
ਬਹੁਤ ਸਾਲ ਪਹਿਲਾਂ ਦਾ ਆਇਆ ਸੁਫ਼ਨਾ ਅੱਜ ਵੀ ਪਤਾ ਨਹੀਂ ਕਿਉਂ ਉਵੇਂ ਦਾ ਉਵੇਂ ਯਾਦ ਹੈ! ਜਿਸ ਦਾ ਝਲਕਾਰਾ ਇੰਝ ਸੀ ਕਿ ਪ੍ਰਿੰਸੀਪਲ ਸਰਵਣ ਸਿੰਘ ਨੇ ਦੋ ਬੋਤਲਾਂ ਲਿਆ ਕੇ ਮੇਜ਼ 'ਤੇ ਧਰੀਆਂ ਅਤੇ ਸਟੀਲ ਦੇ ਗ਼ਿਲਾਸ ਵੀ। ਕਹਿਣ ਲੱਗੇ, ''ਆਹ ਚਿੱਟੀ ਜਿਹੀ ਤਾਂ ਰੱਖ ਈ ਆਵਾਂ ... ਏਹੇ ਬਾਹਰੋਂ ਲਿਆਂਦੀ ਆ ... ਐਹਦੇ 'ਚੋਂ ਲਾਉਨੇ ਆਂ ਘੁਟ-ਘੁਟ ... ਚਿੱਟੀ ਜਿਹੀ ਤਾਂ ਬਾਹਰਲੀ ਆ ... ।" ਇਹ ਆਖ ਉਹ ਵੋਦਕਾ ਦੀ ਚਿੱਟੀ ਬੋਤਲ ਚੁੱਕ ਕੇ ਅੰਦਰ ਚਲੇ ਗਏ ਤੇ ਫ਼ਿਰ ਆਏ ਈ ਨਹੀਂ ਸੀ ਤੇ ਸੁਫ਼ਨਾ ਟੁੱਟ ਗਿਆ ... ।
ਮੇਰੀ ਪਹਿਲੀ ਮੁਲਾਕਾਤ ਉਹਨਾਂ ਨਾਲ ਸੰਨ 1999 ਵਿੱਚ ਹੋਈ। ਪੰਜਾਬੀ ਭਵਨ ਲੁਧਿਆਣਾ 'ਚ ਜੱਸੋਵਾਲ ਸਾਹਬ ਬਾਰੇ ਮੇਰੀ ਕਿਤਾਬ ਰਿਲੀਜ਼ ਹੋ ਰਹੀ ਸੀ। ਉਹ ਪ੍ਰਧਾਨਗੀ ਮੰਡਲ ਵਿੱਚ ਬੈਠੇ ਸਨ। ਪ੍ਰੋਗਰਾਮ ਦੇ ਅੰਤ 'ਤੇ ਸੰਖੇਪ ਜਿਹਾ ਅਸ਼ੀਰਵਾਦ ਦੇ ਕੇ ਚਲੇ ਗਏ ਸਨ ਤੇ ਦੂਜੀ ਮਿਲਣੀ ਸੰਨ 2001 ਵਿੱਚ ਮੇਰੀ ਪਹਿਲੀ ਟੋਰਾਂਟੋ ਫ਼ੇਰੀ ਸਮੇਂ ਉਹਨਾਂ ਦੇ ਬਰੈਂਪਟਨ ਵਿਚਲੇ ਘਰ ਵਿੱਚ ਹੋਈ। ਇੱਕ ਸ਼ਾਮ ਇਕਬਾਲ ਰਾਮੂਵਾਲੀਏ ਨੇ ਉਹਨਾਂ ਨੂੰ ਫ਼ੋਨ ਕੀਤਾ, ''ਮੈਂ ਤੇ ਘੁੱਗੀ ਆਏ ... ਬੀਅਰਾਂ ਕੱਢੋ ਠੰਢੀਆਂ ... ।"
ਕਾਟੋ ਦੀ ਪੂਛ ਵਾਲੀ ਸਟਰੀਟ ਤੋਂ ਤੁਰ ਕੇ ਮੈਂ ਤੇ ਇਕਬਾਲ ਦਸਾਂ ਮਿੰਟਾਂ ਵਿੱਚ ਪ੍ਰਿੰਸੀਪਲ ਸਾਹਬ ਦੇ ਘਰ ਪੁੱਜੇ। ਉਹ ਮੇਜ਼ 'ਤੇ ਬੀਅਰਾਂ ਅਤੇ ਸਲੂਣੀਆਂ ਪਕੌੜੀਆਂ ਕੱਢੀ ਬੈਠੇ ਉਡੀਕ ਰਹੇ ਸਨ। ਮੈਂ ਖ਼ੁਸ਼ ਸਾਂ ਕਿ ਅੱਜ ਮੈਂ ਆਪਣੇ ਮਨ-ਪਸੰਦੀਦਾ ਵਾਰਤਕ ਲੇਖਕ ਨਾਲ ਸ਼ਾਮ ਸਾਂਝੀ ਕਰ
ਰਿਹਾ ਸਾਂ। ਬੈਠਦੇ ਸਾਰ ਉਹਨਾਂ ਪੈਂਦੀ ਸੱਟੇ ਪੁੱਛਿਆ, ''ਕਿਵੇਂ ਲੱਗਾ ਟੋਰਾਂਟੋ ਮੁੰਡਿਆ ... ?"
''ਬਹੁਤ ਵਧੀਆ ਜੀ ... ।" ਮੇਰੇ ਕੋਲ ਦੋ ਟੁੱਕ ਸੰਖੇਪ ਤੋਂ ਸੰਖੇਪ ਜੁਆਬ ਹੀ ਸੀ। ਅਜੇ ਉਹਨਾਂ ਨਾਲ ਸੁਆਰ ਕੇ ਵਾਹ-ਰਾਹ ਨਹੀਂ ਸੀ ਪਿਆ। ਉਹ ਬੋਲੇ, ''ਪਹਿਲੀ ਗੱਲ ਤਾਂ ਸੰਗਣਾ ਭੋਰਾ ਨ੍ਹੀ ... ਤੂੰ ਖੁੱਲ੍ਹ ਕੇ ਬਹਿ ... ਇਓਂ ਈ ਸਮਝ ਬਈ ਤੂੰ ਆਵਦੇ ਈ ਘਰੇ ਬੈਠਾ ਐਂ ... ।"
ਉਸ ਸ਼ਾਮ ਤੋਂ ਬਾਅਦ ਉਹ ਹਮੇਸ਼ਾ ਲਈ 'ਆਪਣੇ' ਹੀ ਹੋ ਗਏ ਤੇ ਦਿਨੋ-ਦਿਨ, ਉਹਨਾਂ ਨਾਲ ਪਰਿਵਾਰਕ ਸਬੰਧ, ਮੋਹ, ਸਤਿਕਾਰ, ਆਸ਼ੀਰਵਾਦ ਤੇ ਲੇਖਣੀ ਦੀ ਸਾਂਝ ਦੀਆਂ ਕੜੀਆਂ ਪੱਕੀਆਂ ਤੇ ਤਾਕਤਵਰ ਹੋਈਆਂ ਨੇ! ਇਕੱਲੇ ਉਹਨਾਂ ਨਾਲ ਹੀ ਨਹੀਂ, ਸਗੋਂ ਉਹਨਾਂ ਰਾਹੀਂ ਹੀ ਉਹਨਾਂ ਦੇ ਹੋਰ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਵੀ ਚੋਖਾ ਲਿਹਾਜ਼ ਬਣਿਆ। ਉਹਨਾਂ ਹਮੇਸ਼ਾ ਵਕਤ-ਵਕਤ 'ਤੇ ਬਹੁਤ ਨਿੱਗਰ ਤੇ ਨੇਕ ਸਲਾਹਾਂ ਦੇ ਕੇ ਨਿਵਾਜਿਆ ਹੈ। ਉਹਨਾਂ ਨਾਲ ਬਹੁਤ ਥਾਂਈ ਘੁੰਮਣ-ਫ਼ਿਰਨ ਦਾ ਮੌਕਾ ਮਿਲਿਆ। ਬਹੁਤ ਸਾਰੇ ਖੇਡ ਮੇਲੇ ਦੇਖੇ। ਦੂਰ-ਦੂਰ ਤੀਕ ਤੁਰ ਕੇ ਲੰਬੀਆਂ ਸੈਰਾਂ ਕੀਤੀਆਂ। ਉਹ ਤੇਜ਼-ਤੇਜ਼ ਤੁਰਦੇ ਜਾਂਦੇ, ਨਾ ਉਹਨਾਂ ਦੀ ਗੱਲਬਾਤ ਦੀ ਚਾਲ ਢਿੱਲੀ ਪੈਂਦੀ ਤੇ ਨਾ ਤੋਰ ਦੀ! ਤੁਰਦਾ-ਤੁਰਦਾ ਮੈਂ ਕਈ ਵਾਰ ਪਿੱਛੇ ਰਹਿ ਜਾਂਦਾ। ਮੈਨੂੰ ਲੱਗਦਾ ਕਿ ਸਰਵਨ ਅੰਕਲ ਨੇ ਕਦੇ ਬੁੱਢੇ ਨਹੀਂ ਹੋਣਾ ਤੇ ਬੁਢਾਪੇ ਬਾਰੇ ਉਹਨਾਂ ਦੀ ਆਪਣੀ ਪੁਸਤਕ 'ਫੇਰੀ ਵਤਨਾਂ ਦੀ' ਦੀ ਅਰੰਭਿਕਾ ਵਿੱਚ ਕਿਰਪਾਲ ਸਿੰਘ ਪੰਨੂੰ ਵੱਲੋਂ ਬੁਢੇਪੇ ਬਾਰੇ ਪੁੱਛੇ ਗਏ ਜਵਾਬ ਦਾ ਸਵਾਲ ਇਸ ਤਰਾਂ ਦਿੱਤਾ ਹੈ, ਇੱਕ ਪੈਰ੍ਹੇ ਦਾ ਨਮੂਨਾ ਦੇਖੋ ਜ਼ਰਾ, ''ਬੁਢਾਪਾ ਮੌਤ ਵੱਲ ਵਧਦੀ ਅਵਸਥਾ ਦਾ ਨਾਂ ਹੈ ... ਕਿਹਾ ਜਾਂਦੈ ਕਿ ਬੰਦਾ ਉਦੋਂ ਤੱਕ ਬੁੱਢਾ ਨਹੀਂ ਹੁੰਦਾ ਜਦੋਂ ਤੱਕ ਉਹ ਆਪਣੇ ਆਪ ਨੂੰ ਬੁੱਢਾ ਨਾ ਮੰਨਣ ਲੱਗ ਪਵੇ ... ਮੈਂ ਆਪਣੇ ਆਪ ਨੂੰ ਅਜੇ ਬੁੱਢਾ ਨਹੀਂ ਮੰਨ ਰਿਹਾ ਤੇ ਆਹਰੇ ਲੱਗਾ ਹੋਇਆਂ ... ਰਿਟਾਇਰ ਹੋਣ ਪਿੱਛੋਂ ਹਰ ਸਾਲ ਨਵੀਂ ਕਿਤਾਬ ਛਪਵਾ ਲੈਨਾ ... ਅਖ਼ਬਾਰਾਂ ਨੂੰ ਆਰਟੀਕਲ ਭੇਜ ਰਿਹਾਂ ਤੇ ਖੇਡ ਮੇਲੇ ਦੇਖ ਰਿਹਾਂ ... ਬੁਢੇਪੇ ਬਾਰੇ ਸੋਚਦਿਆਂ ਮੌਤ ਖ਼ਿਆਲ ਜ਼ਰੂਰ ਆ ਜਾਂਦੈ ... ਮੈਂ ਏਨਾ ਬਹਾਦਰ ਨਹੀਂ ਕਿ ਮੌਤ ਤੋਂ ਨਾ ਡਰਾਂ ... ਉਂਜ ਵੀ ਦੁਨੀਆਂ ਬੜੀ ਸੁਹਣੀ ਐਂ ... ਸੱਚੀ ਗੱਲ ਐ ਕਿ ਦਿਲ ਨ੍ਹੀ ਜਾਣ ਨੂੰ ਕਰਦਾ ਰੰਗਲੀ ਦੁਨੀਆਂ ਤੋਂ ... ਪਰ ਏਥੇ ਕੋਈ ਸਦਾ ਲਈ ਜੀਂਦਾ ਨਹੀਂ ਰਹਿ ਸਕਿਆ ... ਇਹ ਕਾਇਆ ਇੱਕ ਦਿਨ ਫ਼ਨ੍ਹਾ ਹੋ ਜਾਣੀ ਐ ... ਤਾਂ ਹੀ ਤਾਂ ਆਖੀਦੈ ਕਿ ਕੋਈ ਦਿਨ ਖੇਡ ਲੈ ... ਓ ਮੌਜਾਂ ਮਾਣ ਲੈ ... ਤੈਂ ਭੱਜ ਜਾਵਣਾ ਓ ਕੰਗਣਾ ਕੱਚ ਦਿਆ ... ।"
ਮੈਂ ਨਾਲ-ਨਾਲ ਫ਼ਿਰਦਾ ਮਹਿਸੂਸ ਕਰਦਾ ਕਿ ਗੱਲੀਂ-ਗੱਲੀਂ ਉਹ ਵਿਅੰਗ ਤੇ ਟਕੋਰ ਵੀ ਕਰਦੇ ਜਾਂਦੇ ਨੇ। ਹਾਸੇ ਦੀਆਂ ਗੱਲਾਂ, ਕਹੌਤਾਂ ਤੇ ਅਖਾਣਾਂ ਦੇ ਟੋਕਰੇ ਭਰੀ ਫ਼ਿਰਦੇ ਨੇ! ਹਾਸਾ-ਠੱਠਾ ਕਰਨ ਵਿੱਚ ਵੀ ਉਹਨਾਂ ਦਾ ਕੋਈ ਜੁਆਬ ਨਹੀਂ। ਗੱਲੀਂ-ਗੱਲੀਂ ਕਦੇ-ਕਦੇ ਉਹ ਸੂਈ ਦੀ ਚੋਭ ਵੀ ਲਾਉਂਦੇ, ਇੱਕ ਦੋ ਵਾਰ ਤਾਂ ਮੈਂ ਕਲਪ ਹੀ ਗਿਆ ਪਰ ਉਹਨਾਂ ਵਰਚਾ ਲਿਆ, ''ਯਾਰ ਮੈਂ ਤਾਂ ਤੇਰੀ ਵਿੱਤ ਵੇਖਦਾ ਸੀ ਬਈ ਤੈਨੂੰ ਗੱਲ ਸਹਿਣੀ ਵੀ ਆਉਂਦੀ ਐ ਜਾਂ ਨਿਰਾ ਗੁੱਸਾ ਈ ਆਉਂਦੈ?" ਕੋਲ ਬੈਠੇ ਅੰਟੀ ਹਰਜੀਤ ਕੌਰ ਬੋਲੇ, ''ਕਿਉਂ ਤੁਸੀਂ ਮੁੰਡੇ ਨੂੰ ਖਿਝਾਉਂਦੇ ਰਹਿੰਨੇ ਓਂ ... ਕੀ ਮਿਲਦੈ ਥੋਨੂੰ ... ?"
''ਹਰਜੀਤ, ਇਹ ਖਬਰੈ ਕਿੰਨੇ ਲੋਕਾਂ ਨੂੰ ਖਿਝਾਉਂਦੈ ਦਿਨ ਵਿੱਚ ... ਤੇ ਜੱਦ ਇਹਦੀ ਆਪਣੀ ਵਾਰੀ ਆਉਂਦੀ ਐ ਉਦੋਂ ਤੜਪ ਉਠਦੈ ... ਦੇਖ ਲੈ ਹੁਣ ... ।" ਫ਼ਿਰ ਜਦੇ ਹੀ ਉਹ ਗੱਲ ਹਾਸੇ ਪਾ ਦਿੰਦੇ। ਸੋਹਣਾ ਵੇਲਾ ਬੀਤਦਾ। ਟੋਰਾਂਟੋ ਵਿੱਚ ਜੱਦ ਵੀ ਮੇਰਾ ਕੋਈ ਸਮਾਗਮ ਹੁੰਦਾ ਜਾਂ ਪਾਰਟੀ ਹੁੰਦੀ, ਉਹ ਨਾਲ ਜਾਂਦੇ ਤੇ ਆਪਣੇ ਰੌਚਕ ਭਾਸ਼ਨ ਰਾਹੀਂ ਸਮਾਗਮ ਵਿੱਚ ਅਨੋਖਾ ਰੰਗ ਭਰ ਦਿੰਦੇ।
'ਅਜੀਤ ਵੀਕਲੀ' ਦੇ ਮੁੱਖ ਸੰਪਾਦਕ ਡਾ ਦਰਸ਼ਨ ਸਿੰਘ ਅਕਸਰ ਹੀ ਪ੍ਰਿੰਸੀਪਲ ਸਰਵਨ ਸਿੰਘ ਦੀਆਂ ਲਿਖਤਾਂ ਬਾਰੇ ਗੱਲ ਕਰਦੇ ਤੇ ਆਖਦੇ ਕਿ ਉਹਨਾਂ ਦੀਆਂ ਲਿਖਤਾਂ ਵਿੱਚੋਂ ਪੰਜਾਬ ਬੋਲਦਾ ਪ੍ਰਤੀਤ ਹੁੰਦਾ ਹੈ। ਪੰਜਾਬ ਦੇ ਖੇਡ ਮੇਲਿਆਂ ਦੇ ਦੀਦਾਰ ਵੀ ਸਾਂਵੇ ਦੇ ਸਾਂਵੇ ਹੋ ਜਾਂਦੇ ਨੇ। ਉਹ ਪਾਠਕ ਦੀ ਉਂਗਲੀ ਫੜ੍ਹ ਕੇ ਪੰਜਾਬ ਦੀਆਂ ਸੱਥਾਂ, ਹੱਟੀਆਂ-ਭੱਠੀਆਂ ਤੇ ਖੇਡ ਮੈਦਾਨੇ ਲੈ ਜਾਂਦੇ ਨੇ।" ਡਾ. ਸਾਹਬ ਦਸਦੇ ਕਿ 'ਅਜੀਤ ਵੀਕਲੀ' ਵਿੱਚ ਛਪਦੇ ਉਹਨਾਂ ਦੇ ਲੇਖ ਪਾਠਕ ਵੱਡੀ ਗਿਣਤੀ ਵਿੱਚ ਪੜ੍ਹਦੇ ਨੇ ਤੇ ਪਸੰਦ ਕਰਦੇ ਨੇ।" ਅਜੀਤ ਭਵਨ ਵਿੱਚ ਪ੍ਰਿੰਸੀਪਲ ਦਾ ਗੇੜਾ ਵਜਦਾ ਰਹਿੰਦਾ। ਡਾ. ਦਰਸ਼ਨ ਸਿੰਘ ਦੀ ਸੰਗਤ ਵਿੱਚ ਉਹ ਹੋਰ ਵੀ ਬਾਗੋਬਾਗ ਦਿਸਣ ਲਗਦੇ।
ਬਹੁਤੀ ਵਾਰ ਬਾਪੂ ਪਾਰਸ ਜੀ ਦੇ ਕਮਰੇ ਵਿੱਚ ਸ਼ਾਮ ਨੂੰ ਮਹਿਫ਼ਿਲ ਜੁੜ ਜਾਂਦੀ। ਸੈਰ ਕਰਦੇ ਪ੍ਰਿੰਸੀਪਲ ਸਾਹਬ ਵੀ ਆ ਜਾਂਦੇ। ਬਾਪੂ ਆਪਣੇ ਦਾਮਾਦ ਅਮਰਜੀਤ ਧਾਲੀਵਾਲ ਨੂੰ ਹਾਕ ਮਾਰਦਾ, ''ਲਿਆ ਬਈ ਗ਼ਿਲਾਸੀਆਂ ... ਆ ਗਿਆ ਆਪਣਾ ਪ੍ਰਾਹੁਣਾ ... ਕਰੀਏ ਆਥਣ ਨੂੰ ਰੰਗੀਨ ... ।" ਬਾਪੂ ਪਾਰਸ ਜੀ ਪ੍ਰਿੰਸੀਪਲ ਸਰਵਣ ਸਿੰਘ ਹੁਰਾਂ ਨਾਲ ਆਪਣਾ ਰਿਸ਼ਤੇਦਾਰ ਹੋਣ ਕਰਕੇ ਤਾਂ ਹਿਤ ਕਰਦੇ ਹੀ ਸਨ ਪਰ ਉਹ ਕਹਿੰਦੇ ਹੁੰਦੇ, ''ਰਿਸ਼ਤੇਦਾਰੀ ਨਾਲੋਂ ਸਾਡੀ ਸਾਂਝ ਲਿਖਾਰੀਆਂ ਆਲੀ ਬਹੁਤੀ ਐ ... ਸਰਵਣ ਸਿਓਂ ਮੇਰਾ ਪੁੱਤ ਐ ... ਯਾਰ ਵੀ ਐ ... ਛੋਟਾ ਭਰਾ ਵੀ ਐ ... ਲਿਖਾਰੀ ਵੀ ਬਾਹਲਾ ਤਕੜੈ ... ।"
ਆਪਣੇ ਇਸ ਲਿਹਾਜ਼ ਅਤੇ ਅਪਣੱਤ ਵਜੋਂ ਪ੍ਰਿੰਸੀਪਲ ਸਰਵਣ ਸਿੰਘ ਨੇ ਬਾਪੂ ਜੀ ਬਾਰੇ ਰਚਿਤ ਮੇਰੀਆਂ ਪੁਸਤਕਾਂ ਲਈ ਉਹਨਾਂ ਬਾਰੇ ਯਾਦਗਾਰੀ ਲੇਖ ਵੀ ਲਿਖੇ, ਜੋ ਪਾਠਕਾਂ ਨੇ ਬਹੁਤ ਪਸੰਦ ਕੀਤੇ। ਹਰਭਜਨ ਸਿੰਘ ਯੋਗੀ ਤੇ ਬਾਪੂ ਪਾਰਸ ਬਾਰੇ ਉਹਨਾਂ ਦਾ ਲਿਖਿਆ ਸਾਂਝਾ ਲੇਖ 'ਪਾਰਸ ਤੇ ਯੋਗੀ' ਬੇਹੱਦ ਸਲਾਹਿਆ ਗਿਆ। ਇਕੱਲੇ ਪਾਰਸ ਜੀ ਬਾਰੇ 'ਕਵੀਸ਼ਰਾਂ ਦਾ ਕਵੀਸ਼ਰ' ਨਾਂ ਹੇਠ ਲੇਖ ਮੈਂ ਆਪਣੀ ਕਿਤਾਬ 'ਵੱਡਮੁੱਲਾ ਪਾਰਸ' ਵਿੱਚ ਸ਼ਾਮਲ ਕੀਤਾ ਤੇ ਇਵੇਂ ਹੀ 'ਜਗਦੇਵ ਸਿੰਘ ਜੱਸੋਵਾਲ-ਜੀਵਨ ਤੇ ਸ਼ਖ਼ਸੀਅਤ' ਪੁਸਤਕ ਵਿੱਚ ਉਹਨਾਂ ਬਾਰੇ 'ਗਵੱਈਆਂ ਦਾ ਗਵਰਨਰ' ਨਾਂ ਹੇਠ ਲੇਖ ਸ਼ਾਮਿਲ ਕੀਤਾ।
ਮੈਂ ਉਹਨਾਂ ਪਾਸ ਕੈਨੇਡਾ ਹੀ ਨਹੀਂ ਰਿਹਾ, ਸਗੋਂ ਉਹਨਾਂ ਦੇ ਪਿੰਡ ਚੱਕਰ ਵਾਲੇ ਘਰ ਵੀ ਰਿਹਾ। ਮੁਕੰਦਪੁਰ ਵਾਲੇ ਘਰ ਵੀ ਤੇ ਉਹਨਾਂ ਨਾਲ ਉਹਨਾਂ ਦੇ ਕਿੰਨੇ ਸਾਰੇ ਰਿਸ਼ਤੇਦਾਰਾਂ ਦੇ ਘਰੀਂ ਵੀ। ਇੱਕ ਵਾਰ ਪ੍ਰਿੰਸੀਪਲ ਸਾਹਬ ਸਾਡੇ ਘਰ ਵੀ ਆਏ, ਉਹਨਾਂ ਦੇ ਨਾਲ ਕੈਨੇਡਾ ਤੋਂ ਉਹਨਾਂ ਦਾ ਜਿਗਰੀ ਯਾਰ ਬੰਤ ਸਿੱਧੂ ਤੇ ਬਾਠ ਸਾਹਿਬ ਸਨ। ਬੜੀ ਰੌਣਕ ਲਾਈ। ਸਾਡਾ ਸਾਰਾ ਪਰਿਵਾਰ ਬੜਾ ਖ਼ੁਸ਼ ਹੋਇਆ। ਮੇਰਾ ਪਾਪਾ ਕਈ ਦਿਨ ਉਹਨਾਂ ਦੀਆਂ ਗੱਲਾਂ ਕਰਦਾ ਰਿਹਾ, ''ਓਹ ਪ੍ਰਿੰਸੀਪਲ ਬੜਾ ਵਧੀਆ ਬੰਦਾ ਐ ... ਸਾਰੇ ਹਸਾ-ਹਸਾ ਕੇ ਖੁਸ਼ ਕਰਤੇ ... ।" ਕੁੱਝ ਸਾਲਾਂ ਬਾਅਦ ਸਾਡੇ ਪਿੰਡੋਂ ਦੂਰੋਂ-ਨੇੜਿਓਂ ਪ੍ਰਿੰਸੀਪਲ ਸਾਹਬ ਦੇ ਰਿਸ਼ਤੇਦਾਰਾਂ ਦਾ ਵਿਆਹ ਸੀ, ਸ਼ਾਇਦ ਦੌਧਰ ਵਾਲੇ ਪਾਸਿਓਂ ਸੀ। ਸਾਨੂੰ ਵੀ ਸੱਦਾ ਆਇਆ, ਮੈਂ ਦੂਰ ਕਿਤੇ ਗਿਆ ਹੋਇਆ ਸੀ ਤੇ ਪਾਪਾ ਜੀ ਨੂੰ ਭੇਜ ਦਿੱਤਾ।
ਪ੍ਰਿੰਸੀਪਲ ਸਾਹਬ ਨੇ ਪਾਪਾ ਨੂੰ ਪਛਾਣ ਲਿਆ ਤੇ ਉਹ ਦੂਰ ਪਰ੍ਹੇ ਧੁੱਪੇ ਕੁਰਸੀਆਂ ਡਾਹ ਕੇ ਬੈਠੇ ਕਬੀਲਦਾਰੀ ਦੀਆਂ ਗੱਲਾਂ ਕਰਦੇ ਰਹੇ। ਨਾਲ-ਨਾਲ ਉਹ ਮੇਰੇ ਬਾਰੇ ਵੀ ਪਾਪਾ ਤੋਂ ਸਾਰੀ ਜਾਣਕਾਰੀ ਲਈ ਗਏ ਕਿ ਤੁਸੀਂ ਇਹਨੂੰ ਕਿਵੇਂ ਯਮਲੇ ਕੋਲ ਲੈ ਕੇ ਗਏ ਸੀ? ਹੁਣ ਕਿਵੇਂ ਮਹਿਸੂਸ ਕਰਦੇ ਓਂ? ਸਾਰੇ ਹਾਲਾਤ ਬਾਰੇ ਬੜੀ ਬਾਰੀਕੀ ਨਾਲ ਪੁਛਦੇ ਰਹੇ। ਜੱਦ ਮੈਂ ਘਰ ਆਇਆ ਤਾਂ ਪਾਪਾ ਕਹਿਣ ਲੱਗਿਆ, ''ਪ੍ਰਿੰਸੀਪਲ ਮਿਲਿਆ ਸੀ ... ਬੜਾ ਲੱਠਾ ਬੰਦਾ ਐ ... ਬਹੁਤ ਸੋਹਣੀਆਂ ਗੱਲਾਂ ਕਰੀ ਗਿਆ ਤੇ ਫ਼ਿਰ ਕਹਿੰਦਾ ਆਜੋ ਬਾਊ ਜੀ ਹੁਣ ਧੁੱਪ ਬੜੀ ਸੇਕ ਲਈ ਆ ... ਘੁਟ-ਘੁਟ ਲਾ ਲਈਏ ਤੇ ਮੈਂਨੂੰ ਵੱਡੇ-ਵੱਡੇ ਦੋ ਪੈੱਗ ਆਪ ਲੁਆਏ ... ਕਹਿੰਦਾ ਬਾਊ ਜੀ ਮੁੰਡੇ ਦਾ ਫ਼ਿਕਰ ਨਾ ਕਰਿਆ ਕਰੋ ... ਥੋਡੇ ਨਾਲੋਂ ਸਾਡਾ ਉਹ ਬਾਹਲਾ ਪੁੱਤਰ ਆ ... ਬਹੁਤ ਨਾਂ ਚਮਕਾਇਆ ਐ ਥੋਡਾ ... ।"
ਪ੍ਰਿੰਸੀਪਲ ਸਾਹਿਬ ਨੂੰ ਵਿਆਹ ਵਿੱਚ ਮਿਲ ਕੇ ਪਾਪਾ ਬੜਾ ਬਾਗੋਬਾਗ ਸੀ।
***************
ਪ੍ਰਿੰਸੀਪਲ ਸਰਵਣ ਸਿੰਘ ਦੀਆਂ ਲਿਖਤਾਂ ਵਿੱਚੋਂ ਪੰਜਾਬੀ ਯੂਨੀਵਰਸਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਕਿਤਾਬ 'ਪੰਜਾਬੀ ਖਿਡਾਰੀ' ਅਤੇ ਉਹਨਾਂ ਦਾ ਅਮਰੀਕਾ ਬਾਰੇ ਲਿਖਿਆ ਸਫ਼ਰਨਾਮਾ 'ਅੱਖੀਂ ਵੇਖ ਨਾ ਰੱਜੀਆਂ' (ਮੇਰੀ ਅਮਰੀਕਾ ਫੇਰੀ) ਮੈਨੂੰ ਸਭ ਤੋਂ ਵੱਧ ਪਸੰਦ ਹਨ। (ਮੈਨੂੰ ਯਾਦ ਹੈ ਕਿ ਮਗਰੋਂ ਡਾ. ਕੁਲਵੰਤ ਕੌਰ ਨਾਮੀਂ ਇੱਕ ਲੇਖਕਾ ਨੇ ਵੀ ਆਪਣੀ ਅਮਰੀਕਾ ਫੇਰੀ ਦਾ ਨਾਂ ਇਹੋ ਹੀ 'ਅੱਖੀਂ ਵੇਖ ਨਾ ਰੱਜੀਆਂ' ਰੱਖ ਲਿਆ ਸੀ ਤਾਂ ਪ੍ਰਿੰਸੀਪਲ ਸਾਹਬ ਬੜੇ ਹੈਰਾਨ ਹੋਏ ਸਨ)।
ਉਹਨਾਂ ਦੀ ਸਵੈ-ਜੀਵਨੀ 'ਹਸੰਦਿਆਂ-ਖੇਲੰਦਿਆਂ' ਵਿੱਚੋਂ ਸਭ ਤੋਂ ਵਧੇਰੇ ਦਿਲਸਚਪ ਕਾਂਡ ਮੈਨੂੰ ਉਹ ਲੱਗਿਆ, ਜਦ ਉਹ ਬਚਪਨ ਵਿੱਚ ਬੋਤੇ ਦੀ ਸਵਾਰੀ ਕਰਦੇ ਹਨ। ਇਹ ਪੜ੍ਹ ਕੇ ਤਾਂ ਹਰੇਕ ਪਾਠਕ ਨੂੰ ਬੜੀ ਸ਼ਿੱਦਤ ਨਾਲ ਆਪਣਾ ਬਚਪਨ ਚੇਤੇ ਆ ਜਾਂਦਾ ਹੈ। ਉਹਨਾਂ ਦਾ ਇੱਕ ਰੇਖਾ-ਚਿਤਰ ਅਣਗੌਲੇ ਕਬੱਡੀ ਖਿਡਾਰੀ ਬਿੱਲੂ ਰਾਜੇਆਣੀਏ ਬਾਰੇ ਸੀ, ਜੋ ਬਹੁਤ ਦੇਰ ਤੀਕ ਮੈਨੂੰ ਭੁੱਲਿਆ ਨਹੀ ਸੀ। ਪ੍ਰਿੰਸੀਪਲ ਸਰਵਣ ਸਿੰਘ ਦਾ ਆਪਣੀਆਂ ਬਹੁਤ ਸਾਰੀਆਂ ਲਿਖਤਾਂ ਵਿਚਲਾ ਦ੍ਰਿਸ਼ ਵਰਨਣ ਪਾਠਕ ਨੂੰ ਕਦੇ ਅੱਕਣਾ ਜਾਂ ਥੱਕਣ ਨਹੀਂ ਦਿੰਦਾ। ਉਹਨਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਵਿੱਚ ਦ੍ਰਿਸ਼ ਵਰਨਣ ਏਨੀ ਬਾਰੀਕੀ ਤੇ ਕਲਾਤਮਿਕਤਾ ਨਾਲ ਚਿਤਰਿਆ ਹੁੰਦਾ ਹੈ ਕਿ ਪਾਠਕ ਨੂੰ ਉਸ ਜਗਾ ਦੇ ਸਾਂਵੇ ਦੇ ਸਾਂਵੇ ਦੀਦਾਰ ਕਰਵਾ ਦਿੰਦੈ। ਉਹਨਾਂ ਦੀ ਇੱਕ ਲਿਖਤ ਵਿੱਚ ਦੇਖਣਾ ਕਿ ਜਦੋਂ ਉਹ ਐੱਨ. ਆਈ. ਐੱਸ ਪਟਿਆਲਾ ਵਿੱਚ ਖਿਡਾਰੀਆਂ ਨਾਲ ਜਾ ਕੇ ਕੁੱਝ ਸਮਾਂ ਗੁਜ਼ਾਰਦੇ ਹਨ ਤੇ ਫਿਰ ਹੀ ਉਹਨਾਂ ਬਾਰੇ ਯਾਦਗਾਰੀ ਰੇਖਾ-ਚਿਤਰ ਲਿਖਦੇ ਹਨ ਤਾਂ ਕੁੱਝ ਸਤਰਾਂ ਵਿੱਚ ਉਥੋਂ ਦੇ ਚਿਤਰੇ ਵਾਤਾਵਰਨ ਅਤੇ ਆਪਣੇ-ਆਪ ਵਿੱਚ ਰੁੱਝੇ ਹੋਏ ਖਿਡਾਰੀਆਂ ਬਾਰੇ ਕੀਤਾ ਬਾਰੀਕ ਬਿਆਨ ਦੇਖੋ, ''ਪਟਿਆਲੇ ਖਿਡਾਰੀਆਂ ਦੇ ਰਿਹਾਇਸ਼ੀ ਕਮਰਿਆਂ ਵਿੱਚ ਤਣੀਆਂ 'ਤੇ ਕੱਛੇ, ਬੁਨੈਣਾਂ ਤੇ ਜਾਂਘੀਏ ਸੁੱਕਣੇ ਪਾਏ ਹੋਏ ਸਨ ... ਉਥੇ ਮੁੜ੍ਹਕੇ ਦੀ ਮਹਿਕ ਪਸਰੀ ਹੋਈ ਸੀ ... ਕਿੱਲੀਆਂ 'ਤੇ ਰੰਗਦਾਰ ਧਾਰੀਆਂ ਵਾਲੇ ਟਰੈਕ ਸੂਟ ਲਟਕ ਰਹੇ ਸਨ ... ਹੇਠਾਂ ਰੰਗ-ਬਿਰੰਗੇ ਦੌੜਨ ਵਾਲੇ ਬੂਟ ਪਏ ਸਨ ... ਉਥੇ ਖੁਸ਼ ਦਿਲ ਪਰਵੀਨ ਕੁਮਾਰ ਸੀ ... ਸ਼ੌਕੀ ਮਹਿੰਦਰ ਗਿੱਲ ਹਸਦਾ-ਹਸਾਉਂਦਾ ... ਅਜਮੇਰ ਮਸਤ ਤੇ ਲਾਭ ਸਿੰਘ ਚੁੱਪ ਕੀਤਾ ... ਨਿਰਮਲ ਸਿੰਘ ਦੇ ਪੱਟ ਉਤੇ ਸੱਪ ਖੁਣਿਆ ਹੋਇਆ ਸੀ ਤੇ ਗੁਰਬਚਨ ਰੰਧਾਵਾ ਲੱਤ ਚੁੱਕ ਕੇ ਤਾੜੀ ਮਾਰਦਾ ਹੋਇਆ ਹਸਦਾ ਸੀ ... ਜਰਨੈਲ ਸਿੰਘ ਅਮਲੀਆਂ ਵਾਂਗ ਨਿਢਾਲ ਪਿਆ ਸੀ ਤੇ ਜੋਗਿੰਦਰ ਸਿੰਘ ਮੋਚਣੇ ਨਾਲ ਮੁੱਛਾਂ ਦੇ ਵਾਲ ਸੰਵਾਰ ਰਿਹਾ ਸੀ ... ਬਲਵੰਤ ਸਿੰਘ ਨੇ ਸ਼ੱਕਰ ਘੋਲ ਕੇ ਸ਼ਰਬਤ ਪਿਆਇਆ ਤੇ ਬਲਦੇਵ ਪੱਤੋ ਵਾਲੇ ਨੇ ਬਦਾਮ ਖਾਣ ਲਈ ਦਿੱਤੇ।"
ਜਿਹੜੀ ਮਾਰਮਿਕ ਸ਼ਬਦਾਵਲੀ ਤੇ ਸ਼ੈਲੀ ਵਿੱਚ ਪ੍ਰਿੰਸੀਪਲ ਸਰਵਣ ਸਿੰਘ ਨੇ ਖਿਡਾਰੀਆਂ ਬਾਰੇ ਯਾਦਗਾਰੀ ਰੇਖਾ-ਚਿਤਰ ਲਿਖ ਕੇ ਉਹਨਾਂ ਨੂੰ ਹਮੇਸ਼ਾ-ਹਮੇਸ਼ਾ ਲਈ ਅਮਰ ਕਰ ਦਿੱਤਾ ਹੈ, ਉਹਨਾਂ ਦੇ ਇਸ ਅਣਮੁੱਲੇ ਅਹਿਸਾਨ ਨੂੰ ਖੇਡ ਸੰਸਾਰ ਕਦੇ ਵੀ ਨਹੀਂ ਉਤਾਰ ਸਕਦਾ। ਇਸ ਕਰਨੀ ਦਾ ਦੇਣਾ ਕਦੇ ਵੀ ਤੇ ਕਿਸੇ ਵੀ ਮੁੱਲ ਨਹੀਂ ਚੁਕਾਇਆ ਜਾ ਸਕਦਾ। ਪੰਜਾਬ ਦੇ ਗਾਇਕਾਂ ਬਾਰੇ ਸਮਸ਼ੇਰ ਸੰਧੂ ਨੇ ਲਿਖਣ ਦੀ ਪਿਰਤ ਪਾਈ ਸੀ, ਫਿਰ ਐੱਸ ਅਸ਼ੋਕ ਭੌਰਾ ਜੀ ਨੇ ਵੀ ਲਿਖਿਆ ਪਰ ਸੰਧੂ ਸਾਹਬ ਵਾਲੀ ਸ਼ੈਲੀ ਨਿਵੇਕਲੀ ਸੀ। ਇਸ ਖੇਤਰ ਦੇ ਲੋਕ ਉਸ ਤੋਂ ਬਾਅਦ ਮੇਰਾ ਨਾਂ ਲੈਂਦੇ ਨੇ ਕਿ ਲੋਕ-ਗਾਇਕਾਂ ਬਾਰੇ ਯਾਦਗਾਰੀ ਰੇਖਾ-ਚਿਤਰ ਲਿਖੇ ਹਨ। ਵੇਖਾ-ਵੇਖੀ ਹੁਣ ਅਨੇਕਾਂ ਲੇਖਕ ਇਸ ਖੇਤਰ ਵਿੱਚ ਕੁੱਦੇ ਹੋਏ ਨੇ ਤੇ ਗਾਇਕਾਂ ਬਾਰੇ ਕੱਚਾ-ਪਿੱਲਾ ਲਿਖ-ਲਿਖ ਕੇ ਧੜਾ-ਧੜ ਛਪਵਾ ਰਹੇ ਨੇ। ਇਹੋ ਗੱਲ ਪ੍ਰਿੰਸੀਪਲ ਸਰਵਣ ਸਿੰਘ ਹੁਰਾਂ ਦੇ ਸਬੰਧ ਵਿੱਚ ਨਿਰਸੰਕੋਚ ਆਖਣੀ ਬਣਦੀ ਹੈ ਕਿ ਜੋ ਪਹਿਲ-ਕਦਮੀ ਉਹ ਇਸ ਖੇਤਰ ਵਿੱਚ ਖਿਡਾਰੀਆਂ ਬਾਰੇ ਲਿਖ ਕੇ ਕਰ ਗਏ ਹਨ, ਉਸਨੂੰ ਕੋਈ ਹੋਰ ਲਿਖਾਰੀ ਮਾਤ ਨਹੀਂ ਦੇ ਸਕਿਆ। ਬੇਸ਼ਕ ਬਹੁਤ ਸਾਰੇ ਲਿਖੀ ਜਾਂਦੇ ਨੇ ਖਿਡਾਰੀਆਂ ਬਾਰੇ, ਪਰ ਪ੍ਰਿੰਸੀਪਲ ਸਾਹਬ ਵਾਲੀ ਸ਼ੈਲੀ, ਸ਼ਬਦਾਵਲੀ, ਵਿਅੰਗ, ਡੂੰਘਾਈ, ਹਾਸਾ ਠੱਠਾ ਤੇ ਨਾਲ-ਨਾਲ ਜਿਊਂਦੀ-ਜਾਗਦੀ ਗੰਭੀਰਤਾ ਕਿਸੇ ਕੋਲ ਦਿਖਾਈ ਨਹੀਂ ਦਿੰਦੀ। ਉਹ ਗੰਭੀਰਤਾ ਕਿ ਲਿਖਦੇ-ਲਿਖਦੇ ਜਦ ਉਹ ਕਿਸੇ ਖਿਡਾਰੀ ਦੇ ਅੰਤਲੇ ਤੇ ਦੁਖਦਾਈ ਵੇਲੇ ਦਾ ਵਰਣਨ ਬੜੀ ਗੰਭੀਰਤਾ ਨਾਲ ਕਰਦੇ ਹਨ ਤਾਂ ਪਾਠਕ ਦਾ ਮਨ ਪਸੀਜ ਜਾਂਦਾ ਹੈ। ਪ੍ਰਿੰਸੀਪਲ ਸਾਹਬ ਨੂੰ ਫ਼ਿਕਰ ਹੈ ਕਿ ਅੱਜ ਦੇ ਚੋਬਰ ਨੱਚਾਰਾਂ ਵਰਗੇ ਹੋਈ ਜਾਂਦੇ ਨੇ, ਇਸ ਵਿਸ਼ੈ 'ਤੇ ਉਹਨਾਂ ਦਾ ਇੱਕ ਪੂਰੇ ਦਾ ਪੂਰੇ ਲੇਖ ਛਪਿਆ ਹੈ। ਉਹਨਾਂ ਨੂੰ ਝੋਰਾ ਹੈ ਕਿ ਪੰਜਾਬੀ ਪਰਦੇਸਾਂ ਨੂੰ ਤੁਰ ਗਏ ਹਨ ਤੇ ਪਿੱਛੇ ਜੰਦਰੇ ਮਾਰ ਗਏ ਹਨ, ਇਸ ਸਬੰਧੀ ਉਹਨਾਂ ਦਾ ਲੇਖ ਪੰਜਾਬੀਆਂ ਨੂੰ ਗੰਭੀਰ ਹੋਕੇ ਸੋਚਣ ਲਾਉਣ ਵਾਲਾ ਹੈ, 'ਤੁਰ ਪਰਦੇਸ ਗਿਂਓ ਬੂਹਾ ਵੱਜਿਆ।' ਇੱਕ ਥਾਂ ਉਹਨਾਂ ਇੱਕ ਹੋਰ ਲੇਖ ਵਿੱਚ ਲਿਖਿਆ ਸੀ ਕਿ, ''ਇੱਕ ਬੰਨੇ ਪੰਜਾਬ ਦੇ ਮੁੰਡੇ-ਕੁੜੀਆਂ ਕੈਨੇਡਾ ਕੈਨੇਡਾ ਕੈਨੇਡਾ ਕਰੀ ਜਾਂਦੇ ਨੇ ਤੇ ਦੂਜੇ ਬੰਨੇ ਹਰਦੀਪ ਗਿੱਲ ਗਾਈ ਜਾਂਦੈ ... ਜਾਹ ਮੁੜ ਜਾ ਪਿਛਾਂਹ ਨੂੰ ਬੀਬਾ ਮੁੜ ਜਾ ... ਕੈਨੇਡਾ ਵਿੱਚ ਕੀ ਰੱਖਿਆ?" 'ਵਿਦੇਸ਼ੀ ਲਾੜੇ ਤੇ ਵਿਆਹਾਂ ਦੇ ਪੁਆੜੇ' ਲੇਖ ਵੀ ਫ਼ਿਕਰਮੰਦੀ ਤੇ ਪੰਜਾਬੀਆਂ ਦੀ ਲਾਚਾਰੀ ਤੇ ਨਾਲ ਦੀ ਨਾਲ ਉਹਨਾਂ ਦੀ ਲੁੱਚ-ਘੜੁੱਚੀ ਸੋਚ ਵੀ ਬਿਆਨ ਕਰਦਾ ਹੈ। 'ਪੰਜਾਬ ਤੋਂ ਆਈ ਇੱਕ ਚਿੱਠੀ' ਤੇ 'ਧੀਆਂ ਦੇ ਕੁੱਖਾਂ ਵਿੱਚ ਕਤਲ' ਲੇਖ ਵੀ ਅਜਿਹੀ ਹੀ ਗੰਭੀਰੀ ਤੇ ਗਮ ਵਿੱਚ ਰੰਗੇ ਹੋਏ ਹਨ।
(ਪ੍ਰਿੰਸੀਪਲ ਸਾਹਬ ਜਦ ਆਪਣੇ ਸਾਥੀ ਲੇਖਕਾਂ ਨਾਲ ਲਾਹੌਰ ਜਾਂਦੇ ਹਨ), ਪੁਸਤਕ 'ਫੇਰੀ ਵਤਨਾਂ ਦੀ' ਦੇ ਇੱਕ ਲੇਖ 'ਨਹੀਂ ਰੀਸਾਂ ਲਾਹੌਰ ਸ਼ਹਿਰ ਦੀਆਂ' ਦੇ ਪੰਨਾ 178 'ਤੇ ਇੱਕ ਹੋਰ ਦ੍ਰਿਸ਼ ਵਰਨਣ ਦੇਖਣ ਵਾਲਾ ਹੈ, ''ਦਿਨ ਛਿਪਣ ਵਾਲਾ ਸੀ, ਜਦੋਂ ਗੱਡੀ ਲਾਹੌਰ ਨੂੰ ਤੁਰੀ ... ਕਣਕਾਂ ਨੂੰ ਹਾਲੇ ਦਾਤੀ ਨਹੀਂ ਸੀ ਪਈ ... ਮੈਂ ਨੀਝ ਨਾਲ ਵੇਖਿਆ ਕਿ ਲਹਿੰਦੇ ਪੰਜਾਬ ਦੀਆਂ ਫਸਲਾਂ ਚੜ੍ਹਦੇ ਪੰਜਾਬ ਨਾਲੋਂ ਹਲਕੀਆਂ ਸਨ ... . ਡੰਗਰ-ਪਸ਼ੂ ਵੀ ਕੁੱਝ ਮਰੇੜੇ ਨਜ਼ਰੀਂ ਪਏ ... ਆਸ-ਪਾਸ ਦੇ ਪਿੰਡ ਵੀ ਕੱਚੇ ਸਨ ... ਉਹਨਾਂ 'ਚੋਂ ਚੜ੍ਹਦੇ ਪੰਜਾਬ ਵਾਲੀਆਂ ਕੋਠੀਆਂ ਵਾਲੀ ਝਲਕ ਨਹੀਂ ਸੀ ਪੈਂਦੀ ... ਦਿਨ ਛਿਪ ਚੁੱਕੀ ਸੀ ਜਦੋਂ ਗੱਡੀ ਲਾਹੌਰ ਸਟੇਸ਼ਨ 'ਤੇ ਲੱਗੀ।"
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਿੰਸੀਪਲ ਸਰਵਣ ਸਿੰਘ ਦੀ ਪ੍ਰਕਾਸ਼ਿਤ ਪੁਸਤਕ 'ਪੰਜਾਬੀ ਖਿਡਾਰੀ' (ਪੰਨੇ 192) ਦੀ ਭੂਮਿਕਾ ਵਿੱਚਲਾ ਇੱਕ ਪੈਰਾ ਹੀ ਪੇਂਡੂ ਪੰਜਾਬ ਦੀਆਂ ਰੁੱਤਾਂ ਤੇ ਮੌਸਮਾਂ ਦੇ ਦਰਸ਼ਨ ਇੰਝ ਕਰਵਾਉਂਦਾ ਹੈ, ਦੇਖੋ ਜ਼ਰਾ ''ਏਥੇ ਠੱਕੇ ਵੀ ਵਗਦੇ ਨੇ ਤੇ ਲੂਆਂ ਵੀ ... ਮੀਂਹ ਵੀ ਪੈਂਦੇ ਨੇ ਤੇ ਸੋਕੇ ਵੀ ... ਏਥੇ ਭਾਦੋਂ ਦਾ ਵੱਟ ਗੋਡੀ ਕਰਦੇ ਕਾਮਿਆਂ ਨੂੰ ਸਾਧ ਬਣਨ ਲਈ ਮਜਬੂਰ ਕਰ ਦਿੰਦਾ ਹੈ ਤੇ ਜੇਠ ਦੀਆਂ 'ਨੇਰ੍ਹੀਆਂ ਟਿੱਬਿਆਂ ਦੇ ਮੂੰਹ ਮੋੜ ਦਿੰਦੀਆਂ ਹਨ ... ਜਿਹੜਾ ਪੰਜਾਬ ਦੀਆਂ ਰੁੱਤਾਂ ਵਿਚਦੀ ਲੰਘ ਗਿਆ, ਉਹਨੂੰ ਦੁਨੀਆਂ ਦੇ ਕਿਸੇ ਖਿੱਤੇ ਵਿੱਚ ਛੱਡ ਆਓ, ਉਹ ਨਹੀਂ ਡੋਲਦਾ ਤੇ ਜਿਹੜਾ ਪੰਜਾਬ ਦੀ ਕਣਕ ਤੇ ਸ਼ੱਕਰ ਘਿਓ ਹਜ਼ਮ ਕਰ ਗਿਆ ... ਉਹਨੂੰ ਭਾਵੇਂ ਕੁੱਝ ਖਵਾ ਦਿਓ ... ਇਹੋ ਕਾਰਨ ਹੈ ਕਿ ਪੰਜਾਬੀ ਦੁਨੀਆਂ ਦੇ ਹਰ ਹਿੱਸੇ ਵਿੱਚ ਪਹੁੰਚੇ ਹੋਏ ਹਨ।"
ਪ੍ਰਿੰਸੀਪਲ ਸਾਹਿਬ ਦੀਆਂ ਲਿਖਤਾਂ ਬਾਰੇ ਭਰ ਪੰਜਾਬ ਦੇ ਵਿਦਵਾਨਾਂ ਨੇ ਆਪਣੀ-ਆਪਣੀ ਦ੍ਰਿਸ਼ਟੀ ਤੋਂ ਘੋਖ-ਪਰਖ ਕੇ ਲਿਖਿਆ ਹੈ। ਪਰ ਸਭ ਤੋਂ ਵੱਧ ਡਾ. ਹਰਿਭਜਨ ਸਿੰਘ ਦੀਆਂ ਇਹ ਸਤਰਾਂ ਮੈਨੂੰ ਹਮੇਸ਼ਾ ਢੁਕਵੀਆਂ ਤੇ ਮਹੱਤਵਪੂਰਨ ਲਗਦੀਆਂ ਹਨ, ਜੋ ਉਹਨਾਂ 'ਆਰਸੀ' (1982) ਦੇ ਅੰਕ ਵਿੱਚ ਪ੍ਰਿੰਸੀਪਲ ਸਾਹਿਬ ਦੀ ਕਿਤਾਬ 'ਖੇਡ ਸੰਸਾਰ' ਬਾਰੇ ਲਿਖੇ ਇੱਕ ਲੇਖ 'ਚ ਇੰਝ ਦਰਜ ਕੀਤੀਆਂ ਸਨ, ''ਸਰਵਣ ਸਿੰਘ ਦੀ ਰਚਨਾ ਦੋਖ, ਦਵੈਖ, ਜਾਂ ਦੁਰਭਾਵਨਾ ਤੋਂ ਅਸਲੋਂ ਪਾਕ ਹੈ ... ਉਸਨੂੰ ਨਾ ਕਿਸੇ ਨਾਲ ਖੁਣਸ ਹੈ, ਨਾ ਖ਼ਾਰ, ਨਾ ਕੀਨਾ ਨਾ ਕਦੂਰਤ ... ਉਹਨੇ ਜਿਸ ਕਿਸੇ ਬਾਰੇ ਵੀ, ਜੋ ਕੁੱਝ ਲਿਖਿਆ ਹੈ, ਉਹ ਸੱਚਾ ਵੀ ਹੈ ਤੇ ਸੁੱਚਾ ਵੀ ... ਸੱਚ ਦਾ ਸਬੰਧ ਤਾਂ ਉਹਨਾਂ ਨਾਲ ਹੈ, ਜਿੰਨ੍ਹਾਂ ਬਾਰੇ ਉਹਨੇ ਲਿਖਿਆ ਹੈ, ਸੁੱਚੇ ਮਨ ਨਾਲ ਸੁੱਚ ਦਾ ਹੀ ਲਿਖਿਆ ਹੈ ... ਉਹਨੇ ਹਰ ਕਿਸੇ ਨੂੰ ਪੂਰਾ ਤੋਲਿਆ ਹੈ ਤੇ ਉਹਨਾਂ ਬਾਰੇ ਬੜਾ ਪਿਆਰਾ ਬੋਲਿਆ ਹੈ ... ਸੱਚ ਤੇ ਸੁੱਚ ਦਾ ਇਹ ਸੁਮੇਲ, ਪੂਰੇ ਤੇ ਪਿਆਰੇ ਦਾ ਗੰਢ-ਚਿਤਰਾਵਾ ਅੱਜ ਦੀ ਦੁਨੀਆਂ ਵਿੱਚ ਬੜਾ ਵਿਰਲਾ ਹੈ।"
**************
ਇੱਕ ਸਮੇਂ ਮੈਂ ਤੇ ਮੇਰੇ ਮਿੱਤਰ ਸੁਪਨ ਸੰਧੂ ਨੇ ਤਾਂ ਪ੍ਰਿੰਸੀਪਲ ਸਾਹਬ ਦਾ ਨਾਂ ਉਹਨਾਂ ਦੇ ਗੁਰਬਚਨ ਰੰਧਾਵਾ ਬਾਰੇ ਲਿਖੇ ਰੇਖਾ-ਚਿਤਰ ਦੇ ਸਿਰਲੇਖ ਮੁਤਾਬਕ 'ਮੁੜ੍ਹਕੇ ਦਾ ਮੋਤੀ' ਹੀ ਰੱਖ ਲਿਆ ਸੀ। ਇਹ ਵੀ ਬੜੀ ਚੰਗੀ ਗੱਲ ਹੁੰਦੀ ਹੈ ਕਿ ਕੋਈ ਕਿਸੇ ਲੇਖਕ ਨੂੰ ਉਸਦੀ ਰਚਨਾ ਦੇ ਨਾਮ 'ਤੇ ਯਾਦ ਕਰੇ। ਮੈਂ ਸੁਪਨ ਕੋਲ ਟੋਰਾਂਟੋ ਠਹਿਰਿਆ ਹੋਇਆ ਸਾਂ। ਨੇੜੇ ਹੀ ਪ੍ਰਿੰਸੀਪਲ ਸਾਹਬ ਦਾ ਘਰ ਸੀ। ਤੁਰਦੇ-ਤੁਰਦੇ ਪੰਜਾਂ ਦਸਾਂ ਮਿੰਟਾਂ ਵਿੱਚ ਇਕੱਠੇ ਹੋ ਜਾਇਆ ਕਰਦੇ ਸਾਂ। ਇੱਕ ਦੁਪਹਿਰ, ਅਸੀਂ ਸੜਕ 'ਤੇ ਤੁਰਨ ਲੱਗੇ ਤਾਂ ਦੂਰੋਂ ਪ੍ਰਿੰਸੀਪਲ ਸਾਹਬ ਨੂੰ ਤੁਰੇ ਆਉਂਦੇ ਦੇਖ ਕੇ ਸੁਪਨ ਆਖਣ ਲੱਗਿਆ, ''ਅਹੁ ਦੇਖ ਕੌਣ ਆ ਰਿਹਾ ... ?"
ਮੇਰੇ ਮੂੰਹੋ ਅਚਾਨਕ ਹੀ ਨਿਕਲ ਗਿਆ, ''ਉਏ ਮੁੜ੍ਹਕੇ ਦਾ ਮੋਤੀ ਉਏ ... ।" ਸੁਪਨ ਹੱਸ-ਹੱਸ ਦੂਹਰਾ ਹੁੰਦਾ ਜਾਵੇ। ਪ੍ਰਿੰਸੀਪਲ ਸਾਹਬ ਨੇੜੇ ਆਏ, ਮੁਸਕਰਾਉਂਦੇ ਹੋਏ ਬੋਲੇ, ''ਕਿਵੇਂ ਐਂ ਸ਼ਰਾਰਤੀ ਜੋੜੀ ... ਬੜਾ ਹੱਸ ਰਹੇ ਓਂ ... ਕੀ ਕੁਛ ਨਵਾਂ ਦੇਖ ਲਿਐ?"
ਬੜਾ ਚਿਰ ਅਸੀਂ ਉਹਨਾਂ ਦਾ ਨਾਂ 'ਮੁੜ੍ਹਕੇ ਦਾ ਮੋਤੀ' ਹੀ ਪਾਈ ਰੱਖਿਆ ਸੀ। ਜਿੱਦਣ ਪ੍ਰਿੰਸੀਪਲ ਸਾਹਬ ਨਾ ਮਿਲਦੇ ਤਾਂ ਸੁਪਨ ਆਖਦਾ, ''ਅੱਜ ਮੁੜ੍ਹਕੇ ਦਾ ਮੋਤੀ ਨ੍ਹੀ ਮਿਲਿਆ ਯਾਰ?"
ਮੇਰੇ ਇੱਕ ਸਨਮਾਨ ਸਮਾਗਮ ਵਿੱਚ ਪ੍ਰਿੰਸੀਪਲ ਸਾਹਬ ਨੇ ਆਪਣਾ ਭਾਸ਼ਨ ਕਰਦਿਆਂ ਆਖਿਆ ਸੀ, ''ਨਿੰਦਰ ਦੀ ਸਾਨੂੰ ਚਿੰਤਾ ਐ ਕਿ ਇਸਨੂੰ ਬਹੁਤ ਨਿੱਕੀ ਉਮਰ ਵਿੱਚ ਈ ਬੜੀ ਪ੍ਰਸਿੱਧੀ ਮਿਲ ਗਈ ਐ ਤੇ ਇਸ ਪ੍ਰਸਿੱਧੀ ਨੇ ਸਾਡੇ ਬੜੇ-ਬੜੇ ਹੀਰੇ ਖਾ ਲਏ ਨੇ ... ਸ਼ਿਵ ਕੁਮਾਰ ਨੂੰ ਨਿੱਕੀ ਉਮਰੇ ਮਿਲੀ ਪ੍ਰਸਿੱਧੀ ਖਾ ਗਈ ਤੇ ਇਵੇਂ ਹੀ ਨਾਵਲਕਾਰ ਕਰਮਜੀਤ ਕੁੱਸੇ ਨੂੰ ਤੇ ਹੋਰ ਕਈਆਂ ਨੂੰ ... ਇਹਨੂੰ ਬਹੁਤੀ ਫੂਕ ਨਾ ਛਕਾਓ ਤੇ ਇਸਦੇ ਪੈਰ ਧਰਤੀ 'ਤੇ ਟਿਕੇ ਰਹਿਣ ਦਿਓ ... ਨਹੀਂ ਤੇ ਸਾਨੂੰ ਪਛਤਾਉਣਾ ਪਊਗਾ ... ।"
ਪ੍ਰਿੰਸੀਪਲ ਸਾਹਬ ਦੇ ਇਸ ਭਾਸ਼ਨ ਨੇ ਮੈਨੂੰ ਨਿਰਾਸ਼ ਜਿਹਾ ਕਰ ਦਿੱਤਾ ਸੀ ਤੇ ਮੈਂ ਚੱਜ ਨਾਲ ਉਹਨਾਂ ਨਾਲ ਬੋਲਿਆ ਨਹੀਂ ਸਾਂ। ਮੈਨੂੰ ਲੱਗਿਆ ਸੀ ਕਿ ਜਿਵੇਂ ਇਹ ਬੋਲ ਉਹਨਾਂ ਨੇ ਮੇਰੇ ਲਈ ਆਪਣੀ ਨਾ-ਖੁਸ਼ੀ ਜਿਹੀ ਪ੍ਰਗਟਾਅ ਦਿੱਤੀ ਸੀ ਇੰਝ ਕਹਿ ਕੇ।
ਕੁਝ ਦਿਨਾਂ ਬਾਅਦ ਉਹਨਾਂ ਦਾ ਇੱਕ ਲੇਖ ਨਜ਼ਰੀਂ ਚੜ੍ਹ ਗਿਆ, ਉਸ ਵਿਚਲੀਆਂ ਕੁੱਝ ਸਤਰਾਂ ਇਸ ਤਰ੍ਹਾਂ ਸਨ, ''ਦੋਸਤੋ, ਆਪਣੀਆਂ ਕਲਮਾਂ ਹੋਰ ਮਜ਼ਬੂਤੀ ਨਾਲ ਫੜੋ ... ਸਾਡੀ ਪਿਆਰੀ ਮਾਂ ਬੋਲੀ ਵਿੱਚ ਖੇਡ ਅਦਬ ਦਾ ਪਹੁ-ਫੁਟਾਲਾ ਹੋਇਐ ... ਸਵੇਰਾ ਹੋ ਰਿਹੈ ... ਧੁੱਪਾਂ ਦੂਰ ਨੇ ਤੇ ਤਿੱਖੜ ਦੁਪਿਹਰੇ ਦੀਆਂ ਮੰਜ਼ਿਲਾਂ ਹੋਰ ਵੀ ਦੂਰ ... ।"
ਇਹ ਸਤਰਾਂ ਪੜ੍ਹ ਕੇ ਮੈਨੂੰ ਲੱਗਿਆ ਕਿ ਮੈਂ ਤਾਂ ਐਵੇਂ ਹੀ ਰੁੱਸ ਗਿਆ ਹਾਂ ਉਹਨਾਂ ਨਾਲ ... ਉਹ ਤਾਂ ਲੇਖਕਾਂ ਨੂੰ ਆਪਣੇ ਇਹਨਾਂ ਸ਼ਬਦਾਂ ਨਾਲ ਹੱਲਾਸ਼ੇਰੀ ਦੇ ਰਹੇ ਨੇ! ਸੋ, ਮੈਂ ਜਦੇ ਉਹਨਾਂ ਵੱਲ ਫ਼ੋਨ ਘੁਮਾ ਦਿੱਤਾ ਸੀ।
(ਪ੍ਰਿੰ. ਸਰਵਨ ਸਿੰਘ ਬਾਰੇ ਵਰਿਆਮ ਸਿੰਘ ਸੰਧੂ ਵੱਲੋਂ ਸੰਪਾਦਤ ਕੀਤੀ ਗਈ ਕਿਤਾਬ 'ਪੰਜਾਬੀ ਵਾਰਤਕ ਦਾ ਉੱਚਾ ਬੁਰਜ' ਵਿੱਚੋਂ)

ਯਾਦ ਪੁਰਾਣੀ 'ਅਜੀਤ ਵੀਕਲੀ' ਦੇ ਦਫ਼ਤਰ ਵਿੱਚ ਗੁਰਬਖ਼ਸ਼ ਸਿੰਘ ਮੱਲ੍ਹੀ ਤੇ ਪ੍ਰਿੰਸੀਪਲ ਸਰਵਨ ਸਿੰਘ ਨਾਲ ਨਿੰਦਰ ਘੁਗਿਆਣਵੀ