Friday, 05 October 2012 11:15
Print PDF

ਅਮਰ ਨੂਰੀ ਦੇ ਪਿਤਾ ਸ਼੍ਰੀ ਰੌਸ਼ਨ ਸਾਗਰ ਨੂੰ ਮੈਂ ਸਿਰਫ਼ ਇੱਕੋ ਤੇ ਆਖ਼ਰੀ ਵਾਰ ਮਿਲਿਆ ...  ਉਹ ਵੀ ਕਿਸੇ ਸੁਪਨੇ ਵਾਂਗੂੰ ...  ਦੋ ਪਲਾਂ ਲਈ! ਉਸ ਦਾ ਰੋਪੜ ਵਾਲਾ ਐਡਰੈਸ ਹੀ ਨੋਟ ਕਰ ਸਕਿਆ ਸੀ। ਉਸ ਦਿਨ ਉਹ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਲਗਾਏ ਗਏ ਯਾਦਗਾਰੀ ਮੇਲੇ ਵਿੱਚ ਆਇਆ ਹੋਇਆ ਸੀ। ਮੇਲੇ ਮੌਕੇ ਭੀੜ ਬੜੀ ਸੀ। ਰੌਸ਼ਨ ਸਾਗਰ ਉਸਤਾਦ ਜੀ ਦਾ ਪੁਰਾਣਾ ਚੇਲਾ ਸੀ। ਉਹ ਬੜੀ ਦੇਰ ਮਗਰੋਂ ਉਹਨਾਂ ਦੇ ਪਰਿਵਾਰ ਕੋਲ ਉਸਤਾਦ ਜੀ ਦਾ ਅਫ਼ਸੋਸ ਕਰਨ ਲਈ ਆਇਆ ਸੀ।
ਥੋੜ੍ਹੇ ਦਿਨਾਂ ਬਾਅਦ ਮੈਂ ਉਸ ਨੂੰ ਚਿੱਠੀ ਲਿਖੀ, ਜਿਸ ਰਾਹੀਂ ਉਸ ਤੋਂ ਉਹਦੀ ਇੱਕ ਫ਼ੋਟੋ ਤੇ ਸੰਖੇਪ ਜੀਵਨ ਵੇਰਵਾ ਮੰਗਿਆ ਸੀ, ਤਾਂ ਕਿ ਉਹ ਉਸਤਾਦ ਜੀ ਦੇ ਚੇਲਿਆਂ ਬਾਰੇ ਛੱਪ ਰਹੀ ਮੇਰੀ ਕਿਤਾਬ ਵਿੱਚ ਸ਼ਾਮਿਲ ਹੋ ਸਕੇ। ਉਸ ਨੇ ਬੜੀ ਹੀ ਫ਼ੁਰਤੀ ਨਾਲ ਚਿੱਠੀ ਦਾ ਜਵਾਬ ਦਿੱਤਾ ਸੀ। ਆਪਣੀ ਇੱਕ ਬੜੀ ਪੁਰਾਣੀ ਕਾਲੀ-ਚਿੱਟੀ ਫ਼ੋਟੋ ਤੇ ਕੁੱਝ ਬਹੁਤ ਹੀ ਸੰਖੇਪ ਵਿੱਚ ਗੱਲਾਂ-ਬਾਤਾਂ ਲਿਖ ਘੱਲੀਆਂ ਸਨ। ਸਾਲ 1994 ਵਿੱਚ ਛਪੀ ਮੇਰੀ ਪਹਿਲੀ ਕਿਤਾਬ 'ਤੂੰਬੀ ਦੇ ਵਾਰਿਸ' ਵਿੱਚ ਪੰਨਾ 135 ਉਤੇ ਉਸ ਬਾਰੇ ਡੰਗ ਸਾਰਨ ਜੋਕਰਾ ਲਿਖ ਸਕਿਆ ਸਾਂ। ਉਸ ਅਡਰੈਸ ਉੱਤੇ ਡਾਕ ਰਾਹੀਂ ਉਸ ਨੂੰ ਕਿਤਾਬ ਘੱਲੀ। ਕੋਈ ਜਵਾਬ ਨਾ ਆਇਆ। ਬੜੀ ਦੇਰ ਹੋਈ ਸਰਦੂਲ ਤੇ ਨੂਰੀ ਦੇ ਘਰ ਖੰਨੇ, ਕੁਲਦੀਪ ਸਿੰਘ ਬੇਦੀ ਹੁਰਾਂ ਨਾਲ ਗਿਆ ਸਾਂ ਤਾਂ ਨੂਰੀ ਨੇ ਬੜੇ ਮਾਣ ਜਿਹੇ ਨਾਲ ਦੱਸਿਆ ਸੀ ਕਿ ਪਾਪਾ ਜੀ ਬਾਰੇ ਤੁਸੀਂ ਲਿਖਿਆ ਸੀ ਕਿਤਾਬ ਵਿੱਚ ਤਾਂ ਉਹ ਬੜੇ ਖ਼ੁਸ਼ ਹੋਏ ... ।
... . ਤੇ ਬੱਸ, ਏਨੀ ਥੋੜ੍ਹ ਕੁ ਚਿਰੀ ਜਿਹੀ ਸਾਂਝ ਰਹੀ ਰੌਸ਼ਨ ਸਾਗਰ ਨਾਲ। ਇੱਕ ਦੁਪਿਹਰੇ ਅਕਾਸ਼ਵਾਣੀ ਜਲੰਧਰ ਤੋਂ ਪ੍ਰੋਗਰਾਮ

ਪ੍ਰਸਾਰਿਤ ਹੋ ਰਿਹਾ ਸੀ, ਨਾਂ ਸੀ- 'ਨਿੱਕੇ ਨਿੱਕੇ ਅੰਬਰ' ਤੇ ਉਸ ਨੂੰ ਪੇਸ਼ ਕਰ ਰਹੀ ਸੀ ਰਸ਼ਮੀ ਖੁਰਾਣਾ। ਰੌਸ਼ਨ ਸਾਗਰ ਨਾਲ ਮੁਲਾਕਾਤ ਪ੍ਰਸਾਰਿਤ ਕੀਤੀ ਜਾ ਰਹੀ ਸੀ। ਉਸ ਨੂੰ ਨਿੱਕੇ-ਨਿੱਕੇ ਸਵਾਲ ਕੀਤੇ ਜਾ ਰਹੇ ਸਨ। ਉਹ ਬੜੇ ਠਰੰਮ੍ਹੇ ਨਾਲ ਜਵਾਬ ਦੇਈ ਜਾ ਰਿਹਾ ਸੀ। ਉਸ ਨੇ ਦੱਸਿਆ ਸੀ ਕਿ ਕੁੱਝ ਲੋਕ ਉਸ ਨੂੰ ਰੌਸ਼ਨ ਲਾਲ ਸਾਗਰ ਤੇ ਕੁੱਝ ਰੌਸ਼ਨ ਖ਼ਾਂ ਸਾਗਰ, ਤੇ ਕੁੱਝ ਰੌਸ਼ਨ ਸਿੰਘ ਸਾਗਰ ਤੇ ਬਹੁਤੇ ਰੌਸ਼ਨ ਸਾਗਰ ਹੀ ਸੱਦਦੇ ਹਨ। ਪ੍ਰੋਗਰਾਮ ਵਿੱਚ ਉਸ ਨੇ ਕੁੱਝ ਬੋਲ ਗੁਣ ਗੁਣਾ ਕੇ ਵੀ ਸੁਣਾਏ ਸਨ, ਜੁ ਇੰਝ ਸਨ:
ਰਾਤਾਂ ਕਾਲੀਆਂ ਕੱਲੀ ਨੂੰ ਡਰ ਆਵੇ
ਸੱਸੇ ਨੀ ਮੰਗਾਂਦੇ ਢੋਲ ਨੂੰ ...
ਉਸਤਾਦ ਯਮਲਾ ਜੀ ਦੀ ਗਾਇਨ ਸ਼ੈਲੀ ਦਾ ਰੰਗ ਤਾਜ਼ਾ ਹੋ ਗਿਆ ਸੀ। ਇਹ ਛੋਟੀ ਜਿਹੀ ਮੁਲਾਕਾਤ ਮੈਨੂੰ ਬੜੀ ਪਿਆਰੀ ਲੱਗੀ ਤੇ ਮੈਂ ਰਸ਼ਮੀ ਖੁਰਾਣਾ ਨੂੰ ਪੋਸਟ ਕਾਰਡ ਉਤੇ ਧੰਨਵਾਦੀ ਬੋਲ ਲਿਖੇ। ਕਿੰਨੇ ਹੀ ਵਰ੍ਹੇ ਬੀਤ ਗਏ ਨੇ ਇਹਨਾਂ ਸਾਰੀਆਂ ਗੱਲਾਂ ਨੂੰ। ਸੋਚਦਾ ਹਾਂ ਕਿੰਨਾ ਤੇਜ਼-ਤੇਜ਼ ਦੌੜਦਾ ਜਾ ਰਿਹਾ ਹੈ ਸਮਾਂ।
ਰੋਸ਼ਨ ਸਾਗਰ ਦੀ ਜ਼ਿੰਦਗੀ 'ਤੇ ਸੰਖੇਪ ਜਿਹੀ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਉਹਨੇ ਜ਼ਿੰਦਗੀ ਵਿੱਚ ਬੜੇ ਮਾੜੇ ਦਿਨ ਵੀ ਦੇਖੇ ਹੋਏ ਸਨ। ਪਰ ਹੁਣ ਉਹ ਸੁਖੀ ਸੀ ਤੇ ਬੱਚੇ ਸਭ ਸੈਟ ਸਨ। ਆਪਣੇ ਜੀਵਨ ਦੇ ਕਈ ਸਾਲ ਉਹਨੇ ਮਹਾਨ ਹਸਤੀ ਸੰਤ ਸਿੰਘ ਮਸਕੀਨ ਨਾਲ ਵੀ ਬਿਤਾਏ। ਸਾਗਰ ਹਾਲੇ ਬਹੁਤ ਨਿੱਕਾ ਸੀ, ਜਦ ਪਿਓ ਮਰ ਗਿਆ। ਗੋਡੇ-ਗੋਡੇ ਗ਼ਰੀਬੀ ਸੀ। ਆਪਣੇ ਨਾਨਕੇ ਪਿੰਡ ਦੰਘੇੜੀਆਂ ਚਲਾ ਗਿਆ। ਮਾਮਾ ਮੱਝਾਂ-ਗਾਵਾਂ ਚਾਰਦਾ ਸੀ, ਉਹ ਵੀ ਮਾਮੇ ਨਾਲ ਜਾਣ ਲੱਗਿਆ। ਖੇਤਾਂ ਵਿੱਚ ਗਾਇਆ ਕਰੇ। ਬਹੁਤਾ ਉਹ 'ਬਾਲੋ ਮਾਹੀਆ' ਗਾਉਂਦਾ-
ਗੱਡੀ ਆ ਗਈ ਟੇਸ਼ਨ 'ਤੇ,
ਪਰ੍ਹਾਂ ਹਟ ਵੇ ਬਾਬੂ ਸਾਨੂੰ ਮਾਹੀਆ ਵੇਖਣ ਦੇ ...
ਲੋਕਾਂ ਨੇ ਬਾਲਕ ਰੌਸ਼ਨ ਦਾ ਨਾਂ ਹੀ 'ਬਾਲੋ' ਪਕਾ ਦਿੱਤਾ। ਨਿੱਕੇ ਬਾਲਕ ਦੀ ਆਵਾਜ਼ ਬੜੀ ਮਧੁਰ ਸੀ ਤੇ ਲੋਕ ਰੁਪੱਈਏ ਦੇ ਕੇ ਉਸ ਦਾ ਹੌਸਲਾ ਵਧਾਉਂਦੇ ਸਨ। ਰੌਸ਼ਨ ਦਾ ਚਾਚਾ ਚੰਡੀਗੜ ਵਿੱਚ ਮਜ਼ਦੂਰੀ ਕਰਦਾ ਸੀ। ਤੁਰਦਾ-ਫ਼ਿਰਦਾ ਉਹ ਚਾਚੇ ਪਾਸ ਚਲਿਆ ਗਿਆ। ਲੋਕਾਂ ਦੇ ਘਰ ਬਣਾਉਣ ਦਾ ਕੰਮ ਕਰਦੇ ਤੇ ਪੈਸੇ ਵੀ ਕੋਈ ਖ਼ਾਸ ਨਾ ਮਿਲਦੇ, ਸਿਰਫ਼ ਦੋ ਰੁਪਈਏ ਦਿਹਾੜੀ ਮਿਲਦੀ। ਰੋਸ਼ਨ ਵੀ ਚਾਚੇ ਨਾਲ ਕੰਮ ਵਿੱਚ ਹੱਥ ਵਟਾਉਂਦਾ। ਇੰਝ ਹੀ ਤੁਰਦਾ-ਤੁਰਾਉਂਦਾ ਉਹ ਲੁਧਿਆਣੇ ਉਸਤਾਦ ਯਮਲਾ ਜੀ ਕੋਲ ਆ ਗਿਆ। ਉਸਤਾਦੀ-ਸ਼ਾਗਿਰਦੀ ਦੀ ਰਸਮ ਕੀਤੀ। ਤੂੰਬੀ 'ਤੇ ਹੱਥ ਸਿੱਧੇ ਕੀਤੇ। ਨਿੱਕੇ-ਮੋਟੇ ਪ੍ਰੋਗਰਾਮ ਕਰਨ ਲੱਗ ਪਿਆ। ਪਹਿਲੀ ਵਾਰੀ ਗੁਰਦੁਆਰੇ ਭੱਠਾ ਸਾਹਬ ਵਿੱਚ ਇੱਕ ਧਾਰਮਿਕ ਗੀਤ ਗਾਇਆ ਤਾਂ ਲੋਕ ਅਸ਼-ਅਸ਼ ਕਰ ਉੱਠੇ। ਸਮਾਂ ਪਾ ਕੇ ਕੁੱਝ ਗੀਤ ਵੀ ਰਿਕਾਰਡ ਹੋ ਗਏ। ਦੱਸਿਆ ਗਿਆ ਹੈ ਕਿ ਉਸ ਦੇ ਗਾਏ ਗੀਤਾਂ ਦੀ ਗਿਣਤੀ ਤੀਹ-ਬੱਤੀ ਦੇ ਕਰੀਬ ਹੈ। 'ਸਾਗਰ 'ਚ ਤਰਦੇ ਅਫ਼ਸਾਨੇ' ਨਾਂ ਹੇਠ ਉਹਨੇ ਆਪਣੀਆਂ ਸਾਹਿਤਕ ਕਿਰਤਾਂ ਦੀ ਕਿਤਾਬ ਵੀ ਛਪਵਾਈ। ਢਾਡੀ ਦਇਆ ਸਿੰਘ ਦਿਲਬਰ ਤੇ ਅਮਰ ਸਿੰਘ ਸ਼ੌਕੀ ਦੀ ਸੰਗਤ ਵੀ ਸਮੇਂ-ਸਮੇਂ ਮਾਣਦਾ ਰਿਹਾ। ਉਸ ਨੇ ਫਿਲ਼ਮ 'ਬਦਲਾ ਜੱਟੀ ਦਾ' ਵਿੱਚ ਇੱਕ ਬਜ਼ੁਰਗ ਦਾ ਰੋਲ ਵੀ ਨਿਭਾਇਆ। 'ਗੱਭਰੂ ਪੰਜਾਬ ਦਾ' ਅਤੇ 'ਹਿੰਦੋਸਤਾਨ' ਫਿਲਮਾਂ ਵਿੱਚ ਵੀ ਭੂਮਿਕਾਵਾਂ ਨਿਭਾਈਆਂ। ਉਸਤਾਦ ਯਮਲਾ ਜੀ ਦੀ ਗਾਇਨ ਸ਼ੈਲੀ ਦਾ ਰੰਗ ਆਖਿਰ ਤੀਕ ਨਾ ਲੱਥਾ। ਪਹਿਲੋਂ ਦੀਆਂ ਗੱਲਾਂ ਹਨ, ਰਾਂਚੀ ਵਿੱਚ ਪ੍ਰੋਗਰਾਮ ਤੋਂ ਉਸ ਨੂੰ ਉਦੋਂ ਤਿੰਨ ਹਜ਼ਾਰ ਰੁਪਏ ਦਾ ਇਨਾਮ ਮਿਲਿਆ ਤਾਂ ਉਸ ਤੋਂ ਖ਼ੁਸ਼ੀ ਚੱਕੀ ਨਹੀਂ ਸੀ ਜਾਂਦੀ। ਉਹਨੇ ਇੱਕ ਥਾਂ ਲਿਖਿਆ ਸੀ ਕਿ ਉਸ ਦੀ ਧੀ ਨੂਰੀ ਨੇ ਹੁਣ ਕਿਤੇ ਜਾ ਕੇ ਉਸ ਨੂੰ 'ਸੁਖ ਦਾ ਸਾਹ' ਦਿਵਾਇਆ ਹੈ। ਉਹ ਆਪਣੀ ਧੀ 'ਤੇ ਬੜਾ ਮਾਣ ਕਰਦਾ ਸੀ। ਉਸ ਦੇ ਤਿੰਨ ਮੁੰਡੇ ਤੇ ਦੋ ਧੀਆਂ ਹਨ। ਪਤਨੀ ਦਾ ਨਾਂ ਸ਼੍ਰੀਮਤੀ ਬਿਮਲਾ ਦੇਵੀ ਹੈ।
ਇੱਕ ਦਿਨ ਜੱਸੋਵਾਲ ਸਾਹਬ ਦਾ ਫ਼ੋਨ ਆਇਆ ਕਿ ਰੋਪੜ ਜਾਣਾ ਹੈ, ਅਮਰ ਨੂਰੀ ਦੇ ਪਿਤਾ ਜੀ ਤੇ ਤੇਰੇ ਗੁਰਭਾਈ ਰੌਸ਼ਨ ਸਾਗਰ ਚੱਲ ਵੱਸੇ ਐ।" ਅਸੀਂ ਜਦ ਉਹਨਾਂ ਦੇ ਘਰ ਪੁੱਜੇ ਤਾਂ ਵਿਹੜੇ ਵਿੱਚ ਅੰਤਾਂ ਦਾ ਸੋਗ ਸੀ। ਉਸ ਦੇ ਧੀਆਂ-ਪੁੱਤਰ ਤੇ ਪਤਨੀ ਹੁੱਭ-ਹੁੱਭ ਕੇ ਚੇਤੇ ਕਰ ਰਹੇ ਸਨ ਉਸ ਨੂੰ। ਮੈਂ ਆਪਣੀ ਉਹ ਕਿਤਾਬ ਦੀ ਕਾਪੀ ਵੀ ਪਰਿਵਾਰ ਲਈ ਨਾਲ ਲੈ ਕੇ ਗਿਆ ਸੀ ਜਿਸ ਵਿੱਚ ਉਸ ਬਾਰੇ ਅਠਾਰਾਂ ਵਰ੍ਹੇ ਪਹਿਲਾਂ ਲਿਖ ਚੁੱਕਾ ਸਾਂ। ਕਿਤਾਬ ਵਿੱਚ ਛਪੀ ਉਸ ਦੀ ਜਵਾਨੀ ਵੇਲੇ ਦੀ ਫ਼ੋਟੋ ਦੇਖ ਪਰਿਵਾਰ ਨੂੰ ਉਸ ਦੀ ਯਾਦ ਹੋਰ ਸ਼ਿੱਦਤ ਨਾਲ ਆਉਣ ਲੱਗੀ ਸੀ। 13 ਸਤੰਬਰ ਨੂੰ ਉਹ ਕਿਸੇ ਅਗੰਮੀ ਸੰਸਾਰ ਵਿੱਚ ਜਾ ਬਿਰਾਜਿਆ। ਵੀਹ ਸਾਲ ਪਹਿਲਾਂ ਹੋਈ ਕੁੱਝ ਪਲਾਂ ਦੀ ਮਿਲਣੀ ਅੱਜ ਵੀ ਕਿਸੇ ਫ਼ਿਲਮ ਦੇ ਸੀਨ ਵਾਂਗ ਯਾਦ ਹੈ। ਸਾਥੋਂ ਇੱਕ ਪੁਰਾਣਾ ਤੇ ਸੁਲਝਿਆ ਹੋਇਆ ਫ਼ਨਕਾਰ ਚਲਾ ਗਿਆ, ਜਿਸ ਦਾ ਢੁਕਵਾਂ ਮਾਣ-ਸਨਮਾਨ ਕਰਨ ਤੋਂ ਅਸੀਂ ਸਾਰੇ ਖੁੰਝ ਗਏ ਹਾਂ, ਇਸਦਾ ਪਛਤਾਵਾ ਰਹੇਗਾ!

ਰੌਸ਼ਨ ਸਾਗਰ ਦੀ ਪਤਨੀ ਨੂੰ ਪੁਸਤਕ ਭੇਟ ਕਰਦੇ ਹੋਏ ਨਿੰਦਰ ਤੇ ਸ੍ਰ ਜੱਸੋਵਾਲ

Comments (0)

Write comment

smaller | bigger

busy
You are here:   Homeਲੜੀਵਾਰਬਾਵਾ ਬੋਲਦਾ ਹੈਸੁਲਝਿਆ ਹੋਇਆ ਫ਼ਨਕਾਰ ਸੀ ਰੌਸ਼ਨ ਸਾਗਰ

Currency Converter

Amount:
From:
To:


Gurbani Radio


Gurbani - Sri Harmandir Sahib