Thursday, 25 October 2012 10:27
Print PDF

ਛੋਟੀ ਉਮਰ ਵਿੱਚ ਭਾਵੇਂ ਸ਼ਬਦ, ਸਾਜ਼ ਤੇ ਸੰਗੀਤ ਦੇ ਆਪਣੇ ਆਪਣੇ ਮਹੱਤਵ ਦੀ ਅਤੇ ਇਹਨਾਂ ਵਿੱਚੋਂ ਕਿਸੇ ਦੋ ਦੇ ਜਾਂ ਫ਼ੇਰ ਤਿੰਨਾਂ ਦੇ ਸੰਗਮ ਵਿੱਚੋਂ ਪੈਦਾ ਹੋਣ ਵਾਲੀ ਜਾਦੂਈ ਸ਼ਕਤੀ ਦੀ ਬਰੀਕ ਸਮਝ ਤਾਂ ਨਹੀਂ ਸੀ, ਤਾਂ ਵੀ ਏਨਾ ਜ਼ਰੂਰ ਮਹਿਸੂਸ ਹੁੰਦਾ ਕਿ ਕਵੀਸ਼ਰਾਂ, ਢਾਡੀਆਂ ਅਤੇ ਤਵਿਆਂ, ਖ਼ਾਸ ਕਰ ਕੇ ਸੁਰਿੰਦਰ ਕੌਰ-ਪ੍ਰਕਾਸ਼ ਕੌਰ ਦੇ ਤਵਿਆਂ ਦਾ ਮਨ ਉੱਤੇ ਪੈਂਦਾ ਅਸਰ ਫ਼ਰਕ ਵਾਲਾ ਹੈ। ਇਸ ਫ਼ਰਕ ਦਾ ਮੂਲ-ਆਧਾਰ ਕੀ ਹੈ, ਇਹ ਸਮਝ ਬਹੁਤ ਮਗਰੋਂ ਜਾ ਕੇ ਆਈ।
 ਕਵੀਸ਼ਰ ਪਰੰਪਰਾਗਤ ਛੰਦਾਂ ਵਿੱਚ ਕੀਤੀ ਗਈ ਰਚਨਾ ਨੂੰ ਸੰਬੰਧਤ ਛੰਦ ਵਾਸਤੇ ਟਕਸਾਲੀ ਬਣ ਚੁੱਕੀ ਤਰਜ਼ ਅਨੁਸਾਰ ਗਾਉਂਦੇ ਸਨ। ਉਹਨਾਂ ਦੀ ਆਵਾਜ਼ ਜੰਗਲੀ ਫੁੱਲ ਵਾਂਗ ਕੁਦਰਤ ਦੀ ਦੇਣ ਹੁੰਦੀ ਸੀ ਜਿਸ ਨੂੰ ਅਕਸਰ ਗੁਰੂ-ਸ਼ਿਸ਼ ਰੀਤ ਅਨੁਸਾਰ ਗਾਉਣ ਦੀ ਕਿਸੇ ਸਿਖਲਾਈ ਨੇ ਤੇ ਆਵਾਜ਼ ਵਿੱਚ ਮੁਲਾਇਮੀ ਤੇ ਲੋਚ-ਲਚਕ ਲਿਆ ਦੇਣ ਵਾਲੇ ਰਿਆਜ਼ ਨੇ ਸਾਧਿਆ ਨਹੀਂ ਸੀ ਹੁੰਦਾ। ਕਵੀਸ਼ਰ ਦੀ ਸਿਖਲਾਈ ਤੇ ਸਾਧਨਾ ਸ਼ਬਦਾਂ ਦੀ ਪੇਸ਼ਕਾਰੀ ਵੱਲ ਦਿੱਤਾ ਉਸ ਦਾ ਆਪਣਾ ਧਿਆਨ ਹੀ ਹੁੰਦੀ ਸੀ। ਜੇ ਕਵੀਸ਼ਰੀ ਉਹਨੂੰ ਗਾਉਣ ਵਾਲੇ ਜਥੇ ਵਿੱਚੋਂ ਕਿਸੇ ਦੀ ਰਚਨਾ ਨਾ ਹੁੰਦੀ, ਤਾਂ ਰਚਨਾਕਾਰ ਕਵੀਸ਼ਰ ਹੀ ਉਸ ਜਥੇ ਦਾ ਗੁਰੂ ਹੁੰਦਾ। ਉਹ ਆਪਣੀਆਂ ਰਚਨਾਵਾਂ ਦੇ ਕੇ ਜੇ ਲੋੜ ਸਮਝਦਾ, ਆਪਣੇ ਉਦੇਸ਼, ਰਚਨਾ ਦੇ ਰਉਂ, ਰੰਗ ਤੇ ਰਸ ਦੀ ਮੋਟੀ ਜਾਣਕਾਰੀ ਦੇ ਦਿੰਦਾ। ਪੇਸ਼ਕਾਰੀ ਪੂਰੀ ਤਰ੍ਹਾਂ ਜਥੇ ਉੱਤੇ ਹੀ ਨਿਰਭਰ ਹੁੰਦੀ। ਚੁਸਤ ਕਵੀਸ਼ਰ ਸ਼ਬਦਾਂ ਨਾਲ ਖੇਡਣ ਤੋਂ ਇਲਾਵਾ ਇਸ ਵਿੱਚ ਆਪਣੀ ਸ਼ਰੀਰਕ ਭਾਸ਼ਾ ਵੀ ਜੋੜ ਲੈਂਦੇ ਸਨ, ਭਾਵ

ਉਹ ਕੋਈ ਸ਼ਬਦ ਜਾਂ ਵਾਕ ਬੋਲਣ ਸਮੇਂ ਅਤੇ ਤੋੜਾ ਝਾੜਨ ਸਮੇਂ ਉਸ ਦਾ ਅਸਰ ਆਪਣੀਆਂ ਸਰੀਰਕ ਹਰਕਤਾਂ ਨਾਲ ਵਧਾਉਣਾ ਸਿੱਖ ਜਾਂਦੇ ਸਨ।
ਇਸੇ ਕਰ ਕੇ ਕਵੀਸ਼ਰੀ ਜਥੇ ਵਿੱਚੋਂ ਸੁਹਣੀ ਮਨਮੋਹਕ ਆਵਾਜ਼ ਅਤੇ ਢੁੱਕਵੀਂ ਅਦਾਇਗੀ ਵਾਲਾ ਬਾਜ਼ੀ ਮਾਰ ਜਾਂਦਾ। ਮਿਸਾਲ ਵਜੋਂ ਮਾਘੀ ਸਿੰਘ ਗਿੱਲ ਦੇ ਜੇਠੇ ਚੇਲਿਆਂ, ਜੋ ਸਬੱਬ ਨਾਲ ਸਾਡੇ ਪਿੰਡ ਪਿੱਥੋ ਦੇ ਸਨ, ਦੇ ਕਵੀਸ਼ਰੀ ਜਥੇ ਦੀ ਪੇਸ਼ਕਾਰੀ ਵਿੱਚੋਂ ਉਹਦੇ ਸ਼ਬਦਾਂ ਦਾ ਜਾਦੂ ਤਾਂ ਸਭ ਦੇ ਮੂੰਹੋਂ ਬੋਲਦਾ, ਪਰ ਹਰਚੰਦ ਸਿੰਘ ਜਵੰਧਾ ਦੀ ਆਵਾਜ਼ ਤੇ ਅਦਾਇਗੀ ਨਿਵੇਕਲਾ ਪ੍ਰਭਾਵ ਪਾਉਂਦੀ। ਇਸੇ ਤਰ੍ਹਾਂ ਕਰਨੈਲ ਸਿੰਘ ਪਾਰਸ ਦੇ ਆਪਣੇ ਜਥੇ ਦੀ ਪੇਸ਼ਕਾਰੀ ਵਿੱਚੋਂ ਉਹਦੀ ਰਚਨਾ ਦਾ ਜਾਦੂ ਤਾਂ ਆਪਣਾ ਪ੍ਰਭਾਵ ਛਡਦਾ ਹੀ, ਪਰ ਉਹਦੇ ਸਾਥੀ ਰਣਜੀਤ ਸਿੰਘ ਸਿੱਧਵਾਂ ਦੀ ਆਵਾਜ਼ ਨੂੰ ਲੋਕ ਅੱਜ ਤੱਕ ਪਾਰਸ ਦੇ ਸ਼ਬਦਾਂ ਜਿੰਨਾ ਹੀ ਯਾਦ ਕਰਦੇ ਹਨ।
ਕਵੀਸ਼ਰਾਂ ਦੀ ਸ਼ਬਦ ਨਾਲ ਸਾਂਝ ਤੋਂ ਅੱਗੇ ਵੱਧ ਕੇ ਢਾਡੀਆਂ ਨੇ ਸ਼ਬਦ ਨਾਲ ਸਾਜ਼ ਦਾ ਸੰਗਮ ਕੀਤਾ। ਕਵੀਸ਼ਰਾਂ ਵਾਂਗ ਰਚਨਾ ਤਾਂ ਉਹਨਾਂ ਦੀ ਪਰੰਪਰਕ ਛੰਦਾਂ ਵਿੱਚ ਹੀ ਹੁੰਦੀ, ਪਰ ਸਾਜ਼ ਉਹਨਾਂ ਦੀ ਆਵਾਜ਼ ਦਾ ਸਾਥ ਦੇ ਕੇ ਉਹਦੇ ਪ੍ਰਭਾਵ ਨੂੰ ਉਭਾਰਦੇ। ਢਾਡੀਆਂ ਦੇ ਮੁੱਖ ਸਾਜ਼ ਸਾਰੰਗੀ ਅਤੇ ਢੱਡ ਸਨ। ਸੁਭਾਵਕ ਸੀ ਕਿ ਇਹਨਾਂ ਸਾਜ਼ਾਂ ਨੂੰ ਵਜਾਉਣਾ ਸਿੱਖਣ ਵਾਸਤੇ ਉਹ ਉਸਤਾਦ ਲੱਭ ਕੇ ਉਹਦੇ ਬਾਕਾਇਦਾ ਸ਼ਾਗਿਰਦ ਬਣਦੇ। ਸਾਜ਼ਾਂ ਦੀ ਸਿੱਖਿਆ ਦੇ ਨਾਲ ਨਾਲ ਸ਼ਬਦਾਂ ਨਾਲ ਸੁਰਾਂ ਦਾ ਸੁਮੇਲ ਬਿਠਾਉਣ ਦੀ ਸਿੱਖਿਆ ਤਾਂ ਸ਼ਾਮਲ ਹੋ ਹੀ ਜਾਂਦੀ।
ਢੱਡ ਜਿੰਨੀ ਨਿੱਕੀ ਹੈ, ਓਨੀੰ ਹੀ ਤਿੱਖੀ ਤੇ ਕਾਰਿਆਂ-ਹੱਥੀ ਹੈ। ਉਹਦੀ ਨਿਵੇਕਲੀ ਗੂੰਜਵੀਂ ਆਵਾਜ਼ ਕੰਨਾਂ ਦੀ ਥਾਂ ਸਿੱਧੀ ਦਿਲ ਨੂੰ ਸੁਣਦੀ ਹੈ। ਸ਼ਾਇਦ, ਉਚਾਰਕ ਲੈਅ ਤੋਂ ਇਲਾਵਾ ਇਸੇ ਕਾਰਨ ਸਾਜ਼ਾਂ ਦੀ ਇਸ ਜੋੜੀ ਦੇ ਜ਼ਿਕਰ ਸਮੇਂ ਇਹ ਪਹਿਲਾ ਸਥਾਨ ਮੱਲੀ ਬੈਠੀ ਹੈ, ਭਾਵ ਸਾਰੰਗੀ-ਢੱਡ ਨਹੀਂ, ਢੱਡ-ਸਾਰੰਗੀ ਕਿਹਾ ਜਾਂਦਾ ਹੈ। ਸਾਰੰਗੀ ਉਹਨਾਂ ਸਾਜ਼ਾਂ ਵਿੱਚੋਂ ਹੈ ਜੋ ਮਨੁੱਖੀ ਆਵਾਜ਼ ਨਾਲ ਇਕਸੁਰ ਹੋ ਕੇ ਉਹਦੇ ਪ੍ਰਭਾਵ ਨੂੰ ਕਰਾਮਾਤੀ ਬਣਾਉਣ ਦੇ ਸਮਰੱਥ ਹਨ। ਇਹ ਖ਼ਾਸ ਕਰ ਕੇ ਜੋਸ਼ ਤੇ ਉਤਸਾਹ ਅਤੇ ਬਿਰਹਾ ਤੇ ਕਸਕ ਜਿਹੀਆਂ ਬੀਰਰਸੀ ਤੇ ਕਰੁਣਾਮਈ ਮਨੁੱਖੀ ਭਾਵਨਾਵਾਂ ਨੂੰ ਬੇਜੋੜ ਤੀਬਰਤਾ ਬਖ਼ਸ਼ਣ ਦੀ ਸਮਰੱਥਾ ਰਖਦੀ ਹੈ। ਚੱਕਰ ਬਣਾ ਕੇ ਬੈਠੇ ਸਰੋਤਿਆਂ ਵਿੱਚ ਤੁਰ-ਫ਼ਿਰ ਕੇ, ਲਾਊਡਸਪੀਕਰ ਦੀ ਮਦਦ ਤੋਂ ਬਿਨਾਂ ਗਾਉਣਾ ਗਮੰਤਰੀਆਂ ਨੂੰ ਕੁਦਰਤੀ ਹੀ ਉੱਚੀ ਸੁਰ ਦੇ ਆਦੀ ਬਣਾ ਦਿੰਦਾ ਸੀ। ਢੱਡ ਤੇ ਸਾਰੰਗੀ ਅਜਿਹੇ ਸਾਜ਼ ਹਨ ਜੋ ਉਹਨਾਂ ਦੀ ਗਾਇਕੀ ਨਾਲ ਬਰਾਬਰ ਹੋ ਕੇ, ਸਗੋਂ ਦੋ ਕਦਮ ਅੱਗੇ ਹੋ ਕੇ ਮੜਿੱਕਣ ਦੇ ਸਮਰੱਥ ਸਨ।
ਕਵੀਸ਼ਰੀ ਨੇ ਤਾਂ ਪਹਿਲੀ ਵਾਰ ਤਵਿਆਂ ਦਾ ਰੂਪ, ਸ਼ਾਇਦ, ਮਗਰੋਂ 1950ਵਿਆਂ ਵਿੱਚ ਕਰਨੈਲ ਸਿੰਘ ਪਾਰਸ ਰਾਮੂਵਾਲੀਏ ਦੇ ਯਤਨ ਨਾਲ ਧਾਰਿਆ, ਢਾਡੀਆਂ ਦੇ ਤਵਿਆਂ ਦਾ ਰਾਹ, ਜੇ ਮੈਂ ਗ਼ਲਤ ਨਹੀਂ, ਦੀਦਾਰ ਸਿੰਘ ਰਟੈਂਡਾ ਨੇ 1929 ਵਿੱਚ ਐੱਚ. ਐੱਮ. ਵੀ. ਕੰਪਨੀ ਦਾ ਬੂਹਾ ਖੁਲ੍ਹਵਾ ਕੇ ਸਾਫ਼ ਕਰ ਦਿੱਤਾ ਸੀ। ਨਾਲ ਹੀ ਲਾਲ ਚੰਦ ਯਮਲਾ ਜੱਟ ਦੀ ਤੂੰਬੀ ਟੁਣਕ ਪਈ। ਇਹਨਾਂ ਤਵਿਆਂ ਦਾ ਬਿਨਾਂ-ਸ਼ੱਕ ਆਪਣਾ ਰੰਗ, ਰਸ, ਮਹੱਤਵ ਤੇ ਵਿਸ਼ਾਲ ਸਰੋਤਾ-ਸਮੂਹ ਸੀ। ਤਾਂ ਵੀ ਇਸ ਖੇਤਰ ਵਿੱਚ ਇੱਕ ਮਹੱਤਵਪੂਰਨ ਮੋੜ ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਦੀ ਗਾਇਕੀ ਨੇ ਲਿਆਂਦਾ। ਉਹਨਾਂ ਕੋਲ ਸ਼ਬਦਾਂ ਤੇ ਸਾਜ਼ਾਂ ਦੇ ਨਾਲ ਕਵੀਸ਼ਰਾਂ ਤੇ ਢਾਡੀਆਂ ਵਾਂਗ ਕੁਦਰਤ ਦੀ ਬਖ਼ਸ਼ੀ ਹੋਈ ਆਵਾਜ਼ ਤਾਂ ਸੀ ਹੀ ਪਰ ਇਸ ਆਵਾਜ਼ ਵਿੱਚ ਕਲਾਸਕੀ ਸੰਗੀਤ ਦੀ ਬਾਕਾਇਦਾ ਸਿਖਲਾਈ ਨਾਲ ਹਾਸਲ ਹੋਈ ਕਲਾ ਅਤੇ ਲੰਮੇ ਤੇ ਨਿਯਮਤ ਰਿਆਜ਼ ਦੇ ਰੂਪ ਵਿੱਚ ਸਾਧਨਾ ਨਾਲ ਗਲ਼ੇ ਵਿੱਚ ਆਈ ਲੋਚ, ਲਚਕ, ਥੰਧਿਆਈ ਤੇ ਮੁਲਾਇਮੀ ਸ਼ਾਮਲ ਹੋ ਗਈ। ਸ਼ਬਦ, ਸਾਜ਼ ਅਤੇ ਸੰਗੀਤ ਦੇ ਇਸ ਸੰਗਮ ਨੇ ਆਵਾਜ਼ ਦੀ ਦੁਨੀਆ ਅੰਦਰ ਇੱਕ ਨਵਾਂ ਹੱਦ-ਰਹਿਤ ਦਿਸ-ਹੱਦਾ ਖੋਲ੍ਹ ਦਿੱਤਾ।
ਛੋਟੀ ਉਮਰ ਵਿੱਚ ਸੁਣੀ ਗਾਇਕੀ ਚੇਤੇ ਕਰਦਾ ਹਾਂ ਤਾਂ ਹੀਰ ਨੂੰ ਖੇੜਿਆਂ ਦੀ ਡੋਲੀ ਦਾ ਝੰਮਣ ਚੱਕ ਕੇ ਬੈਠਦੀ ਦੇਖ ਰਾਂਝੇ ਚਾਕ ਦਾ ਪੱਟੀਂ ਦੁਹੱਥੜ ਮਾਰਨ ਦਾ ਦੀਦਾਰ ਸਿੰਘ ਰਟੈਂਡਾ ਦਾ ਬੰਨ੍ਹਿਆ ਦ੍ਰਿਸ਼ ਅੱਖਾਂ ਅੱਗੇ ਆ ਜਾਂਦਾ ਹੈ। ਸਾਹਿਬਾਂ ਅਮਰ ਸਿੰਘ ਸ਼ੌਂਕੀ ਦੇ ਮੂੰਹੋਂ ਜੰਡ ਹੇਠ ਸੁੱਤੇ ਮਿਰਜ਼ੇ ਨੂੰ ਜਗਾਉਣ ਵਾਸਤੇ ਵਾਜਾਂ ਮਾਰਨ ਲਗਦੀ ਹੈ। ਯਮਲੇ ਜੱਟ ਦੀ ਤੂੰਬੀ ਇੱਕ ਸਿਰੇ ਉੱਤੇ ਸਤਿਗੁਰ ਨਾਨਕ ਦੀ ਨਿਆਰੀ ਲੀਲ੍ਹਾ ਦੀ ਉਸਤਤ ਕਰਨ ਲਗਦੀ ਹੈ ਤੇ ਦੂਜੇ ਸਿਰੇ ਉੱਤੇ ਮਾਸ਼ੂਕ ਨੂੰ ਮਿਹਣਾ ਮਾਰਦੀ ਹੈ ਜੀਹਦੇ ਝੂਠੇ ਕਰਾਰਾਂ ਨੇ ਉਹਨੂੰ ਪੱਟ ਦਿੱਤਾ। ਕਰਨੈਲ ਸਿੰਘ ਪਾਰਸ ਪੰਜ-ਵਿਕਾਰੀ ਮਨੁੱਖ ਨੂੰ ਜੀਵਨ ਦੀ ਨਾਸਮਾਨਤਾ ਚੇਤੇ ਕਰਾਉਂਦਾ ਸੁਣਦਾ ਹੈ, ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ। ਪ੍ਰਕਾਸ਼ ਕੌਰ ਕੁੰਡੇ ਵਿੱਚ ਅੜੇ ਹੋਏ ਕਾਲੇ ਡੋਰੀਏ ਦੀ ਪਰਵਾਹ ਨਾ ਕਰਦਿਆਂ ਤਲੀ ਉੱਤੇ ਬਾਜਰੇ ਦਾ ਸਿੱਟਾ ਮਰੋੜਨ ਲਗਦੀ ਹੈ; ਸੁਰਿੰਦਰ ਕੌਰ ਪੈਰੀਂ ਪੂਰੀ ਨਾ ਪੈਣ ਵਾਲੀ ਜੁੱਤੀ ਦੀ ਸ਼ਿਕਾਇਤ ਕਰਨੀ ਭੁੱਲ ਕੇ ਲੱਠੇ ਦੀ ਚਾਦਰ ਨੂੰ ਸਲੇਟੀ ਰੰਗ ਦੇਣ ਲੱਗ ਪੈਂਦੀ ਹੈ; ਫੇਰ ਦੋਵੇਂ ਭੈਣਾਂ ਮੇਲੇ ਦੀ ਸ਼ੌਂਕਣ ਦੀਆਂ ਪੈਰ ਧੋ ਕੇ ਪਾਈਆਂ ਝਾਂਜਰਾਂ ਲੁਹਾ ਕੇ ਆਪ ਪਾਉਂਦਿਆਂ ਅੱਗ ਦਾ ਭਬੂਕਾ ਬਣ ਕੇ ਦਿਉਰ ਦੇ ਵਿਆਹ ਵਿੱਚ ਨੱਚਣ ਲੱਗ ਪੈਂਦੀਆਂ ਹਨ ਤੇ ਥੱਕ-ਟੁੱਟ ਕੇ ਬੇਹਾਲ ਹੋ ਮਾਂਵਾਂ-ਧੀਆਂ ਵਾਂਗ ਗਲੋੜੀਆਂ ਕਰਨ ਲਗਦੀਆਂ ਹਨ!
ਗਾਇਕੀ ਦੀ ਇਸ ਬੁਲੰਦੀ ਦੇ ਪਿਛੋਕੜ ਸਾਹਮਣੇ ਅੱਜ ਦੇ ਕਥਿਤ ਲੋਕ-ਗਾਇਕ ਦੇਖਦਾ ਹਾਂ ਤਾਂ ਦਿਲ ਕਰਦਾ ਹੈ, ਪ੍ਰਕਾਸ਼ ਕੌਰ ਦੇ ਹਵਾਲੇ ਨਾਲ ਉਹਨਾਂ ਨੂੰ ਕਲਾ ਦੇ ਅਰਥ ਸਮਝਾਈਏ ਕਿ ਪੰਜਾਬੀ ਗਾਇਕੀ ਦੀ ਸੰਧੂਰੀ ਅੰਬੀਆਂ ਵਰਗੀ ਪ੍ਰੰਪਰਾ ਦੇ ਅਗਿਆਨੀ ਉਹ ਐਵੇਂ ਚਰ੍ਹੀ ਦੇ ਨੀਰਸ ਟਾਂਡੇ ਆਪ ਵੀ ਚੂਪ ਰਹੇ ਹਨ ਤੇ ਸਾਡੇ ਸਾਹਮਣੇ ਵੀ ਪਰੋਸ ਰਹੇ ਹਨ। ਇਸੇ ਕਰ ਕੇ ਸਾਡੀ ਲੋਕ-ਗਾਇਕੀ ਦੀ ਪਰੰਪਰਾ ਦੇ ਉਪਰੋਕਤ ਅਤੇ ਕੁਛ ਹੋਰ ਥੰਮ੍ਹ ਵਧੇਰੇ ਖੁੱਲ੍ਹੇ ਜ਼ਿਕਰ ਦੇ ਹੱਕਦਾਰ ਹਨ!
        (011-65736868)

Comments (0)

Write comment

smaller | bigger

busy
You are here:   Homeਲੜੀਵਾਰਬਾਵਾ ਬੋਲਦਾ ਹੈਸ਼ਬਦ, ਸਾਜ਼ ਅਤੇ ਸੰਗੀਤ ਦਾ ਸੰਗਮ

Currency Converter

Amount:
From:
To:


Gurbani Radio


Gurbani - Sri Harmandir Sahib