Thursday, 01 November 2012 12:20
Print PDF

ਗੁਰਮੀਤ ਬਾਵਾ ਦਾ ਆਖਣਾ ਹੈ ਕਿ ਅੱਜ ਸਾਡੇ ਵਿਰਸੇ ਦੇ ਮਹਾਨ ਕਲਾਕਾਰਾਂ ਦੀ ਕਦਰ ਪਾਉਣ ਦੀ ਲੋੜ ਹੈ ਨਾ ਕਿ ਉਹਨਾਂ ਦੇ ਮਰਨ ਬਾਅਦ ਫੋਕੇ ਬਿਆਨ ਛਪਵਾਉਣ ਅਤੇ ਮਗਰਮੱਛ ਦੇ ਹੰਝੂ ਵਹਾਉਣ ਦੀ। ਉਹ ਆਖਦੀ ਹੈ ਕਿ ਅੱਜ ਸਾਡੇ ਕਲਾਕਾਰ ਬੜੇ ਨਖਰੇ ਕਰਦੇ ਹਨ ਕਿ ਸਾਊਂਡ ਫ਼ਲਾਣੀ ਚਾਹੀਦੀ ਏ ...  ਢਮਕਾਣੀ ਸਾਊਂਡ ਮਾੜੀ ਏ ...  ਮੇਰੀ ਸੋਚ ਏ ਕਿ ਸਾਊਂਡ ਨਾਲ ਕੋਈ ਫ਼ਰਕ ਨਹੀਂ ਪੈਂਦਾ ...  ਗਾਉਣਾ ਤਾਂ ਤੁਸੀਂ ਗਲੇ ਨਾਲ ਏ ...  ਤੁਹਾਡਾ ਗਲਾ ਚੰਗਾ ਹੋਣਾ ਚਾਹੀਦਾ ਏ ...  ਬਾਵਾ ਦਾ ਕਹਿਣਾ ਹੈ ਕਿ ਪਹਿਲੇ ਸਮੇਂ ਵਿੱਚ ਜਦ ਸਾਊਂਡ ਹੁੰਦੀ ਹੀ ਨਹੀਂ ਸੀ ...  ਉਦੋਂ ਵੀ ਤਾਂ ਕਲਾਕਾਰ ਗਾਉਂਦੇ ਸਨ। ਉਹ ਬੜੇ ਵਿਸ਼ਵਾਸ ਨਾਲ ਕਹਿੰਦੀ ਹੈ ਕਿ ਉਹ ਬਿਨਾਂ ਸਾਊਂਡ (ਮਾਇਕ) ਤੋਂ ਗਾ ਸਕਦੀ ਹੈ। 'ਜੁਗਨੀ' ਗਾਉਣ ਵੇਲੇ ਲੰਬਾ ਅਲਾਪ ਉਹ ਦੂਰ-ਦੂਰ ਤੀਕ ਬੈਠੇ ਸਰੋਤਿਆਂ ਨੂੰ ਬਿਨਾਂ ਸਪੀਕਰ ਤੋਂ ਸੁਣਾ ਸਕਦੀ ਹੈ।
ਇੱਕ ਬਹੁਤ ਪੁਰਾਣੀ ਗੱਲ। ਆਥਣ ਦਾ ਸਮਾਂ। ਮੈਂ ਟੀ. ਵੀ. ਲਾਇਆ, ਜਲੰਧਰ ਦੂਰਦਰਸ਼ਨ ਉਤੋਂ ਬਾਵਾ ਗਾ ਰਹੀ ਸੀ ...  ਬੋਲ ਸਨ:
ਕੋਰਾ, ਕੋਰਾ ਕੁੱਜਾ, ਨੀਂ ਠੰਢਾ ਠਾਰ ਪਾਣੀ
ਨੀਂ ਮੈਨੂੰ ਛਿੱਟੜੇ ਮਾਰ ਜਗਾਂਵਦਾ ਈ
ਵਰਜੀਂ, ਵਰਜੀਂ ਨੀ ਸੱਸੂ ਪੁੱਤ ਆਪਣੇ ਨੂੰ
ਸਾਡੀ ਅੱਲੜ੍ਹਾਂ ਦੀ ਨੀਂਦ ਗੁਵਾਂਵਦਾ ਈ ...
 ਬੇਬੇ ਚੁੱਲ੍ਹੇ ਮੂਹਰੇ ਬੈਠੀ ਰੋਟੀਆਂ ਸੇਕ ਰਹੀ ਸੀ। ਉਹ ਰੋਟੀਆਂ ਵਿੱਚੇ ਛੱਡ ਕੇ ਟੀ. ਵੀ. ਅੱਗੇ ਆਣ ਖਲੋਈ ਤੇ ਬਾਵਾ ਦੇ ਗੀਤ ਵਿੱਚ ਖੋ ਗਈ। ਓਧਰ ਚੌਂਕੇ ਵਿੱਚ ਖ਼ਾਲੀ ਤਵਾ ਰੋਟੀ ਬਿਨਾਂ ਸੜਦਾ ਰਿਹਾ, ਮਾਂ ਚੁੱਲ੍ਹੇ ਕੋਲ ਉਦੋਂ ਹੀ ਗਈ ਜਦ ਬਾਵਾ ਦਾ ਗੀਤ ਮੁੱਕਿਆ ਤੇ ਰਮਨ ਕੁਮਾਰ ਖ਼ਬਰਾਂ ਪੜ੍ਹਨ ਲੱਗਿਆ।
ਬਾਵਾ ਦਾ ਜਨਮ ਸੰਨ 1944 ਵਿੱਚ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਕੋਠੇ ਵਿੱਚ ਸ੍ਰੀ ਉੱਤਮ ਸਿੰਘ ਦੇ

ਘਰ ਹੋਇਆ। ਉਨ੍ਹਾਂ ਦੀ ਮਾਤਾ ਜੀ ਦਾ ਨਾਂ ਰਾਮ ਕੌਰ ਸੀ। ਉਹ ਇੱਕ ਜੱਟ ਪਰਿਵਾਰ ਨਾਲ ਸਬੰਧਤ ਸੀ। ਇਹਨਾਂ ਦੇ ਪਤੀ ਕਿਰਪਾਲ ਸਿੰਘ ਬਾਵਾ ਜੀ ਕੁੱਝ ਸਾਲ ਹੀ ਇਹਨਾਂ ਤੋਂ ਵੱਡੇ ਹਨ। ਉਹਨਾਂ ਦਾ ਜਨਮ 1938 ਦਾ ਹੈ। ਕਿਰਪਾਲ ਬਾਵਾ ਜੀ ਬੇਦੀ ਪਰਿਵਾਰ ਨਾਲ ਸਬੰਧਤ ਹਨ। ਬੱਚਿਆਂ ਵਿੱਚ ਤਿੰਨ ਧੀਆਂ ਲਾਚੀ, ਗਲੋਰੀ ਤੇ ਸਿਮਰਨ। ਜਦ ਇਹ ਧੀਆਂ ਤੇ ਮਾਂ ਰਲ ਕੇ ਗਾਉਂਦੀਆਂ ਨੇ ਤਾਂ ਗੀਤ ਸੁਣ ਰਹੇ ਸਰੋਤੇ ਨੂੰ ਲਗਦੈ ਕਿ ਜਿਵੇਂ ਉਹ ਕਿਸੇ ਪਿੰਡ ਵਿਆਹ ਵਿੱਚ ਬੈਠਾ ਹੋਵੇ ਤੇ ਪਿੰਡ ਦੀਆਂ ਪੁਰਾਣੀਆਂ ਔਰਤਾਂ ਗੀਤ ਗਾ ਰਹੀਆਂ ਹੋਣ:
-ਫੁੱਲਾਂ ਉੱਤੇ ਬੈਠੀਆਂ ਤਿਤਲੀਆਂ ਨੀਂ ਮਾਂ
ਉਹ ਵੀ ਤੇ ਉੱਡ ਨੀਂ ਗਈਆਂ ...
 ਧੀਆਂ ਨੇ ਗਾਇਨ ਨੂੰ ਵਪਾਰ ਨਹੀਂ ਬਣਾਇਆ ਸਗੋਂ ਰੂਹ ਦੀ ਸਾਂਤੀ ਮੰਨਿਆਂ ਹੈ। ਲਾਚੀ ਸੰਗੀਤ ਦੀ ਲੈਕਚਰਾਰ ਹੈ। ਉਸ ਦਾ ਪਤੀ ਡਾਕਟਰ ਹੈ। ਦੂਜੀਆਂ ਧੀਆਂ ਵੀ ਚੰਗੀਆਂ ਪੜ੍ਹੀਆਂ-ਲਿਖੀਆਂ ਨੇ।
ਬਾਵਾ ਨੂੰ ਪੁੱਛੋ ਕਿ ਚੰਗੀ ਸਿਹਤ ਦਾ ਕੀ ਰਾਜ਼ ਹੈ ਤਾਂ ਉਹ ਦੱਸੇਗੀ ਕਿ ਉਸ ਨੇ ਆਪਣੇ ਖਾਣ-ਪੀਣ ਵੱਲ ਸ਼ੁਰੂ ਤੋਂ ਹੀ ਵਿਸੇਸ਼ ਤਵੱਜੋ ਦਿੱਤੀ ਹੈ। ਉਹ ਸ਼ਾਕਾਹਾਰੀ ਹੈ। ਲੱਖ ਵਾਰ ਕੋਈ ਜ਼ੋਰ ਵੀ ਪਾਵੇ ...  ਕਦੇ ਉਸ ਨੇ ਤਲੀਆਂ, ਠੰਢੀਆਂ-ਮਿੱਠੀਆਂ ਤੇ ਮਸਾਲੇਦਾਰ ਵਸਤਾਂ ਨਹੀਂ ਖਾਧੀਆਂ ਤੇ ਦੂਜੇ ਪਾਸੇ ਗੱਲ ਕਰੀਏ ਪਤੀ ਦੇਵ ਕਿਰਪਾਲ ਬਾਵਾ ਜੀ ਦੀ, ਉਹ ਆਪਣੇ ਵੇਲੇ ਦੇ ਹੰਢੇ ਹੋਏ ਗਵੱਈਏ ਸਨ ਪਰ ਪਰਹੇਜ਼ ਨਹੀਂ ਕੀਤਾ। ਖੁੱਲ੍ਹੇ ਖਾਣੇ ਪੀਣੇ ਕਰ ਕੇ ਗਾਇਕੀ ਗੁਆ ਬੈਠੇ। ਹੀਰ ਗਾਉਣ ਵਿੱਚ ਉਹ ਬੜੀ ਵਿਸੇਸ਼ ਮੁਹਾਰਤ ਹਾਸਿਲ ਕਰੀ ਬੈਠੇ ਸਨ ਤੇ ਰੇਡੀਓ ਦੀ ਉੱਚ ਸ਼੍ਰੇਣੀ ਦੇ ਕਲਾਕਾਰ ਰਹੇ ਹਨ। ਇਹ ਦੋਵੇਂ ਅਧਿਆਪਕ ਸਨ। ਟਰੇਨਿੰਗ ਦੌਰਾਨ ਨੇੜਤਾ ਹੋਈ ਤੇ ਫ਼ਿਰ ਵਿਆਹ ਹੋ ਗਿਆ। ਪਰ ਹੋਇਆ ਘਰ ਦਿਆਂ ਦੀ ਸਹਿਮਤੀ ਨਾਲ। ਜਦੋਂ ਗੁਰਮੀਤ ਬਾਵਾ ਦੀ ਮਾਤਾ ਦਾ ਦਿਹਾਂਤ ਹੋਇਆ ਸੀ ਤਾਂ ਕਿਸਮਤ ਦੇਖੋ ਕਿ ਇਹ ਡੇਢ ਸਾਲ ਦੀ ਸੀ। ਪਿਤਾ ਜੀ ਨੇ ਬੜੀ ਔਖ ਨਾਲ ਧੀ ਨੂੰ ਪਾਲਿਆ। ਵੀਰ ਨਹੀ ਸਨ ਮੰਨਦੇ ਕਿ ਉਹਨਾਂ ਦੀ ਭੈਣ ਗਾਵੇ। ਸਹੁਰਾ ਸਾਹਬ ਦਾ ਰਾਜਨੀਤਕ ਬੰਦਿਆਂ ਨਾਲ ਚੋਖਾ ਬਹਿਣ-ਉੱਠਣ ਸੀ। ਡੇਰਾ ਬਾਬਾ ਨਾਨਕ ਨਗਰਪਾਲਿਕਾ ਦੇ ਉਹ ਤੀਹ ਵਰ੍ਹੇ ਪ੍ਰਧਾਨ ਰਹੇ ਸਨ। ਉਹ ਵੀ ਨਹੀਂ ਸੀ ਚਾਹੁੰਦੇ ਕਿ ਉਹਨਾਂ ਦੀ ਨੂੰਹ ਸਟੇਜਾਂ ਉਤੇ ਗਾਏ, ਜੇ ਉਹ ਗਾਏਗੀ ਤਾਂ ਲੋਕ ਕੀ ਆਖਣਗੇ! ਉਦੋਂ ਲੋਕਾਂ ਦੀ ਸੋਚ ਹੀ ਅਜਿਹੀ ਸੀ, ਧੀਆਂ-ਭੈਣਾਂ ਦਾ ਗਾਉਣਾ ਤਾਂ ਇੱਕ ਪਾਸੇ ਰਿਹਾ, ਸਗੋਂ ਘਰੋਂ ਨਿਕਲਣਾ ਵੀ ਔਖਾ ਹੁੰਦਾ ਸੀ। ਘਰ ਦੇ ਤਾਂ ਬਾਵਾ ਨੂੰ ਕਹਿੰਦੇ ਸਨ ਕਿ ਤੁਸੀਂ ਆਹ ਕੀ ਕੰਜਰਖਾਨਾ ਫੜਿਆ ਏ। ਜਦ ਬਾਵਾ ਦੀ ਗਾਇਕੀ ਦੀਆਂ ਧੁੰਮਾ ਪੈ ਗਈਆਂ, ਚਾਰ ਪੈਸੇ ਵੀ ਘਰ ਆਉਣ ਲੱਗੇ ਤਾਂ ਸਾਰੇ ਸ਼ਾਂਤ ਹੋ ਗਏ। ਗਾਇਕੀ ਨਾਲ ਜਦ ਸਭ ਦਾ ਮਾਣ ਵਧਣ ਲੱਗਾ ਤਾਂ ਉਹਨਾਂ ਨੂੰ ਗੁਰਮੀਤ ਬਾਵਾ 'ਤੇ ਮਾਣ ਮਹਿਸੂਸ ਹੋਣ ਲੱਗਿਆ। ਸੰਨ 1969 ਵਿੱਚ ਦੋਵਾਂ ਜੀਆਂ ਨੇ ਅਧਿਆਪਕ ਦੀ ਨੌਕਰੀ ਛੱਡ ਦਿੱਤੀ ਕਿਉਂਕਿ ਗਾਇਕੀ ਵਿੱਚ ਸਫ਼ਲਤਾ ਮਿਲ ਚੁੱਕੀ ਸੀ।
ਬਾਵਾ ਦੀ ਖ਼ਾਸੀਅਤ ਇਹ ਹੈ ਕਿ ਉਸ ਨੇ ਵਿੱਸਰ ਰਹੇ ਲੋਕ ਗੀਤ, ਟੱਪੇ, ਸੁਹਾਗ, ਸਿਠਣੀਆਂ, ਵੈਣ, ਅਜਿਹੀਆਂ ਸਭ ਸਿਨਫਾਂ ਗਾ ਕੇ ਸਦਾ-ਸਦਾ ਲਈ ਜੀਵੰਤ ਕਰ ਦਿੱਤੀਆਂ ਹਨ। ਜਿਹੜੀਆਂ ਅੱਜ ਤੋਂ ਪੰਜਾਹ-ਸੱਠ ਵਰ੍ਹੇ ਪਹਿਲਾਂ ਪਿੰਡਾਂ ਦੀਆਂ ਬੱਢੀਆਂ ਤੇ ਨੱਢੀਆਂ ਮਿਲ ਬੈਠ ਕੇ ਗਾਉਂਦੀਆਂ ਸਨ। ਉਹਨੇ ਤੇ ਕਿਰਪਾਲ ਬਾਵਾ ਜੀ ਨੇ ਰਲ-ਮਿਲ ਕੇ ਇਹ ਲੋਕ ਸਾਹਿਤ ਢੂੰਡਿਆ, ਲੋਕਾਂ ਤੋਂ ਸੁਣਿਆ। ਬਾਵਾ ਨੇ ਅਜਿਹੀਆਂ ਵਸਤਾਂ ਦਾ ਗਾਇਨ ਕਰਦੇ ਸਮੇਂ ਇਹਨਾਂ ਦੀ ਮੂਲ ਧੁਨ ਗੁਆਚਣ ਨਹੀਂ ਦਿੱਤੀ। ਹੂਬਹੂ ਵੀ ਤੇ ਉਸ ਵਿੱਚ ਹੋਰ ਵੀ ਰੂਹ ਭਰ ਦਿੱਤੀ। ਉਸ ਦੇ ਗਾਏ ਇੱਕ ਲੋਕ ਗੀਤ, ਜੁ ਮੇਰੇ ਬਹੁਤ ਪਸੰਦ ਹੈ, ਦੇ ਕੁੱਝ ਬੋਲ ਸਾਂਝੇ ਕਰ ਲਵਾਂ:
- ਵੇ ਲਿਆਦੇ ਚੰਬਾ, ਲਾਵਾਂ ਘੜੇ ਦੇ ਕੋਲ
ਮਾਹੀ ਤਾਂ ਮੇਰਾ ਗਿਆ ਪਰਦੇਸ ਨੂੰ
ਸੱਸੂ ਨੇ ਮਾਰੇ ਮੰਦੇ ਬੋਲ ਵੇ ਲਿਆਦੇ ਚੰਬਾ ...
ਬਾਵਾ ਦੇ ਕੁੱਝ ਹੋਰ ਗੀਤਾਂ ਦੇ ਵੇਰਵੇ ਦੇਣੇ ਲਾਜ਼ਮੀ ਹਨ ਜੁ ਇਸ ਵਕਤ ਮੇਰੇ ਜ਼ਿਹਨ ਵਿੱਚ ਤਾਰੀ ਹੋਏ ਪਏ ਹਨ:
- ਥਲਾਂ ਵਿੱਚ ਫ਼ਿਰਾਂ ਵਾਜਾਂ ਮਾਰਦੀ
ਕਿਤੋਂ ਵਾਜ ਨਾ ਆਵੇ ਪੁੰਨੂੰ ਯਾਰ ਦੀ ...
- ਚਿੱਟੀਆਂ ਚਿੱਟੀਆਂ ਕੂੰਜਾਂ ...
-ਪੱਤਣਾ 'ਤੇ ਪੈ ਗਈ ਰਾਤ ...
-ਮੈਂ ਜੱਟੀ ਪੰਜਾਬ ਦੀ ਮੇਰੀ ਨਵੀਂ ਨਿਰਾਲੀ ਸ਼ਾਨ
ਮੇਰੀ ਫ਼ਸਲ ਜ਼ਮੀਨਾਂ ਵਢਦੀਆਂ ਮੇਰੇ ਖੇਤ ਟਰੈਕਟਰ ਵਾਹਣ
ਗੁਰਮੀਤ ਬਾਵਾ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਇਸ ਸਾਲ ਦਾ ਸੰਗੀਤ ਨਾਟਕ ਅਕਦਾਮੀ ਪ੍ਰਦਾਨ ਕਰਨਾ ਮੇਰੇ ਲਈ ਨਿੱਜੀ ਪ੍ਰਸੰਨਤਾ ਦਾ ਕਾਰਨ ਇਸ ਲਈ ਵੀ ਹੈ ਕਿਉਂਕਿ ਉਹ ਪੰਜਾਬ ਦੀ ਸੱਚੀ-ਸੁੱਚੀ ਫ਼ਨਕਾਰ ਹੈ ਤੇ ਪੰਜਾਬ ਦੀ ਲੋਕ ਸੁਰ ਦੀ ਰਖਵਾਲੀ ਹੈ - ਉਨ੍ਹਾਂ ਲੋਕ ਸੁਰਾਂ ਦੀ ਜਿਨ੍ਹਾਂ ਨੂੰ ਸੰਭਾਲਣ ਤੇ ਸੁਰੱਖਿਅਤ ਕਰਨ ਲਈ ਮੈਂ ਇੱਕ ਦਹਾਕੇ ਤੋਂ ਨਿਰੰਤਰ ਜੁਟਿਆ ਹੋਇਆ ਹਾਂ।

Comments (0)

Write comment

smaller | bigger

busy
You are here:   Homeਲੜੀਵਾਰਬਾਵਾ ਬੋਲਦਾ ਹੈਲੋਕ ਸੁਰ ਦੀ ਰਖਵਾਲੀ ਗੁਰਮੀਤ ਬਾਵਾ-2

Currency Converter

Amount:
From:
To:


Gurbani Radio


Gurbani - Sri Harmandir Sahib