Thursday, 20 September 2012 09:41
Print PDF

ਅੰਕਲ ਜੀਤੇ ਨੇ ਆਪਣੀ ਬੇਟੀ ਨੂੰ ਰੋਂਦਿਆਂ ਕਿਹਾ ਸੀ, ''ਸੈਮੀ, ਬੇਟਾ ...  ਖਾ ਗਈ ਚੰਦਰੀ ਵਲੈਤ ਆਪਾਂ ਨੂੰ ... ।" ਉਸ ਰਾਤ ਅੰਕਲ ਨੂੰ ਅਪਸੈੱਟ ਹੋਇਆ ਦੇਖ ਮੈਂ ਵੀ ਕਾਫ਼ੀ ਬੇਚੈਨ ਰਿਹਾ ਸਾਂ ਕਿ ਇਹਨਾਂ ਲੋਕਾਂ ਨੂੰ ਨਾ ਏਥੇ ਚੈਨ ਹੈ, ਨਾ ਉਥੇ, ਕਿਹੜੇ ਮੁਲਕ ਵਿੱਚ ਆਵੇਗਾ ਚੈਨ ਇਹਨਾਂ ਨੂੰ? ਨਾ ਇਹਨਾਂ ਲੋਕਾਂ ਦਾ ਉਹੋ ਮੁਲਕ ਹੀ ਆਪਣੀ ਧਰਤੀ ਬਣਿਆ ਤੇ ਏਧਰਲੇ ਨੂੰ ਅਲਵਿਦਾ ਆਖ ਗਏ। ਹੁਣ ਆਉਂਦੇ ਹਨ ਤਾਂ ਕੁੱਝ ਦਿਨਾਂ ਲਈ ਓਪਰਿਆਂ ਵਾਂਗ। ਪੁਰਾਣੇ ਭੁੱਲ ਜਾਂਦੇ ਹਨ ਤੇ ਨਵੇਂ ਪਛਾਣਦੇ ਨਹੀਂ। ਕਿੰਨੀਆਂ ਹੀ ਵੱਖਰੀ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਘਿਰੇ ਹੋਏ ਨੇ ਇਹ ਪਰਵਾਸੀ ਪੰਜਾਬੀ! ਖ਼ੈਰ! ਸਮਾਜਕ, ਪਰਿਵਾਰਕ, ਸਭਿਆਚਾਰਕ ਅਤੇ ਹੋਰ ਕਈ ਸਮੱਸਿਆਵਾਂ।
ਸਾਡੀ ਮਲਵੱਈ ਸੇਵਾ ਅੰਕਲ ਦੇ ਮਨ ਨੂੰ ਚੰਗੀ ਲੱਗੀ ਸੀ। ਉਹ ਚਾਰ ਦਿਨ ਮੇਰੇ ਕੋਲ ਰਿਹਾ। ਉਸ ਦੇ ਝੋਰੇ-ਹੇਰਵੇ ਉਡ-ਪੁਡ ਗਏ ਸਨ ਕਿਧਰੇ! ਆਖਣ ਲੱਗਿਆ, ''ਮੈਨੂੰ ਵਲੈਤੋਂ ਆਏ ਨੂੰ ਚਾਰ ਮਹੀਨੇ ਹੋ ਗਏ ਆ ...  ਕੋਈ ਰਿਸ਼ਤੇਦਾਰ ਮਿਲਣ ਨ੍ਹੀਂ ਆਇਆ ...  ਕਾਰਨ ਇਹੋ ਆ ਵਈ ਸਭ ਨੂੰ ਪਤੈ ਕਿ ਜੀਤੇ ਨੇ ਕੱਖ ਨ੍ਹੀਂ ਦੇਣਾ ਸਾਨੂੰ ...  ਨਾ ਏਹਦੇ ਕੋਲ ਕਾਰ ਆ ...  ਨਾ ਫ਼ੋਨ ਆ ...  ਨਾ ਜੇਬ੍ਹ 'ਚ ਮਨੀ ਰੱਖਦਾ ਇਆ ...  ਨਾ ਸਾਡੇ ਕਿਸੇ ਬੱਚੇ ਨੂੰ ਵਲੈਤ ਖੜਨਾ ਇਆ ਏਹਨੇ ...  ਤੇ ਫੇ ਯੰਗਮੈਨ ਰਿਸ਼ਤੇਦਾਰਾਂ ਨੇ ਮੈਥੋਂ ਕੀ ਵੰਝ ਲੈਣਾ ਆ ...  ਸਭ ਨੂੰ ਪਤੈ ਆ ਵਈ ਵਲੈਤੋਂ ਆਇਆ ...  ਪਿੰਡ 'ਚ ਧੱਕੇ ਖਾਂਦਾ ਫ਼ਿਰਦਾ ਇਆ ...  ਫ਼ਿਰ ਮੁੜਜੇਗਾ।" ਦਸਦਾ ਹੋਇਆ ਅੰਕਲ ਖਿੜ-ਖਿੜ ਕੇ ਹੱਸ ਪਿਆ। ਘਰੋਂ ਤੁਰਨ ਲੱਗੇ ਤਾਂ ਮੇਰੀਆਂ ਕਿਤਾਬਾਂ ਵਿੱਚ ਪਈ ਅੰਕਲ ਨੇ

 ਪਾਤਰ ਸਾਹਬ ਦੀ ਇੱਕ ਕਿਤਾਬ ਮੰਗੀ। ਅੰਕਲ ਦਸਦਾ ਸੀ ਕਿ ਇੱਕ ਵਾਰ ਲੰਡਨ ਗਏ ਪਾਤਰ ਸਾਹਬ ਉਸ ਨੂੰ ਮਿਲੇ ਸੀ, ਉਹਨਾਂ ਉਥੇ ਇੱਕ ਗੀਤ ਵੀ ਗੁਣਗੁਾਇਆ ਸੀ, ਜਿਸ ਦੇ ਬੋਲ ਇਹ ਸਨ:
ਜੋ ਬਦੇਸ਼ਾਂ' ਚ ਰੁਲਦੇ ਨੇ ਰੋਜ਼ੀ ਲਈ
ਉਹ ਦੇਸ ਪਰਤਣਗੇ ਆਪਣੇ ਕਦੀ
ਕੁੱਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ
ਕੁੱਝ ਕਬਰਾਂ ਦੇ ਰੁੱਖ ਹੇਠਾਂ ਜਾ ਬਹਿਣਗੇ
ਕੁੱਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ
ਇਹ ਸੁਣਦਿਆਂ ਹਾਜ਼ਰੀਨ ਦੀਆਂ ਅੱਖਾਂ ਨਮ ਹੋ ਗਈਆਂ ਸਨ। ਅੰਕਲ ਆਪਣੀ ਭਾਰੀ ਆਵਾਜ਼ ਵਿੱਚ ਪਾਤਰ ਸਾਹਬ ਦੀ ਤਰਜ਼ 'ਤੇ ਗੀਤ ਦੇ ਬੋਲ ਗੁਣਗਣਾਉਣ ਲੱਗਿਆ ਤਾਂ ਉਹਦੀ ਆਵਾਜ਼ ਭਰੜਾ ਗਈ। ਅਸੀਂ ਪਿੰਡੋਂ ਬੱਸ ਵਿੱਚ ਚੱਲ ਪਏ।
ਬੜੇ ਹਲਕੇ-ਫ਼ੁਲਕੇ ਮੂਡ ਵਿੱਚੋਂ ਸਾਡੇ ਪਿੰਡੋ ਚੱਲੇ ਸਾਂ। ਜਦ ਅੰਕਲ ਦੇ ਘਰ ਲਾਗੇ ਆਏ ਤਾਂ ਡੇਅਰੀ ਵਾਲੇ ਮੁੰਡੇ ਸਾਡੀ ਉਡੀਕ ਕਰ ਹਰੇ ਸਨ। ਕੋਲ ਮਾਸਟਰ ਵੀ ਖੜ੍ਹਾ ਸੀ, ਗਲੀ ਦੀਆਂ ਇੱਕ ਦੋ ਤੀਵੀਆਂ ਵੀ ਖਲੋਤੀਆਂ ਸਨ। ਮਗਰੋਂ ਅੰਕਲ ਦਾ ਘਰ ਭੰਨ ਕੇ ਚੋਰ ਟੈਲੀਵੀਯਨ, ਸਿਲੰਡਰ, ਪਰੈੱਸ, ਵਲੈਤੀ ਪ੍ਰਿਫ਼ਿਊਮ, ਤੇ ਹੋਰ ਜੋ ਵੀ ਹੱਥ ਲੱਗਿਆ ਸੀ, ਸਭ ਲੈ ਗਏ ਸਨ। ਪੈਸਾ-ਟਕਾ ਜਾਂ ਟੂਮ-ਛੱਲਾ ਕੁੱਝ ਨਾ ਮਿਲਿਆ ਚੋਰਾਂ ਨੂੰ। ਜਾਂਦੇ ਹੋਏ ਚੋਰ, ਅੰਕਲ ਦੇ ਕੱਛੇ-ਬੁਨੈਣਾਂ ਵਿਹੜੇ ਵਿੱਚ ਖਿਲਾਰ ਗਏ ਸਨ। ਜਾਂਦੇ ਹੋਏ ਚੋਰ ਇੱਕ ਹੋਰ ਵਿਲੱਖਣ ਤੇ ਖਰੀ ਗੱਲ ਇਹ ਕਰ ਗਏ ਸਨ ਕਿ ਅੰਕਲ ਦੇ ਨਾਂ ਇੱਕ ਟੋਟਾ ਕਾਗਜ਼ ਲਿਖ ਕੇ ਬੈੱਡ ਉੱਤੇ ਧਰ ਗਏ ਸਨ- ''ਕਾਹਦੇ ਵਲੈਤੀ ਓ? ਟੱਟੂ ਦੇ? ਨੰਗ ਓ ਨੰਗ! ਅਸੀਂ ਤੇ ਬੜੀ ਆਸ ਨਾਲ ਆਏ ਸਾਂ ...  ਸਾਡੇ ਹੱਥ ਪੱਲੇ ਕੱਖ ਨਹੀਂ ਜੇ ਲੱਗਾ ...  ਤੇਰੇ ਗਲੇ-ਸੜੇ ਤੇ ਘਸੇ-ਪਿਟੇ ਕੱਛੇ- ਬੁਨੈਣਾਂ ਕੀ ਏਹੇ ਅਸੀਂ ਫੂਕਣੇ ਨੇ? ਏਦੂੰ ਚੰਗੇ ਕੱਪੜਿਆਂ ਨਾਲ ਤਾਂ ਅਸੀਂ ਜੁੱਤੀਆਂ ਸਾਫ਼ ਕਰਦੇ ਆਂ ...  ਬਣਿਆ ਫ਼ਿਰਦੈ, ਵੱਡਾ ਵਲੈਤੀਆ ... ! ਚਿੱਠੀ ਪੜ੍ਹ ਕੇ ਤੇ ਸਮਾਨ ਖਿੰਡਿਆ ਦੇਖ ਅੰਕਲ ਦਾ ਬੀ. ਪੀ. ਬਹੁਤ ਵੱਧ ਗਿਆ ਸੀ। ਉਹ ਪਿੱਟਣ ਲੱਗਿਆ, ''ਹਾਏ-ਹਾਏ ਇੰਡੀਆ ...  ਚੋਰਾਂ ਦੀ ਇੰਡੀਆ ...  ਕਮੀਨਿਆਂ ਦੀ ਇੰਡੀਆ ...  ਭੁੱਖਿਆਂ ਦੀ ਇੰਡੀਆ ...  ਨਾ-ਨਾ-ਨਾ ...  ਹੁਣ ਬਿਲਕੁਲ ਨੲ੍ਹੀਂ ਆਉਣਾ ਇੰਡੀਆ ...  ਘਰ-ਘਰ ਚੋਰ ...  ਗਲੀ-ਗਲੀ ਚੋਰ ...  ਪਿੰਡ-ਪਿੰਡ ਚੋਰ ...  ਹੁਣ ਨੲ੍ਹੀਂ ਰਹਿਣਾ ਇਆਂ ਏਥੇ ...  ਧੱਕੇ ਖਾ ਕੇ ਚੱਲਿਆ ਵਾਂ ...  ਹੁਣ ਨਈਂ ਆਉਣਾ ਇਆਂ ... ।"
ਅੰਕਲ ਹਫ਼ਿਆ ਪਿਆ ਸੀ। ਉਸ ਨੇ ਮਾਸਟਰ ਤੋਂ ਸੈੱਲ ਮੰਗਿਆ ਤੇ ਟਰੈਵਲ ਏਜੰਟ ਨੂੰ ਮਿਲਾਇਆ, ''ਹੈਲੋ-ਹੈਲੋ ...  ਮੋਂਗਾ ਜੀ ...  ਪਲੀਜ਼ ...  ਮੇਰੀ ਇਮੀਡੇਟਿਲੀ ਟਿਕਟ ਓਕੇ ਕਰੋ ...  ਮੈਂ ਜਾਣਾ ਇਆ ...  ਬਸ-ਬਸ ਮੋਂਗਾ ਜੀ ...  ਹੁਣ ਨ੍ਹੀ ਆਉਣਾ ਕਦੇ ... ।" ਅੰਕਲ ਰੋ ਪਿਆ। ਸਾਰੀ ਗੱਲ ਸੁਣਨ ਮਗਰੋਂ ਮੋਂਗਾ ਜੀ ਨੇ ਕੱਲ੍ਹ ਸਵੇਰੇ ਲਈ ਅੰਮ੍ਰਿਤਸਰ ਏਅਰ-ਪੋਰਟ ਤੋਂ ਟਿਕਟ ਓ. ਕੇ. ਕਰ ਦਿੱਤੀ ਸੀ। ਸਾਰੀ ਰਾਤ ਅੰਕਲ ਸੁੱਤਾ ਨਹੀਂ, ਚੋਰਾਂ ਨੂੰ ਗਾਲ੍ਹਾਂ ਕੱਢਦਾ ਰਿਹਾ ਸੀ। ਕਦੀ ਕਹਿੰਦਾ ਸੀ, ''ਆਹੀ ਚੋਰ ਆ ਸਾਲੇ ਡੇਅਰੀ ਵਾਲੇ ਛੋਕਰੇ ...  ਹੋਰ ਕੌਣ ਆਂ ... ? ਜਾਂ ਆਹੀ ਮਾਹਟਰ ਦੀ ਬੇੜੀ ਡੁੱਬੀ ਇਆ ...  ਕਿਸੇ ਨੂੰ ਭੇਜ ਕੇ ਕਾਰਾ ਕਰਵਾਇਆ ਲਗਦਾ ਇਆ ...  ਕੀ ਪਤਾ ਆ ਸਾਲੀ ਸ਼ੀਲ੍ਹਾ ਨੇ ਈ ਚੰਨ ਚੜ੍ਹਾਇਆ ਹੋਵੇ ...  ਆਪਣੇ ਕਿਸੇ ਯਾਰ ਨੂੰ ਕਹਿ ਕੇ ...  ਜੇ ਮੈਂ ਏਥੇ ਸੁੱਤਾ ਹੁੰਦਾ ਮੈਨੂੰ ਵੀ ਵੱਢ ਜਾਂਦੇ ਸਾਲੇ ...  ਬਸ ਹੁਣ ਵੇਚ ਦੇਣਾ ਆ ਘਰ ...  ਜੇ ਪੁਲੀਸ ਕੋਲ ਜਾਵਾਂਗੇ ਤਦ ਵੀ ਅਪਸੈੱਟ ਹੋਵਾਂਗੇ ...  ਓਨਾ ਚੋਰ ਨਈਂ ਲੈ ਕੇ ਗਏ ਜਿੰਨਾਂ ਪੁਲੀਸ ਨੇ ਲੈ ਲੈਣਾ ਇਆ ...  ਇੰਡੀਆ ਦੀ ਪੁਲੀਸ ਕਿਹੜਾ ਚੰਗੀ ਆ ...  ਹੇ ਮੇਰੀ ਇੰਡੀਆ ਤੇਰਾ ਰੱਬ ਈ ਰਾਖਾ ...  ਲਿਆ ਬਈ ਪਾ ਹੁਣ ਭੋਰਾ ਹੋਰ ...  ਸਾਲੀ ਟੈਨਸ਼ਨ ਕਿਹੜਾ ਲਹਿੰਦੀ ਆ ... ।" ਮੈਂ ਥੋੜ੍ਹੀ ਕੁ ਹੋਰ ਪਾ ਦਿੱਤੀ।
ਦੂਜੇ ਦਿਨ, ਅੰਕਲ ਦਾ ਬੈਗ ਟੈਕਸੀ 'ਚ ਧਰਿਆ। ਗੁਆਂਢੀ ਮਾਸਟਰ ਮਿਲਣ ਆਇਆ। ਅੰਕਲ ਕਹਿੰਦਾ, ''ਮਾਸਟਰ, ਮੇਰੀ ਕੋਠੀ ਸੇਲ 'ਤੇ ਲਾਦੇ ...  ਮੈਂ ਵਲੈਤ ਜਾ ਕੇ ਕਾਲ ਕਰੂੰਗਾ ਤੈਨੂੰ ...  ਮਾਹਟਰ ਮੈਂ ਹੁਣ ਕਦੀ ਨ੍ਹੀ ਆਉਣਾ ਏਥੇ ... ।" ਅੰਕਲ ਦੀ ਧਾਹ ਜਿਹੀ ਨਿਕਲ ਗਈ ਸੀ। ਮੈਨੂੰ ਉਸ 'ਤੇ ਬਹੁਤ ਤਰਸ ਆ ਰਿਹਾ ਸੀ॥ ਡੇਅ੍ਹਰੀ ਵਾਲੇ ਮੁੰਡੇ ਵੀ ਖਲੋਤੇ ਸਨ। ਗਲੀ ਦਾ ਹੋਰ ਕੋਈ ਨਹੀਂ ਸੀ ਆਇਆ। ਟੈਕਸੀ ਤੁਰ ਗਈ। ਮੈਂ ਵੀ ਬੱਸ ਅੱਡੇ ਵੱਲ ਨੂੰ ਤੁਰ ਪਿਆ ਸਾਂ। 'ਵਲੈਤੀ ਅੰਕਲ' ਨੂੰ ਪਏ 'ਦੇਸੀ ਧੱਕੇ' ਮੈਨੂੰ ਵੀ ਉਦਾਸ ਕਰ ਗਏ ਸਨ! ਸੋਚਦਾ ਜਾ ਰਿਹਾ ਸਾਂ ਕਿ ਹੁਣ ਜੀਤਾ ਅੰਕਲ ਕਦੀ ਨਹੀਂ ਪਿੰਡ ਆਏਗਾ ...  ਏਸ ਵਾਰ ਤਾਂ ਅੰਤਾਂ ਦਾ ਦੁਖੀ ਹੋ ਕੇ ਤੇ ਖਪ-ਕਲਪ ਕੇ ਗਿਆ ਹੈ। ਬਿਲਕੁਲ ਪੱਕਾ ਹੈ ਕਿ ਹੁਣ ਭਾਰਤ ਨਹੀਂ ਆਏਗਾ। ਏਨਾ ਬੁਝ ਕੇ, ਦੁਖੀ ਹੋ ਤੇ ਕਲਪ-ਖਿਝ ਕੇ ਗਿਆ ਹੈ।
ਡੇਢ ਮਹੀਨਾ ਬੀਤ ਗਿਆ ਸੀ। ਖ਼ੈਰ-ਸੁਖ ਜਾਨਣ ਲਈ ਮੈਂ ਫ਼ੋਨ ਕੀਤਾ। ਅੰਕਲ ਨੇ ਦੱਸਿਆ ਕਿ ਇੱਕ ਦਿਨ ਉਸੇ ਗੁਆਂਢੀ ਮਾਸਟਰ ਜੀ ਨੂੰ ਫ਼ੋਨ ਕੀਤਾ ਸੀ। ਕੋਠੀ ਨਹੀਂ ਵਿਕਦੀ ਪਈ। ਜੇ ਕੋਈ ਭਾਲਦੈ ਤਾਂ ਮੁਫ਼ਤੋ-ਮੁਫ਼ਤੀ ਭਾਲਦਾ ਹੈ, ਕੌਡੀਆਂ ਦੇ ਭਾਅ! ਰੈਂਟ ਉਤੇ ਦੇਣੀ ਨਹੀਂ ...  ਕਿਰਾਏ ਵਾਲੇ ਦੱਬ ਲੈਣਗੇ ...  ਜਾਂ ਭੰਨ-ਤੋੜ ਕਰਕੇ ਤੁਰਦੇ ਬਣਨਗੇ ...  ਯੰਗਮੈਨ, ਤੂੰ ਈ ਦੱਸ ਮੈਨੂੰ ...  ਕਿੰਨੇ ਚਾਵਾਂ ਨਾਲ ਹੱਥੀਂ ਏਨੇ ਪੈਹੇ ਲਾ ਕੇ ਬਣਾਈ ਕੋਠੀ. . ਇੱਦਾਂ ਕਿਵੇਂ ਦੇ ਦਿਆਂ? ਪਰ ਯੰਗਮੈਨ ਹੁਣ ਮੈਂ ਕਦੀ ਪੰਜਾਬ ਨਹੀਂ ਜੇ ਆਉਣਾ। ਹੁਣ ਤਾਂ ਹੱਡੀਆਂ ਈ ਆਉਣਗੀਆਂ ...  ਉਹ ਵੀ ਤਦੇ ਈ ਆਉਣਗੀਆਂ, ਜੇ ਕੋਈ ਸਿਆਣਾ ਧੀ-ਪੁੱਤ ਲੈ ਆਇਆ ਤਾਂ!
ਖ਼ੈਰ! ਕਈ ਮਹੀਨੇ ਲੰਘ ਗਏ ਸਨ, ਮੁੜ ਕਦੀ ਅੰਕਲ ਨਾਲ ਗੱਲਬਾਤ ਕਰਨ ਦਾ ਸਬੱਬ ਨਾ ਬਣਿਆ। ਏਧਰੋਂ ਮੈਂ ਵੀ ਆਸਟ੍ਰੇਲੀਆ ਜਾਣ ਦੀ ਤਿਆਰੀ ਕਰਨ ਲੱਗਿਆ ਹੋਇਆ ਸਾਂ। ਇੱਕ ਦਿਨ ਅੰਕਲ ਨਾਲ ਗੱਲ ਕਰਨ ਨੂੰ ਦਿਲ ਕੀਤਾ ਤਾਂ ਫ਼ੋਨ ਘੁੰਮਾ ਦਿੱਤਾ। ਲੰਬੀ ਸਾਰੀ ਰਿੰਗ ਗਈ। ਅੰਕਲ ਦੀ ਥਾਂਵੇ ਕਿਸੇ ਨੇ ਨਿਰੋਲ ਅੰਗਰੇਜ਼ੀ ਤੇ ਕਰਾਰੇ ਅੰਦਾਜ਼ ਵਿੱਚ 'ਹੈਲੋਅ' ਉਚਾਰੀ ਤੇ ਪੁੱਛਿਆ, ''ਤੁਸੀਂ ਕੌਣ?"
ਮੈਂ ਆਪਣੀ ਪਛਾਣ ਦੱਸੀ। ਅੱਗਿਓਂ ਅੰਕਲ ਦਾ ਪੋਤਾ ਗੈਰੀ ਬੋਲ ਰਿਹਾ ਸੀ। ਮੈਂ ਅੰਕਲ ਨਾਲ ਉਹਨੂੰ ਕਈ ਵਾਰੀ ਮਿਲਿਆ ਹੋਇਆ ਸਾਂ। ਗੈਰੀ ਆਖਣ ਲੱਗਿਆ, ''ਡੀਅਰ, ਏਸ ਘਰ 'ਚ ਹੁਣ ਮੈਂ ਤੇ ਮੇਰੀ ਗੋਰੀ ਫਰੈਂਡ ਜੈਨੀ ਰਹਿੰਦੇ ਆਂ ...  ਮੇਰੇ ਗਰੈਂਡ-ਫ਼ਾਦਰ ਤਾਂ ਥਿਰੀ ਮੰਥਸ ਤੋਂ ਪੱਕੇ ਈ ਇੰਡੀਆ ਮੂਵ ਹੋ ਗਏ ਆ ...  ਸਾਨੂੰ ਕਹਿ ਗਏ ਆ ਕਿ ਮੈਂ ਆਪਣੇ ਬਰਥ ਪਲੇਸ 'ਤੇ ਈ ਮਰਨਾ ਇਆ ...  ਤੁਸੀਂ ਉਹਨਾਂ ਨੂੰ ਪਿੰਡ ਜਾ ਕੇ ਮਿਲ ਲਓ ...  ਓਕੇ? ਬਾਏ-ਬਾਏ ...  ਥੈਂਕਸ ਡੀਅਰ ...  ਓਕੇ ਟੇਕ ਕੇਅਰ ... !" ਤੇ ਫ਼ੇਰ ਫ਼ੋਨ ਬੰਦ ਹੋ ਗਿਆ!
(ਛਪ ਰਹੀ ਸਫ਼ਰਨਾਮਾ-ਪੁਸਤਕ 'ਵੱਖਰੇ ਰੰਗ ਵਲੈਤ ਦੇ' ਵਿੱਚੋਂ ਕੁੱਝ ਅੰਸ਼)

Comments (0)

Write comment

smaller | bigger

busy
You are here:   Homeਲੜੀਵਾਰਬਾਵਾ ਬੋਲਦਾ ਹੈਕਿੱਥੇ ਆਵੇਗਾ ਚੈਨ!

Currency Converter

Amount:
From:
To:


Gurbani Radio


Gurbani - Sri Harmandir Sahib