Thursday, 11 October 2012 15:26
Print PDF

ਸੁਕੀਰਤ ਦੀ ਈਮੇਲ ਆਈ ਹੈ, ''ਅਨੰਦ ਸਾਹਬ ਤੇਰੀ ਕਿਤਾਬ ਬੜੀ ਦਿਲਚਸਪੀ ਨਾਲ ਪੜ੍ਹ ਰਹੇ ਨੇ ...  ਪੜ੍ਹਦੇ ਹੋਏ ਕਦੇ ਹੱਸਣ ਲੱਗ ਜਾਂਦੇ ਨੇ, ਕਿਤਾਬ ਉਹਨਾਂ ਦੇ ਕੋਲ ਹੈ।" ਪਿੱਛੇ ਜਿਹੇ ਜਦ ਜਲੰਧਰ ਘਰ ਮਿਲਣ ਗਿਆ ਸਾਂ ਤਾਂ ਬੀਜੀ ਉਰਮਿਲਾ ਨੇ ਪੂਰੀ ਤਾਕੀਦ ਨਾਲ ਕਿਹਾ ਸੀ ਕਿ ਧੀਰ ਜੀ ਵਾਲੀ ਕਿਤਾਬ ਸਾਨੂੰ ਜਲਦੀ ਕੋਰੀਅਰ ਕਰ ਦੇਵੀਂ ...  ਧੀਰ ਜੀ ਸਾਡੇ ਬੜੇ ਕਲੋਜ਼ ਸਨ ਤੇ ਅਸੀਂ ਤੇਰੀ ਉਹਨਾਂ ਬਾਰੇ ਕਿਤਾਬ ਪੜ੍ਹਨੀ ਏ। ਇਹਨਾਂ ਦੀ ਨੇੜਤਾ ਦਾ ਅਹਿਸਾਸ ਅਨੰਦ ਸਾਹਿਬ ਦਾ ਧੀਰ ਜੀ ਬਾਰੇ ਲਿਖੇ ਇੱਕ ਬਹੁਤ ਪੁਰਾਣੇ ਲੇਖ ਤੋਂ ਸਹਿਜੇ ਹੀ ਹੋ ਜਾਂਦਾ ਹੈ, ਜਿਸ ਦਾ ਸਿਰਲੇਖ ਸੀ- 'ਮੱਥਾ ਚੁੰਮਾਂ ਕਿ ਕਲਮ'। ਮੈਂ ਘਰ ਜਾਣ ਸਾਰ ਕਿਤਾਬ ਕੋਰੀਅਰ ਕਰ ਦਿੱਤੀ ਸੀ। ਮੈਨੂੰ ਯਾਦ ਹੈ, ਦੇਰ ਪਹਿਲਾਂ 'ਸਿਰਜਣਾ' ਵਿੱਚ ਜਦ ਮੇਰਾ ਧੀਰ ਜੀ ਬਾਰੇ ਲੰਬਾ ਰੇਖਾ-ਚਿਤਰ ਛਪਿਆ ਸੀ, ਧੀਰ ਜੀ ਸਖ਼ਤ ਗੁੱਸੇ ਹੋ ਗਏ ਸਨ। ਉਹਨਾਂ ਪੰਜਾਬੀ ਟ੍ਰਿਬਿਊਨ ਵਿੱਚ ਲਿਖ ਕੇ ਗੁੱਸਾ ਵੀ ਕੱਢ ਲਿਆ ਸੀ, ਤਾਂ ਪੜ੍ਹਨ ਮਗਰੋਂ ਅਨੰਦ ਸਾਹਬ ਨੇ ਆਖਿਆ ਸੀ, ''ਤੂੰ ਚਿੰਤਾ ਨਾ ਕਰ ...  ਧੀਰ ਜੀ ਜਲਦੀ ਮੰਨ ਜਾਣਗੇ ...  ਸਾਡੇ ਨਾਲ ਉਹ ਹੁਣ ਤੀਕ ਸੌਆਂ ਵਾਰ ਲੜੇ ਤੇ ਸੌਆਂ ਵਾਰ ਮੰਨੇ ਨੇ ...  ਪਰ ਯਾਰਾ ਤੇਰਾ ਰੇਖਾ-ਚਿਤਰ ਹੈ ਸੀ ਕਮਾਲ ...  ਇੰਨ-ਬਿੰਨ ਚਿਤਰ ਦਿੱਤਾ ਤੂੰ ਸਾਡਾ ਧੀਰ ... ।" ਜਲਦੀ ਹੀ ਧੀਰ ਸਾਹਬ ਮੰਨ ਗਏ ਅਤੇ ਅਨੰਦ ਸਾਹਬ ਦੀ ਗੱਲ ਬਿਲਕੁਲ ਸੱਚੀ ਸਿੱਧ ਹੋਈ ਸੀ। ਇੱਕ ਵਾਰ ਮੈਂ ਮੋਹਾਲੀ ਧੀਰ ਜੀ ਕੋਲ ਠਹਿਰਿਆ ਹੋਇਆ ਸਾਂ। ਸਵੇਰ ਹੁੰਦੇ ਸਾਰ ਧੀਰ ਜੀ ਅਖ਼ਬਾਰਾਂ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਨ ਲਗਦੇ। ਕੁੱਝ ਹੋਰ ਅਖ਼ਬਾਰਾਂ ਹਾਕਰ ਪਹਿਲਾਂ ਸੁੱਟ੍ਹ ਜਾਂਦਾ ਸੀ ਤੇ 'ਨਵਾਂ ਜ਼ਮਾਨਾ' ਥੋੜ੍ਹਾ ਲੇਟ ਆਉਂਦਾ, ਉਹ ਕੋਈ ਹੋਰ ਹਾਕਰ ਸੁੱਟ੍ਹ ਕੇ ਜਾਂਦਾ ਸੀ। ਧੀਰ ਜੀ ਨੇ ਆਖਿਆ, ''ਜਾਹ ਬੂਹੇ ਵਿੱਚ ਦੇਖ ਕੇ ਆ ਨਵਾਂ ਜ਼ਮਾਨਾ ਆ ਗਿਆ ਕਿ ਨਹੀਂ।" ਮੈਂ ਦੇਖ ਕੇ ਆਉਂਦਾ ਤੇ ਕਹਿੰਦਾ, ''ਨਹੀਂ ਆਇਆ ਜੀ ...  ਹਾਲੇ ਨ੍ਹੀ ਆਇਆ ਨਵਾਂ ਜ਼ਮਾਨਾ ... ।" ਧੀਰ ਜੀ ਖ਼ਫ਼ਾ ਹੋ ਕੇ ਆਖਦੇ, ''ਰੋਂਦੇ ਆਉਣ ਤੇ ਮਰਿਆਂ ਦੀਆਂ ਖ਼ਬਰਾਂ ਲਿਆਉਣ ...  ਜਾਹ ਛੇਤੀ ਲਿਆ ਨਵਾਂ ਜ਼ਮਾਨਾ ...  ਮੈਂ ਪੜ੍ਹਾਂ ...  ਕੀ ਲਿਖਿਆ ਅਨੰਦ ਨੇ ... ।" ਖ਼ਬਰਾਂ ਜਾਂ ਹੋਰ ਪੰਨੇ ਉਹ ਬਾਅਦ ਵਿੱਚ ਪੜ੍ਹਦੇ, ਉਹਨਾਂ ਨੂੰ ਅਨੰਦ ਸਾਹਬ ਦਾ ਲੇਖ ਪੜ੍ਹਨ ਦੀ ਬੜੀ ਕਾਹਲ ਹੁੰਦੀ। ਅਨੰਦ ਸਾਹਬ ਦੇ ਲੇਖ ਮਗਰੋਂ ਉਹ ਜਤਿੰਦਰ ਪਨੂੰ ਜੀ ਦਾ ਕਾਲਮ ਪੜ੍ਹਦੇ। ਧੀਰ ਜੀ ਅਕਸਰ ਕਿਹਾ ਕਰਦੇ, ''ਅਨੰਦ ਦੀ ਸ਼ੈਲੀ ਦਾ ਕੋਈ ਜਵਾਬ ਨਹੀਂ ਹੁੰਦਾ ਬਈ ... ।" ਮੈਂ ਲਾਗਿਓਂ ਫ਼ਿਰ ਟੋਹਣਾ ਲਾਉਂਦਾ, ''ਸਤਨਾਮ ਮਾਣਕ ਵੀ ਬਹੁਤ ਵਧੀਆ ਲਿਖਦੈ ...  ਉਹਦੀ ਸ਼ੈਲੀ ਵੀ ਕਮਾਲ ਐ ... ।"
''ਓ ਫਿੱਟੇ ਮੂੰਹ ਤੇਰੇ ...  ਬਕਵਾਸ ਨਾ ਕਰ ...  ਕਿੱਥੇ ਅਨੰਦ ...  ਕਿੱਥੇ ਮਾਣਕ ... ? ? ਚੁੱਪ ਕਰ ਕੇ ਬੈਠ।"
*******
ਅਨੰਦ ਸਾਹਬ ਨਾਲ ਮੇਰੀਆਂ ਯਾਦਾਂ ਵੱਖਰੀਆਂ ਜਿਹੀਆਂ ਅਤੇ ਨਿੱਕੇ-ਨਿੱਕੇ ਟੁਕੜਿਆਂ ਵਿੱਚ ਵੰਡੀਆਂ ਹੋਈਆਂ ਨੇ! ਸੰਨ 1997 ਤੋਂ ਲੈ ਕੇ 2000 ਤੱਕ ਤਿੰਨ ਸਾਲ ਦੇ ਸਮਾਂ ਤਾਂ ਰੋਜ਼ ਵਾਂਗ ਹੀ 'ਨਵਾਂ ਜ਼ਮਾਨਾ' ਵਿੱਚ ਮੇਲ-ਜੋਲ ਹੁੰਦਾ ਰਿਹਾ। ਉਹਨੀ ਦਿਨੀਂ ਮੈਂ ਅਕਾਸ਼ਵਾਣੀ ਜਲੰਧਰ, ਮਾਸਿਕ ਮਿਊਜ਼ਿਕ ਟਾਈਮਜ਼, ਰਾਮਗੜੀਆ ਮੰਚ ਹਫ਼ਤਵਾਰੀ ਅਤੇ ਦੂਰਦਰਸ਼ਨ ਆਦਿ ਅਦਾਰਿਆਂ ਵਿੱਚ ਕੱਚੇ ਤੌਰ 'ਤੇ ਕੰਮ ਕਰਦਾ ਸਾਂ, ਇਹਨਾਂ ਸਭਨਾਂ ਥਾਂਵਾਂ ਤੋਂ ਦਸ-ਦਸ ਮਿੰਟ ਬਚਾ ਕੇ 'ਨਵਾਂ ਜ਼ਮਾਨਾ' ਦੇ ਦਫ਼ਤਰ ਗੇੜਾ ਲਾਜ਼ਮੀ ਮਾਰਦਾ ...  ਇੱਥੋਂ ਆਪਣੇ ਘਰ ਜਿਹਾ ਮੋਹ-ਤਿਹੁ ਮਿਲਦਾ ਸੀ, ਜਿੱਦਣ ਨਹੀਂ ਜਾਂਦਾ ਸਾਂ ਤਾਂ ਪਨੂੰ ਸਾਹਬ ਦੀਆਂ ਝਿੜਕਾਂ ਵੱਖਰੀਆਂ ਮਿਲਦੀਆਂ ਸਨ।
''ਓ ਆ ਗਿਆ ਏਂ ਫ਼ਿਰ-ਫ਼ਰਾ ਕੇ?" ਅਨੰਦ ਸਾਹਬ ਦਾ ਪਹਿਲਾ ਸੁਆਲ ਹੁੰਦਾ।
''ਲਿਆ ਫਿਰ ਮੈਨੂੰ ਤੂੰ ਪਾਣੀ ਪਿਲਾਦੇ ਤੇ ਮੀਲਾ ਤੈਨੂੰ ਚਾਹ ਪਿਲਾਏਗੀ।"
ਮੈਂ ਪਾਣੀ ਦਾ ਗਲਾਸ ਭਰ ਕੇ ਲਿਜਾਂਦਾ, ਏਨੇ ਨੂੰ ਬੀਜੀ ਚਾਹ ਵਾਲੇ ਨੂੰ ਇੱਕ ਕੱਪ ਲਿਆਉਣ ਲਈ ਆਖ ਚੁੱਕੇ ਹੁੰਦੇ। ਕਦੇ-ਕਦੇ, ਉਦੋਂ ਜਦ ਸਾਰੇ ਬਹੁਤੇ ਬਿਜ਼ੀ ਹੁੰਦੇ ਤਾਂ ਮੈਨੂੰ ਮੌਕਾ ਮਿਲ ਜਾਂਦਾ ਅਨੰਦ ਸਾਹਬ ਤੋਂ ਡਿਕਟੇਸ਼ਨ ਲੈਣ ਦਾ। ਮੈਂ ਉਹਨਾਂ ਦੇ ਲਾਗੇ ਕਾਗਜ਼-ਪੈੱਨ ਲੈ ਕੇ ਬਹਿ ਜਾਂਦਾ ਤੇ ਉਹਨਾਂ ਦੇ ਮੂੰਹ ਵੱਲ ਤੱਕਣ ਲੱਗਦਾ। ਉਹ ਬੋਲਣ ਲਗਦੇ ਤਾਂ ਝਰ-ਝਰ ਪੈਣ ਲਗਦੇ ਅਸਲੋਂ ਵਿਕਲੋਤਰੇ ਸ਼ਬਦ ... ! ਕਈ ਤਾਂ ਅਜਿਹੇ ਸ਼ਬਦ ਹੁੰਦੇ, ਜੋ ਉਹ ਆਪ ਐਨ ਮੌਕੇ ਸਿਰ ਘੜਦੇ ਸਨ। ਨਾ ਹੀ ਉਹ ਸ਼ਬਦ ਪਹਿਲਾਂ ਕਦੇ ਕਿਤੇ ਸੁਣੇ ਜਾਂ ਕਿਸੇ ਕੋਸ਼ 'ਚੋਂ ਪੜ੍ਹੇ ਹੁੰਦੇ ਸਨ। ਕਦੇ ਉਹ ਰੋਕ ਕੇ ਪੁੱਛਦੇ, ''ਕੀ ਲਿਖਿਆ ਸੀ ਭਲਾ ...  ਬੋਲ ਜ਼ਰਾ ...  ਹਾਂ ...  ਨਹੀਂ ਅਹਿ ਕੱਟ ...  ਹਾਂ ...  ਚੱਲ ਲਿਖ ...  ਨਵਾਂ ਪੈਰਾ ...  ਲਿਖ-ਲਿਖ ... ।" ਇਵੇਂ ਜਾਪਦਾ ਜਿਵੇਂ ਸ਼ਬਦ ਅਨੰਦ ਸਾਹਬ ਦੇ ਮਨ-ਮਸਤਕ ਅੰਦਰ ਅਠਖੇਲੀਆਂ ਕਰੀ ਜਾ ਰਹੇ ਨੇ ...  ਕੋਈ ਕਹਿੰਦਾ ਹੈ ...  ਪਹਿਲਾਂ ਮੈਨੂੰ ਲਿਖ ...  ਕੋਈ ਕਹਿੰਦਾ ਪਹਿਲਾਂ ਮੇਰੀ ਵਾਰੀ! ਚੰਗਾ-ਚੰਗਾ ਲਗਦਾ ਸੀ ਅਨੰਦ ਸਾਹਬ ਤੋਂ ਡਿਕਟੇਸ਼ਨ ਲੈ ਕੇ।
ਸਾਰਾ ਦਿਨ ਉਹਨਾਂ ਦਾ ਅਤਿਅੰਤ ਰੁਝੇਵਿਆਂ ਭਰਿਆ ਹੁੰਦਾ। ਇੱਕ ਦਿਨ ਮੈਂ ਜਾ ਆਖਿਆ, ''ਬਾਪੂ ਪਾਰਸ ਜੀ ਯਾਦ ਕਰਦੇ ਨੇ ...  ਰਾਮੂਵਾਲੇ ਆਏ ਹੋਏ ਨੇ ...  ਮਹੀਨੇ ਕੁ ਤੱਕ ਟੋਰਾਂਟੋ ਮੁੜ ਜਾਣਗੇ ...  ਆਹ ਲਓ ਗੱਲ ਕਰ ਲੋ ... ।" ਮੈਂ ਆਪਣਾ ਫ਼ੋਨ ਮਿਲਾ ਕੇ ਅਨੰਦ ਜੀ ਨੂੰ ਫੜਾਇਆ। ਬੜੇ ਉਤਸ਼ਾਹ ਵਿੱਚ ਗੱਲਾਂ ਕਰੀ ਗਏ। ਜਦ ਫ਼ੋਨ ਬੰਦ ਕਰਨ ਲੱਗੇ ਤਾਂ ਅਚਾਨਕ ਭਾਵੁਕ ਜਿਹੇ ਹੋ ਗਏ ਤੇ ਅੱਖਾਂ ਵਿੱਚੋਂ ਪਾਣੀ ਸਿੰਮ ਆਇਆ। ਮੈਂ ਪਨੂੰ ਜੀ ਕੋਲ ਜਾ ਬੈਠਿਆ। ਮੈਨੂੰ ਫ਼ਿਰ ਬੁਲਾਇਆ ਤੇ ਰਾਮੂਵਾਲੇ ਜਾਣ ਦੀ ਤਾਰੀਖ ਤੇ ਸਮਾਂ ਪੱਕਾ ਕੀਤਾ। ਉਸ ਦਿਨ ਬੜੀ ਰੌਣਕ ਲੱਗੀ ਉਥੇ, ਡਾ. ਵਰਿਆਮ ਸਿੰਘ ਸੰਧੂ, ਜਤਿੰਦਰ ਪਨੂੰ, ਬਲਦੇਵ ਸਿੰਘ ਸੜਕਨਾਮਾ, ਕੇ. ਐਲ. ਗਰਗ ਬਹੁਤ ਸਾਰੇ ਲਿਖਾਰੀ, ਕਲਾਕਾਰ ਤੇ ਵਿਦਵਾਨ ਆਏ ਹੋਏ ਸਨ। ਬਾਪੂ ਪਾਰਸ ਦੁਪਿਹਰੇ ਹੀ ਸਭ ਨੂੰ ਪੈੱਗ ਪੀਣ ਨੂੰ ਜ਼ੋਰ ਪਾਈ ਜਾ ਰਹੇ ਸਨ। ਅਨੰਦ ਸਾਹਬ ਨੂੰ ਆਖਣ ਲੱਗੇ, ''ਆਹ ਵੇਖ ...  ਆਹ ਲੈ ...  ਮੈ ਅੱਧਾ ਲਾਊਨੈ ਤੇ ਅੱਧਾ ਤੂੰ ਲਾਈਂ ... ।" ਬਾਪੂ ਦਾ ਬਚਿਆ ਪੈੱਗ ਨਿਬੇੜ ਕੇ ਅਨੰਦ ਸਾਹਬ ਨੇ ਬਾਪੂ ਦਾ ਮੱਥਾ ਚੁੰਮ ਲਿਆ ਤੇ ਸਾਰੇ ਤਾੜੀਆਂ ਮਾਰਨ ਲੱਗੇ। ਬੜੀ ਖ਼ੁਸ਼ਗਵਾਰ ਦੁਪਿਹਰ ਸੀ। ਜਿਸ ਦਾ ਪਲ ਪਲ ਅੱਜ ਵੀ ਚੇਤੇ ਵਿੱਚ ਵੱਸਿਆ ਹੋਇਆ ਹੈ।
*************
ਸਾਲ 2001 ਦਾ ਅੱਧ। ਮੈਂ ਪਹਿਲੀ ਵਾਰ ਕੈਨੇਡਾ ਚੱਲਿਆ ਸਾਂ। ਅਨੰਦ ਸਾਹਬ ਹੱਸ ਰਹੇ ਸਨ, ''ਉਥੇ ਜਾ ਕੇ ਕਿਧਰੇ ਗੁਆਚ ਨਾ ਜਾਈਂ ...  ਸਾਡਾ ਜੀ ਨ੍ਹੀ ਲੱਗਣਾ ...  ਜੇ ਕੋਈ ਪੁੱਛੇ ਤਾਂ ਆਖੀਂ ਮੈਂ ਨਵਾਂ ਜ਼ਮਾਨਾ ਵਾਲਿਆਂ ਦਾ ਪ੍ਰਤੀਨਿਧ ਆਂ ...  ਸੁਣਿਆ ਕਿ ਨਹੀਂ ... ?" ਮੈਨੂੰ ਸੁੱਝੀ, ''ਪ੍ਰਤੀਨਿਧ ਕਾਹਦਾ ਆਂ ਮੈਂ? ਆਈ-ਕਾਰਡ ਤਾਂ ਮੇਰੇ ਕੋਲ ਹੈਨੀ।"
''ਏਹ ਕੰਮ ਭਾਰਦਵਾਜ ਦਾ ...  ਜਾਹ ਉਹਨਾਂ ਕੋਲ ...  ਜੇ ਮੰਨ ਗਏ ਤਾਂ ...  ਸਿਫਾਰਿਸ਼ ਮੈਂ ਠੋਕ ਕੇ ਕਰਦੂੰ ...  ਆਹ ਕਾਮਰੇਡ ਸਾਂਭ ਜ਼ਰਾ ਆਪਣਾ ਚੇਲਾ ...  ਬਣਾ ਦਿਓ ਕਾਰਡ ...  ਘੁੰਮਣ-ਫ਼ਿਰਨ ਜਾ ਰਿਹਾ ਐ ... ।" ਅੱਧੇ ਘੰਟੇ ਵਿੱਚ ਕਾਰਡ ਮੇਰੀ ਜੇਭ੍ਹ ਵਿੱਚ ਸੀ। ਉਸ ਦਿਨ ਪਹਿਲੀ ਵਾਰੀ ਮੈਨੂੰ ਕਿਸੇ ਅਦਾਰੇ ਵੱਲੋਂ ਸ਼ਨਾਖਤੀ-ਪੱਤਰ ਮਿਲਿਆ ਸੀ ਕਿ ਇਹ 'ਸਾਡਾ ਬੰਦਾ' ਹੈ। ਕੰਮ ਮੈਂ ਬਥੇਰੇ ਅਦਾਰਿਆਂ ਲਈ ਕਰਿਆ ਸੀ ਪਰ 'ਓਪਰਾ ਬੰਦਾ' ਹੀ ਰਿਹਾ ਸਾਂ। ਮੈਂ ਬੜਾ ਖ਼ੁਸ਼ ਤੇ ਹੈਰਾਨ ਸਾਂ ਕਿ ਕਈ ਵਾਰ, ਕਿੰਨੇ ਰਿਪੋਰਟਰਾਂ ਨੂੰ ਆਈ-ਕਾਰਡ ਬਣਾਉਣ ਲਈ ਤਰਲੋ-ਮੱਛੀ ਹੁੰਦੇ ਤੇ ਸਿਫਾਰਿਸ਼ਾਂ ਲੁਵਾਉਂਦੇ ਦੇਖਿਆ ਹੋਇਆ ਸੀ ਤੇ ਆਹ ਤਾਂ ਕਮਾਲ ਈ ਹੋ ਗਈ ਸੀ!
(ਕਾਮਰੇਡ ਜਗਜੀਤ ਸਿੰਘ ਅਨੰਦ ਬਾਰੇ ਛਪ ਰਹੇ ਅਭਿਨੰਦਨ ਗਰੰਥ ਵਿੱਚੋਂ) -ਬਾਕੀ ਅਗਲੇ ਹਫ਼ਤੇ

Comments (0)

Write comment

smaller | bigger

busy
You are here:   Homeਲੜੀਵਾਰਬਾਵਾ ਬੋਲਦਾ ਹੈਮੇਰੇ ਹਿੱਸੇ ਆਇਆ ਅਨੰਦ!

Currency Converter

Amount:
From:
To:


Gurbani Radio


Gurbani - Sri Harmandir Sahib