
ਪੰਜਾਬ ਦੀ ਮਾਣਮੱਤੀ ਲੋਕ-ਗਾਇਕਾ ਗੁਰਮੀਤ ਬਾਵਾ ਦੀ ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਪਾਸੋਂ ਸੰਗੀਤ ਨਾਟਕ ਅਕਾਦਮੀ ਪੁਰਸਕਾਰ-2012 ਪ੍ਰਾਪਤ ਕਰਦਿਆਂ ਦੂਰਦਰਸ਼ਨ ਦੀਆਂ ਖ਼ਬਰਾਂ ਵਿੱਚ ਝਲਕ ਦਿਖਾਈ ਦਿੱਤੀ ਹੈ ... ਉਹ ਨ੍ਹਿੰਮਾ-ਨਿੰਮ੍ਹਾ ਮੁਸਕਰਾ ਰਹੀ ਹੈ ਅਤੇ ਰਾਸ਼ਟਰਪਤੀ ਜੀ ਉਸ ਨੂੰ ਸਨਮਾਨ ਭੇਟਾ ਕਰ ਰਹੇ ਨੇ। ਇਹ ਝਲਕੀ ਦੇਖ ਕੇ ਇੰਝ ਪ੍ਰਤੀਤ ਹੁੰਦੈ ਕਿ ਇਹ ਸਨਮਾਨ ਇਕੱਲੀ ਗੁਰਮੀਤ ਬਾਵਾ ਦਾ ਹੀ ਨਹੀਂ, ਸਗੋਂ ਪੰਜਾਬੀ ਲੋਕ-ਗਾਇਕੀ, ਸਿਠਨੀਆਂ, ਸੁਹਾਗ, ਜੁਗਨੀ, ਮਾਹੀਏ ਤੇ ਜਿੰਦੂਏ ਦਾ ਹੋ ਰਿਹਾ ਹੈ।
ਰੂਸੀ ਸੰਘ ਦੇ ਇੱਕ ਰਾਜ ਜਾਰਜੀਆ ਦੀ ਰਾਜਧਾਨੀ ਤਬਲਿਸੀ ਵਿੱਚ ਹੋਏ ਇੰਟਰਨੈਸ਼ਨਲ 'ਕਲਾ ਦੀ ਅਜ਼ਾਦੀ ਦਿਵਸ' ਦੇ ਮੇਲੇ 'ਤੇ ਜਦ ਬਾਵਾ ਨੇ 45 ਸੈਕਿੰਡ ਲੰਬੀ ਹੇਕ ਲਗਾ ਕੇ ਮੀਲ ਪੱਥਰ ਸਥਾਪਤ ਕਰ ਦਿੱਤਾ ਸੀ ਤਾਂ ਜਿਉਂ ਹੀ ਉਹਨੇ ਲੰਬਾ ਅਲਾਪ ਮੁਕਾਇਆ ਤਾਂ ਇੱਕ ਰੂਸਣ ਦੌੜਦੀ-ਦੌੜਦੀ ਗੁਰਮੀਤ ਬਾਵਾ ਪਾਸ ਆਈ ਤੇ ਉਸ ਨੂੰ ਘੁੱਟ ਕੇ ਜੱਫੀ ਪਾ ਲਈ, ਉਸ ਰੂਸਣ ਨੇ ਆਖਿਆ, ''ਮੈਡਮ ਯੂ ਆਰ ਵਰਲਡਜ਼ ਬਿਗੈਸਟ ਲੇਡੀ ... ਓ ਮਾਈ ਗੌਡ ... ਫ਼ੌਟੀ ਫਾਈਵ ਸੈਕਿੰਡ ... ਓ ਹੋ ... ?" ਗੁਰਮੀਤ ਬਾਵਾ ਦੀ ਲੰਮੀ ਹੇਕ ਤੇ ਦਮਦਾਰ ਆਵਾਜ਼ ਸੁਣ ਕੇ ਪਾਕਿਸਤਾਨ ਦੇ ਮੰਨੇ-ਪ੍ਰਮੰਨੇ ਲੋਕ ਗਾਇਕ ਜਨਾਬ ਆਲਮ ਲੁਹਾਰ ਨੇ ਆਖਿਆ ਸੀ, ''ਵਾਹਗਿਓਂ ਆਰ-ਪਾਰ ਅਲਗੋਜ਼ਿਆਂ ਦੀ ਆਉਂਦੀ ਗੂੰਜ ਤੇ ਲੰਬੀਆ ਹੇਕਾਂ ਸੁਣ ਕੇ ਲਗਦੈ ਕਿ ਹਾਲੀ ਪੰਜਾਬੀ
ਲੋਕ ਗਾਇਕੀ ਜੀਂਦੀ-ਜਾਗਦੀ ਏ ... ਮਰੀ ਨਹੀਂ ... ।" ਸ੍ਰੋਮਣੀ ਨਾਟਕਕਾਰ ਸ੍ਰ. ਭਾਗ ਸਿੰਘ ਹੁਰਾਂ ਆਖਿਆ ਸੀ, ''ਕੀ ਹੋਇਐ ਜੇਕਰ ਪੰਜਾਬ ਕੋਲ ਉੱਚੇ ਪਹਾੜ ਨਹੀਂ ... ਪਹਾੜਾਂ ਤੋਂ ਵੀ ਉੱਚੀ ਹੇਕ ਗੁਰਮੀਤ ਬਾਵਾ ਦੀ ਸਾਡੇ ਕੋਲ ਏ ... ।"
ਵਿਦਵਾਨ ਡਾ. ਮਹਿੰਦਰ ਸਿੰਘ ਚੀਮਾ ਨੇ ਬਾਵਾ ਬਾਰੇ ਇੱਕ ਥਾਂ ਲਿਖਿਆ ਸੀ, ''ਸ਼ੁੱਧ ਸਾਜ਼, ਸ਼ੁੱਧ ਆਵਾਜ਼ ਤੇ ਸ਼ੁੱਧ ਬੋਲ ਵਿੱਚੋਂ ਮਿਲ ਕੇ ਹੀ ਗੁਰਮੀਤ ਬਾਵਾ ਬਣਦੀ ਏ।"
ਬੰਬਈ ਵਿੱਚ ਇੱਕ ਬਹੁਤ ਵੱਡਾ ਸਭਿਆਚਾਰਕ ਸਮਾਗਮ ਸੀ, ਉਸ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਆਪਣੀ ਧਰਮ ਪਤਨੀ ਸੋਨੀਆ ਗਾਂਧੀ ਸਮੇਤ ਉਸ ਸਮਾਗਮ ਵਿੱਚ ਮੁੱਖ-ਮਹਿਮਾਨ ਵਜੋਂ ਪਧਾਰੇ ਹੋਏ ਸਨ। ਜਦ ਬਾਵਾ ਨੇ ਲੰਬੀ ਹੇਕ ਲਗਾਈ ਤਾਂ ਰਾਜੀਵ ਗਾਂਧੀ ਤੇ ਹੋਰ ਪਤਵੰਤੇ ਦੰਗ ਹੀ ਰਹਿ ਗਏ। ਸ੍ਰੀ ਗਾਂਧੀ ਜਦ ਆਪਣਾ ਭਾਸ਼ਨ ਦੇਣ ਲੱਗੇ ਤਾਂ ਉਹਨਾਂ ਬਾਵਾ ਨੂੰ ਮੁਖ਼ਾਤਿਬ ਹੁੰਦਿਆਂ ਆਖਿਆ, ''ਲਗਤਾ ਹੈ ਕਿ ਆਪ ਕੇ ਗਲੇ ਮੇਂ ਕੁਦਰਤ ਨੇ ਕੋਈ ਪੁਰਜ਼ਾ ਲਗਾ ਰਖਾ ਹੈ ... ਤਭੀ ਤੋ ਆਪ ਆਵਾਜ਼ ਕੋ ਇਤਨਾ ਊਂਚਾ ਲੇ ਜਾਤੀ ਹੋ।" ਇਹ ਸੁਣ ਸਾਰਾ ਪੰਡਾਲ ਤਾੜੀਆਂ ਨਾਲ ਗੂੰਜ ਪਿਆ।
ਜਦ ਗੁਰਮੀਤ ਬਾਵਾ ਮੰਚ ਉਤੇ ਆਉਂਦੀ ਹੈ ਤਾਂ ਉਹਦੇ ਚਿਹਰੇ 'ਤੇ ਇੱਕ ਅਨੋਖਾ ਜਿਹਾ ਜਲੌਅ ਤਾਰੀ ਹੋ ਜਾਦਾ ਹੈ। ਉਹਦੀਆਂ ਨਿੱਕੀਆਂ-ਨਿੱਕੀਆਂ ਅੱਖਾਂ ਚਮਕਣ ਲੱਗ ਪੈਂਦੀਆਂ ਨੇ ... ਜਦ ਚਾਚਾ ਚਿਮਟੇ ਵਾਲਾ ਆਪਣਾ ਚਿਮਟਾ ਵਜਾਉਂਦਾ-ਵਜਾਉਂਦਾ ਤੇਜ਼ੀ ਨਾਲ ਘੁਮਾਉਣ ਲਗਦਾ ਹੈ ... ਤਰਸੇਮ ਸਿੰਘ ਵੱਲੋਂ ਵਜਾਏ ਜਾ ਰਹੇ ਅਲਗੋਜ਼ਿਆਂ ਦੀ ਗੂੰਜਾਰ ਉੱਚੀ ਉਠਦੀ ਹੈ ... ਬਾਵਾ ਕੰਨ 'ਤੇ ਹੱਥ ਧਰ ਲੰਬਾ ਅਲਾਪ ਚੁੱਕਦੀ ਹੈ ਤਾਂ ਕਿਹੜਾ ਸਰੋਤਾ ਹੈ ਜੁ ਵਜਦ ਵਿੱਚ ਆਣ ਕੇ ਝੂੰਮਣ ਨਾ ਲੱਗ ਪੈਂਦਾ ਹੋਵੇ! ਹੱਦ ਈ ਹੋਈ ਪਈ ਹੈ ... ਪਤਾ ਨਹੀਂ ਉਹ ਏਨਾ ਕੁੱਝ ਕਿੱਥੋਂ-ਕਿੱਥੋਂ ਤੇ ਕਿਵੇਂ-ਕਿਵੇਂ ਯਾਦ ਕਰੀ ਫ਼ਿਰਦੀ ਹੈ ... ਕਦੇ ਲਗਦਾ ਹੈ ਕਿ ਉਹ ਦੂਰ ਪਿੰਡਾਂ ਦੀਆਂ ਪਥਕਣਾਂ ਵਿੱਚ ਪਾਥੀਆਂ ਪਥਦੀਆਂ ਬੁੱਢੀਆਂ ਔਰਤਾਂ ਸੰਗ ਆਵਾਜ਼ਾਂ ਮੇਲ-ਮੇਲ ਕੇ ਕਿੰਨੇ ਹੀ ਸਾਲ ਗਾਉਂਦੀ ਰਹੀ ਹੋਵੇ ... ਤਦੇ ਹੀ ਉਸ ਦੀ ਆਵਾਜ਼ ਏਨੀ ਪਕ੍ਰੋੜਤਾ, ਜੁੰਬਸ਼, ਲੰਬੇ ਅਲਾਪ ਦੀ ਅੰਨ੍ਹੀ ਸਮਰੱਥਾ ਤੇ ਦਰਦ ਆਣ ਸਮੋਇਆ ਹੋਇਆ ਹੈ! ਗਾਇਕੀ ਦੇ ਵੱਡੇ ਤੇ ਅਣਮੁੱਲੇ ਗੁਣ ਦੇ ਨਾਲ-ਨਾਲ ਇਹੋ ਯਾਦ-ਸ਼ਕਤੀ ਵੀ ਉਸ ਦੀ ਖ਼ਾਸੀਅਤ ਹੈ। ਮਾੜਕੂ ਜਿਹਾ ਸ਼ਰੀਰ, ਦਰਮਿਆਨਾ ਕੱਦ ਤੇ ਭੋਲਾ-ਭਾਲਾ ਚਿਹਰਾ। ਨਿਮਰਤਾ ਦਾ ਕੋਈ ਲੇਖਾ-ਜੋਖਾ ਨਹੀਂ। ਸਿਰੇ ਦੀ ਸਾਦਗੀ। ਨਾ ਕੋਈ ਉਚੇਚ ਤੇ ਨਾ ਵਿਖਾਵਾ! ਬਾਵਾ ਨੇ ਤਾਂ ਉਸ ਦਿਨ ਪੰਜਾਬੀ ਯੂਨੀਵਰਸਿਟੀ ਵਿੱਚ ਲੋਕ-ਗਾਇਕੀ ਬਾਰੇ ਹੋਏ ਸੈਮੀਨਾਰ ਸਮੇਂ ਕਹਿੰਦੇ-ਕਹਾਉਂਦੇ ਵਿਦਵਾਨਾਂ ਦੇ ਮਨ ਵੀ ਪਿਘਲਾ ਛੱਡੇ ਤੇ ਸਭ ਨੇ ਆਪਣੇ ਰੁਮਾਲ ਕੱਢ ਕੇ ਅੱਖਾਂ ਪੂੰਝੀਆਂ ... ਉਸ ਦਿਨ ਬਾਵਾ ਨੇ ਬਿਨਾਂ ਸਾਜ਼ਾਂ ਦੀ ਸੰਗਤ ਤੋਂ ਬੋਲ ਚੁੱਕਿਆ ਸੀ:
ਕੁਹਾਰੋ ਡੋਲੀ ਨਾ ਚਾਇਓ ਵੇ ਮੇਰਾ ਬਾਬੁਲ ਆਇਆ ਨਹੀਂ
ਵੇ ਵੀਰਾ ਦੂਰ ਖੜ੍ਹਾ ਰੋਵੇ ਕਿਸੇ ਚੁੱਪ ਕਰਾਇਆ ਨਹੀਂ ...
ਗੁਰਮੀਤ ਬਾਵਾ ਅਤੇ ਉਸ ਦੇ ਪਤੀ ਸਤਨਾਮ ਬਾਵਾ ਨਾਲ ਮੇਰੀਆਂ ਕਈ ਮੌਕਿਆਂ ਉਤੇ ਮੁਲਾਕਾਤਾਂ ਹੋਈਆਂ ਹਨ। ਹਰ ਵੇਲੇ ਦੋਵੇਂ ਜੀਅ ਅਪਣੱਤ ਤੇ ਮੋਹ ਨਾਲ ਭਰਪੂਰ ਦਿਸੇ ਹਨ! ਅੱਜ ਅਫ਼ਰਾ-ਤਫਰੀ ਦਾ ਤੇਜ਼-ਤਰਾਰ ਜ਼ਮਾਨਾ ਹੈ, ਅਜੋਕੇ ਫ਼ਨਕਾਰਾਂ ਵਿੱਚ ਪਹਿਲਿਆਂ ਵਾਂਗ ਸਦਭਾਵਨਾ, ਸੰਜੀਦਗੀ ਤੇ ਸਮਾਂ ਨਹੀਂ ਤੇ ਨਾ ਹੀ ਅਜੋਕੇ ਕਲਾਕਾਰ ਆਪਣੇ ਸਾਥੀਆਂ ਦੇ ਦੁੱਖਾਂ-ਸੁੱਖਾਂ ਦੇ ਭਾਈਵਾਲ ਹੀ ਰਹੇ ਹਨ ਪਰ ਬਾਵਾ ਇਸ ਪੱਖ ਤੋਂ ਵੀ ਕਦੇ ਅਵੇਸਲੀ ਨਹੀਂ ਹੋਈ। ਮੈਂ ਉਸ ਨੂੰ ਉਦੋਂ ਅਮਰਜੀਤ ਗੁਰਦਾਸਪੁਰੀ ਦੇ ਪਿੰਡ ਉਦੋਵਾਲੀ ਉਚੇਚਾ ਵਧਾਈ ਦੇਣ ਗਈ ਹੋਈ ਨੂੰ ਮਿਲਿਆ ਜਦ ਪ੍ਰੋ. ਮੋਹਨ ਸਿੰਘ ਫ਼ਾਊਂਡੇਸ਼ਨ ਨੇ ਉਹਦਾ ਪਝੱਤਰਵਾਂ ਜਨਮ ਦਿਨ ਉਹਦੇ ਘਰ ਜਾ ਕੇ ਮਨਾਇਆ। ਆਪਣੀ ਸਮਕਾਲਣ ਨਰਿੰਦਰ ਬੀਬਾ ਦੇ ਦਿਹਾਂਤ 'ਤੇ ਉਹਦੀ ਦੇਹ ਸਿਰਹਾਣੇ ਬੈਠੀ ਵਿਲਕਦੀ ਦੇਖਿਆ। ਉਸਤਾਦ ਯਮਲਾ ਜੀ ਦੇ ਡੇਰੇ ਵਿੱਚ ਉਹਦੇ ਪਰਿਵਾਰ ਵੱਲੋਂ ਮਨਾਏ ਯਾਦਗਾਰੀ ਦਿਨ 'ਤੇ ਸ਼ਰਧਾਂਜਲੀ ਦਿੰਦਿਆਂ ਦੇਖਿਆ। ਉਹਦੇ ਬਾਰੇ ਦੋ ਵਾਰ ਯਾਦਗਾਰੀ ਤੌਰ 'ਤੇ ਲਿਖਣ ਦਾ ਸੁਭਾਗ ਵੀ ਮਿਲਿਆ। ਇੱਕ ਵਾਰ ਉਦੋਂ ਜਦ 2005 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਮੇਰੀ ਪੁਸਤਕ 'ਲੋਕ ਗਾਇਕ' ਵਿੱਚ ਉਸ ਬਾਰੇ ਲਿਖਣ ਲਈ ਕਿਹਾ ਤੇ ਦੂਜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੇਰੀ ਕਿਤਾਬ 'ਸਾਡੀਆਂ ਲੋਕ ਗਾਇਕਾਵਾਂ' ਵਿੱਚ ਉਸ ਬਾਰੇ ਉਚੇਚਾ ਨਿਬੰਧ ਲਿਖਵਾਇਆ। ਇੱਕ ਸਮਾਗਮ ਵਿੱਚ ਮੇਲ ਹੋਇਆ ... ਸ਼ਾਇਦ ਅੰਮ੍ਰਿਤਸਰ ਵਿੱਚ ਹੀ ਸਮਾਗਮ ਸੀ। ਗੁਰਮੀਤ ਬਾਵਾ ਨੇ ਉਚੇਚ ਤੇ ਅਪਣੱਤ ਭਰਿਆ ਸ਼ਿਕਵਾ ਜਿਹਾ ਕੀਤਾ, ''ਅਮਰਸਰ ਆਉਂਨਾ ਏਂ ਤੇ ਬਿਨਾਂ ਮਿਲੇ ਮੁੜ ਜਾਨਾ ਏਂ ... ਏਹ ਗੱਲ ਚੰਗੀ ਊ ਭਲਾ?" ਲਾਗੇ ਖਲੋਤੇ ਸਤਨਾਮ ਬਾਵਾ ਬੋਲੇ, ''ਗੁਰਮੀਤ, ਅੱਜ ਈ ਬਜ਼ਾਰੋਂ ਇੱਕ ਮੋਟਾ ਸਾਰਾ ਰੱਸਾ ਲੈ ਜਾਈਏ ... ਏਹਨੇ ਰੱਸੇ ਨਾਲ ਈ ਸੂਤਰ ਆਉਣਾ ਏ ... ਬੰਨ੍ਹਣਾ ਪੈਣਾ ਈ।"
ਉਹਨਾਂ ਦੋਵਾਂ ਦੇ ਅੰਤਾਂ ਦੇ ਨਿੱਘੇ ਮੋਹ ਮੂਹਰੇ ਮੇਰਾ ਨਤ-ਮਸਤਕ ਹੋਣ ਲਈ ਦਿਲ ਕਰ ਆਇਆ। (ਚਲਦਾ)