Thursday, 30 August 2012 07:11
Print PDF

ਠੰਢਾ ਸ਼ੀਤ ਲੰਡਨ ...  ਤੇਜ਼ ਹਵਾਵਾਂ! ਹੀਥਰੋ ਏਅਰਪੋਰਟ ਦੇ ਨੇੜੇ ਸਲੋਹ ਵਿੱਚ ਠਹਿਰਿਆ ਹੋਇਆ ਹਾਂ ਗੁਰਬਚਨ ਸਿੰਘ ਥਿੰਦ ਦੇ ਘਰ। ਥਿੰਦ ਲੰਡਨ ਦਾ ਸਾਬਕਾ ਲਾਰਡ ਮੇਅਰ, ਅਵਤਾਰ ਜੰਡਿਆਲਵੀ ਦਾ ਯਾਰ ਵੀ ਤੇ ਬਿਲਕੁਲ ਐਨ ਨੇੜੇ ਦਾ ਗੁਆਂਢੀ ਵੀ। ਹੀਥਰੋ ਏਅਰਪੋਰਟ ਉਤੇ ਪਲ-ਪਲ ਲਹਿੰਦੇ-ਚੜ੍ਹਦੇ ਜਹਾਜਾਂ ਦਾ ਨਜ਼ਾਰਾ ਦੇਖ ਰਹੇ ਹਾਂ। ਵੱਡੇ-ਵੱਡੇ, ਨਿੱਕੇ-ਨਿੱਕੇ ਜਹਾਜ਼ ਪਲੋ-ਪਲੀ ਚੜ੍ਹ ਤੇ ਲੱਥ ਰਹੇ ਨੇ। ਲੰਮੀਆਂ ਲਾਲ ਲਾਰੀਆਂ ਸੜਕਾਂ ਉਤੇ ਦੌੜਦੀਆਂ ਫਿਰਦੀਆਂ ਨੇ। ਜਿੱਧਰ ਦੇਖੋ, ਕਾਰਾਂ ਦੀਆਂ ਲੰਮੀਆਂ ਡਾਰਾਂ। ਮੈਂ ਧੁੱਪ ਸੇਕਣ ਨੂੰ ਤਰਸ ਜਾਂਦਾ ਹਾਂ।
ਕਈ ਦਿਨਾਂ ਤੋਂ ਥਿੰਦ, ਜੰਡਿਆਲਵੀ ਦੀਆਂ ਗੱਲਾਂ ਕਰ ਰਿਹੈ। ਕਹਿੰਦਾ ਹੈ, ''ਰੋਜ਼ ਮਿਲਦੇ ਹੁੰਨੇ ਆਂ ਅਸੀਂ ...  ਉਹ ਹੰਸਲੋ ਜਾਂਦੈ ...  ਘਰ ਦਾ ਨਿੱਕ-ਸੁੱਕ ਤੇ ਦਵਾਈ-ਬੂਟੀ ਲੈਣ ...  ਅਹੁ ਦੇਖ ਬੱਸ ਸਟੌਪ ...  ਉਥੋਂ ਈ ਚੜ੍ਹਦਾ ਹੁੰਦੈ ਤੇ ਉਥੇ ਈ ਆ ਉਤਰਦੈ ਤੇ ਆਹ ਦੋ ਮਿੰਟਾਂ ਦੀ ਵਿੱਥ 'ਤੇ ੰ૰૯૨ਾ ਘਰ ...  ਅਜਿੂ ਹੁਣੇ ...  ਮਿਲਵੳਿੂਨੈ ਤੈਨੂੰ ਜੰਡਿਆਲਵੀ ਨਾਲ ...  ਬਹੁਤੀ ਵਾਰ ਤਾਂ ਅਸੀਂ 'ਕੱਠੇ ਈ ਜਾਨੇ ਆਂ।"
ਜੰਡਿਆਲਵੀ ਨੂੰ ਮੈਂ ਉਦੋਂ ਤੀਕ ਇੱਕੋ ਵਾਰ ਈ ਮਿਲਿਆ ਹਾਂ, ਜਲੰਧਰ ਦੇ ਦੇਸ਼ ਭਗਤ ਹਾਲ ਵਿੱਚ। ਬੜਾ ਖੁਸ਼ ਹੋਇਆ ਮਿਲ ਕੇ। ਮੇਰਾ ਫ਼ੋਨ ਨੰਬਰ ਲੈਂਦਾ ਹੈ। ਕਹਿੰਦਾ, ''ਕਰੂੰਗਾ ਕਦੇ ਤੈਨੂੰ ਫ਼ੋਨ ... ।" ਪਹਿਲੀ ਮਿਲਣੀ ਵਿੱਚ ਹੀ ਏਸ ਬੰਦੇ ਦਾ ਆਪਣਾਪਨ ਚੰਗਾ-ਚੰਗਾ ਲੱਗਣ ਲਗਦਾ ਹੈ। ਉਹ ਪੁਛਦਾ ਹੈ, ''ਗੱਲ ਸੁਣ ਉਏ? 'ਹੁਣ' ਪੜ੍ਹਦਾ ਹੁੰਨੈ ਕਿ ਨਹੀਂ? ਪੜ੍ਹਿਆ ਕਰ ਤੇ ਹੋਰਾਂ ਨੂੰ ਵੀ ਪੜ੍ਹਾਇਆ ਕਰ ...  'ਹੁਣ' ਦਾ ਦਾਇਰਾ ਹੋਰ ਖੁੱਲ੍ਹਾ ਕਰੋ ...  ਏਹ ਤੁਹਾਡਾ ਆਪਣਾ ਪਰਚਾ ਆ ...  ਕਦੇ-ਕਦੇ ਕੁੱਝ ਨਾ ਕੁੱਝ ਟਚੀ ਜਿਹਾ ਲਿਖ ਵੀ ਦਿਆ ਕਰ।" ਮੈਂ ਉਸ ਕੋਲ ਆਪਣੇ ਪੁਰਾਣੇ ਯਾਰ ਸੁਸ਼ੀਲ ਦੁਸਾਂਝ ਦੀ ਤਾਰੀਫ਼ ਕਰਦਾ ਹਾਂ ਤਾਂ ਉਹ ਮੁਸਕਰਾਉਂਦਾ ਹੈ, ''ਤੁਸੀਂ ਨਵੇਂ ਮੁੰਡੇ ਹਿੰਮਤੀ ਓਂ ਅਸੀਂ ਤਾਂ

ਹੁਣ ਬਾਜ਼ੀ ਹਾਰ ਚੱਲੇ ਆਂ ...  ਤੁਸੀਂ ਬੜੇ ਤੇਜ਼ ਓਂ ...  ਮੈਨੂੰ ਖੁਸ਼ੀ ਹੁੰਦੀ ਆ ਥੋਨੂੰ ਦੇਖ ਕੇ ... ।"
'ਹੁਣ' ਵਿੱਚ ਕੁੱਝ ਨਾ ਕੁੱਝ ਛਪਣ ਲੱਗਿਆ ਮੇਰਾ। ਛਪਣ ਮਗਰੋਂ ਜੰਡਿਆਲਵੀ ਸਾਹਬ ਦਾ ਫ਼ੋਨ ਵੀ ਆਉਂਦਾ, ''ਚੰਗਾ ਸੀ ਤੇਰਾ ਪੀਸ ...  ਗੱਲ ਸੁਣ ...  ਇੱਕ ਤੂੰ ਪਿੱਛੇ ਜਿਹੇ ਕਿਸੇ ਥਾਂ ਲਿਖਿਆ ਸੀ ਉਹ ਕਿਸੇ ਸੂਏ ਦੀ ਪੁਲੀ ਬਾਰੇ ਸੀ ...  ਉਹੋ ਜਾ ਲਿਖ ਹੋਰ ਕੁੱਝ ...  ਓਕੇ? ਚੰਗਾ ਫੇ ...  ਬਾਏ ਬਾਏ ...  ਆਲ ਦਾ ਬੈਸਟ।"
ਅਵਤਾਰ ਜੰਡਿਆਲਵੀ ਨੇ 'ਹੁਣ' ਨਾਂ ਥੱਲੇ ਰਸਾਲਾ ਕੱਢ ਕੇ ਪੰਜਾਬੀ ਸਾਹਿਤ ਵਿੱਚ ਇੱਕ ਮੀਲ ਪੱਥਰ ਸਥਾਪਿਤ ਕੀਤਾ। ਰਸਾਲੇ ਦੇ ਮਿਆਰ ਕਾਰਨ ਦਿਨਾਂ ਵਿੱਚ ਹੀ ਲੋਕ ਸਟਾਲਾਂ 'ਤੇ ਖੜ੍ਹ ਕੇ ਉਡੀਕਣ ਲੱਗੇ। ਜੰਡਿਆਲਵੀ ਨੇ ਬੜੇ ਸੰਜਮ ਨਾਲ ਲਿਖਿਆ। ਉਹਨਾਂ ਵਾਰਤਕ ਦੀ ਇੱਕ ਕਿਤਾਬ 'ਲੰਡਨ ਦੀਆਂ ਰੰਗ ਰੌਸ਼ਨੀਆਂ' ਲਿਖੀ। ਤਿੰਨ ਕਾਵਿ ਕਿਤਾਬਾਂ ਲਿਖੀਆਂ, 'ਕੱਪਰ ਛੱਲਾਂ- 'ਮੇਰੇ ਪਰਤ ਆਉਣ ਤੱਕ' - 'ਅਸੀਂ ਕਾਲੇ ਲੋਕ ਸਦੀਂਦੇ' ਉਹਨਾਂ ਦੀਆਂ ਕਿਤਾਬਾਂ ਦੇ ਨਾਂ ਹਨ। ਜਲੰਧਰ ਜਿਲ੍ਹੇ ਦੇ ਪਿੰਡ ਜੰਡਿਆਲਾ ਦੇ ਅਵਤਾਰ ਸਿੰਘ ਜੌਹਲ (ਜੰਡਿਆਲਵੀ) ਸੱਤਰਵਿਆਂ ਵਿੱਚ ਲੰਡਨ ਜਾ ਵੱਸੇ ਸਨ। ਹੁਣ ਆਪ ਦੀ ਉਮਰ ਪਝੱਤਰ ਵਰ੍ਹੇ ਸੀ।
************
ਗੁਰਬਚਨ ਸਿੰਘ ਥਿੰਦ ਦਸਦਾ ਹੈ, ''ਜੰਡਿਆਲਵੀ ਹੁਣ ਬਹੁਤਾ ਠੀਕ ਨੀ ਰਹਿੰਦਾ ...  ਕਾਫੀ ਢਿੱਲਾ ਰਹਿੰਦੈ ...  ਕੈਂਸਰ ਨੇ ਢਾਹ ਕੇ ਰੱਖਤਾ ...  ਆਜੂਗਾ ਹੁਣੇ ਮਿਲਦੇ ਆਂ।"
ਅਸੀਂ ਧੁੱਪੇ ਬੈਠੇ ਉਡੀਕੀ ਗਏ। ਲਾਰੀਆਂ ਆਉਂਦੀਆਂ, ਸਵਾਰੀਆਂ ਲਹੁੰਦੀਆਂ ਤੇ ਚੱਕਦੀਆਂ ਪਰ ਉਸ ਦਿਨ ਜੰਡਿਆਲਵੀ ਨਹੀਂ ਆਇਆ। ਥਿੰਦ ਕਹਿੰਦਾ ਹੈ, ''ਅਹੁ ਦੇਖ ਸਾਹਮਣੀ ਸਟ੍ਰੀਟ ...  ਸੋਲ੍ਹਾਂ ਨੰਬਰ ਘਰ ਐ ਉਹਦਾ ...  (ਜੇ ਮੈਂ ਭੁੱਲਾਂ ਨਾ) ...  ਆਪਾਂ ਕਿਸੇ ਦਿਨ ਫ਼ੋਨ ਕਰ ਕੇ ਘਰੇ ਚਲੇ ਜਾਵਾਂਗੇ ...  ਮੈਨੂੰ ਰਸਾਲਾ ਦੇ ਜਾਂਦੈ ਹੁੰਦੈ ...  ਮੈਂ ਚੰਦਾ ਵੀ ਭਰਤਾ ਸੀ ...  ਮੈਂ ਆਪਣੇ ਹੋਰਾਂ ਦੋਸਤਾਂ ਨੂੰ ਵੀ ਕਿਹਾ ਸੀ ਵਈ ਆਪਣਾ ਗੁਆਂਢੀ ਐ ਤੁਸੀਂ ਵੀ ਚੰਦੇ ਭਰੋ ਪਰ ਕਿਸੇ ਨਾ ਭਰਿਆ ਅਖੇ ...  ਸਾਡੇ ਕੋਲ ਕਿੱਥੇ ਟਾਈਮ ਐਂ ਐਡੇ-ਐਡੇ ਪੋਥੇ ਪੜ੍ਹਨ ਦਾ।"
ਇੱਕ ਦਿਨ, ਮੈਂ ਥਿੰਦ ਦੇ ਘਰ ਮੂਹਰੇ (ਏਸ ਘਰ ਵਿੱਚ ਮੈਂ 'ਕੱਲਾ ਰਹਿੰਦਾ ਹਾਂ ਤੇ ਥਿੰਦ ਆਪਣੇ ਪਰਿਵਾਰ ਨਾਲ ਪੰਜ ਕੁ ਘਰ ਛੱਡ ਕੇ ਰਹਿੰਦਾ ਹੈ) ਜੇ ਹਵਾ ਦਾ ਰੁਖ ਉਲਟਾ ਹੈ, ਤਦ ਵੀ ਜਹਾਜ਼ ਇਧਰੇ ਦੀ ਲਹਿੰਦੇ ਨੇ ਤੇ ਹਵਾ ਦਾ ਰੁਖ ਦੂਜੇ ਪਾਸੇ ਦੀ ਹੋਵੇ ਤਾਂ ਏਧਰੇ ਦੀ ਚੜ੍ਹਦੇ ਨੇ। ਧੁੱਪੇ ਕੁਰਸੀ ਡਾਹੀ ਬੈਠਾ ਮੈਂ ਉਡਦੇ-ਲਹਿੰਦੇ ਜਹਾਜ਼ ਗਿਣਨ ਲੱਗਦਾ ਥਕਦਾ ਨਹੀਂ। ਇੱਕ ਲੰਮਾ ਬੰਦਾ ਲਾਰੀ ਤੋਂ ਉਤਰਦਾ ਹੈ, ਤੇ ਬੜੀ ਧੀਮੀ-ਧੀਮੀ ਤੋਰ ਤੁਰਨ ਲੱਗਿਆ। ਹੱਥ ਵਿੱਚ ਦੋ ਲਿਫ਼ਾਫ਼ੇ ਨੇ। ਸਿਰ 'ਤੇ ਟੋਪੀ। ਮੈਂ ਪਛਾਣ ਲਿਆ ਜੰਡਿਆਲਵੀ ਅੰਕਲ! ਮੈਨੂੰ ਚਾਅ ਚੜ੍ਹਿਆ ਕਿ ਉਹਦੇ ਨਾਲ ਗੱਲਾਂ ਕਰਾਂਗਾ, ਖ਼ੁਸ਼ ਹੋਵਾਂਗਾ ... । ਮੈਂ ਕੁਰਸੀ ਤੋਂ ਉਠ ਕੇ ਉਸ ਨੂੰ ਸਾਹਮਿਣਓਂ ਮਿਲਣ ਲਈ ਕਾਹਲ ਨਾਲ ਤੁਰ ਪਿਆ। ਉਹ ਨੀਵੀਂ ਪਾਈ ਸੜਕ ਦੀ ਬੰਨੀ-ਬੰਨੀ ਤੁਰਿਆ ਆ ਰਿਹੈ ...  ਕਦੇ-ਕਦੇ ਰਤਾ ਕੁ ਆਸੇ-ਪਾਸੇ ਝਾਕ ਲੈਂਦਾ ਹੈ। ਨੇੜੇ ਜਾ ਕੇ 'ਸਤਿ ਸ੍ਰੀ ਅਕਾਲ' ਕਹਿੰਦਾ ਹਾਂ, ਉਹ ਮੇਰੇ ਵੱਲ ਗਹੁ ਨਾਲ ਦੇਖਦਾ ਹੈ ਕਿ ਕੌਣ ਹੋਇਆ ਏਹ ਪੰਜਾਬੀ ਮੁੰਡਾ! ਫਿਰ ਜਦੇ ਹੀ ਪਛਾਣ ਲੈਂਦਾ ਹੈ, ''ਉਏ ਤੂੰ ਕਿੱਥੋ ਆਇਐ ਸ਼ਰਾਰਤੀਆ ... ? ਕਦੋਂ ਆਇਆ ਸੀ? ਹੈਥੇ ਆਂ ਥਿੰਦ ਕੋਲ?' ਅਸੀਂ ਤਿੰਨ ਕੁ ਮਿੰਟ ਗੱਲਾਂ ਕਰਦੇ ਹਾਂ। ਉਹ ਕਹਿੰਦਾ ਹੈ, 'ਚੰਗਾ ਫ਼ਿਰ ...  ਮੈਂ ਘਰੇ ਜਾਣੈ ...  ਮੈਡੀਸਿਨ ਲੈ ਕੇ ਆਇਆਂ ...  ਜਾ ਕੇ ਖਾ ਕੇ ਸੌਣਾ ਐਂ ...  ਮੈਂ ਤੈਨੂੰ ਕੱਲ੍ਹ ਨੂੰ ਮਿਲੂੰਗਾ ਹੈਥੇ ਥਿੰਦ ਦੇ ਘਰ ...  ਪੂਰੇ ਸਾਢੇ ਨੌਂ ਵਜੇ ...  ਓਕੇ ... ? ਬਾਏ ...  ਬਾਏ।' ਉਹ ਆਪਣੀ ਗਲੀ ਵੱਲ ਮੁੜ ਗਿਆ। ਉਸ ਨੇ ਮੈਨੂੰ ਸਿਰਫ਼ ਸਾਢੇ ਕੁ ਤਿੰਨ ਮਿੰਟ ਹੀ ਦਿੱਤੇ। ਮੈਂ ਨਿਰਾਸ਼ ਜਿਹਾ ਹੋ ਗਿਆ। ਕਾਹਦੀ ਜਾਣ-ਪਛਾਣ ਹੋਈ ਏਹ? ਫ਼ਿਰ ਸਮਝ ਆਈ ਕਿ ਏਹ ਇੰਡੀਆ ਨਹੀਂ ...  ਏਹ ਲੰਡਨ ਹੈ ਪਿਆਰੇ!
ਦੁਪਹਿਰੇ ਥਿੰਦ ਆਇਆ। ਮੈਂ ਉਸ ਨੂੰ ਜੰਡਿਆਲਵੀ ਦੇ ਮਿਲ ਜਾਣ ਬਾਰੇ ਦੱਸਿਆ। ਉਸ ਨੇ ਆਖਿਆ, ''ਉਹ ਮਜਬੂਰ ਆ ਬੀਮਾਰੀ ਹੱਥੋਂ ...  ਕਿਸੇ ਨੂੰ ਆਪਣੇ ਘਰ ਨਹੀਂ ਸਦਦਾ ...  ਕੋਈ ਨਾ ਕੱਲ੍ਹ ਮਿਲ ਲਵੀਂ ...  ਜੇ ਵਕਤ ਦਿੱਤਾ ਐ ਤਾਂ ਵਕਤ ਦਾ ਉਹ ਪੱਕਾ ਐ ... ।"
ਦੂਜੇ ਦਿਨ, ਸਵੇਰੇ ਠੀਕ ਸਾਢੇ ਨੌਂ ਵਜੇ ਉਹ ਆ ਗਿਆ। ਅਸੀਂ ਘਰ ਦੇ ਪਿਛਵਾੜੇ ਧੁੱਪੇ ਕੁਰਸੀਆਂ ਡਾਹ ਕੇ ਬਹਿ ਗਏ। ਮੈਨੂੰ ਮੇਰੀ ਲੰਡਨ ਯਾਤਰਾ ਬਾਰੇ ਨਿੱਕੇ-ਨਿੱਕੇ ਵੇਰਵੇ ਪੁਛਦਾ ਰਿਹਾ, 'ਕਿੱਥੇ-ਕਿੱਥੇ ...  ਕੀਹਦੇ-ਕੀਹਦੇ ਕੋਲ ਜਾ ਆਇਐਂ ...  ਕਿਵੇਂ ਲੱਗੀ ਵਲੈਤ? ਲਿਖੇਂਗਾ ਵੀ ਕੁਝ?' ਉਹਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ...  ਸਿਰੇ ਦੀਆਂ ਗੱਲਾਂ! ਕਾਸ਼! ਮੇਰੇ ਕੋਲ ਮੇਰਾ ਟੇਪ ਰਿਕਾਰਡਰ ਹੁੰਦਾ ਤਾਂ ਮੈਂ ਟੇਪ ਕਰ ਲੈਂਦਾ। ਉਸ ਨੇ ਪੰਜਾਬੀਆਂ ਦੇ ਪਰਵਾਸ, ਧਰਮ, ਸਭਿਆਚਾਰ, ਸਾਹਿਤ, ਸਾਹਿਤਕਾਰ, ਲੰਡਨ ਦੀਆਂ ਸਾਹਿਤਕ ਤਿਗੜਮਬਾਜ਼ੀਆਂ ਅਤੇ ਹੋਰ ਬਹੁਤ ਸਾਰੇ ਬੰਦਿਆਂ ਦੇ ਕਿਰਦਾਰਾਂ ਬਾਰੇ ਖੂਬ ਗੱਲਾਂ ਕੀਤੀਆਂ। ਮੈਂ ਦੋ ਵਾਰ ਚੌੜੇ ਕੱਪਾਂ ਵਿੱਚ ਚਾਹ ਪਾ ਕੇ ਲਿਆਇਆ। ਉਹਦੇ ਲਈ ਫਿੱਕੀ, ਆਪਣੇ ਲਈ ਮਿੱਠੀ! ਗੱਲਾਂ ਕਰਦਿਆਂ ਉਹ ਕਈ ਵਾਰ ਭਾਵੁਕ ਹੋਇਆ ਸੀ। ਉਹਨੇ ਆਪਣੇ ਕੈਂਸਰ ਬਾਰੇ ਕਿਹਾ ਸੀ, 'ਜਿੱਦਣ ਮੇਰੀ ਡਾਕਟਰ ਨੇ ਮੇਰੇ ਘਰ ਮੈਨੂੰ ਮੇਰੀ ਬੀਮਾਰੀ ਦੀ ਫ਼ਾਈਨਲ ਰਿਪੋਰਟ ਦੇਣ ਲਈ ਆਉਣਾ ਸੀ ...  ਉਸ ਦਿਨ ਮੈਂ ਬੜਾ ਈ ਬੇਚੈਨ ਸਾਂ ਤੇ ਬੜੀ ਬੇਸਬਰੀ ਨਾਲ ਉਹਦੀ ਉਡੀਕ ਕਰ ਰਿਹਾ ਸਾਂ ...  ਮੈਂ ਵਾਰ ਵਾਰ ਖਿੜਕੀ ਵਿੱਚੋਂ ਦੀ ਦੇਖਦਾ ਕਿ ਕਦੋਂ ਉਹਦੀ ਕਾਰ ਮੇਰੇ ਘਰ ਅੱਗੇ ਆ ਕੇ ਰੁਕੇ ...  'ਠੱਕ' ਕਰ ਕੇ ਤਾਕੀ ਦਾ ਖੜਾਕ ਸੁਣੇਗਾ ...  ਉਹ ਆਣ ਕੇ ਮੈਨੂੰ ਮੇਰੀ ਬੀਮਾਰੀ ਬਾਰੇ ਰਿਪੋਰਟ ਦੇਵੇਗੀ ...  ਆਖਿਰ ਉਹ ਮਿਥੇ ਟਾਈਮ 'ਤੇ ਆ ਹੀ ਗਈ ...  ਮੇਰੇ ਦਿਲ ਦੀ ਧੜਕਣ ਬਹੁਤ ਵਧ ਗਈ ...  ਮੈਂ ਬਹੁਤ ਉਤਸਕ ਤੇ ਬਿਹਬਲ ਸਾਂ ਉਹਨੂੰ ਛੇਤੀ ਤੋਂ ਛੇਤੀ ਮਿਲਣ ਲਈ ...  ਜਦ ਉਹ ਮੇਰਾ ਬੂਹਾ ਟੱਪੀ ਤਾਂ ਮੈਂ ਭਾਵੁਕ ਹੋ ਗਿਆ ਤੇ ਬਾਹਾਂ ਫੈਲਾਅ ਲਈਆਂ ਉਹਦੇ ਸਵਾਗਤ ਲਈ ...  ਉਹ ਬੜੀ ਅਪਣੱਤ ਨਾਲ ਗਲਵੱਕੜੀ ਪਾ ਕੇ ਮਿਲੀ ਤੇ ਮੇਰੇ ਵੱਲ ਮੁਸਕਰਾਉਂਦੀ ਹੋਈ ਬੋਲੀ ...  ਮਿਸਟਰ ਅਵਤਾਰ ਤੂੰ ਬੜਾ ਲੱਕੀ ਐਂ ...  ਤੇਰੀ ਰਿਪੋਰਟ ਨੌਰਮਲ ਆਈ ਆ ...  ਤੂੰ ਬਿਲਕੁਲ ਠੀਕ ਆਂ ...  ਗੁਡ ਲਕ ਮਿਸਟਰ ਅਵਤਾਰ ... ! ਸੱਚੀ ਗੱਲ ਐ ਮੇਰੀਆਂ ਅੱਖਾਂ ਵਿਚਲੀ ਚਮਕ ਦੇਖ ਗੋਰੀ ਡਾਕਟਰਨੀ ਦਾ ਚਿਹਰੇ ਉਤੇ ਅਨੋਖਾ ਜਲੌਅ ਸੀ ...  ਮੈਂ ਉਸ ਨੂੰ ਥੈਂਕਿਯੂ ਵੀ ਭਰੇ ਗਲੇ ਨਾਲ ਕਿਹਾ ...  ਮੈਂ ਬਹੁਤ ਖੁਸ਼ ਸਾਂ ਉਸ ਦਿਨ ...  ਹੁਣ ਮੈਂ ਹੌਸਲੇ ਵਿੱਚ ਆਂ ...  ਰੋਗ ਟਲ ਗਿਐ ... ।' ਉਹਨੇ ਆਪਣੀ ਪੈਂਟ ਦੀ ਖੱਬੀ ਜੇਭ੍ਹ ਵਿੱਚੋਂ ਨੈਪਕਿਨ ਕੱਢਿਆ ਤੇ ਅੱਖਾਂ ਪੂੰਝੀਆਂ। ਉਸ ਦਿਨ ਸਾਢੇ ਤਿੰਨ ਮਿੰਟ ਤੇ ਅੱਜ ਉਹਨੇ ਮੈਨੂੰ ਸਾਢੇ ਤਿੰਨ ਘੰਟੇ ਦਿੱਤੇ ਸਨ। ਫ਼ਿਰ ਮਿਲਣ ਦਾ ਵਾਅਦਾ ਕਰ ਕੇ ਉਹ ਹੌਲੀ-ਹੌਲੀ ਤੁਰਦਾ ਆਪਣੀ ਗਲੀ ਦਾ ਮੋੜ ਮੁੜ ਗਿਆ। ਉਸ ਦਿਨ ਉਸ ਦੇ ਟੋਪੀ, ਗਰਮ ਕੋਟ ਤੇ ਵੱਡੇ-ਵੱਡੇ ਬੂਟ ਪਾਏ ਹੋਏ ਸਨ। ਦਸਦਾ ਸੀ, 'ਦਾਹੜੀ ਕੱਟਣ ਵਿੱਚ ਘੌਲ ਹੋ ਜਾਂਦੀ ਆ ...  ਕਰੜ-ਬਰੜੀ ਜਿਹੀ ਹੋਈ ਪਈ ਆ।'
ਮੈਂ ਕਮਰੇ 'ਚ ਆ ਕੇ ਸੌ ਗਿਆ। ਇਹ ਅਵਤਾਰ ਜੰਡਿਆਲਵੀ ਨਾਲ ਮੇਰੀ ਦੂਜੀ ਤੇ ਆਖਰੀ ਮਿਲਣੀ ਸੀ।

Comments (0)

Write comment

smaller | bigger

busy
You are here:   Homeਲੜੀਵਾਰਬਾਵਾ ਬੋਲਦਾ ਹੈ ਅਹੁ ਆਉਂਦੈ ਜੰਡਿਆਲਵੀ!

Currency Converter

Amount:
From:
To:


Gurbani Radio


Gurbani - Sri Harmandir Sahib