
ਕਈ ਪੁਸਤਕਾਂ ਦਾ ਸੰਪਾਦਨ ਕਰਨ ਵੇਲੇ ਮੇਰਾ ਤਜੱਰਬਾ ਬੜਾ ਵੱਖਰਾ ਜਿਹਾ ਤੇ ਸਪੱਸ਼ਟ ਰਿਹਾ ਹੈ, ਜਦ ਵੀ ਕਿਸੇ ਵੱਡੇ ਲੇਖਕ ਨੂੰ, ਕਿਸੇ ਹਸਤੀ ਬਾਰੇ ਕੁੱਝ ਲਿਖਣ ਲਈ ਬੇਨਤੀ ਕੀਤੀ ਗਈ ਤਾਂ ਕਈ ਵੰਨ-ਸੁਵੰਨੇ ਭੇਦ ਸਾਹਮਣੇ ਆਏ। ਕਈਆਂ ਮਿੰਨਤਾਂ ਵੀ ਕਰਵਾਈਆਂ ਤੇ ਉਡੀਕ ਵੀ ਬੜੀ ਲੰਬੀ ਕਰਵਾਈ। ਕਈ ਤਾਂ ਅਜਿਹੇ ਲੱਭੇ, ਜੋ ਸਬੰਧਤ ਹਸਤੀ ਬਾਰੇ ਲਿਖਣਾ ਤਾਂ ਇੱਕ ਪਾਸੇ ਰਿਹਾ, ਉਸ ਦਾ ਨਾਮ ਲੈਣ 'ਤੇ ਹੀ ਅੱਗ-ਬਗੂਲਾ ਹੋ ਜਾਂਦੇ ਸਨ। ਅਜਿਹੇ ਮੌਕਿਆਂ 'ਤੇ ਅਨੰਦ ਸਾਹਬ ਨਾਲ ਵੀ ਨੇੜਿਓਂ ਵਾਹ-ਵਾਸਤਾ ਰਿਹਾ ਹੈ ਤੇ ਬਹੁਤ ਲੋਕਾਂ ਬਾਰੇ, ਬਹੁਤ ਵਾਰ ਉਹਨਾਂ ਤੋਂ ਬੜੀ ਸੌਖ ਨਾਲ ਲਿਖਵਾ ਲੈਂਦਾ ਰਿਹਾ ਹਾਂ। ਇੱਕ ਵੀ ਮੌਕਾ ਅਜਿਹਾ ਨਹੀਂ ਆਇਆ, ਜਦ ਉਹਨਾਂ ਲਾਰਾ ਲਾਇਆ, ਟਰਕਾਇਆ ਜਾਂ ਉਡੀਕ ਕਰਵਾਈ ਹੋਵੇ, ਜਾਂ ਕਿਸੇ ਦਾ ਨਾਂ ਲੈਣ 'ਤੇ ਔਖੇ-ਭਾਰੇ ਹੋਏ ਹੋਣ। ਦਿੱਤੇ ਵਕਤ 'ਤੇ ਮਜ਼ਮੂਨ ਡਿਕਟੇਟ ਕਰਵਾ ਦਿੰਦੇ ਰਹੇ ਜਾਂ ਕਿਸੇ ਨੂੰ ਡਿਕਟੇਟ ਕਰਵਾਇਆ ਕਾਗਜ਼ ਹੱਥ ਫੜਾ ਦਿੰਦੇ ਰਹੇ ਹਨ। ਦੇਰ ਹੋਈ, ਉਸਤਾਦ ਯਮਲਾ ਜੀ ਦੇ ਜੀਵਨ ਤੇ ਸੰਗੀਤ ਬਾਰੇ ਕਿਤਾਬ ਲਿਖ ਰਿਹਾ ਸਾਂ, ਏਹ 1996 ਦੀ ਗੱਲ ਹੋਣੀ ਹੈ। ਅਨੰਦ ਸਾਹਬ ਨੂੰ ਇੱਕ ਸਾਧਾਰਨ ਪੋਸਟ-ਕਾਰਡ ਲਿਖਿਆ ਸੀ ਕਿ ਉਸਤਾਦ ਜੀ ਬਾਰੇ ਚਾਰ ਸ਼ਬਦ ਸਾਂਝੇ ਕਰੋ, ਤੇ ਹਫ਼ਤੇ ਮਗਰੋਂ ਹੀ ਉਹਨਾਂ ਦਾ ਯਮਲਾ ਜੀ ਬਾਰੇ ਲਿਖਿਆ ਮਜ਼ਮੂਨ ਆ ਪੁੱਜਾ। 'ਅਮਰ ਆਵਾਜ਼' ਨਾਂ ਦੀ ਪੁਸਤਕ ਦੇ ਪੰਨਾ-74 ਉਤੇ ਯਮਲਾ ਜੀ ਬਾਰੇ ਉਹ ਇੰਝ ਲਿਖਦੇ ਹਨ, ''ਵੇਖਣ ਨੂੰ ਉਹ ਅਸਲੋਂ ਸਾਧਾਰਨ, ਪਰ ਗੁਣਾਂ ਵੱਲੋਂ ਮਹਾਨ, ਸ਼ਰਾਫ਼ਤ ਦਾ ਪੁਤਲਾ ਸੀ ਅਤੇ ਹਰ ਤਰ੍ਹਾਂ ਦੀ ਹਊਮੈਂ ਤੋਂ ਮੁਕਤ ਸੀ। ਅਸਲੋਂ ਨਿਰਛਲ, ਆਪਣੇ ਲੋਕਾਂ ਵਿੱਚ ਵਰੋਸਾਇਆ ਹੋਇਆ, ਉਹਨਾਂ ਦੀਆਂ ਮੰਗਾਂ ਅਤੇ ਉਮੰਗਾਂ ਨੂੰ
ਆਪਣੇ ਬੋਲਾਂ ਰਾਹੀਂ ਦਿਲ ਦੀਆਂ ਡੂੰਘਾਣਾਂ ਤੀਕ ਪਹੁੰਚਾਉਣ ਵਾਲਾ, ਨਾ ਕੋਈ ਨਖ਼ਰਾ, ਨਾ ਕੋਈ ਫ਼ੈਸ਼ਨ, ਨਾ ਬਣਾਉਟੀ ਬਾਣਾ, ਮੇਲੇ ਵਿੱਚ ਤੁਰਦਾ ਹੋਰਨਾਂ ਮੇਲੀਆਂ ਵਾਂਗ ਹੀ ਲਗਦਾ ਸੀ, ਜਿੰਨਾ ਚਿਰ ਸਟੇਜ ਉੱਤੇ ਚੜ੍ਹ ਕੇ ਆਪਣਾ ਬੋਲ ਨਾ ਚੁਕਦਾ।" (ਲੇਖ ਵਿੱਚੋਂ ਕੁੱਝ ਅੰਸ਼)
ਸੰਨ 1998 ਦੀ ਗੱਲ। ਕਦੇ ਮੈਂ ਦੇਸ਼ ਭਗਤ ਹਾਲ ਜਲੰਧਰ ਵਿੱਚ ਸੌਂਦਾ ਤੇ ਕਦੇ ਨਕੋਦਰ ਚੌਕ ਲਾਲ ਰਤਨ ਸਿਨੇਮਾ ਨੇੜੇ ਹੰਸ ਰਾਜ ਹੰਸ ਦੇ ਦਫ਼ਤਰ ਵਿੱਚ। ਹੰਸ ਨੂੰ ਉਦੋਂ ਕੁ ਜਿਹੇ ਅਮੈਰਿਕਾ ਦੀ ਇੱਕ ਯੂਨੀਵਰਸਿਟੀ ਨੇ ਫੈਲੋਸ਼ਿੱਪ ਦਿੱਤੀ ਸੀ। ਇੱਕ ਦਿਨ ਹੰਸ ਨੇ ਕਿਹਾ ਸੀ ਕਿ ਹੁਣ ਤੀਕ ਉਸ ਬਾਰੇ ਜਿੰਨੇ ਵੀ ਵਿਦਵਾਨਾਂ ਨੇ ਜੁ ਕੁੱਝ ਲਿਖਿਆ ਹੈ, ਉਹ ਇੱਕ ਕਿਤਾਬ ਵਿੱਚ ਇਕੱਠਾ ਕਰ ਲਿਆ ਜਾਏ। ਮੈਂ ਇਹ ਕੰਮ ਕਰ ਰਿਹਾ ਸਾਂ। ਅਨੰਦ ਸਾਹਬ ਨੂੰ ਪਤਾ ਚੱਲਿਆ ਤੇ ਬੜੀ ਸਖ਼ਤੀ ਨਾਲ ਪੁੱਛਿਆ, ''ਤੈਨੂੰ ਕੁੱਝ ਦੇਊ ਹੰਸ?" ਮੈਂ ਆਖਿਆ, ''ਲਗਦਾ ਤਾਂ ਹੈ ਦੇਊ ... ਮੈਂ ਸਾਹਿਤ ਦੇ ਖੇਤ 'ਚ ਦਿਹਾੜੀਆਂ ਕਰਦਾ ਫ਼ਿਰਦਾ ਆਂ ... ਮੈਨੂੰ ਟਕੇ-ਟਕੇ ਦੀ ਲੋੜ ਆ ... ।" ਹੰਸ ਨੇ ਇੱਕ ਦਿਨ ਕਿਹਾ ਸੀ ਕਿ ਤੇਰਾ ਨਵਾਂ ਜ਼ਮਾਨਾ ਵਾਲਿਆਂ ਦੇ ਚੰਗਾ ਆਉਣਾ-ਜਾਣਾ ਹੈ ... ਅਨੰਦ ਸਾਹਬ ਤੋਂ ਵੀ ਕੁੱਝ ਮੇਰੇ ਬਾਰੇ ਲਿਖਵਾਉਣਾ ਨਾ ਭੁੱਲੀਂ। ਮੈਂ ਅਨੰਦ ਸਾਹਬ ਤੋਂ ਡਰਦਾ ਸਾਂ ਕਿ ਕੀ ਪਤਾ ਲਿਖਣ, ਜਾਂ ਨਾ ਲਿਖਣ ਤੇ ਉਲਟਾ ਮੈਨੂੰ ਹੀ ਪੈ ਨਿਕਲਣ! ਖ਼ੈਰ, ਇੱਕ ਦਿਨ ਮੈਂ ਹੌਸਲਾ ਜਿਹਾ ਕਰ ਕੇ ਆਖ ਹੀ ਦਿੱਤਾ, ''ਹੰਸ ਕਹਿੰਦਾ ਐ ਅਨੰਦ ਸਾਹਬ ਤੋਂ ... . ।"
''ਓ ਗੱਲ ਸੁਣ ਓੁਏ ... ਲਿਖ ਦਿਆਂਗਾ ਪਰ ਹੰਸ ਆਪ ਤਾਂ ਆਖੇ ਮੈਨੂੰ?"
ਮੈਂ ਆਖਿਆ, ''ਕੀ ਗੱਲ? ਹੰਸ ਮੇਰੇ ਨਾਲੋਂ ਵੱਧ ਨੇੜੇ ਆ ਥੋਡੇ?"
... . . ਤੇ ਅਨੰਦ ਸਾਹਬ ਨੇ ਏਨਾ ਹੀ ਕਿਹਾ, ''ਕੱਲ੍ਹ ਗਿਆਰਾਂ ਵਜੇ ਮੁਕਾਵਾਂਗੇ ਏਹ ਕੰਮ।" 'ਲੋਕ ਗੀਤ ਵਰਗਾ ਹੰਸ' ਪੁਸਤਕ ਦੇ ਪੰਨਾ-35 ਉਤੇ 'ਸਾਡਾ ਪਿਆਰਾ ਹੰਸ' ਸਿਰਲੇਖ ਥੱਲੇ ਉਹਨਾਂ ਲਿਖਿਆ, ''ਇੱਕ ਲੋਕ ਗਾਇਕ ਵਜੋਂ ਜੋ ਉਸ ਨੇ ਪੈਂਠ ਬਣਾਈ ਹੈ, ਉਹ ਕਿਸੇ ਸ਼ਲਾਘਾ ਦੀ ਮੁਥਾਜ ਨਹੀਂ। ਪਰ ਇੱਕ ਸੁਹਿਰਦ ਤੇ ਮਿੱਠੇ ਇਨਸਾਨ ਵਜੋਂ, ਸਾਡੇ ਨਿੱਘੇ ਦੋਸਤ ਵਜੋਂ, ਉਸ ਦੇ ਗੁਣਾਂ ਦਾ ਅਨੁਭਵ ਉਸ ਨੂੰ ਮਿਲਣ-ਜਾਣਨ ਨਾਲ ਹੀ ਹੁੰਦਾ ਹੈ, ਜਦ ਵੀ ਨੇੜਲਾ ਵਾਹ ਪਿਆ, ਮੈਂ ਹੰਸ ਦੇ ਪਿਆਰ ਸਤਿਕਾਰ ਨਾਲ ਸਵਾਦ-ਗੜੂੰਦ ਹੋਇਆ ਹਾਂ।" (ਲੇਖ ਵਿੱਚੋਂ ਇੱਕ ਨਮੂਨਾ)
ਸਾਲ 2001 ਦੀ ਗੱਲ। ਸ੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਬਾਰੇ ਕਿਤਾਬ 'ਵਡਮੁੱਲਾ ਪਾਰਸ' ਦੀ ਸੰਪਾਦਨਾ ਵਿੱਚ ਜੁੱਟਿਆ ਹੋਇਆ ਸਾਂ। ਅਨੰਦ ਸਾਹਬ ਨੂੰ ਨਾਲੋ ਨਾਲ ਦਸਦਾ ਰਹਿੰਦਾ ਸਾਂ ਕਿ ਕਿਤਾਬ ਦਾ ਕੰਮ ਕਿੱਥੇ ਕੁ ਖੜ੍ਹਾ ਹੈ। ਆਖਣ ਲੱਗੇ, ''ਜਿਸ ਦਿਨ ਸਭ ਨੇ ਲਿਖ ਦਿੱਤਾ, ਉਸ ਦਿਨ ਮੈਨੂੰ ਦੱਸ ਦੇਵੀਂ ... ਲਿਖਾਂਗਾ ਮੈਂ ਆਪਣੇ ਯਾਰ ਪਾਰਸ ਬਾਰੇ।" ਪੁਸਤਕ ਦੇ ਪੰਨਾ-28 ਉਤੇ 'ਮੇਰੇ ਚੇਤੇ ਦੀ ਚੰਗੇਰ ਵਿਚਲਾ ਪਾਰਸ' ਸਿਰਲੇਖ ਅਧੀਨ ਆਪਣੇ ਲੇਖ ਵਿੱਚ ਉਹਨਾਂ ਪਾਰਸ ਜੀ ਬਾਰੇ ਖੁੱਲ੍ਹਾ-ਡੁੱਲ੍ਹਾ ਲੇਖ ਲਿਖਿਆ। ਵੰਨਗੀ ਦੇ ਤੌਰ 'ਤੇ ਕੁੱਝ ਸਤਰਾਂ ਦੇਖੋ, ''ਪਾਰਸ ਨਾਲ ਪਹਿਲੀਆਂ ਦੋ ਕੁ ਮਿਲਣੀਆਂ ਵਿੱਚ ਹੀ ਅਹਿਸਾਸ ਹੋ ਗਿਆ ਕਿ ਬੰਦਾ ਉਹ ਏਨਾ ਨਿੱਘਾ ਹੈ, ਏਨੇ ਖ਼ਲੂਸ ਵਾਲਾ, ਏਨਾ ਯਾਰਾਂ ਦਾ ਯਾਰ ਕਿ ਨਾ ਸਿਰਫ਼ ਤੁਹਾਡੇ ਸ਼ਰੀਰ ਨੂੰ ਹੀ ਸਗਵੇਂ ਦਾ ਸਗਵਾਂ ਆਪਣੇ ਵਲਾਵੇਂ ਵਿੱਚ ਲੈਂਦਾ ਹੈ, ਸਗੋਂ ਮਨ ਅੰਦਰਲੀ ਸਾਂਝ ਦੀਆਂ ਤਰਬਾਂ ਵੀ ਛੇੜ ਦੇਂਦਾ ਹੈ।"
ਸਾਲ 2005, ਪੰਜਾਬੀ ਵਿੱਚ ਲਿਖੇ ਗਏ ਚੋਣਵੇਂ ਰੇਖਾ-ਚਿਤਰਾਂ ਦੀ ਕਿਤਾਬ ਸੰਪਾਦਤ ਕਰ ਰਿਹਾ ਸਾਂ। ਅਨੰਦ ਸਾਹਬ ਨੇ ਪੁੱਛਿਆ, ''ਅੱਜ ਕੱਲ੍ਹ ਕਿਹੜਾ ਸੱਪ ਕੱਢ ਰਿਹਾ ਏਂ?" ਮੈਂ ਦੱਸਿਆ ਤਾਂ ਆਖਣ ਲੱਗੇ, ''ਮੈਂ ਵੀ ਤੈਨੂੰ ਇੱਕ ਰੇਖਾ-ਚਿਤਰ ਦਿਆਂਗਾ।" ਮੈਨੂੰ ਬੜੀ ਖੁਸ਼ੀ ਹੋਈ ਇਹ ਸੁਣ ਕੇ। ਮੈਂ ਪੁੱਛਿਆ, ''ਕਦੋਂ?" ਉਹ ਬੋਲੇ, ''ਕੱਲ੍ਹ ਮੈਂ ਦਫ਼ਤਰ ਨਹੀਂ ਆਉਣਾ ... ਪਰਸੋਂ ਲੈ ਜਾਈਂ।" ਮੈਂ ਸੋਚਾਂ ਪਿਆ ਕਿ ਕੀ ਲਿਖਿਆ ਹੋਊ ਅਨੰਦ ਸਾਹਬ ਨੇ, ਜਾਂ ਕੀ ਲਿਖ ਕੇ ਦੇਣਗੇ? ਕਿਸ ਬਾਰੇ ਹੋਵੇਗਾ ਉਹਨਾਂ ਦਾ ਰੇਖਾ-ਚਿਤਰ? ਅਜੇ ਉਹ ਜਿਪਸੀ ਵਿੱਚੋਂ ਉਤਰ ਹੀ ਰਹੇ ਸਨ ਕਿ ਮੈਂ 'ਨਵਾਂ ਜ਼ਮਾਨਾ' ਨੇੜੇ ਆਪਣਾ ਸਾਈਕਲ ਸਟੈਡ 'ਤੇ ਲਾ ਰਿਹਾ ਸਾਂ, ਦੂਰੋਂ ਹੀ ਦੇਖ ਲਿਆ। ''ਉਹ ਆਜਾ ਆਜਾ ... ਤੇਰਾ ਵੀ ਕੰਮ ਕਰ ਆਇਆ ਵਾਂ।" ਉਹਨਾਂ ਇੱਕ ਲਿਫਾਫਾ ਫ਼ੜਾਇਆ। ਮੈਂ ਦੇਖਿਆ, ਉਹਨਾਂ ਦੇ ਆਪਣੇ ਪਿਤਾ ਜੀ ਬਾਰੇ ਛਪੇ ਹੋਏ ਰੇਖਾ ਚਿਤਰ ਦੀ ਫ਼ੋਟੋ ਕਾਪੀ ਸੀ, ਨਾਮ ਸੀ- 'ਹੈਡਮਾਸਟਰ ਸਾਹਿਬ'। ਇਹ ਰੇਖਾ ਚਿਤਰ ਮੇਰੀ ਪੁਸਤਕ 'ਚੋਣਵੇਂ ਪੰਜਾਬੀ ਰੇਖਾ ਚਿਤਰ' ਦੇ ਪੰਨਾ-205 'ਤੇ ਛਪਿਆ। ਇਸ ਵਿੱਚ ਉਹਨਾਂ ਦਾ ਬਿਰਤਾਂਤਕ ਵਰਨਣ ਬੜਾ ਹੀ ਮਨ-ਲੁਭਾਉਣ ਵਾਲਾ ਹੈ, ਅਨੰਦ ਸਾਹਬ ਰਾਤ ਨੂੰ ਟਰੱਕ 'ਤੇ ਸਫ਼ਰ ਕਰਦੇ ਹਨ। ਟਰੱਕ ਡਰਾਈਵਰ ਪੁੱਛਦਾ ਹੈ ਕੀਹਦਾ ਮੁੰਡਾ ਏਂ? ਉਹ ਦਸਦੇ ਹਨ, ''ਮੈਂ ਤਰਤਨਤਾਰਨ ਦਾ ਜੰਮਪਲ ਆਂ, ਮੇਰੇ ਪਿਤਾ ਜੀ ਉਥੇ ਹੈਡ ਮਾਸਟਰ ਸਨ। ਉਹਨੂੰ ਜਿਵੇਂ ਝਟਕਾ ਜਿਹਾ ਵੱਜਾ ਹੋਵੇ, ਉਹਦੀ ਸੁਰ ਯਕਦਮ ਬਦਲ ਗਈ। ਉਹਦੀਆਂ ਅੱਖਾਂ ਵਿੱਚ ਲਿਸ਼ਕ ਆ ਗਈ, ਤੂੰ ਸਾਡੇ ਹੈਡ ਮਾਸਟਰ ਦਾ ਮੁੰਡਾ ਏਂ ਸਰਦਾਰਾ ... ਸੱਚੀਂ? ਉਹ ਤੇ ਮੇਰੇ ਬਾਪ ਸਨ ... ਕੀ ਸਬੂਤ ਏ ਲਾਲ? ਪੂਰੇ ਤਿੰਨ ਮਹੀਨੇ ਘਰੇ ਰੱਖਿਆ ਉਹਨਾਂ ਮੈਨੂੰ ... ।" (ਕੁੱਝ ਨਮੂਨਾ)
'ਮੈਂ ਸਾਂ ਜੱਜ ਦਾ ਅਰਦਲੀ' ਦਾ ਪੰਜਵਾਂ ਐਡੀਸ਼ਨ ਛਪ ਰਿਹਾ ਸੀ। ਮੇਰੀ ਇੱਛਾ ਸੀ ਕਿ ਅਨੰਦ ਸਾਹਬ ਵੀ ਕੁੱਝ ਇਸ ਬਾਰੇ ਲਿਖਣ ਤਾਂ ਕਿ ਉਸ ਐਡੀਸ਼ਨ ਵਿੱਚ ਛਾਪ ਲਵਾਂ। ਕਿਤਾਬ ਤਾਂ ਉਹ ਚਿਰੋਕੀ ਪੜ੍ਹ ਚੁੱਕੇ ਹੋਏ ਸਨ ਤੇ ਕਈ ਵਾਰ ਪੁਛਦੇ ਹੁੰਦੇ ਸਨ ਕਿ ਉਹ ਜੱਜ ਕਿੱਥੇ ਚਲਾ ਗਿਆ? ਏਥੋਂ ਚੇਤਾ ਕਰ ਕੇ ਉਹ ਆਪਣੇ ਦੋਸਤ ਰਹੇ ਕੁੱਝ ਜੱਜਾਂ ਨੂੰ ਵੀ ਯਾਦ ਕਰ ਲੈਂਦੇ ਸਨ। ਸੋ, ਇੱਕ ਦਿਨ ਮੈਂ ਆਖਿਆ, ''ਸਤੀਸ਼ ਗੁਲਾਟੀ ਦਾ ਫ਼ੋਨ ਆਈ ਜਾਂਦੈ ... ਅਖੇ ਅਰਦਲੀ ਬਾਰੇ ਅਨੰਦ ਸਾਹਬ ਤੋਂ ਲਿਖਵਾਉਣੈ ... ਲਿਆਓ ਬੋਲੋ ਚਾਰ ਸ਼ਬਦ ... ਮੈਂ ਭੇਜਾਂ ਉਹਨੂੰ।" ਮਿੰਟ ਲੱਗੇ ਪੰਜ, ਅਨੰਦ ਸਾਹਬ ਨੇ ਪੂਰੇ ਪੌਣੇ ਦੋ ਪੰਨੇ ਅਰਦਲੀ ਕਿਤਾਬ ਬਾਰੇ ਲਿਖਵਾਏ ਤੇ ਸਿਰਲੇਖ ਦਿੱਤਾ, 'ਇਹ ਨਿੱਕਾ ਮਾੜਾ ਮਾਣੂੰਆਂ'। ਨਿੱਕਿਆਂ ਤੇ ਨਿਮਾਣਿਆਂ ਨੂੰ ਮਾਣ ਦੇਣ ਦਾ ਵੱਲ ਤਾਂ ਅਨੰਦ ਸਾਹਬ ਤੋਂ ਸਿੱਖਣ 'ਤੇ ਹੀ ਆਉਂਦਾ। ਮੈਂ ਜਿੰਨਾ ਵੀ ਸਮਾਂ ਉਹਨਾਂ ਦੀ ਸੰਗਤ ਵਿੱਚ ਮਾਣਿਆਂ ਹੈ, ਮੇਰੇ ਲਈ ਯਾਦਗਾਰੀ ਹੈ। ਹੁਣ ਜਦ ਸੁਕੀਰਤ ਦੀ ਈਮੇਲ ਆਈ ਹੈ ਕਿ ਉਹ ਮੇਰੀ ਧੀਰ ਜੀ ਵਾਲੀ ਪੁਸਤਕ ਪੜ੍ਹ ਰਹੇ ਹਨ, ਤਾਂ ਹੋਰ ਵੀ ਵਧੇਰੇ ਆਪਣੇਪਨ ਤੇ ਨਿੱਘ ਦਾ ਅਹਿਸਾਸ ਹੋਇਆ ਹੈ। ਉਸ ਦਿਨ ਘਰ ਮਿਲਣ ਜਾਣ 'ਤੇ ਜਦ ਕੋਲ ਜਾ ਕੇ ਬੈਠਾ ਸਾਂ ਤਾਂ ਸੁਕੀਰਤ ਨੇ ਉਹਨਾਂ ਨੂੰ ਪੁੱਛਿਆ ਸੀ, ''ਪਛਾਣ ਲਿਆ ਏ, ਦੱਸੋ ਕੌਣ ਏ?"
ਖੁੱਲ੍ਹ ਕੇ ਹੱਸ ਪਏ ਤੇ ਬੋਲੇ, ''ਕਿਉਂ ਨਹੀਂ? ... ਘੁਗਿਆਣਵੀ ਐ ... ।" ਉਸ ਦਿਨ ਦੀ ਸਿਖ਼ਰ ਦੁਪਿਹਰ ਵਾਲਾ ਉਹਨਾਂ ਦਾ ਹਾਸਾ ਤਾਜ਼ਾ ਹੈ।