸਨ। ਉਦੋਂ ਲੋਕਾਂ ਨੂੰ ਬੜਾ ਚਾਅ ਸੀ ਕਿ ਹੁਣ ਦੇਖਦੇ ਹਾਂ 'ਸਾਡੇ ਹੱਕਾਂ 'ਤੇ ਪਹਿਰਾ ਦੇਣ' ਦਾ ਵਾਅਦਾ ਕਰ ਕੇ ਵੋਟਾਂ ਹਾਸਲ ਕਰਨ ਵਾਲ਼ੇ, ਪਾਰਲੀਮੈਂਟ ਵਿੱਚ ਕਿੱਦਾਂ ਸੌਂਦੇ ਹਨ। ਖ਼ਰਚਾ ਵਧਣ ਦੀ ਗੱਲ ਤਾਂ ਵਿੱਸਰ ਹੀ ਚੱਲੀ ਸੀ। ਜਿਹੜੇ ਮੈਂਬਰ ਪਾਰਲੀਮੈਂਟ ਰਾਤ ਨੂੰ ਮੁਲਕ ਦੇ ਲੋਕਾਂ ਦੇ ਭਲੇ ਦਾ ਫ਼ਿਕਰ ਕਰਦਿਆਂ ਜਾਂ ਕੁੱਝ 'ਹੋਰ ਰੁਝੇਵਿਆਂ' ਕਾਰਨ ਦੇਰ ਨਾਲ ਸੌਂਦੇ ਸਨ ਤੇ ਸਵੇਰੇ ਦੇਰ ਨਾਲ ਹੀ ਜਾਗਦੇ ਸਨ, ਉਨ੍ਹਾਂ ਨੂੰ ਬਹੁਤੀ ਵਾਰ ਮੂੰਹ-ਹੱਥ ਧੋ ਕੇ ਹੀ ਪਾਰਲੀਮੈਂਟ ਹਾਊਸ ਪਹੁੰਚਣਾ ਪੈਂਦਾ ਸੀ। ਫੇਰ ਪਾਰਲੀਮੈਂਟ ਅੰਦਰ ਸੁਆਲਾਂ-ਜੁਆਬਾਂ ਦੇ 'ਬੋਰਿੰਗ ਜਿਹੇ' ਘੰਟੇ ਦੌਰਾਨ ਮਾੜਾ-ਮੋਟਾ ਸੌਣਾ ਵੀ ਪੈਂਦਾ ਸੀ। ਪਾਰਲੀਮੈਂਟ ਵਿੱਚ ਟੀ. ਵੀ. ਕੈਮਰੇ ਲੱਗਣ ਨਾਲ ਉਨ੍ਹਾਂ ਨੂੰ ਨਹਾਉਣਾ ਵੀ ਪੈਣ ਲੱਗਿਆ ਤੇ ਟੀ. ਵੀ. ਕੈਮਰਿਆਂ ਨੂੰ 'ਸੂਟ' ਕਰਨ ਵਾਲ਼ੇ ਰੰਗਾਂ ਵਾਲ਼ੇ ਸੂਟ ਵੀ ਪਾਉਣੇ ਪੈਣ ਲੱਗੇ। ਸਾਬਣ, ਤੇਲ, ਸ਼ੈਂਪੂ, ਲਵੈਂਡਰ-ਸ਼ਵੈਂਡਰ ਛੱਤੀ ਤਰ੍ਹਾਂ ਦਾ ਲਕਾ-ਤੁਕਾ ਖ਼ਰੀਦਣਾ ਪੈਣ ਲੱਗਿਆ ਜਦੋਂ ਕਿ ਸਰਕਾਰ ਵੱਲੋਂ ਦਿੱਤੇ ਜਾਂਦੇ ਭੱਤਿਆਂ ਵਿੱਚ ਇਨ੍ਹਾਂ ਖ਼ਰਚਿਆਂ ਦੀ ਪੂਰਤੀ ਲਈ ਕੋਈ ਭੱਤਾ ਦੇਣ ਦਾ ਨਾਂ-ਭੋਗ ਹੀ ਨਹੀਂ ਪਾਇਆ ਜਾ ਰਿਹਾ ਸੀ।
 ਹੁਣ ਜਦੋਂ ਦਾ ਪਾਰਲੀਮੈਂਟ ਭਵਨ ਵਿੱਚ ਫ਼ਿਲਮੀ ਸਿਤਾਰਿਆਂ ਤੇ ਖਿਡਾਰੀਆਂ ਦਾ ਆਉਣ-ਜਾਣ ਵਧਿਆ ਹੈ, ਕੋਈ ਪਤਾ ਨਹੀਂ ਕੱਲ੍ਹ ਨੂੰ ਪਾਰਲੀਮੈਂਟ ਹਾਊਸ ਦਾ ਨਾਂ ਹੀ 'ਪਾਰਲੀਮੈਂਟ ਸਟੂਡੀਓ' ਜਾਂ 'ਪਾਰਲੀਮੈਂਟ ਸਟੇਡੀਅਮ' ਰੱਖ ਦਿੱਤਾ ਜਾਵੇ। ਇਹੋ ਜਿਹੀ ਹਾਲਤ ਵਿੱਚ ਜਿਹੜੇ ਚਾਰ ਕੁ 'ਨੌਨਪਲੇਅਰ' ਜਾਂ 'ਨੌਨਫ਼ਿਲਮੀ' ਮੈਂਬਰ ਪਾਰਲੀਮੈਂਟ ਹੋਇਆ ਕਰਨਗੇ, ਉਹ ਪਾਰਲੀਮੈਂਟ ਹਾਊਸ ਦੀ ਕੈਨਟੀਨ ਵਿਚ 'ਸਸਤੀ ਐਸ਼' ਕਰ ਕੇ ਤੇ ਦੁਪਹਿਰਾ ਕੱਟ ਕੇ ਹੀ ਆਪੋ-ਆਪਣੇ ਘਰੀਂ ਚਲੇ ਜਾਇਆ ਕਰਨਗੇ।
ਹਾਂ, ਤੇ ਗੱਲ ਚੱਲ ਰਹੀ ਸੀ ਰੇਖਾ, ਜਯਾ, ਸਚਿਨ ਤੇ ਅਮਿਤਾਭ ਦੀ। ਸਚਿਨ ਬਾਰੇ ਗੱਲ ਕੁੱਝ ਸਮੇਂ ਲਈ ਮੁਲਤਵੀ ਕਰ ਕੇ ਪਹਿਲਾਂ ਰੇਖਾ ਤੇ ਜਯਾ ਨਾਲ ਸਿੱਝ ਲਿਆ ਜਾਵੇ। ਪਿੰਡਾਂ ਵਿੱਚ ਕਦੇ ਪੁਰਾਣੀਆਂ ਬੁੜ੍ਹੀਆਂ ਦੇ ਮੂੰਹੋਂ ਇਕ ਅਖਾਣ ਸੁਣਿਆ ਕਰਦੇ ਸਾਂ, ਅਖੇ 'ਅੰਨ੍ਹਿਆਂ ਦੀ ਨੂੰਹ, ਕੰਧ ਵੱਲ ਮੂੰਹ'। ਜਯਾ ਬੱਚਨ ਦੇ ਹੁੰਦਿਆਂ ਹੀ ਰੇਖਾ ਵੱਲੋਂ ਵੀ ਰਾਜ ਸਭਾ ਵਿੱਚ ਕੁਰਸੀ ਮੱਲ ਲੈਣ ਨਾਲ ਇਹ ਕਹੌਤ ਵੀ ਪਤਾ ਨਹੀਂ ਕਿਉਂ ਘੜੀ-ਮੁੜੀ ਯਾਦ ਆਈ ਜਾ ਰਹੀ ਹੈ ਤੇ ਪੁਰਾਣੀਆਂ ਬੁੜ੍ਹੀਆਂ ਕੋਲੋਂ ਹੀ ਸੁਣਿਆ ਹੋਇਆ 'ਸੌਂਕਣਾਂ ਦੇ ਭੇੜ' ਦਾ ਪ੍ਰਸੰਗ ਵੀ ਬੜਾ ਚੇਤੇ ਆ ਰਿਹਾ ਹੈ।
ਰੇਖਾ ਦੇ ਜਯਾ ਵੱਲੋਂ ਰਲ਼ ਕੇ, ਇਕ ਸਦਨ ਵਿਚ ਬੈਠ ਕੇ, ਇਸ ਮੁਲਕ ਤੇ ਇਸ ਦੇ ਲੋਕਾਂ ਦੀ ਭਲਾਈ ਲਈ ਹੀਲੇ ਕਰਨ ਬਾਰੇ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਹੋ ਰਹੀਆਂ ਹਨ। ਲਗਦਾ ਹੈ ਕਿ ਇਸ ਵੇਲ਼ੇ ਸਾਰਾ ਦੇਸ਼ ਤੇ ਸਾਰੇ ਦੇਸ਼ ਵਾਸੀ 'ਜਯਾਰੇਖਾਮਈ' ਹੋਏ ਪਏ ਹਨ। ਇਸ ਵੇਲ਼ੇ ਇਨ੍ਹਾਂ ਦੋਹਾਂ ਦੇ ਰਲ਼ ਬੈਠਣ ਬਾਰੇ ਚਿੰਤਾ ਨੇ ਤੇ ਸਚਿਨ ਤੈਂਦੁਲਕਰ ਨੂੰ ਸੰਸਦ ਮੈਂਬਰ ਬਣਾਏ ਜਾਣ ਦੇ ਚਾਅ ਨੇ ਲੋਕਾਂ ਦੇ ਸਾਰੇ ਸੰਸੇ ਦਬਾਏ ਹੋਏ ਹਨ।
ਜਿੱਦਾਂ ਰੇਖਾ ਤੇ ਜਯਾ ਇਕ ਸਦਨ ਵਿੱਚ ਬੈਠ ਕੇ ਵੀ ਦਰਿਆ ਦੇ ਕਿਨਾਰਿਆਂ ਵਾਂਗ ਨਾਲ-ਨਾਲ ਤੁਰ ਕੇ ਵੀ ਜੁਦਾ-ਜੁਦਾ ਰਹਿਣਗੀਆਂ, ਓਦਾਂ ਹੀ ਇਨ੍ਹਾਂ ਦੋਹਾਂ ਦੀ 'ਸਦਨੀ ਸਹਿ-ਹੋਂਦ' ਬਾਰੇ ਫ਼ਿਲਮ ਜਗਤ ਦੇ ਲੋਕ ਵੀ ਦੁਫਾੜ ਹਨ। ਫ਼ਿਲਮ ਸਨਅਤ ਦੇ ਮਾਹਰ ਅਮੋਦ ਮਹਿਰਾ ਦਾ ਇਸ ਸਬੰਧ ਵਿੱਚ ਇਹ ਕਹਿਣ ਹੈ, ''ਰੇਖਾ ਤੇ ਜਯਾ, ਅਮਿਤਾਭ ਬੱਚਨ ਦੀ ਵਜ੍ਹਾ ਨਾਲ ਹੀ ਇਕ-ਦੂਜੀ ਦਾ ਸਾਹਮਣਾ ਕਰਦਿਆਂ ਸੌਖੀਆਂ ਨਹੀਂ ਮਹਿਸੂਸ ਕਰ ਸਕਦੀਆਂ।"
ਇਸ ਦੇ ਨਾਲ ਹੀ ਫ਼ਿਲਮੀ ਤਿਜਾਰਤ ਦੇ ਮਾਹਰ ਕੁਮਾਰ ਮੋਹਨ ਦਾ ਕਹਿਣਾ ਹੈ, ''ਰੇਖਾ ਬਹੁਤ ਹੀ ਮਾਣਮੱਤੀ ਔਰਤ ਹੈ। ਸਾਡੀ ਫ਼ਿਲਮ ਸਨਅਤ ਬਹੁਤ ਛੋਟੀ ਜਿਹੀ ਹੈ ਤੇ ਅਸੀਂ ਇਸ ਵਿੱਚ ਇਕ ਪਰਿਵਾਰ ਦੇ ਜੀਆਂ ਵਾਂਗ ਹੀ ਵਿਚਰਦੇ ਹਾਂ। ਇਸ ਲਈ ਕੋਈ ਸਮੱਸਿਆ ਨਹੀਂ ਆਉਣ ਲੱਗੀ। ਉਹ ਜਦੋਂ ਵੀ ਮਿਲਣਗੀਆਂ, ਸਾਥਣਾਂ-ਸਹੇਲੀਆਂ ਵਾਂਗ ਤੇ ਸਿਆਣੀਆਂ-ਬਿਆਣੀਆਂ ਔਰਤਾਂ ਵਾਂਗ ਮਿਲਣਗੀਆਂ।" ਇਨ੍ਹਾਂ ਹਸਤੀਆਂ ਨੂੰ ਸੰਸਦ ਮੈਂਬਰ ਬਣਾਉਣ ਨਾਲ ਪਾਰਲੀਮੈਂਟ ਤੇ ਦੇਸ਼ ਨੂੰ ਕੋਈ ਫ਼ਰਕ ਨਹੀਂ ਪੈਣਾ। ਲਤਾ ਮੰਗੇਸ਼ਕਰ 1999 ਤੋਂ 2005 ਤਕ ਰਾਜ ਸਭਾ ਦੀ ਮੈਂਬਰ ਰਹੀ, ਪਰ ਉਸ ਨੇ ਸਦਨ ਦੀ ਇਕ ਵੀ ਮੀਟਿੰਗ ਵਿੱਚ ਸ਼ਿਰਕਤ ਨਹੀਂ ਕੀਤੀ। ਖ਼ੈਰ, ਇਕ ਗੱਲ ਪੱਕੀ ਹੈ ਕਿ 'ਲੋਕ ਸਭਾ ਟੀਵੀ', ਜੋ ਬਹੁਤ ਘੱਟ ਦੇਖਿਆ ਜਾਂਦਾ ਹੈ, ਦੇ ਹੁਣ ਦਰਸ਼ਕ ਹੀ ਨਹੀਂ ਵਧਣਗੇ, ਉਸ ਦੀ 'ਟੀ. ਆਰ. ਪੀ.' ਵੀ ਵਧ ਸਕਦੀ ਹੈ।
ਜਯਾ-ਰੇਖਾ ਦੇ ਕਿੱਸੇ ਤੋਂ ਬਾਅਦ ਹੁਣ ਜਿਹੜੀ ਗੱਲ ਕਰਨ ਲੱਗੇ ਹਾਂ, ਪਾਠਕ ਜੀ! ਉਹ ਸ਼ਾਇਦ ਤੁਹਾਨੂੰ ਬਹੁਤੀ ਪਸੰਦ ਨਾ ਆਵੇ। ਇਹ ਹਾਲਤ ਇਸ ਕਰ ਕੇ ਨਹੀਂ ਹੈ ਕਿ ਇਹ ਟੋਟਾ ਕਿਸੇ ਫ਼ਿਲਮ ਸਟਾਰ ਦੀ ਥਾਂ ਇਕ ਕ੍ਰਿਕਟ ਖਿਡਾਰੀ ਦੇ 'ਸਿਆਸੀ ਖਿਡਾਰੀ' ਬਣ ਜਾਣ ਬਾਰੇ ਹੈ। ਇਸ ਦੀ ਵਜ੍ਹਾ ਇਹ ਹੈ ਕਿ ਸਚਿਨ ਤੇਂਦੁਲਕਰ ਨੂੰ ਸਿਆਸਤ ਖੇਡਣ ਲਈ ਦਿੱਤਾ ਹੋਇਆ ਸੱਦਾ, ਖ਼ੁਦ ਸਿਆਸੀ ਖੇਡ ਦਾ ਸ਼ਿਕਾਰ ਹੁੰਦਾ ਦਿਸਦਾ ਹੈ।
ਅਜੇ ਸਚਿਨ ਨੂੰ ਰਾਜ ਸਭਾ ਦਾ ਮੈਂਬਰ ਬਣਾਏ ਜਾਣ ਦੀ ਮਨਜ਼ੂਰੀ ਉੱਤੇ ਰਾਸ਼ਟਰਪਤੀ ਦੇ ਦਸਤਖ਼ਤ ਆਠਰੇ ਵੀ ਨਹੀਂ ਸਨ ਕਿ ਡਾ. ਸੁਭਾਸ਼ ਸੀ. ਕਸ਼ਯਪ ਨਾਂ ਦੇ ਇਕ ਬੰਦੇ ਨੇ ਪਾਰਲੀਮੈਂਟ ਵਿੱਚ ਜਾਣ ਲਈ ਤਿਆਰ ਸਚਿਨ ਨਾਲ 'ਨ੍ਹਾਤੀ-ਧੋਤੀ ਰਹਿ ਗਈ, ਮੂੰਹ 'ਤੇ ਮੱਖੀ ਬਹਿ ਗਈ' ਵਾਲ਼ੀ ਗੱਲ ਕਰ ਦਿੱਤੀ। ਡਾ. ਕਸ਼ਯਪ, ਸਿਆਸੀ ਵਿਗਿਆਨੀ ਹੀ ਨਹੀਂ ਹਨ, ਤਿੰਨ-ਤਿੰਨ ਵਾਰ ਲੋਕ ਸਭਾ ਦੇ ਸਕੱਤਰ ਜਨਰਲ ਵੀ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ 'ਖੇਡਾਂ' ਉਨ੍ਹਾਂ ਖੇਤਰਾਂ ਵਿੱਚ ਸ਼ਾਮਲ ਨਹੀਂ ਹਨ, ਜਿਨ੍ਹਾਂ ਦੇ ਮਾਹਰਾਂ ਨੂੰ ਰਾਜ ਸਭਾ ਵਿੱਚ ਨਾਮਜ਼ਦ ਕੀਤਾ ਜਾ ਸਕਦਾ ਹੈ। ਉਨ੍ਹਾਂ ਦੇ ਕਹਿਣ ਦਾ ਮਤਲਬ ਇਹੋ ਹੈ ਕਿ ਸਚਿਨ ਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕਰਨਾ ਜਾਇਜ਼ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਸਚਿਨ ਦੀ ਨਾਮਜ਼ਦਗੀ ਕਿਸ ਸ਼੍ਰੇਣੀ ਵਿੱਚ ਕੀਤੀ ਗਈ ਹੈ।
ਰਾਜ ਸਭਾ ਵਿੱਚ ਨਾਮਜ਼ਦਗੀਆਂ ਦਾ ਇਤਿਹਾਸ ਦੇਖੀਏ ਤਾਂ ਇਕ ਵੀ ਮੈਂਬਰ ਇਹੋ ਜਿਹਾ ਨਹੀਂ ਮਿਲੇਗਾ ਜੋ ਖੇਡਾਂ ਦੇ ਖੇਤਰ ਵਿੱਚੋਂ ਲਿਆ ਹੋਇਆ ਹੋਵੇ। ਬਹੁਤ ਸਾਰੇ ਪਾਠਕ ਇਸ ਸਬੰਧ ਵਿੱਚ ਪਹਿਲਵਾਨ ਦਾਰਾ ਸਿੰਘ ਦਾ ਨਾਂ ਲੈ ਸਕਦੇ ਹਨ। ਇਸ ਬਾਰੇ ਅੰਦਰਲੀ ਗੱਲ ਇਹ ਹੈ ਕਿ ਦਾਰਾ ਸਿੰਘ ਨੂੰ ਵੀ ਰਾਜ ਸਭਾ ਦੀ ਕੁਰਸੀ, ਭਲਵਾਨੀ ਕਰ ਕੇ ਨਹੀਂ, ਅਦਾਕਾਰੀ ਕਾਰਨ ਮਿਲੀ ਸੀ। ਕਿਤੇ ਸਚਿਨ ਨੂੰ ਪਾਰਲੀਮੈਂਟ ਵਿੱਚ 'ਖਿਡਾਉਣ' ਲਈ ਸਾਨੂੰ ਆਪਣੇ ਸੰਵਿਧਾਨ ਦੀ ਮੁਰੰਮਤ ਨਾ ਕਰਨੀ ਪੈ ਜਾਵੇ।


ਅਮਿਤਾਭ ਬੱਚਨ ਤੇ ਜਯਾ

ਅਮਿਤਾਭ ਬੱਚਨ ਤੇ ਰੇਖਾ

ਸਚਿਨ ਤੈਂਦੁਲਕਰ ਤੇ ਅੰਜਲੀ

ਡਾ. ਸੁਭਾਸ਼ ਸੀ. ਕਸ਼ਯਪ
     
   

Comments (0)

Write comment

smaller | bigger

busy
You are here:   Homeਲੜੀਵਾਰਅਰਜ਼ ਕੀਤੈਚਲੋ ਹੁਣ 'ਪਾਰਲੀਮੈਂਟ-ਪਾਰਲੀਮੈਂਟ' ਖੇਡੀਏ

Currency Converter

Amount:
From:
To:


Gurbani Radio


Gurbani - Sri Harmandir Sahib