
ਹਾਕਮ ਸੂਫ਼ੀ ਤੁਰ ਗਿਐ ਉਸ ਘਰ ... ਜਿਹੜੇ ਘਰ ਦੀ ਉਸ ਨੂੰ ਚਿਰਾਂ ਤੋਂ ਤਲਾਸ਼ ਸੀ। ਉਹ ਸੰਗੀਤ ਨਾਲ ਭਰਿਆ-ਭਰਿਆ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਖ਼ਾਲੀ-ਖ਼ਾਲੀ ਮਹਿਸੂਸ ਕਰਦਾ ਰਿਹਾ। ਇਸ ਖਾਲੀਪਨ ਨੂੰ ਦੂਰ ਭਜਾਉਣ ਵਾਸਤੇ ਉਸ ਨੇ ਬੜੇ ਯਤਨ ਕੀਤੇ। ਪੋਥੇ-ਪੋਥੀਆਂ ਪੜ੍ਹਨ 'ਚ ਕੋਈ ਕਸਰ ਨਾ ਛੱਡੀ। ਉਹਨੂੰ ਓਸ਼ੋ ਨੇ ਬਹੁਤ ਚਿਰ ਪਹਿਲਾਂ ਦਾ ਮੋਹ ਲਿਆ ਹੋਇਆ ਸੀ। ਬਹੁਤ ਚਿਰ ਉਹਨੇ ਲੰਮਾ ਚੋਲਾ ਪਾਈ ਰੱਖਿਆ। ਮਾਲਾ-ਮਣਕੇ ਵੀ ਉਹਦੇ ਅੰਗ-ਸੰਗ ਰਹਿੰਦੇ। ਉਹਨੂੰ ਮੜ੍ਹੀਆਂ-ਮਸਾਣ ਤੇ ਕਬਰਸਤਾਨ ਜਿਹੇ ਸਥਾਨ ਚੰਗੇ-ਚੰਗੇ ਲਗਦੇ ਸਨ। ਇੱਕ ਵਾਰ ਉਹਨੇ ਲਿਖਿਆ ਸੀ: ਮਲ੍ਹਿਆਂ ਤੇ ਕਰੀਰਾਂ ਦੇ ਸੰਗ ਯਾਰੀਆਂ ਨੇ ਜੰਗਲ ਬੇਲੇ ਅੰਦਰ ਧਾਹਾਂ ਮਾਰੀਆਂ ਨੇ ਜੇ ਕਿਤੇ ਘੁਮਿਆਰ ਮਿੱਟੀ ਦਾ ਭਾਂਡਾ ਬਣਾਈ ਜਾਂਦਾ ਦੇਖ ਲੈਂਦਾ ਤਾਂ ਉਸ ਦੇ ਪੈਰ ਥਾਂਏ ਥ੍ਹੰਮ ਜਾਂਦੇ। ਉਹ ਖਲੋਤਾ-ਖਲੋਤਾ ਪਤਾ ਨਹੀਂ ਕੀ ਕੁੱਝ ਸੋਚਣ ਲੱਗਦਾ ਤੇ ਕਿਸੇ ਗੀਤ ਦਾ ਜਨਮ ਹੁੰਦਾ, ਮਿੱਟੀ, ਘੜਾ, ਮਨੁੱਖ, ਮੌਤ ਆਦਿ ਬਾਰੇ ਉਹਨੇ ਅਜਿਹੇ ਥਾਵਾਂ ਕੋਲੋਂ ਲੰਘਦਿਆਂ ਗੀਤ ਲਿਖੇ। ਕਬਰਾਂ ਵਿੱਚ ਬੈਠੇ ਉਸ ਨੇ ਇੱਕ ਦਿਨ ਲਿਖਿਆ: 'ਹਾਕਮ' ਨੇ ਇੱਕ ਦਿਨ ਮੁੱਕ ਜਾਣਾ, ਡੰਡਾ ਡੇਰਾ ਚੁੱਕ ਜਾਣਾ ਕਬਰਾਂ 'ਚ
ਹੋਣੀ ਸਾਡੀ ਠਹਿਰ ਨੀਂ ਮਰ ਜਾਣੀਏ ਲੱਭਦੀ ਫਿਰੇਂਗੀ ਸਾਡੀ ਪੈੜ ਮਰ ਜਾਣੀਏ ਉਹ ਸੋਚਦਾ ਰਹਿੰਦਾ ਸੀ ਕਿ ਉਸ ਨੂੰ ਕਿਸੇ ਆਸ਼ਰਮ ਵਿੱਚ ਠਿਕਾਣਾ ਮਿਲ ਜਾਏ, ਕੋਈ ਡੇਰਾ ਲੱਭ ਜਾਏ, ਉਥੇ ਬੈਠ ਕੇ ਉਹ ਆਪਣੀ ਬਿਰਤੀ ਜੋੜੇ! ਉਸ ਨੰ ਕੋਈ ਡਿਸਟਰਬ ਨਾ ਕਰੇ! ਉਹ ਆਪ ਮੁਹਾਰਾ ਹੋ ਕੇ ਗਾਵੇ। ਦਰਖ਼ਤ, ਪੰਛੀ ਤੇ ਪਰਿੰਦੇ ਉਸ ਦੇ ਗੀਤ ਸੁਣਨ! ਉਹਨੂੰ ਕੋਈ ਗ਼ਮ ਤੇ ਫ਼ਿਕਰ ਨਾ ਹੋਵੇ! ਅਜਿਹੀ ਭਾਵਨਾ ਉਹ ਅਕਸਰ ਹੀ ਮੇਰੇ ਨਾਲ ਹਰ ਵਾਰੀ, ਉਦੋਂ ਸਾਂਝੀ ਕਰਦਾ ਸੀ ... ਜਦ ਮੈਂ ਗਿੱਦੜਬਾਹੇ ਆਪਣੀ ਭੂਆ ਨੂੰ ਮਿਲਣ ਗਿਆ ਹੁੰਦਾ ਤੇ ਆਥਣੇ ਉਸ ਨੂੰ ਲੱਭਣ ਤੁਰ ਪੈਂਦਾ। ਇੱਕ ਆਥਣ ਸਾਂਝਾ ਮਿੱਤਰ ਬਿਕਰਮਜੀਤ ਨੂਰ ਵੀ ਮੇਰੇ ਨਾਲ ਸੀ, ਅਸੀਂ ਹਾਕਮ ਨੂੰ ਘਰੋਂ ਪੁੱਛਿਆ ਕਿ ਕਿੱਥੇ ਐ? ਦੱਸਿਆ ਗਿਆ ਕਿ ਉਹ ਰੇਲਵੇ ਸਟੇਸ਼ਨ ਵੱਲ ਨੂੰ ਤੁਰ ਗਿਆ ... ਉਥੇ ਈ ਕਿਤੇ ਬੈਠਾ ਹੋਣੈ। ਅਸੀਂ ਸਾਰਾ ਰੇਲਵੇ ਸਟੇਸ਼ਨ ਗਾਹ ਮਾਰਿਆ ... ਹਾਕਮ ਨਾ ਲੱਭਿਆ। ਨੂਰ ਕਹਿੰਦਾ, ''ਚੱਲ ਸਮਸ਼ਾਨਘਾਟ ਚਲਦੇ ਆਂ ... ਉਥੇ ਲਾਜ਼ਮੀ ਹੋਊ ... ।" ਠੰਢ ਬਹੁਤ ਸੀ। ਸੂਰਜ ਘਰ ਪਰਤ ਰਿਹਾ ਸੀ। ਅਸੀਂ ਠੁਰ-ਠੁਰ ਕਰਦੇ ਸ਼ਮਸ਼ਾਨਘਾਟ ਵੱਲ ਜਾ ਰਹੇ ਸਾਂ। ਉਹ ਦੱਸਣ ਲੱਗਿਆ ਕਿ ਹਾਕਮ ਨੂੰ ਸਾਰੇ ਸ਼ਹਿਰ ਵਿੱਚ ਸਾਹਿਤਕ ਸਾਥੀ 'ਵਾਵਰੋਲਾ' ਕਹਿੰਦੇ ਐ ... ਕੋਈ ਪਤਾ ਨ੍ਹੀ ... ਕਦੋਂ ਕਿਹੜੀ ਗਲੀ ਵਿੱਚੋਂ ਤੇਜ਼ੀ ਨਾਲ ਨਿੱਕਲ ਆਵੇ। ਸ਼ਮਸ਼ਾਨਘਾਟ ਪੱਜੇ, ਸੁੰਨ ਮਸਾਨ ਸੀ, ਜਿਵੇਂ ਕਈ ਦਿਨਾਂ ਤੋਂ ਕੋਈ ਮੁਰਦਾ ਫੂਕਣ ਲਈ ਲਿਆਂਦਾ ਨਾ ਗਿਆ ਹੋਵੇ! ਸਫ਼ਾਈ ਬਹੁਤ ਸੀ। ਨੂਰ ਕਹਿੰਦਾ, ''ਏਹ ਸਾਰੀ ਸੇਵਾ ਹਾਕਮ ਦੀ ਐ ... ਇੱਕ ਪੱਤਾ ਵੀ ਭੁੰਜੇ ਡਿੱਗਣ ਨ੍ਹੀ ਦਿੰਦਾ ... ਆਪ ਸਫ਼ਾਈ ਕਰਦਾ ਐ।" ਇੱਕ ਸਾਈਕਲ ਖੜ੍ਹਾ ਸੀ। ਇਹ ਹਾਕਮ ਦਾ ਸਾਈਕਲ ਸੀ। ਨੂਰ ਨੇ ਦੱਸਿਆ, ''ਐਥੇ ਈ ਐ ... ਕਰ ਲੈਣ ਦੇ ਭਜਨ-ਬੰਦਗੀ ... ।" ਮੈਂ ਮੋਇਆਂ ਦੀਆਂ ਮੜ੍ਹੀਆਂ ਦੇ ਪੱਥਰ 'ਤੇ ਲਾਗੇ-ਲਾਗੇ ਖੜ੍ਹੀਆਂ ਕੀਤੀਆਂ ਕਲਾਤਮਿਕ ਮੂਰਤੀਆਂ ਦੇਖਣ ਲੱਗਿਆ। ਪੰਛੀਆਂ ਦੇ ਚਹਿਚਾਉਣ ਦੀਆਂ ਆਵਾਜ਼ਾਂ ਉੱਚੀਆਂ ਉੱਠਣ ਲੱਗੀਆਂ। ਹਾਕਮ ਦੂਰ ਪਰ੍ਹੇ ਰੁੱਖਾਂ ਦੇ ਜਮਘਟੇ ਵਿੱਚ ਬੈਠਾ ਬੰਦਗੀ ਕਰ ਰਿਹਾ ਸੀ। ਅਸੀਂ ਬਹੁਤ ਧੀਮੇ-ਧੀਮੇ ਗੱਲਾਂ ਕਰ ਰਹੇ ਸਾਂ ਕਿ ਮਤਾਂ ਕਿਤੇ ਸਾਡੀ ਆਵਾਜ਼ ਸੁਣ ਕੇ ਹਾਕਮ ਦੀ ਬਿਰਤੀ ਨਾ ਖਿੰਡ ਜਾਵੇ! ਨੂਰ ਬੋਲਿਆ ਕਿ ਆਹ ਸਾਰੇ ਰੁੱਖ, ਵੇਲਾਂ ਤੇ ਬੂਟੇ ਹਾਕਮ ਨੇ ਖ਼ੁਦ ਲੁਵਾਏ ਐ ... ਆਹ ਸੀਮਿੰਟ ਦੀਆਂ ਮੂਰਤਾਂ ਵੀ ... ਦੇਖ ਕਿੰਨਾ ਵਧੀਆ ਵਾਤਾਵਰਨ ਸਿਰਜ ਦਿੱਤੈ ਏਹਨੇ ... ਲਗਦੈ ਜਿਵੇਂ ਕੋਈ ਆਸ਼ਰਮ ਹੋਵੇ! ਹਾਕਮ ਆਇਆ, ''ਆਹਾ ਬਾਬਿਓ! ਅੱਜ ਕਿਧਰੋਂ ... ? ਆਓ ਚੱਲੀਏ ... ਦੇਖਿਐ ਸਾਡਾ ਡੇਰਾ ... ? ਐਥੇ ਦਿਲ ਲਗਦੈ ਮੇਰਾ ... ।" ਉਹ ਬੜੀ ਸਹਿਜ ਅਵਸਥਾ ਵਿੱਚ ਸੀ। ਸਾਈਕਲ ਰਿਹੜਦਾ ਸਾਡੇ ਨਾਲ ਤੁਰ ਪਿਆ। ਬਜ਼ਾਰ ਆਏ। ਇੱਕ ਅਧੀਆ ਲਿਆ ਤੇ ਪੰਜ-ਛੇ ਅੰਡੇ। ਪਰ੍ਹੇ ਸੂਏ ਵੱਲ ਇੱਕ ਸੁੰਨੀ ਜਿਹੀ ਥਾਂਵੇਂ ਭੁੰਜੇ ਬੈਠੇ ਰਹੇ। ਉਸ ਨੇ ਬਹੁਤ ਗੱਲਾਂ ਸੁਣਾਈਆਂ। ਆਪਣੇ ਚਿਤਰਕਾਰੀ ਦੇ ਚਾਅ ਦੀਆਂ ... ਡਰਾਇੰਗ ਮਾਸਟਰੀ ਦੀਆਂ ... ਓਸ਼ੋ ਦੀਆਂ ... ਗੁਰਦਾਸ ਮਾਨ ਦੀਆਂ ਗੱਲਾਂ ... ਆਪਣੇ ਅਖਾੜਿਆਂ ਦੀਆਂ ... । ਉਸ ਨੇ ਇੱਕ ਗੱਲ ਹੋਰ ਕੀਤੀ, ''ਜ਼ਿੰਦਗੀ ਇੱਕ ਵਹਿਣ ਆ ... ਕੁੱਝ ਲੋਕ ਚੱਪੂਆਂ ਨਾਲ ਦਰਿਆ ਨੂੰ ਪਾਰ ਕਰ ਲੈਂਦੇ ਨੇ ਤੇ ਕਈ ਪਾਣੀ ਵਾਲੇ ਜਹਾਜ਼ਾਂ ਨਾਲ ਪਾਰ ਕਰਦੇ ਨੇ ... ਏਸੇ ਤਰਾਂ ਜ਼ਿੰਦਗੀ ਦੇ ਕੁੱਝ ਵਹਿਣ ਨੇ ... ਕਦੇ ਹਾਸਾ ਬੜਾ ਮਹੱਤਵਪੂਰਨ ਹੋ ਜਾਂਦੈ ਤੇ ਕਦੇ ਅੱਥਰੂ ਤੇ ਹਉਕੇ ... ਏਹ ਦੋਵੇਂ ਬਰਾਬਰ ਚਲਦੇ ਰਹਿੰਦੇ ਨੇ ... ਜੇ ਏਹ ਨਾ ਹੋਣ ਤਾਂ ਬੰਦਾ ਪਾਗਲ ਹੋ ਕੇ ਮਰ ਜਾਏ ... ।" ਨੂਰ ਨੇ ਕਿਹਾ, ''ਯਾਰ ਹਾਕਮ, ਬੜੀ ਦੇਰ ਹੋਗੀ ਤੈਥੋਂ ਕੁੱਝ ਸੁਣਿਆ ਨਹੀਂ ... ਸੁਣਾ ਯਾਰ ਅੱਜ ਕੁੱਝ ... ।" ਉਸ ਨੇ ਅਲਾਪ ਲਿਆ ਤੇ ਹਨੇਰੇ ਵਿੱਚ ਗਾਉਣਾ ਸ਼ੁਰੂ ਕੀਤਾ: ਬਾਬੁਲ ਮੇਰੇ ਚਰਖਾ ਲਿਆਂਦਾ ਤੇ ਵਿੱਚ ਸੋਨੇ ਦੀਆਂ ਮੇਖਾਂ ਸੱਭੇ ਸਈਆਂ ਕੱਤ-ਕੱਤ ਮੁੜੀਆਂ ਤੇ ਮੈਂ ਰਾਹ ਸੱਜਣ ਦਾ ਵੇਖਾਂ ਮੇਰੇ ਚਰਖੇ ਦੀ ਟੁੱਟਗੀ ਮਾਲ੍ਹ ਵੇ ਚੰਨ ਕੱਤਾਂ ਕਿ ਨਾ ... ਬੜਾ ਰੰਗ ਬੱਝਾ। ਇਹ ਸੁਰਮਈ ਸ਼ਾਮ ਨਾ ਕਦੇ ਮੈਨੂੰ ਭੁੱਲੀ ਤੇ ਨਾ ਨੂਰ ਸਾਹਬ ਨੂੰ। ਜਦ ਉਠਣ ਲੱਗੇ ਤਾਂ ਮੈਂ ਆਖਿਆ, ''ਨੂਰ ਸਾਹਬ ਦੀ ਫ਼ਰਮਾਇਸ਼ ਤਾਂ ਪੂਰੀ ਕਰ ਦਿੱਤੀ ਐ ਤੇ ਮੇਰੀ?" ਉਸ ਨੇ ਖੜ੍ਹੇ ਖਲੋਤੇ ਸੁਣਾਇਆ, 'ਕਿਤੋਂ ਬੋਲ ਮਹਿਰਮਾ ਵੇ ਕੱਲ੍ਹ ਪਰਸੋਂ ਮੇਰੀ ਚੀਜ਼ ਗਵਾਚੀ ਉਹ ਹੈ ਤੇਰੇ ਕੋਲ ਮਹਿਰਮਾ ਵੇ।' ਰਾਤੀਂ ਲੇਟ ਘਰ ਵੜਿਆ ਤਾਂ ਭੁਆ ਲੜੀ ਕਿ ਮਸਾਂ ਕਿਤੇ ਮਿਲਣ ਆਇਆ ਏਂ ਏਨੀ ਦੇਰ ਮਗਰੋਂ ਤੇ ਓਧਰ ਹਾਕਮ ਦੇ ਢਹੇ ਚੜ੍ਹਿਆ ਫ਼ਿਰਦਾ ਐਂ। ਭੂਆ ਜੀ ਦਾ ਦੇਵਰ ਸੁਭਾਸ਼ ਦੁੱਗਲ ਹਾਕਮ ਦਾ ਪੁਰਾਣਾ ਚੇਲਾ ਹੈ। ਇਹਨਾਂ ਦੇ ਟੱਬਰ ਵਿੱਚ ਵੀ ਹਾਕਮ ਦੀ ਚੰਗੀ ਇਜ਼ਤ ਤੇ ਮਾਣ ਬਣਿਆ ਹੋਇਆ ਸੀ। ਬੜੀ ਦੇਰ ਪਹਿਲਾਂ ਦੀ ਗੱਲ, ਹਾਕਮ ਸੂਫ਼ੀ ਬਾਰੇ ਛਪੀ ਇੱਕ ਕਿਤਾਬ ਵਿੱਚ ਮੈਂ ਆਪਣੇ ਲੇਖ ਦਾ ਇੱਕ ਪੈਰਾ ਇੰਝ ਲਿਖਿਆ ਸੀ, ''ਹਾਕਮ ਮੈਨੂੰ ਮੋਢਿਓਂ ਫੜ ਕੇ ਤੇ ਉਹਨਾਂ (ਬੀਬੀਆਂ) ਵੱਲ ਝਾਕ ਕੇ ਬੋਲਿਆ ... ਓ ਭਾਬੀ ਜੀ ... ਆਹ ਵੇਖੋ ... ਆਹ ਮੁੰਡਾ ਵੀ ਅੱਜ ਉਥੇ ਈ ਸੀ ... ਵਈ ਅੱਜ ਲੋਕਾਂ ਨੇ ਮੈਨੂੰ ਓਥੇ ਕਿਵੇਂ ਸੁਣਿਐਂ ... ਕਿਵੇਂ ਲੋਕ ਆ-ਆ ਕੇ ਮੈਨੂੰ ਸਟੇਜ ਉਤੇ ਜੱਫੀਆਂ ਪਾਊਂਦੇ ਸੀ ... ਪੁੱਛੋ ਏਹਨੂੰ ... ਅੱਜ ਤਾਂ ਕਮਾਲਾਂ ਈ ਹੋਗੀਆਂ ਭਾਬੀ ਜੀ ... । ਉਹ ਦੋਵੇਂ ਬੀਬੀਆਂ ਨੇ ਹਾਕਮ ਨੂੰ ਕੁੱਝ ਇਸ ਤਰ੍ਹਾਂ ਕਿਹਾ, 'ਗੱਲ ਸੁਣ ਵੇ ... ਸਾਨੂੰ ਕਿਹੜਾ ਨ੍ਹੀ ਪਤਾ ਕਿ ਤੇਰਾ ਦੁਨੀਆਂ 'ਚ ਕਿੰਨਾ ਇੱਜ਼ਤ ਤੇ ਨਾਮ ਐ ... ਭਾਈ ਬਹੁਤ ਮੰਨਦੀ ਐ ਦੁਨੀਆਂ ਤੈਨੂੰ ਹਾਕਮਾ ... ।" ਉਸ ਦਿਨ ਹਾਕਮ ਸੂਫ਼ੀ ਨੇ ਫ਼ਾਜ਼ਿਲਕਾ ਉਸਤਾਦ ਯਮਲਾ ਜੱਟ ਯਾਦਗਾਰੀ ਮੇਲੇ ਉਤੇ ਗਾਇਆ ਸੀ ਤੇ ਮੈਂ ਵੀ ਉਥੇ ਸੀ। ਉਹ ਆਪਣੀਆਂ ਭਾਬੀਆਂ ਥਾਂਵੇ ਲੱਗਦੀਆਂ ਔਰਤਾਂ ਕੋਲ ਮੇਰੀ ਗਵਾਹੀ ਭਰਵਾ ਰਿਹਾ ਸੀ। ਸਾਲ 2005 ਵਿੱਚ ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਮੇਰੇ ਤੋਂ ਪੁਰਾਣੇ ਲੋਕ ਗਾਇਕਾਂ ਬਾਰੇ ਇੱਕ ਕਿਤਾਬ ਲਿਖਵਾਈ। ਹਾਕਮ ਬਾਰੇ ਉਸ ਵਿੱਚ ਮੈਂ ਖੁੱਲ੍ਹਾ-ਡੁੱਲ੍ਹਾ ਲਿਖਿਆ। ਉਹਨੇ ਅੰਮ੍ਰਿਤਸਰੋਂ ਦਸ ਕਿਤਾਬਾਂ ਮੰਗਵਾ ਕੇ ਆਪਣੇ ਜੁੰਡੀ ਦੇ ਯਾਰਾਂ ਨੂੰ ਤੁਹਫ਼ੇ ਵਜੋਂ ਦਿੱਤੀਆਂ ਤੇ ਆਖੀ ਜਾਵੇ, ''ਆਹ ਵੇਖੋ ਯਾਰੋ ਯੂਨੀਵਰਸਿਟੀ ਵਾਲਿਆਂ ਨੇ ਮੇਰੀ ਜੀਵਨੀ ਕਿਤਾਬ 'ਚ ਛਾਪਤੀ ਐ ... ਆਹਾ ... ਵਾਹ ਬਈ ਵਾਹ ਕਮਾਲ ਹੋਗੀ ... ।" ਫ਼ਨਕਾਰ ਤਾਂ ਉਹ ਅਵੱਲ ਦਰਜੇ ਦਾ ਹੈ ਈ ਸੀ ਪਰ ਬੰਦਾ ਵੀ ਬੜਾ ਲੱਠਾ ਸੀ। ਆਪਣੇ ਆਪ ਵਿੱਚ ਮਸਤ! ਜੋ ਕੁੱਝ ਕਿਸੇ ਨੇ ਦੇ ਦਿੱਤਾ, ਲੈ ਲਿਆ ਤੇ ਗਾ ਲਿਆ। ਉਸ ਦਾ ਪੁਰਾਣਾ ਸਾਈਕਲ ਪੰਜਾਬ ਦੇ ਕਰੋੜਪਤੀ ਗਾਇਕਾਂ ਦੀਆਂ ਕਈ ਲੱਖਾਂ ਮਹਿੰਗੀਆਂ ਗੱਡੀਆਂ ਨੂੰ ਮੂੰਹ ਚਿੜਾਉਂਦਾ ਸੀ ਤੇ ਕਲਾਕਾਰ ਦੀ ਆਪਣੀ ਕਲਾ ਪ੍ਰਤੀ ਪ੍ਰਤੀਬੱਧਤਾ ਦਿਖਾਉਂਦਾ ਸੀ। ਇੱਕ ਵਾਰ ਉਹਨੇ ਆਖਿਆ ਸੀ, ''ਮੈਂ ਆਪਣੇ ਭੈਣ-ਭਰਾਵਾਂ ਨੂੰ ਪਾਲਣ-ਪੋਸ਼ਣ ਲੱਗ ਗਿਆ ... ਆਪ ਵਿਆਹ ਕਰੌਣ ਬਾਰੇ ਸੋਚਿਆ ਈ ਨਾ ... ਜਿੱਥੇ ਦਿਲ ਲੱਗਿਆ ਸੀ ... ਉਥੇ ਹੋਇਆ ਨਾ ... ਜਿੱਥੇ ਘਰਦੇ ਕਰਦੇ ਸੀ ... ਉਥੇ ਕਰਾਇਆ ਨਾ ... ਵੇਲਾ ਬੀਤ ਗਿਆ ... । ਫ਼ਰੀਦ ਮਹੁੰਮਦ ਫ਼ਰੀਦ ਨੂੰ ਉਹਨੇ ਆਪਣਾ ਮੁਰਸ਼ਦ ਤੇ ਆਦਰਸ਼ ਮੰਨਿਆ ਤੇ ਉਹਦਾ ਧਿਆਨ ਧਰ ਕੇ ਗਾਉਣ ਲੱਗਿਆ, ਇਹ ਗੱਲ ਕੋਈ 1970-71 ਦੀ ਹੋਵੇਗੀ। ਸਟੇਜ ਉਤੇ ਡਫ਼ਲੀ ਲਿਆਉਣ ਦਾ ਸਿਹਰਾ ਵੀ ਉਹਨੂੰ ਹੀ ਜਾਂਦਾ ਹੈ।" ਗਿੱਦੜਬਾਹਾ ਤੋਂ ਤੇਰਾਂ ਕਿਲੋਮੀਟਰ ਦੂਰ ਪੈਂਦੇ ਪਿੰਡ ਜੰਗੀਰਾਣਾ ਵਿੱਚ ਉਸ ਨੇ ਡਰਾਇੰਗ ਮਾਸਟਰੀ ਕੀਤੀ ਤੇ ਇੱਥੋਂ ਹੀ 31 ਮਾਰਚ 2010 ਦੇ ਦਿਨ ਸੇਵਾਮੁਕਤ ਹੋਇਆ। ਤੀਹ ਵਰ੍ਹੇ ਪਹਿਲਾਂ ਦੀ ਗੱਲ, ਜਦੋਂ ਅਬੋਹਰ ਇੱਕ ਮੰਚ ਉਤੇ ਗੁਰਦਾਸ ਮਾਨ ਤੇ ਹਾਕਮ ਸੂਫ਼ੀ ਨੇ ਇਕੱਠਿਆਂ ਗਾਇਆ ਸੀ 'ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਚੰਗੀ ਲਗਦੀ ਦੁਪੈਹਰ'। ਬੜਾ ਭਾਵੁਕ ਮਾਹੌਲ ਸਿਰਜਿਆ ਗਿਆ ਸੀ ਤੇ ਰਾਗ-ਰੰਗ ਦੇ ਖੇੜੇ ਵਿੱਚ ਡੁੱਬ ਕੇ ਦੋਵਾਂ ਦੀਆਂ ਅੱਖਾਂ ਭਿੱਜ ਗਈਆਂ ਸਨ। ਉਹ ਸਪੱਸ਼ਟ ਕਹਿੰਦਾ ਸੀ ਕਿ ਗੁਰਦਾਸ ਤੇ ਮੈਂ ਸਮਕਾਲੀ ਹਾਂ ਗੁਰੂ ਚੇਲਾ ਨਹੀਂ, ਅਸੀਂ ਨਿਆਣੇ ਹੁੰਦੇ ਕੱਠੇ ਗਾਉਂਦੇ ਤੇ ਖੇਡ੍ਹਦੇ ਰਹੇ। ਹਾਕਮ ਦੀ ਪਹਿਲੀ ਟੇਪ ਦਾ ਨਾਂ ਸੀ, 'ਮੇਲਾ ਯਾਰਾਂ ਦਾ'। 12 ਟੇਪਾਂ ਉਹਨੇ ਸੰਗੀਤ ਸੰਸਾਰ ਨੂੰ ਦਿੱਤੀਆਂ। ਬੜੀ ਦੇਰ ਪਹਿਲਾਂ ਦੀ ਗੱਲ, ਗੀਤਕਾਰ ਗੁਰਚਰਨ ਵਿਰਕ ਨੇ ਮੈਨੂੰ ਤੇ ਹਾਕਮ ਸੂਫ਼ੀ ਨੂੰ ਚੰਡੀਗੜ ਸੈਕਟਰ 17 ਦੇ ਸਰਗਮ ਸਟੂਡੀਓ ਬੁਲਾਇਆ ਤੇ ਹਾਕਮ ਦੀ ਟੇਪ 'ਕੋਲ ਬਹਿਕੇ ਸੁਣ ਸੱਜਣਾ' ਦੀ ਤਿਆਰੀ ਕੀਤੀ ਸੀ। ਅਨਮੋਲ ਕੰਪਨੀ ਵੱਲੋਂ ਪੇਸ਼ ਕੀਤੀ ਇਸ ਟੇਪ ਵਿੱਚ ਵਿੱਚ ਹਾਕਮ ਨੇ ਕੁੱਝ ਗਤਿ ਆਪਣੇ ਤੇ ਕੁੱਝ ਵਿਰਕ ਦੇ ਗਾਏ ਸਨ। 'ਯਾਰੀ ਜੱਟ ਦੀ' ਅਤੇ 'ਪੰਚਾਇਤ' ਫ਼ਿਲਮਾਂ ਤੇ ਕੁੱਝ ਹੋਰ ਫਿਲਮਾਂ ਵਿੱਚ ਵੀ ਉਸ ਨੇ ਅਦਾਕਾਰੀ ਵੀ ਕੀਤੀ ਤੇ ਗਾਇਆ ਵੀ। 'ਪਾਣੀ ਵਿੱਚ ਮਾਰਾਂ ਡੀਟਾਂ' ਵਾਲਾ ਗੀਤ ਉਹਦਾ ਸਭ ਤੋਂ ਵੱਧ ਹਰਮਨ-ਪਿਆਰਾ ਹੋਇਆ। 3 ਮਾਰਚ 1953 ਦੇ ਹਿਸਾਬ ਨਾਲ ਹੁਣ ਉਹਦੀ ਉਮਰ ਲਗਭਗ ਸੱਠ ਵਰ੍ਹੇ ਬਣਦੀ ਸੀ। ਪਿਤਾ ਦਾ ਨਾਂ ਕਰਤਾਰ ਸਿੰਘ ਤੇ ਮਾਂ ਦਾ ਨਾਂ ਗੁਰਦਿਆਲ ਕੌਰ। ਇੱਕ ਭਰਾ ਨਛੱਤਰ ਬਾਬਾ ਤੇ ਦੂਜਾ ਚੀਨਾ, ਇੱਕ ਮੇਜਰ ਦੀ ਬਹੁਤ ਪਹਿਲਾਂ ਮੌਤ ਹੋ ਗਈ ਸੀ। ਭੈਣਾਂ ਦੇ ਨਾਂ ਸ਼ਾਂਤੀ, ਇੰਦਰਜੀਤ ਕੌਰ, ਬਾਵੀ ਤੇ ਜਗਦੀਪ ਕੌਰ ਹਨ। ਕੁੱਝ ਸਾਲ ਹੋਏ, ਹਾਕਮ ਨੂੰ ਫ਼ਰੀਦਕੋਟ ਸੱਦਿਆ। ਉਸਤਾਦ ਜੀ ਦੀ ਯਾਦ ਵਿੱਚ ਮੇਲਾ ਸੀ। ਠੰਢ ਦੇ ਦਿਨਾਂ ਦੀ ਦੁਪਹਿਰ ਹਾਲੇ ਨਿੱਘੀ ਨਹੀਂ ਸੀ ਹੋਈ। ਉਸ ਨੇ ਗਾਇਆ, 'ਲੋਈ ਵੇ ਤੇਰੀ ਜਾਨ ਨੂੰ ਬੜਾ ਮੈਂ ਰੋਈ।' ਅਖਾੜਾ ਜੰਮਿਆਂ ਨਹੀਂ। ਹਾਕਮ ਕਹਿੰਦਾ, ''ਸਾਲੀ ਠੰਢ ਈ ਨਹੀਂ ਲਹਿੰਦੀ ਤੱਤੀ ਜਿਹੀ ਚਾਹ ਲਿਆਓ ਯਾਰ ... ।" ਹੁਣੇ ਜਿਹੇ ਮੈਂ ਗਿੱਦੜਬਾਹੇ ਗਿਆ ਤਾਂ ਉਸ ਦੀ ਬੜੀ ਯਾਦ ਆਈ ਤੇ ਦੇਰ ਪਹਿਲਾਂ ਮਨਪ੍ਰੀਤ ਟਿਵਾਣਾ ਦਾ ਉਸ ਵੱਲੋਂ ਗਾਇਆ ਗੀਤ ਤਾਜ਼ਾ ਹੋ ਉਠਿਆ, 'ਜਿੰਨ੍ਹਾਂ ਰਾਹਾਂ 'ਚੋਂ ਤੂੰ ਆਵੇਂ ਉਹਨਾਂ ਰਾਹਾਂ ਨੂੰ ਸਲਾਮ, ਤੇਰੇ ਸ਼ਹਿਰ ਵੱਲੋਂ ਆਉਦੀਆਂ ਹਵਾਵਾਂ ਨੂੰ ਸਲਾਮ।'
This e-mail address is being protected from spambots. You need JavaScript enabled to view it
