Thursday, 27 September 2012 10:58
Print PDF

ਜਦ ਐਡੀਲਿਡ ਆਇਆ ਤਾਂ ਮਿੰਟੂ ਬਰਾੜ ਨਾਲ ਇੱਕ ਗੁਰੂ ਘਰ ਵਿੱਚ ਕੰਵਲਜੀਤ ਗਰੇਵਾਲ ਮਿਲਿਆ। ਉਸ ਦਿਨ ਉਥੇ ਬੱਚਿਆਂ ਦੇ ਦਸਤਾਰ ਮੁਕਾਬਲੇ ਹੋ ਰਹੇ ਸਨ ਤੇ ਉਹ ਮਿਲਡੂਰਾ ਤੋਂ ਐਡੀਲਿਡ ਨੂੰ ਵਾਹਵਾ ਵਾਟ ਘੱਤ ਕੇ ਬੱਚਿਆਂ ਨੂੰ ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਲੈ ਕੇ ਆਇਆ ਸੀ, ਤਾਂ ਕਿ ਬੱਚੇ ਆਪਣੇ ਧਰਮ ਅਤੇ ਵਿਰਸੇ ਪ੍ਰਤੀ ਜਾਗਰੂਕ ਰਹਿਣ। ਗਰੇਵਾਲ ਨੂੰ ਮਿਲ ਕੇ ਪਹਿਲੀ ਮਿਲਣੀ ਵਿੱਚ ਹੀ ਅੰਤਾਂ ਦੀ ਅਪਣੱਤ ਤੇ ਆਦਰ ਦਾ ਅਹਿਸਾਸ ਮਿਲਿਆ। ਉਸ ਨੇ ਸੱਦਾ ਦਿੱਤਾ ਮਿਲਡੂਰੇ ਆਉਣ ਦਾ। ਜੋ ਮੈਂ ਬੜੀ ਖੁਸ਼ੀ ਨਾਲ ਮੰਨਿਆ। ਮਿੰਟੂ ਬਾਈ ਤਾਂ ਰੁੱਝਿਆ ਹੋਇਆ ਸੀ ਤੇ ਮੇਰੇ ਨਾਲ ਜਾਣ ਲਈ ਤਿਆਰ ਹੋਏ ਪਏ ਮਿੱਤਰ ਜੋਗਿੰਦਰ ਕੁੰਦੀ ਤੇ ਕਾਮਰੇਡ ਅਮਰਿੰਦਰ ਰਿਊਨਾ। ਸਾਨੂੰ ਕੋਈ ਪੰਜ ਘੰਟੇ ਲੱਗਣੇ ਸਨ ਮਿਲਡੂਰੇ ਜਾਂਦਿਆਂ। ਕੂੰਦੀ ਨੇ ਆਪਣੀ ਕਾਰ ਦੇ ਪਹੀਏ ਬਦਲਵਾਏ ਤੇ ਹੋਰ ਲਿੱਪਾ-ਪੋਚੀ ਕੀਤੀ।
ਅਸੀਂ ਚੱਲ ਪਏ। ਮਿੰਟੂ ਬਾਈ ਨੇ ਰਸਤੇ ਵਿੱਚ ਪੈਂਦੇ ਕੁੱਝ ਹੋਰ ਟਾਊਨਾਂ ਉਤੇ ਆਪਣੇ ਮਿੱਤਰਾਂ ਨੂੰ ਸੁਨੇਹੇ ਲਾ ਦਿੱਤੇ ਸਨ ਸਾਡੇ ਆਉਣ ਬਾਰੇ। ਅਸੀਂ ਸਭ ਨੂੰ ਮਿਲਦੇ ਗਏ, ਵੇਲਾ ਖੁੱਲ੍ਹਾ ਸੀ, ਕਿਉਂਕਿ ਗਰੇਵਾਲ ਭਰਾਵਾਂ ਵੱਲੋਂ ਸਾਡੇ ਲਈ ਰੱਖਿਆ ਸਮਾਗਮ ਸ਼ਾਮ ਦਾ ਸੀ। ਰਿਵਰਲੈਂਡ ਆ ਗਿਆ। ਏਹ ਐਡੀਲਿਡ ਤੋਂ ਡੇਢ ਸੌ ਕਿਲੋਮੀਟਰ ਦੇ ਇਲਾਕੇ ਤੀਕ ਵਸਿਆ ਹੋਇਆ ਹੈ ਤੇ ਸਵਾ ਕੁ ਸੌ ਕਿਲੋਮੀਟਰ ਅਗਾਂਹ ਵਿਕਟੋਰੀਆ ਦੀ ਹੱਦ ਜਾ

ਲਗਦੀ ਹੈ। ਇੱਥੇ ਅਸੀਂ ਕੁੱਝ ਸਮਾਂ ਰੁਕਣਾ ਸੀ। ਅੰਗਰੇਜ਼ੀ ਅਖ਼ਬਾਰ 'ਰਿਵਰਲੈਂਡ ਵੀਕਲੀ' ਦੇ ਗੋਰੇ ਐਡੀਟਰ ਨੇ ਸਾਨੂੰ ਆਣ ਕੇ ਮਿਲਣਾ ਸੀ ਤੇ ਮੇਰਾ ਇੰਟਰਵਿਊ ਲੈਣਾ ਸੀ। ਇਸ ਦਾ ਪ੍ਰਬੰਧ ਹਰਵਿੰਦਰ ਸਿੰਘ ਗਰਚਾ ਨੇ ਕੀਤਾ ਹੋਇਆ ਸੀ। ਗਰਚਾ ਹਫ਼ਤੇ ਬਾਅਦ ਇੱਥੇ ਪੰਜਾਬੀ ਰੇਡੀਓ ਸਟੇਸ਼ਨ 'ਤੇ ਪੰਦਰਾਂ ਮਿੰਟ ਪੰਜਾਬੀਆਂ ਲਈ ਪ੍ਰੋਗਰਾਮ ਪੇਸ਼ ਕਰਦਾ ਹੈ, ਉਸ ਨੇ ਵੀ ਰੇਡੀਓ ਲਈ ਮੇਰੇ ਨਾਲ ਗੱਲਬਾਤ ਕਰਨੀ ਸੀ ਪਰ ਉਸ ਵਾਸਤੇ ਮੈਥੋਂ ਵੇਲਾ ਨਾ ਨਿਕਲ ਸਕਿਆ ਤੇ ਉਸ ਤੋਂ ਮਾਫ਼ੀ ਮੰਗ ਲਈ।
ਰੈਨਮਾਰਕ ਕਸਬਾ ਆਇਆ। ਨਿਰਾ ਸਵਰਗ। ਸਫ਼ਾਈ ਤੇ ਸੁੰਦਰਤਾ ਅੰਤਾਂ ਦੀ। ਹਰੇਵਾਈ ਚਾਰੇ ਪਾਸੇ। ਖੁੱਲ੍ਹਮ-ਖੁੱਲ੍ਹਾ ਰੈਨਮਾਰਕ ਕਸਬਾ। ਖਿੱਚ੍ਹਾਂ ਪਾਉਂਦੀ ਝੀਲ। ਇਵੇਂ ਦਾ ਹੀ ਬਿਲਕੁਲ ਲੱਗਿਆ ਰਿਵਰਲੈਂਡ। ਰੈਡ ਵਾਈਨ ਬਣਾਉਣ ਵਾਲੇ ਮਹਿੰਦਰ ਸਿੰਘ ਕਾਹਲੋਂ ਦੀ ਵਾਈਨਰੀ ਵਿੱਚ ਅਸੀਂ ਰੁਕੇ ਤੇ ਦੁਪਹਿਰ ਦਾ ਖਾਣਾ ਖਾਧਾ। ਬੜੀ ਵੱਡੀ ਸੀ ਵਾਈਨਰੀ ਤੇ ਪੰਜਾਬੀ ਕੰਮ ਕਰਦੇ ਸਨ। ਅੰਗੂਰਾਂ ਤੋਂ ਰੈਡ ਵਾਈਨ ਬਣਦੀ। ਕਿਵੇਂ ਬਣਦੀ? ਇਹ ਸਾਰਾ ਕੁੱਝ ਵੀ ਸਾਨੂੰ ਸਮਝਾਇਆ ਤੇ ਵਿਖਾਇਆ ਗਿਆ। ਕਾਹਲੋਂ ਸਾਹਿਬ ਨੇ ਆਪਣੇ ਗੁਆਂਢੀ ਵਾਈਨਰੀਆਂ ਵਾਲਿਆਂ ਨੂੰ ਵੀ ਹਾਕ ਮਾਰ ਲਈ ਕਿ ਆਪਣੇ ਆਪਣੇ ਕੰਮ ਛੱਡ ਕੇ ਆਜੋ ਅੱਧਾ ਘੰਟਾ ...  ਇੰਡੀਆਂ ਤੋਂ ਰਾਈਟਰ ਆਇਆ ਆ। ਅਸੀਂ ਉਥੇ ਘੰਟਾ ਕੁ ਰੁਕੇ, ਪੰਜਾਬ ਦੀ ਸਿਆਸਤ, ਬਾਬਿਆਂ ਆਦਿ ਤੋਂ ਲੈ ਕੇ ਵੱਖ ਵੱਖ ਵਿਸ਼ਿਆਂ 'ਤੇ ਬਹੁਤ ਗੱਲਾਂ ਹੋਈਆਂ।
ਰਾਹ ਵਿੱਚ ਆਇਆ ਨਿੱਕਾ ਜਿਹਾ ਟਰੂਰੋ ਪਿੰਡ ਮੈਨੂੰ ਕਦੇ ਨਹੀਂ ਭੁੱਲਦਾ, ਇਉਂ ਲੱਗਿਆ ਜਿਵੇਂ ਟਰੂਰੋ ਸਾਡੇ ਪਿੰਡਾਂ ਨੇੜਲਾ ਕਸਬਾ ਸਾਦਿਕ ਹੀ ਹੋਵੇ! ਟਰੂਰੋ ਪਿੰਡ 1863 ਵਿੱਚ ਵੱਸਿਆ ਸੀ। ਐਡੀਲਿਡ ਤੋਂ ਮਿਲਡੂਰੇ ਤੱਕ ਦਾ ਸਫ਼ਰ ਮੇਰੇ ਲਈ ਯਾਦਗਾਰੀ ਬਣ ਕੇ ਰਹਿ ਗਿਆ। ਕਿਸ-ਕਿਸ ਗੱਲ ਦਾ ਵਰਨਣ ਕਰਾਂ? ਰਾਹ ਵਿੱਚ ਕਿਤੇ-ਕਿਤੇ ਸੜਕ ਟੁੱਟੀ ਵੀ ਆਈ ਤਾਂ ਬੜੀ ਹੈਰਾਨੀ ਜਿਹੀ ਹੋਈ। ਕੁੰਦੀ ਕਾਰ ਦਬੱਲੀ ਜਾ ਰਿਹਾ ਸੀ। ਦੂਰ-ਦੂਰ ਤੀਕ ਧਰਤੀ ਹੀ ਧਰਤੀ ਪਸਰੀ ਦਿਸਦੀ ਸੀ। ਕਦੇ ਜੰਗਲ ਆ ਜਾਂਦਾ। ਕੁਦਰਤੀ ਦ੍ਰਿਸ਼ ਬਣਦੇ ਤੇ ਅਲੋਪ ਹੁੰਦੇ ਜਾਂਦੇ। ਉਚਾਣਾਂ-ਨੀਵਾਣਾਂ ਆਉਂਦੀਆਂ। ਦੂਰ-ਦੂਰ ਤੀਕ ਦਰੱਖ਼ਤ ਹੀ ਦਰੱਖ਼ਤ। ਕੌਣ ਲਾ ਗਿਆ ਏਨੀ ਦੂਰ-ਦੂਰ ਤੀਕ ਏਹ ਦਰੱਖ਼ਤ? ਕਿਵੇਂ ਲਾ ਗਿਆ ਏਨੇ ਦਰੱਖ਼ਤ? ਵੰਨ-ਸੁਵੰਨੀ ਸੋਚ ਦੀ ਤਰੰਗ ਪੈਦਾ ਹੁੰਦੀ। ਕਦੇ ਬੌਣੀ ਕਣਕ ਦਾ ਖੇਤ ਆ ਜਾਂਦਾ। ਕਣਕ ਦੀ ਫ਼ਸਲ ਦਾ ਰੰਗ ਵੀ ਭਿੰਨ-ਭਿੰਨ ਸੀ। ਕਿਤੇ ਗੂੜ੍ਹੀ ਹਰੀ ਕਣਕ ਦਾ ਖੇਤ, ਕਿਤੇ ਤੋਤੇ ਰੰਗੀ ਕਣਕ ਕਿਤੇ ਲੰਬੇ ਸਫ਼ੈਦੇ ਤੇ ਕਿਤੇ ਬਿਲਕੁਲ ਮਧਰੇ! ਜਿੱਧਰ ਦੇਖੋ, ਹਰਿਆਵਲ ਨੇ ਧਰਤੀ ਨੂੰ ਜੱਫੀ ਪਾ ਰੱਖੀ ਸੀ। ਕਿਤੇ ਅੰਗੂਰਾਂ ਤੇ ਸੰਤਰਿਆਂ ਦੇ ਖੇਤ ਆ ਜਾਂਦੇ। ਸੜਕ ਨੇੜੇ ਟਿੱਬਿਆਂ 'ਤੇ ਪਏ ਕੌੜ-ਤੁੰਮੇ ਦੇਖ ਕੇ ਮੈਨੂੰ ਆਪਣੇ ਪਿੰਡ ਦੇ ਖੇਤ ਯਾਦ ਆ ਗਏ। ਕਿਤੇ-ਕਿਤੇ ਬਦਾਮਾਂ ਦਾ ਖੇਤ ਆ ਜਾਂਦਾ। ਕਿਤੇ ਕਨੌਲਾ (ਸਰੋਂ ਦੇ ਖੇਤ) ਬਿਲਕੁਲ ਉਵੇਂ, ਜਿਵੇਂ ਪੰਜਾਬ ਦੇ ਖੇਤੀਂ ਖੜ੍ਹੀ ਹੁੰਦੀ ਹੈ, ਸਰ੍ਹੋਂ ਦੀ ਫ਼ਸਲ ...  ਪੀਲੀ-ਪੀਲੀ ...  ਦੂਰ ਤੀਕ ਗੂੜ੍ਹਾ ਪੀਲਾਪਣ ਦੇਖਿਆ ਇਵੇਂ ਲਗਦਾ ਸੀ ਜਿਵੇਂ ਧਰਤੀ ਮਾਤਾ ਨੇ ਪੀਲੀ ਚੁੰਨੀ ਓੜ ਰੱਖੀ ਹੋਵੇ! ਕਿਸੇ ਖੇਤ ਵਿੱਚ ਆਸਟ੍ਰੇਲੀਅਨ ਭੇਡਾਂ ਦੇ ਝੁੰਡ ਚਰਦੇ ਦਿਸਦੇ। ਕੋਈ ਲਾਲ ਮਿੱਟੀ ਵਾਲਾ ਖੇਤ ਵਾਹਿਆ ਹੋਇਆ ਨਜ਼ਰੀਂ ਪੈਂਦਾ। ਕਿਸੇ ਵਾਹੇ ਹੋਏ ਖੇਤ ਦੀ ਮਿੱਟੀ ਦਾ ਰੰਗ ਕਾਲਾ ਦਿਸਦਾ। ਪੰਜਾਬ ਵਾਂਗੂੰ ਸੜਕ ਦੁਆਲੇ ਸੰਤਰਿਆਂ ਦੇ ਖੇਤਾਂ ਦੇ ਮਾਲਕ ਸੰਤਰੇ ਵਿਕਣੇ ਰੱਖੀ ਬੈਠੇ ਸਨ, ਕੋਈ-ਕੋਈ ਕਾਰ ਰੁਕਦੀ ਤੇ ਸੰਤਰੇ ਖ਼੍ਰੀਦ ਕੇ ਤੁਰ ਜਾਂਦੀ।
ਕੁੰਦੀ ਨੇ ਦੱਸਿਆ ਕਿ ਆਹ ਪਿੰਡ ਦੀ ਬੇਕਰੀ ਹੈ, ਇੱਥੇ ਆ ਕੇ ਸਾਡੇ 98 ਪ੍ਰਤੀਸ਼ਤ ਲੋਕਾਂ ਨੇ ਬੜੀ ਕਰੜੀ ਮਿਹਨਤ ਕੀਤੀ ਹੈ। ਵਿਦਿਆਰਥੀ ਆਏ ਮੁੰਡੇ ਬੜੀ ਸਖ਼ਤ ਮਿਹਨਤ ਕਰਦੇ ਰਹੇ ਏਥੇ। ਕੰਮ ਹੁੰਦਾ ...  ਸੰਤਰੇ ਤੋੜਨੇ ...  ਅੰਗੂਰਾਂ ਦੇ ਖੇਤਾਂ ਵਿੱਚ ਵੇਲਾਂ ਤੋਂ ਪੱਤੇ ਲਾਹੁਣੇ। ਬੜਾ ਸਖ਼ਤ ਕੰਮ ਸੀ। ਅਸੀਂ ਇੱਕ ਜੰਗਲ ਵਿੱਚ ਵੜ ਗਏ। ਅਗਾਂਹ ਪੁਲ ਤੋਂ ਸੱਖਣਾ ਇੱਕ ਦਰਿਆ ਆਇਆ। ਇੱਕ ਵੱਡਾ ਬੇੜਾ ਤਿੰਨ ਕਾਰਾਂ ਲੱਦੀ ਸਾਡੇ ਵੱਲ ਆ ਰਿਹਾ ਸੀ। ਅਸੀਂ ਉਸ ਦੀ ਉਡੀਕ ਕਰਨ ਲੱਗੇ। ਉਹਨੇ ਕਾਰਾਂ ਕਿਨਾਰੇ 'ਤੇ ਲਾਹ ਦਿੱਤੀਆਂ ਤੇ ਸਾਡੇ ਸਮੇਤ ਚਾਰ ਹੋਰ ਚੜ੍ਹਾ ਲਈਆਂ ਤੇ ਤੁਰ ਪਿਆ ਦਰਿਆ ਪਾਰ ਕਰਵਾਉਣ। ਦੱਸਿਆ ਗਿਆ ਕਿ ਸਰਕਾਰ ਇੱਥੇ ਪੁਲ ਇਸ ਕਰ ਕੇ ਨਹੀਂ ਬਣਾ ਰਹੀ ਕਿ ਕੋਈ ਵਿਰਲਾ-ਟਾਂਵਾਂ ਹੀ ਇੱਧਰ ਲੰਘਣ ਲਈ ਆਉਂਦਾ ਹੈ। ਸਰਕਾਰ ਪੁਲ ਬਣਾ ਕੇ ਵਾਧੂ ਦਾ ਪੈਸਾ ਅਜਾਈਂ ਕਿਉਂ ਗਵਾਵੇ?
ਖ਼ੈਰ, ਆ ਗਿਆ ਮਿਲਡੂਰਾ ਪਿੰਡ। ਗਰੇਵਾਲ ਭਰਾਵਾਂ ਦੇ ਘਰ ਜਾ ਪੁੱਜੇ। ਸਾਰਾ ਪਰਿਵਾਰ ਬੜਾ ਮਿਲਾਪੜਾ। ਵਾਰ-ਵਾਰ ਆਣ ਕੇ ਗੁਰਸਿੱਖ ਬੱਚੇ ਵੀ ਮਿਲੇ। ਇਹਨਾਂ ਵੱਲੋਂ ਆਪਣੇ ਰੈਸਟੋਰੈਂਟ ਵਿੱਚ ਪ੍ਰੋਗਰਾਮ ਰੱਖਿਆ ਹੋਇਆ ਸੀ ਤੇ ਮਿਲਡੂਰੇ ਦੇ ਪਤਵੰਤੇ ਲੋਕ ਬੁਲਾਏ ਹੋਏ ਸਨ। ਗਰੇਵਾਲਾ ਦਾ ਆਟਾ ਤੇ ਬਦਾਮ ਸਾਰੀ ਆਸਟਰੇਲੀਆ ਵਿੱਚ ਮਸ਼ਹੂਰ ਹਨ। ਇਹਨਾਂ ਨੇ ਸਖਤ ਮਿਹਨਤ ਕੀਤੀ ਹੈ ਤੇ ਸਮਾਜ ਵਿੱਚ ਨਾਂ ਬਣਾਉਣ ਦੇ ਨਾਲ-ਨਾਲ ਆਪਣੇ ਕਾਰੋਬਾਰ ਵਿੱਚ ਬੜੀ ਮਿਹਨਤ ਕੀਤੀ ਹੈ। ਸਾਰੇ ਭਰਾਅ ਹੀ ਪਿਆਰ-ਸਤਿਕਾਰ ਵਿੱਚ ਪਰੁੱਚੇ ਹੋਏ। ਸਮਾਗਮ ਦੀ ਸਮਾਪਤੀ ਬਆਦ ਸਾਨੂੰ ਇੱਕ ਬੜੇ ਹੀ ਸ਼ਾਨਦਾਰ ਹੋਟਲ (ਫਾਈਵ ਸਟਾਰ ਤੋਂ ਵੀ ਵਧੇਰੇ ਸਹੂਲਤਾਂ ਵਾਲਾ) ਵਿੱਚ ਠਹਿਰਾਇਆ ਗਿਆ, ਜਿਹੜਾ ਦਰਿਆ ਦੇ ਕੰਢੇ 'ਤੇ ਪੈਂਦਾ ਸੀ। ਅਜਿਹੇ ਸ਼ਾਨਦਾਰ ਹੋਟਲ ਵਿੱਚ ਮੈਂ ਪਹਿਲੀ ਵਾਰ ਰੁਕ ਰਿਹਾ ਸਾਂ। ਸਵੇਰ ਨੂੰ ਗਰੇਵਾਲਾਂ ਦੇ ਭਾਈਵਾਲ ਬਚਿੱਤਰ ਸਿੰਘ ਮਾਵੀ ਦੇ ਫ਼ਾਰਮ 'ਤੇ ਬਰੇਕਫ਼ਾਸਟ ਕਰ ਕਰੇ ਅਸੀਂ ਵਾਪਿਸ ਐਡੀਲਿਡ ਨੂੰ ਚੱਲਣਾ ਸੀ ਤੇ ਰਾਹ ਵਿੱਚ ਪੈਂਦੇ ਗਰੇਵਾਲਾਂ ਦੇ ਫ਼ਾਰਮਾਂ 'ਤੇ ਵੀ ਫ਼ੇਰੀ ਪਾਉਣੀ ਸੀ। ਰਾਤ ਬਹੁਤ ਹੋ ਗਈ ਸੀ। ਕੁੰਦੀ ਤੇ ਅਮਰਿੰਦਰ ਨੇ ਫਰਿਜਾਂ ਦੇ ਮੂੰਹ ਖੋਲ੍ਹੇ ਤਾਂ ਵਾਈਨ ਤੇ ਬੀਅਰ ਦੀਆਂ ਬੋਤਲਾਂ ਹਾਕਾਂ ਮਾਰ ਰਹੀਆਂ ਸਨ। ਮਿਲਡੂਰੇ ਦੀਆਂ ਰੌਣਕਾਂ ਅਜੇ ਵੀ ਮਨ ਵਿੱਚੋਂ ਫਿੱਕੀਆਂ ਨਹੀਂ ਪਈਆਂ ਸਗੋਂ ਇਸ ਯਾਤਰਾ ਦੀ ਤਾਜ਼ਗੀ ਵਿੱਚ ਵਾਧਾ ਹੋਇਆ ਹੈ।

ਗਰੇਵਾਲ ਭਰਾਵਾਂ ਵੱਲੋਂ ਰਚਾਏ ਸਮਾਗਮ ਵਿੱਚ ਸਨਮਾਨ ਦਾ ਦ੍ਰਿਸ਼
This e-mail address is being protected from spambots. You need JavaScript enabled to view it

Comments (0)

Write comment

smaller | bigger

busy
You are here:   Homeਲੜੀਵਾਰਬਾਵਾ ਬੋਲਦਾ ਹੈਮਿਲਡੂਰੇ ਨੂੰ ਜਾਂਦਿਆਂ

Currency Converter

Amount:
From:
To:


Gurbani Radio


Gurbani - Sri Harmandir Sahib