Thursday, 09 August 2012 12:12
Print PDF

ਜਾਮਨਾਂ ਦੀ ਰੁੱਤ ਹੈ! ਫਿਰੋਜ਼ਪੁਰ ਤੇ ਫ਼ਰੀਦਕੋਟ 'ਚ ਇਹਨੀ ਦਿਨੀਂ ਲੋਹੜਿਆਂ ਦੇ ਜਾਮਨ ਹੁੰਦੇ ਨੇ! ਬਜ਼ਾਰ ਵਿੱਚ ਸੌ ਰੁਪੱਈਏ ਦੇ ਕਿੱਲੋ ਤੇ ਜੇ ਕਿਸੇ ਨੇ ਪਾਈਆ ਲੈਣੇ ਹੋਣ ਤਾਂ ਤੀਹਾਂ ਦੇ! ਫ਼ਰੀਦਕੋਟ ਤੇ ਫ਼ਿਰੋਜ਼ਪੁਰ ਦੀਆਂ ਪੁਰਾਣੀਆਂ ਸਰਕਾਰੀ ਕੋਠੀਆਂ ਤੇ ਸਰਕਟ ਹਾਊਸਾਂ ਵਿੱਚ ਦਰੱਖਤ ਜਾਮਨਾਂ ਦੇ ਭਰੇ ਖੜ੍ਹੇ ਨੇ। ਇੱਕ ਦਿਨ ਮੈਂ ਸਰਕਟ ਹਾਊਸ ਕੋਲ ਦੀ ਲੰਘਿਆ ਤਾਂ ਬੜੀ ਪੁਰਾਣੀ ਜਾਮਨਾਂ ਨਾਲ ਜੁੜੀ ਯਾਦ, ਮਨ ਦੀ ਨੁੱਕਰੇ ਪਈ ਤਾਜ਼ਾ ਹੋ ਉੱਠੀ ਤੇ ਮੈਂ ਉਥੇ ਹੀ ਇੱਕ ਰੁੱਖ ਹੇਠ ਠਹਿਰ ਗਿਆ।
ਜੱਜ ਸਾਹਬ ਦੀ ਕੋਠੀ ਵਿੱਚ ਜਾਮਨਾਂ ਦੇ ਬਹੁਤ ਸਾਰੇ ਲੰਬੇ ਤੇ ਸੰਘਣੇ ਰੁੱਖ ਸਨ। ਆਂਢ-ਗੁਆਂਢ ਦੇ ਅਫ਼ਸਰਾਂ ਦੀਆਂ ਕੋਠੀਆਂ ਵੀ ਜਾਮਨਾਂ ਦੇ ਰੁੱਖਾਂ ਨਾਲ ਘਿਰੀਆਂ ਖਲੋਤੀਆਂ ਸਨ। ਜਦ ਮੈਂ ਤੇ ਜੱਜ ਸਾਹਬ ਕਚਹਿਰੀ ਆ ਜਾਂਦੇ ਤਾਂ ਨਾਲ ਦੇ ਸਰਕਾਰੀ ਮਕਾਨਾਂ ਵਿੱਚੋਂ ਨਿਆਣੇ ਨਿੱਕੀ ਕੰਧ ਟੱਪ ਕੇ ਆਉਂਦੇ ਤੇ ਜਾਮਨ ਤੋੜ ਲਿਜਾਂਦੇ। ਜੱਜ ਸਾਹਬ ਆਖਦੇ, ''ਜਾਹ, ਜਿੰਨ੍ਹਾਂ ਦੇ ਜੁਆਕ ਆਉਂਦੇ ਨੇ ...  ਉਹਨੀ ਘਰੀਂ ਉਲਾਂਭਾ ਦੇ ਕੇ ਆ ... । ਇੱਕ ਦੋ ਵਾਰ ਮੈਂ ਉਲਾਂਭਾ ਦੇਣ ਗਿਆ ਤਾਂ ਇੱਕ ਘਰ ਦੀ ਮੋਟੀ ਤੀਂਵੀਂ ਮੇਰੇ ਗਲ਼ ਪੈ ਨਿਕਲੀ, ''ਜੱਜ ਨੇ ਕੀ ਅਚਾਰ ਪਾਉਣੈ ਏਨੇ ਜਾਮਨਾਂ ਦਾ? ਕੀ ਹੋਇਆ ਜੇ ਸਾਡੇ ਨਿਆਣੇ ਚਾਰ ਜਾਮਨ ਤੋੜ ਲਿਆਏ ਤਾਂ? ਅੱਗ ਲਾਏ ਨੀ ਮੁਕਦੇ ਏਥੇ ਜਾਮਨ ...  ਆਪਣੇ ਜੱਜ ਨੂੰ ਕਹਿ ਕਿ ਆਥਣ ਨੂੰ ਕੋਠੀ ਮੂਹਰੇ ਰੇਹੜੀ ਲਾ ਲਿਆ ਕਰੇ ਜਾਮਨਾਂ ਦੀ ... ।" ਮੋਟੀ ਤੀਂਵੀਂ ਤੋਂ ਸਿਰੇ ਦੀ ਗੱਲ ਸੁਣ ਮੈਂ ਮੂੰਹ ਲਮਕਾ ਕੇ ਵਾਪਸ ਆ ਗਿਆ। ਜੱਜ ਸਾਹਬ ਪੁੱਛਣ ਲੱਗੇ, ''ਹਾਂ ਬਈ, ਦੇ ਆਇਆਂ ਉਲਾਭਾ?" ਮੈ ਦਲੇਰੀ ਜਿਹੀ ਕਰ

 ਕੇ ਆਖ ਦਿੱਤਾ, ''ਨਹੀਂ ਸਰ ਜੀ, ਸਗੋਂ ਉਲਟਾ ਲੈ ਆਇਆ ਹਾਂ ...  ਸ਼ੁਕਰ ਐ ਤੀਂਵੀਂ ਨੇ ਮੇਰਾ ਸਿਰ ਨਹੀਂ ਪਾੜ ਦਿੱਤਾ।"
''ਕੀ ਕਹਿੰਦੀ ਐ?"
''ਸਰ ਮੇਰੇ ਕੋਲ ਈ ਰਹਿਣ ਦਿਓ ...  ਜੁ ਉਹ ਕਹਿੰਦੀ ਐ।" ਇਸ ਮਗਰੋਂ ਜੱਜ ਸਾਹਬ ਨਹੀਂ ਬੋਲੇ।
ਇੱਕ ਦਿਨ ਜੱਜ ਸਾਹਬ ਆਖਣ ਲੱਗੇ, ''ਸਾਰੇ ਦੇ ਸਾਰੇ ਜਾਮਨ ਬੋਚ ਬੋਚ ਕੇ 'ਕੱਠੇ ਕਰ ਲਿਆ ਕਰ ...  ਇੱਕ ਵੀ ਜਾਮਨ ਅਜਾਈਂ ਨਾ ਜਾਵੇ ...  ਫਰਿੱਜ ਵਿੱਚ ਰੱਖਿਆ ਕਰ ...  ਸਵੇਰੇ ਨੂੰ ਜਦ ਮੋਹਾਲੀ ਵਾਲੀ ਬੱਸ ਨੂੰ ਦੁੱਧ ਦੇਣ ਜਾਨਾ ਹੁੰਨੈ ...  ਉਦੋਂ ਨਾਲ ਜਾਮਨ ਵੀ ਲੈਜਿਆ ਕਰ ...  ਬੱਚੇ ਖਾ ਲਿਆ ਕਰਨਗੇ ਉਥੇ ... ।" ਸਵੇਰੇ ਮੈਂ ਮੱਝ ਚੋਂਦਾ। ਕੇਨੀ ਵਿੱਚ ਦੁੱਧ ਪਾਉਂਦਾ। ਸਾਈਕਲ ਮਗਰ ਲੱਦ ਕੇ ਬੱਸ ਅੱਡੇ ਪਹੁੰਚਦਾ। ਚੰਡੀਗੜ-ਮੋਹਾਲੀ ਜਾਣ ਵਾਲੀ ਪਹਿਲੀ ਬਸ ਲੱਗੀ ਖੜ੍ਹੀ ਹੁੰਦੀ। ਡਰਾਈਵਰ ਦੇ ਪੈਰਾਂ ਕੋਲ ਦੁੱਧ ਵਾਲੀ ਕੇਨੀ ਰੱਖ ਦਿੰਦਾ। ਇੱਕ ਦਿਨ ਜਦ ਜਾਮਨਾਂ ਵਾਲਾ ਵੱਡਾ ਲਿਫਾਫਾ ਰੱਖਿਆ ਤਾਂ ਡਰਾਈਵਰ ਖਿੱਝ ਗਿਆ, ''ਜੱਜ ਸਾਹਬ ਨੇ ਤਾਂ ਬੱਸ ਮੁੱਲ ਈ ਲੈ ਲਈ ਆ ...  ਸਾਰੀ ਥਾਂ ਰੋਕ ਲਈ ...  ਮੈਂ ਬਰੇਕਾਂ ਕਿਵੇਂ ਲਾਊਂ. . ਕਲੱਚ ਕਿਵੇਂ ਦੱਬੂੰ ...  ਰੇਸ ਕਿਵੇਂ ਦੇਊਂ ... ।" ਮੈਂ ਚੁੱਪ-ਚਾਪ ਸੁਣਦਾ ਰਿਹਾ। ਔਖਾ-ਸੌਖਾ ਡਰਾਈਵਰ ਹੁਣ ਦੁੱਧ ਦੇ ਨਾਲ ਜਾਮਨਾਂ ਵੀ ਲਿਜਾਣ ਲੱਗਿਆ ਸੀ। ਮੋਹਾਲੀ ਅੱਡੇ 'ਤੇ ਸਾਹਬ ਦਾ ਘਰੇਲੂ ਨੌਕਰ ਪਹਿਲਾਂ ਹੀ ਖੜ੍ਹਾ ਬੱਸ ਉਡੀਕਦਾ ਹੁੰਦਾ। ਦੁੱਧ ਦੀ ਕੇਨੀ ਤੇ ਜਾਮਨਾ ਵਾਲਾ ਲਿਫ਼ਾਫ਼ਾ ਲਾਹ ਕੇ ਘਰ ਲੈ ਜਾਂਦਾ। ਓਧਰ ਬੀਬੀ ਆਸ-ਪਾਸ ਦੀਆਂ ਕੋਠੀਆਂ ਵਿੱਚ ਜਾਮਨ ਵੰਡ ਕੇ ਗੁਆਂਢਣਾ ਨੂੰ ਖ਼ੁਸ਼ ਕਰਦੀ ਰਹਿੰਦੀ ਤੇ ਏਧਰ ਜੱਜ ਸਾਹਬ ਮੈਨੂੰ ਵਾਧੂੰ ਯੱਭ੍ਹ ਵਿੱਚ ਪਾ ਕੇ ਦੁਖੀ ਕਰਦੇ ਰਹਿੰਦੇ। ਸਾਹਬ ਦੀ ਕੋਠੀ ਵਿੱਚ ਮੈਂ ਕਾਫੀ ਸਾਰੀ ਵੰਨ-ਸੁਵੰਨੀ ਸਬਜ਼ੀ ਵੀ ਲਾ ਰੱਖੀ ਸੀ। ਖਾਣ ਵਾਲਾ ਸਾਹਬ ਇਕੱਲਾ! ਸੋ, ਬੋਰੀ ਵਿੱਚ ਪਾ ਕੇ ਇਹ ਡਰਾਈਵਰ ਦੇ ਹਵਾਲੇ ਕਰ ਦਿੰਦਾ। ਸੱਚੀ ਗੱਲ ਇਹ ਕਿ ਡਰਾਈਵਰ ਹੁਣ ਤੰਗ ਆਇਆ ਪਿਆ ਸੀ ਸਾਹਬ ਦਾ ਸਮਾਨ ਢੋ-ਢੋ ਕੇ! ਹੁਣ ਰਹਿੰਦੀ ਕਸਰ ਜਾਮਨਾਂ ਨੇ ਕੱਢ ਦਿੱਤੀ ਸੀ।
ਇੱਕ ਦਿਨ ਮੱਝ ਚੋਂਦਾ ਮੈਂ ਲੇਟ ਹੋ ਗਿਆ ਸੀ, ਓਧਰੋਂ ਬਸ ਚੱਲਣ ਦਾ ਵਕਤ ਹੋ ਗਿਆ। ਡਰਾਈਵਰ ਖੜ੍ਹਾ ਉਡੀਕੀ ਗਿਆ। ਮੁਸਾਫ਼ਿਰ ਕਾਹਲੇ ਪੈਣ ਲੱਗੇ। ਜਦ ਮੈਂ ਅੱਡੇ 'ਤੇ ਆਇਆ ਤਾਂ ਉਹ ਮੈਨੂੰ ਜਿਵੇਂ ਖਾਣ ਨੂੰ ਹੀ ਪੈ ਨਿਕਲਿਆ, ''ਯਾਰ ਤੁਹਾਂ ਮਖੌਲ ਕੀ ਬਣਾ ਛਡਿਆ ਏ ...  ਅਸੀਂ ਖੜ੍ਹੇ ਉਡੀਕਣ ਡਹੇ ਆਂ ...  ਤੇਰੇ ਪੈਰ ਬੰਨ੍ਹੇ ਆ ਕਿਸੇ ਨੇ?" ਉਸ ਦਿਨ ਦੇ ਅੰਮ੍ਰਿਤ ਵੇਲੇ ਮੇਰੇ ਮੂੰਹੋਂ ਸਹਿਜ-ਸੁਭਾਵਕ ਹੀ ਨਿਕਲਿਆ ਸੀ, ਡਰਾਈਵਰ ਸਾਹਬ, ਪੈਰ ਤਾਂ ਕੀ, ਮੇਰਾ ਤਾਂ ਜੀਵਨ ਹੀ ਨੂੜਿਆ ਗਿਆ ਐ ਏਸ ਨੌਕਰੀ ਵਿੱਚ ...  ਸਵੇਰੇ ਤਿੰਨ ਵਜੇ ਦਾ ਉਠਿਆ ਆਂ ...  ਅੱਜ ਸਾਲੀ ਮੱਝ ਈ ਨ੍ਹੀ ਭਸਮੀਂ ...  ਮੈਂ ਕੀ ਕਰਾਂ?" ਡਰਾਈਵਰ ਆਖਣ ਲੱਗਿਆ, ''ਚੱਲ ਛੱਡ ਸਿਆਪਾ ...  ਤੂੰ ਕਿਸੇ ਦਿਨ ਮੱਝ ਈ ਖੋਲ੍ਹ ਕੇ ਲੈ ਆ ...  ਬੱਸ ਵਿੱਚ ਚੜ੍ਹਾ ਕੇ ਮੋਹਾਲੀ ਛੱਡ ਆਉਨੇ ਆਂ।" ਕੰਡੈਕਟਰ-ਡਰਾਈਵਰ ਤੇ ਮੁਸਾਫ਼ਿਰ ਹੱਸ ਪਏ। ਮੈਂ ਜਾਮਨ ਤੇ ਦੁੱਧ ਡਰਾਈਵਰ ਦੇ ਪੈਰਾਂ ਵਿੱਚ ਰੱਖ ਕੇ ਸਾਈਕਲ ਕੋਠੀ ਵੱਲ ਨੂੰ ਭਜਾ ਲਿਆ।
ਅੱਜ ਐਤਵਾਰ ਦਾ ਦਿਨ ਸੀ। ਜੱਜ ਸਾਹਬ ਬੜੇ ਹਲਕੇ-ਫੁਲਕੇ ਮੂਡ ਵਿੱਚ ਬੈਠੇ ਸਨ। ਮੈਂ ਤਾਜ਼ੇ ਜਾਮਨਾ ਉਤੇ ਲੁਣ ਛਿੜਕਿਆ। ਪਲੇਟ ਸਾਹਬ ਅੱਗੇ ਜਾ ਧਰੀ। ਉਹ ਜਾਮਨ ਖਾਣ ਲੱਗੇ। ਏਨੇ ਨੂੰ ਸਾਹਬ ਦਾ ਸਟੈਨੋ (ਜੁ ਅਕਸਰ ਹੀ ਮੇਰੇ ਨਾਲ ਖਾਰ ਖਾਂਦਾ ਰਹਿੰਦਾ ਸੀ) ਆ ਗਿਆ। ਸਾਹਬ ਉਸ ਤੋਂ ਲੈ ਕੇ ਜ਼ਰੂਰੀ ਫ਼ਾਈਲ ਪੜ੍ਹਨ ਲੱਗਿਆ ਤੇ ਨਾਲ ਹੀ ਸਟੈਨੋ ਨੂੰ ਇਸ਼ਾਰਾ ਕੀਤਾ ਕਿ ਉਹ ਵੀ ਪਲੇਟ ਵਿੱਚੋਂ ਜਾਮਨ ਖਾ ਲਵੇ। ਸਟੈਨੋ ਨੇ ਇੱਕ ਜਾਮਨ ਚੁੱਕ ਕੇ ਮੂੰਹ ਵਿੱਚ ਪਾਇਆ ਤੇ ਨਾਂਹ ਵਿੱਚ ਸਿਰ ਹਿਲਾਇਆ। ਮੇਰੇ ਵੱਲ ਨੂੰ ਕੁਨੱਖਾ ਜਿਹਾ ਝਾਕਿਆ। ਦੂਜਾ ਜਾਮਨ ਮੂੰਹ ਵਿੱਚ ਪਾਉਂਦਾ ਸਟੈਨੋ ਬੋਲਿਆ, ''ਸਰ ਆਹ ਵੀ ਕੋਈ ਜਾਮਨ ਨੇ? ਜਾਮਨ ਤਾਂ ਜੀ ਫ਼ਿਰੋਜ਼ਪੁਰ ਹੁੰਦੇ ਨੇ ...  ਆਹਾ-ਆਹਾ ...  ਸਰ ਜੀ ਦੇਖਣਾ ਕਦੀ ਖਾ ਕੇ ਫ਼ਿਰੋਜ਼ਪੁਰੀ ਜਾਮਨ ...  ਸਰ ਬੜੇ ਸੁਆਦੀ ਨੇ ਜੀ ਫ਼ਿਰੋਜ਼ਪੁਰੀ ਜਾਮਨ. . ਮੋਟੇ-ਮੋਟੇ ...  ਕਿਰੇ-ਕਿਰੇ ...  ਕਾਲੇ-ਕਾਲੇ ... ।" ਸਟੈਨੋ ਦੀ ਗੱਲ ਸੁਣ ਕੇ ਸਾਹਬ ਨੇ ਫ਼ਾਈਲ ਪੜ੍ਹਨੀ ਛੱਡ ਦਿੱਤੀ ਤੇ ਮੈਨੂੰ ਮੁਖ਼ਾਤਬ ਹੋਏ, ''ਉਏ ਤੂੰਬੀ ਵਾਲਿਆ, ਅੱਜ ਸੰਡੇ ਆ ਤੇ ਤੂੰ ਵਿਹਲਾ ਈ ਏਂ ...  ਜਾਹ ਫ਼ਿਰੋਜ਼ਪੁਰੋਂ ਜਾਮਨ ਲੈ ਕੇ ਆ।" ਸਾਹਬ ਦਾ ਹੁਕਮ ਸੁਣ ਕੇ ਸਟੈਨੋ ਮੁਸਕ੍ਰਾਇਆ। ਮੈਨੂੰ ਗੁੱਸਾ ਆਇਆ ਕਿ ਏਹ ਪਤੰਦਰ ਨਵੀਂ ਚੁਆਤੀ ਲਾ ਗਿਆ। ਹੁਣ ਮੈਂ ਫਿਰੋਜ਼ਪੁਰ ਜਾਵਾਂ ਜਾਮਨ ਲੈਣ? ਸਾਹਬ ਨੇ ਫ਼ਾਈਲ ਉਤੇ ਦਸਤਖ਼ਤ ਕਰ ਦਿੱਤੇ ਸਨ। ਸਟੈਨੋ ਚਲਾ ਗਿਆ ਸੀ। ਮੈਂ ਸੋਚਿਆ ਸਾਹਬ ਸ਼ਾਇਦ ਭੁੱਲ ਜਾਏਗਾ। ਮੈਂ ਕੋਠੀ ਦੇ ਹੋਰ ਕੰਮ ਕਰਨ ਲੱਗਿਆ। ਵੀਹ ਕਿ ਮਿੰਟਾਂ ਮਗਰੋਂ ਸਾਹਬ ਨੇ ਫ਼ਿਰ ਪੁੱਛ ਲਿਆ, ''ਉਏ ਗਿਆ ਨਹੀਂ ਤੂੰ ਫਿਰੋਜ਼ਪੁਰ ਜਾਮਨ ਲੈਣ?" ''ਜਾ ਰਿਹਾ ਜੀ ਸਰ ...  ਜਾ ਰਿਹਾ ਵਾਂ ... ," ਮੈਂ ਢੱਠੇ ਜਿਹੇ ਮਨੋਂ ਕਿਹਾ ਸੀ ਤੇ ਕੋਠੀਓਂ ਬਾਹਰ ਆ ਗਿਆ ਸਾਂ। ਮੇਰੇ ਕੋਲ ਤਾਂ ਵੀਹ ਕੁ ਰੁਪੱਈਏ ਹੀ ਸਨ। ਉਹ ਕਿਰਾਇਆ ਲੱਗ ਜਾਣਾ ਸੀ। ਅੱਗੇ ਕਿਹੜਾ ਮੇਰੀ ਮਾਸੀ ਦਾ ਪੁੱਤ ਬੈਠਾ ਸੀ, ਜੁ ਜਾਮਨ ਮੈਨੂੰ ਮੁਫ਼ਤ ਵਿੱਚ ਦੇ ਦਿੰਦਾ? ਮੈਂ ਕਿਸੇ ਤੋਂ ਉਧਾਰ ਪੈਸੇ ਲੈਣ ਬਾਰੇ ਸੋਚਣ ਲੱਗਿਆ। ਸੋਚਦਾ-ਸੋਚਦਾ ਸਾਦਿਕ ਚੌਂਕ ਵਿੱਚ ਆ ਕੇ ਬੱਸ ਉਡੀਕਣ ਲਈ ਖਲੋ ਗਿਆ। ਛੋਟੇ ਜੱਜ ਸਾਹਬ ਦਾ ਰੀਡਰ ਖੁਰਾਣਾ ਸਕੂਟਰ 'ਤੇ ਆਉਂਦਾ ਨਜ਼ਰੀਂ ਪਿਆ। ਮੈਂ ਆਵਾਜ਼ ਦਿੱਤੀ, ''ਬਾਊ ਜੀ ...  ਬਾਊ ਜੀ ... ।" ਉਹ ਰੁਕ ਗਿਆ। ਨੇੜੇ ਜਾ ਕੇ ਦੱਸਿਆ, ''ਪੰਜਾਹ ਰੁਪਏ ਉਧਾਰੇ ਦਿਓ ...  ਸਾਹਬ ਦਾ ਸਿਆਪਾ ਕਰਨ ਚੱਲਿਆਂ ਵਾਂ ...  ਫ਼ਿਰੋਜ਼ਪੁਰੋਂ ਜਾਮਨ ਲੈਣ ਜਾਣਾ ਐਂ ... ।" ਖੁਰਾਣਾ ਜੀ ਨੇ ਕਿਹਾ, ''ਕੀ ਗੱਲ, ਫ਼ਰੀਦਕੋਟ ਵਿੱਚ ਜਾਮਨਾਂ ਦਾ ਕਾਲ ਪੈ ਗਿਆ ਏ?" ਮੈਂ ਦੱਸਿਆ, ''ਜੱਜ ਸਾਹਬ ਕਹਿੰਦੇ ਨੇ ਕਿ ਮੈਂ ਤਾਂ ਫ਼ਿਰੋਜ਼ਪੁਰੀ ਜਾਮਨ ਹੀ ਖਾਣੇ ਨੇ।" ਖੁਰਾਣਾ ਜੀ ਨੂੰ ਜਾਚ ਸੁੱਝ ਗਈ। ਉਹਨਾਂ ਤੀਹ ਰਪਏ ਮੈਨੂੰ ਦਿੰਦਿਆਂ ਕਿਹਾ ਕਿ ਅਹਿ ਲੈ ...  ਤੇ ਏਥੋਂ ਈ ਖ਼ਰੀਦ ਲੈ ...  ਕਿਹੜਾ ਜਾਮਨਾਂ ਦੇ ਉੱਤੇ ਲਿਖਿਆ ਏ ਕਿ ਇਹ ਫ਼ਿਰੋਜ਼ਪੁਰੀ ਜਾਮਨ ਨੇ? ਪਰ ਇੰਝ ਕਰੀਂ ...  ਕੋਠੀ ਹਾਲੇ ਨਾ ਜਾਈਂ ...  ਘੱਟੋ-ਘੱਟ ਤਿੰਨ ਘੰਟੇ ਨੂੰ ਜਾਈਂ ...  ਓਨਾ ਚਿਰ ਬਾਹਰ ਘੁੰਮ-ਫਿਰ ਲੈ ... ।"
ਖੁਰਾਣਾ ਜੀ ਦੀ ਸਕੀਮ ਮੈਨੂੰ ਬਹੁਤ ਚੰਗੀ ਲੱਗੀ ਸੀ। ਮੈਂ ਤਿੰਨ ਘੰਟੇ ਆਪਣੇ ਪੁਰਾਣੇ ਦੋਸਤਾਂ ਨੂੰ ਮਿਲਦਾ ਫ਼ਿਰਿਆ ਤੇ ਆਖਿਰ ਬਜ਼ਾਰੋਂ ਮੋਟੇ-ਮੋਟੇ ...  ਕਿਰੇ-ਕਿਰੇ ...  ਕਾਲੇ-ਕਾਲੇ ਕਿਲੋ ਜਾਮਨ ਤੁਲਵਾ ਕੇ ਕੋਠੀ ਪੁੱਜ ਗਿਆ। ਜੱਜ ਸਾਹਬ ਜਾਮਨਾਂ ਵਾਲਾ ਲਿਫ਼ਾਫ਼ਾ ਦੇਖ ਬੜੇ ਪ੍ਰਸੰਨ ਹੋਏ। ਪਲੇਟ ਵਿੱਚ ਜਾਮਨ ਪਾ ਕੇ ਸਾਹਬ ਅੱਗੇ ਰੱਖੇ ਤਾਂ ਉਹ ਖੁਸ਼ ਹੁੰਦੇ ਬੋਲੇ, ''ਵਾਹ ਬਈ ਵਾਹ ...  ਕਿਆ ਬਾਤ ਐ ...  ਕਿਆ ਕਹਿਣੇ ...  ਮੋਟੇ ਮੋਟੇ ਆ ਬਈ ਫ਼ਿਰੋਜ਼ਪੁਰੀ ਜਾਮਨ ... ।" ਸਾਹਬ ਨੇ ਜਾਮਨ ਮੂੰਹ ਵਿੱਚ ਪਾਉਂਦੇ ਆਖਿਆ, ''ਬਈ ਤੂੰਬੀ ਵਾਲਿਆ, ਆਹ ਤਾਂ ਫ਼ਿਰੋਜੋੁਪਰੀ ਜਾਮਨ ...  ਫ਼ਰੀਦਕੋਟੀਏ ਜਾਮਨਾਂ ਨਾਲੋਂ ਕਿਤੇ ਵੱਧ ਮਿੱਠੇ ਨੇ ...  ਵਾਹ ਬਈ ਵਾ ...  ਮਾਤ ਪਾ ਗਏ ਨੇ ਫ਼ਰੀਦਕੋਟ ਦੇ ਜਾਮਨਾਂ ਨੂੰ ਬਈ ਆਹ ਤਾਂ ...  ਸਾਬਾਸ਼ ਬਈ ਨਿੰਦਰ ਸਿਅ੍ਹਾਂ ...  ਓ ਤੂੰਬੀ ਵਾਲਿਆ ਮੁੰਡਿਆ ... ।"
ਜੱਜ ਸਾਹਬ ਬਹੁਤ ਪ੍ਰਸੰਨ ਸਨ ਤੇ ਮੈਂ ਵੀ ਅੰਦਰੋਂ ਅੰਦਰ ਖ਼ੁਸ਼ ਹੋ ਰਿਹਾ ਸਾਂ ...  ਖੁਰਾਣਾ ਦੀ ਜੀ ਦੀ ਕੱਢੀ ਸਕੀਮ ਦੇ ਬਲਿਹਾਰੇ ਜਾ ਰਿਹਾ ਸਾਂ।
94174-21700

Comments (0)

Write comment

smaller | bigger

busy
You are here:   Homeਲੜੀਵਾਰਬਾਵਾ ਬੋਲਦਾ ਹੈਯਾਦ ਫਿਰੋਜ਼ਪੁਰੀ ਜਾਮਨਾਂ ਦੀ!

Currency Converter

Amount:
From:
To:


Gurbani Radio


Gurbani - Sri Harmandir Sahib