... ਆਪੇ ਹੀ ਕਾਜੁ ਸਵਾਰੀਐ!

ਗੁਰਬਚਨ ਸਿੰਘ ਭੁੱਲਰ
ਪੰਜਾਬ ਵਿੱਚ ਹੀ ਨਹੀਂ, ਪੂਰੇ ਦੇਸ ਵਿੱਚ ਕਿਸਾਨ ਦੀ ਹਾਲਤ ਮੰਦੀ ਹੈ। ਕਾਰਨ ਅਨੇਕ ਹਨ। ਖ਼ੁਦ ਕਿਸਾਨਾਂ ਸਮੇਤ ਕਸੂਰਵਾਰ ਵੀ ਅਨੇਕ ਹਨ। ਇੱਕ ਧੰਦੇ ਵਜੋਂ ਕਦੀ ਉੱਤਮ ਰਹੀ ਖੇਤੀ ਮੱਧਮ ਵਪਾਰ ਅਤੇ ਨਖਿੱਧ ਨੌਕਰੀ ਤੋਂ ਥੱਲੇ ਡਿੱਗ ਕੇ ਖੁਆਰ ਭੀਖ ਦੀ ਹਾਲਤ ਨੂੰ ਪਹੁੰਚ ਗਈ ਹੈ। ਕਿਸਾਨੀ ਦੀ ਇਹ ਦੁਰਦਸ਼ਾ ਏਨਾਂ ਉਲਝਵਾਂ ਮਾਮਲਾ ਹੈ ਕਿ ਕਿਸੇ ਇੱਕ ਲੇਖ ਵਿੱਚ ਕੀਤੀ ਗਿਆ ਸੰਖੇਪ ਵਿਚਾਰ ਉਸ ਨਾਲ ਨਿਆਂ ਨਹੀਂ ਕਰ ਸਕਦਾ। ਜ਼ਮੀਨ ਦੀ ਟੁਕੜੇਬੰਦੀ, ਸਰਕਾਰ ਦੀਆਂ ਖੇਤੀ-ਵਿਰੋਧੀ ਨੀਤੀਆਂ, ਪੂੰਜੀਵਾਦੀ ਧਾਵਾ ਤੇ ਖੇਤੀ ਦੇ ਟਾਕਰੇ ਉਦਯੋਗਾਂ ਦਾ ਬੋਲਬਾਲਾ, ਪੰਜਾਬ ਦੇ ਕਿਸਾਨਾਂ ਦਾ ਹੱਥੀਂ ਕਿਰਤ ਤੋਂ ਲਾਂਭੇ ਹੱਟਣਾ ਤੇ ਨਵੀਂਆਂ ਪੀੜ੍ਹੀਆਂ ਦਾ ਵਿਹਲੜ ਤੇ ਕਿਰਲੀਆਂ ਦੀਆਂ ਪੂਛਾਂ ਖਾਣ ਵਾਲਾ ਨਸ਼ਾਖੋਰ ਜੀਵਨ, ਕਰਜ਼ੇ ਲੈ ਕੇ ਮੈਰਿਜ ਪੈਲੇਸਾਂ ਵਿੱਚ ਵਿਆਹ ਤੇ ਹੋਰ ਦਿਖਾਵੇ, ਕਿਸਾਨ ਜਥੇਬੰਦੀਆਂ ਦਾ ਕਿਸਾਨਾਂ ਨੂੰ ਕੋਈ ਸਾਰਥਕ ਭਵਿੱਖੀ ਰਾਹ ਦਿਖਾਉਣ ਦੀ ਥਾਂ ਸਰਕਾਰ ਤੋਂ ਕੁਛ ਮੰਗ-ਪਿੰਨ ਕੇ ਦੁਆਉਣ ਵੱਲ ਮੁਕੰਮਲ ਧਿਆਨ, ਪ੍ਰਭਾਵੀ ਰਾਜਨੀਤਕ ਪਾਰਟੀਆਂ ਦੀ ਕਿਸਾਨੀ ਸਮੱਸਿਆਵਾਂ ਦੇ ਮੂਲ ਵੱਲ ਅਣਗਹਿਲੀ ਅਤੇ ਹੋਰ ਬਹੁਤ ਕੁਛ। ਪਰ ਕੀ ਇਸ ਗੋਰਖਧੰਦੇ ਵਿੱਚੋਂ ਨਿਕਲਣ ਦਾ ਕੋਈ ਰਾਹ ਹੈ? ਹਾਂ, ਰਾਹ ਹੈ! ਆਪਣੇ ਵਿਰਸੇ ਨੂੰ ਆਧਾਰ ਬਣਾ ਕੇ ਭਵਿੱਖ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਝਾਕਣਾ ਅਤੇ ਵਿੱਟਰੇ ਵਹਿੜਕੇ ਵਾਂਗ ਸਮੱਸਿਆਵਾਂ ਨੂੰ ਨੱਥ ਤੋਂ ਫੜ ਕੇ ਕਾਬੂ ਕਰਨਾ!
ਹਜ਼ਾਰਾਂ ਸਾਲਾਂ ਤੋਂ ਸਾਨੂੰ ਏਕੇ ਦੀ ਬਰਕਤ ਸਿਖਾਈ ਜਾਂਦੀ ਰਹੀ ਹੈ। ਹੁਣ ਪਾਠ-ਪੁਸਤਕਾਂ ਦਾ ਮਿਜਾਜ਼ ਬਦਲ ਗਿਆ ਹੈ। ਸਾਡੀਆਂ ਪੁਸਤਕਾਂ ਵਿੱਚ ਦੋ ਦਿਲਚਸਪ ਕਹਾਣੀਆਂ ਹੁੰਦੀਆਂ ਸਨ। ਮਰਨ-ਮੰਜੇ ਉੱਤੇ ਪਏ ਬਾਪੂ ਨੇ ਉਹਨਾਂ ਦੇ ਭਵਿੱਖ ਬਾਰੇ ਚਿੰਤਾਤੁਰ ਹੋ
ਕੇ ਚਾਰੇ ਪੁੱਤਰਾਂ ਨੂੰ ਦੋ ਦੋ ਡੰਡੇ ਲੈ ਕੇ ਆਉਣ ਲਈ ਕਿਹਾ। ਉਹਨੇ ਚਾਰਾਂ ਨੂੰ ਇੱਕ ਇਕ ਡੰਡਾ ਤੋੜਨ ਲਈ ਕਿਹਾ ਜੋ ਉਹਨਾਂ ਨੇ ਤੋੜ ਦਿੱਤਾ। ਫੇਰ ਉਹਨੇ ਬਾਕੀ ਚਾਰ ਡੰਡਿਆਂ ਨੂੰ ਰੱਸੀ ਨਾਲ ਬੰਨ੍ਹਵਾ ਦਿੱਤਾ ਅਤੇ ਵਾਰੀ ਵਾਰੀ ਸਭ ਨੂੰ ਤੋੜਨ ਦਾ ਮੌਕਾ ਦਿੱਤਾ। ਇਕੱਠੇ ਬੱਝੇ ਹੋਏ ਟੁੱਟੇ ਡੰਡਿਆਂ ਵਰਗੇ ਚਾਰੇ ਡੰਡੇ ਕਿਸੇ ਤੋਂ ਨਾ ਟੁੱਟੇ। ਆਖ਼ਰੀ ਹਿਚਕੀ ਲੈਣ ਤੋਂ ਪਹਿਲਾਂ ਬਾਪੂ ਬੋਲਿਆ, ਮੇਰੀ ਗੱਲ ਸਮਝ ਹੀ ਗਏ ਹੋਵੋਗੇ, ਜੇ ਇਸ ਦੁਨੀਆ ਵਿੱਚ ਬੱਚ ਕੇ ਰਹਿਣਾ ਹੈ, ਇਕਮੁੱਠ ਰਹਿਣਾ। ਦੂਜੀ ਕਹਾਣੀ ਕਬੂਤਰਾਂ ਦੀ ਸੀ ਜਿਨ੍ਹਾਂ ਦੀ ਡਾਰ ਸ਼ਿਕਾਰੀ ਨੇ ਵਿਛਾਏ ਜਾਲ ਵਿੱਚ ਫੱਸ ਗਈ ਸੀ। ਇੱਕ ਸਿਆਣਾ ਕਬੂਤਰ ਬੇਵੱਸ ਤੇ ਭੈਭੀਤ ਦੂਜਿਆਂ ਨੂੰ ਬੋਲਿਆ, ਯਾਰੋ, ਇਹ ਜਾਲ ਆਪਣੇ ਸਾਰਿਆਂ ਦੇ ਖੰਭਾਂ ਦੀ ਉਡਾਣ ਦੇ ਬਲ ਨਾਲੋਂ ਤਾਂ ਭਾਰੀ ਨਹੀਂ, ਸ਼ਿਕਾਰੀ ਦੇ ਆਉਣ ਤੋਂ ਪਹਿਲਾਂ ਮਾਰੋ ਰਲ ਕੇ ਹੰਭਲਾ ... ਹਈਸ਼ਾ! ਉਹਨਾਂ ਨੇ ਜਾਲ ਸਮੇਤ ਉੱਡ ਕੇ ਆਪਣੇ ਮਿੱਤਰ ਚੂਹੇ ਤੋਂ ਰੱਸੀਆਂ ਜਾ ਕਟਵਾਈਆਂ!
ਪੀੜ੍ਹੀ-ਦਰ-ਪੀੜ੍ਹੀ ਹੋਈ ਖੇਤਾਂ ਦੀ ਟੁਕੜੇਬੰਦੀ ਵਿਚੋਂ ਨਿਕਲਣ ਦਾ ਇੱਕ ਰਾਹ ਸਾਂਝੀ ਖੇਤੀ ਹੈ। ਪਰ ਇਹ ਸਾਰਾ ਉੱਦਮ ਕਿਸਾਨਾਂ
ਦਾ ਆਪਣਾ ਹੋਣਾ ਚਾਹੀਦਾ ਹੈ। ਸਰਕਾਰ ਦਾ ਦਖ਼ਲ ਇਸ ਉੱਦਮ ਦਾ ਉਹੋ ਹਸ਼ਰ ਕਰੇਗਾ ਜੋ ਪਹਿਲੀਆਂ ਸਹਿਕਾਰੀ ਸਭਾਵਾਂ ਦਾ ਹੋਇਆ ਸੀ
ਅਤੇ ਪਤਾ ਵੀ ਨਹੀਂ ਲੱਗਣਾ ਕਿ ਭੋਇੰ ਦੇ ਉਹ ਟੁਕੜੇ ਨੇਤਾਵਾਂ ਤੇ ਕਰਮਚਾਰੀਆਂ ਨੇ ਕਦੋਂ ਤੇ ਕਿਵੇਂ ਡਕਾਰ ਲਏ।
ਦੂਜੀ ਜੁਗਤ ਹੈ ਆਪਣੇ ਆਪ ਉੱਤੇ ਭਰੋਸਾ। ਅਪਨਾ ਹਾਥ ਜਗਨਨਾਥ ਸਾਡੀ ਪੁਰਾਣੀ ਕਹਾਵਤ ਹੈ। ਆਪਣਾ ਹੱਥ ਹੀ ਕਰਤਾਰ ਹੈ, ਸਿਰਜਣਹਾਰ ਹੈ। ਇਹ ਜੁਗਤ ਤਾਂ ਕਰਤਾਰਪੁਰ ਵਿਖੇ ਹੱਥੀਂ ਖੇਤੀ ਕਰਨ ਵਾਲਾ ਕਿਸਾਨ, ਆਪਣਾ ਬਾਬਾ ਨਾਨਕ ਸਾਨੂੰ ਬਹੁਤ ਪਹਿਲਾਂ ਸਿਖਾ ਗਿਆ ਸੀ: ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ! ਇਸ ਜੁਗਤ ਦੀ ਹੋਰ ਵਿਆਖਿਆ ਪੰਜਵੇਂ ਨਾਨਕ ਕਰ ਗਏ ਸਨ: ਕਹੁ ਨਾਨਕ ਭੈ ਸਾਗਰੁ ਤਰਿਆ ਪੂਰਨ ਕਾਜ ਹਮਾਰੇ! ਕਾਰਜ ਪੂਰਾ ਕਰਨ ਲਈ ਭੈ ਦਾ ਸਾਗਰ ਤਰ ਕੇ ਪਾਰ ਕਰਨਾ ਜ਼ਰੂਰੀ ਹੈ। ਬੇਵਸੀ, ਬੇਚਾਰਗੀ, ਬੇਸਹਾਰਗੀ ਦਾ ਭੈ, ਜਿਸ ਭੈ ਦੇ ਸਾਗਰ ਵਿੱਚ ਅੱਜ ਕਿਸਾਨ ਗੋਤੇ ਖਾ ਰਹੇ ਹਨ। ਹੰਭਲਾ ਮਾਰ ਕੇ ਉਹਨੂੰ ਪਾਰ ਕਰੇ ਬਿਨਾਂ ਗੁਜ਼ਾਰਾ ਨਹੀਂ। ਅਜੇ ਕੁਛ ਸਾਲ ਪਹਿਲਾਂ ਬੁਸ਼ ਦੀ ਹਰਾਸ-ਨਿਰਾਸ ਕੀਤੀ ਅਮਰੀਕੀ ਕੌਮ ਨੂੰ ਮੁੱਕਾ ਵੱਟ ਕੇ ''ਹਾਂ, ਅਸੀਂ ਕਰਾਮਾਤਾਂ ਕਰ ਸਕਦੇ ਹਾਂ" ਦਾ ਆਤਮ-ਵਿਸ਼ਵਾਸੀ ਨਾਅਰਾ ਦਿੰਦਿਆਂ ਓਬਾਮਾ ਆਪਣੇ ਮਗਰ ਲਾ ਤੁਰਿਆ ਸੀ।
ਬੜੇ ਚਿਰ ਤੋਂ ਮੈਂ ਇਹਨਾਂ ਲੀਹਾਂ ਉੱਤੇ ਇੱਕ ਲੇਖ ਲਿਖਣ ਬਾਰੇ ਸੋਚ ਰਿਹਾ ਸੀ। ਡਰਦਾ ਰਿਹਾ ਕਿ ਕੁਛ ਕਿਸਾਨ ਅਤੇ ਉਹਨਾਂ ਦੇ ਸਤਹੀ ਤੇ ਅਖੌਤੀ ਹਮਦਰਦ ਕਹਿਣਗੇ, ਇਹ ਸਭ ਆਦਰਸ਼ਵਾਦੀ ਗੱਲਾਂ ਹਨ ਜਿਨ੍ਹਾਂ ਦਾ ਅਸਲੀਅਤ ਨਾਲ ਕੋਈ ਨਾਤਾ ਨਹੀਂ! ਇੱਕ ਅੰਗਰੇਜ਼ੀ ਅਖ਼ਬਾਰ ਵਿੱਚ ਪੱਤਰਕਾਰ ਰਾਖੀ ਜੱਗਾ ਦੀ ਲਿਖਤ ਪੜ੍ਹੀ ਤਾਂ ਮੇਰੇ ਮੂੰਹੋਂ ਨਿਕਲਿਆ, ਵਾਹ! ਉਪਰਲੀਆਂ ਗੱਲਾਂ ਆਦਰਸ਼ਵਾਦੀ ਨਹੀਂ, ਯਥਾਰਥਵਾਦੀ ਹਨ। ਉਹਨੇ ਫ਼ੀਰੋਜ਼ਪੁਰ ਜ਼ਿਲ੍ਹੇ ਦੇ ਧੀਰਾ ਪੱਤਰਾ, ਬੁੱਕਣ ਖਾਂ ਵਾਲਾ, ਝੋਕ ਹਰੀਹਰ, ਬਸਤੀ ਨੱਥੇਸ਼ਾਹ ਤੇ ਸੱਦੇ ਕਾ ਰਹੇਲਾ ਪਿੰਡਾਂ ਦੇ ਕਿਸਾਨਾਂ ਵੱਲੋਂ ਅਪਰੈਲ 2011 ਵਿੱਚ ਸੱਠ ਸੱਠ ਹਜ਼ਾਰ ਰੁਪਈਆ ਪਾ ਕੇ ਬਣਾਈ 'ਧੀਰਾ ਪੱਤਰਾ ਕਿਸਾਨ ਸਹਾਇਕ ਸਭਾ' ਅਧੀਨ ਸ਼ੁਰੂ ਕੀਤੀ ਗਈ ਸਾਂਝੀ ਖੇਤੀ ਬਾਰੇ ਦੱਸਿਆ ਹੈ। ਹੋਰ ਕਿਸਾਨਾਂ ਦੇ ਰਲਣ ਨਾਲ ਇੱਕ ਸਾਲ ਵਿੱਚ ਹੀ ਸਭਾ ਕੋਲ ਦਸ ਹਜ਼ਾਰ ਏਕੜ ਭੋਇੰ ਹੋ ਗਈ ਹੈ। ਇਸ ਭੋਇੰ ਉੱਤੇ ਕਣਕ, ਸਰ੍ਹੋਂ, ਝੋਨੇ, ਗੰਨੇ, ਕਿੰਨੂਆਂ, ਆਦਿ ਤੋਂ ਇਲਾਵਾ ਸਬਜ਼ੀਆਂ, ਹਲਦੀ, ਮਿਰਚ-ਮਸਾਲੇ, ਕੁਆਰ, ਟਮਾਟਰ, ਆਦਿ ਦੀ ਖੇਤੀ ਕੀਤੀ ਜਾਂਦੀ ਹੈ। ਸਭਾ 5ਆਬ ਨਾਂ ਹੇਠ ਕੁਛ ਵਸਤਾਂ ਤਿਆਰ ਕਰ ਕੇ ਧੀਰਾ ਪੱਤਰਾ ਪਿੰਡ ਵਿੱਚ ਖੋਲ੍ਹੇ ਗਏ ਇੱਕ ਸਟੋਰ ਰਾਹੀਂ ਵੇਚ ਰਹੀ ਹੈ। ਇਸ ਉਦੇਸ਼ ਨਾਲ ਕਿਸਾਨ ਇਸਤਰੀਆਂ ਨੂੰ ਅਚਾਰ, ਮੁਰੱਬੇ, ਜੂਸ, ਸਾਸ, ਚਟਣੀਆਂ, ਸ਼ਰਬਤ, ਆਦਿ ਬਣਾਉਣ ਦੀ ਸਿਖਲਾਈ ਦਿੱਤੀ ਗਈ ਹੈ। ਆਰਗੈਨਿਕ ਦੁੱਧ ਤੇ ਉਸ ਤੋਂ ਤਿਆਰ ਵਸਤਾਂ ਫ਼ੀਰੋਜ਼ਪੁਰ ਛਾਉਣੀ ਵਿੱਚ ਭੇਜੀਆਂ ਜਾ ਰਹੀਆਂ ਹਨ। ਪਰ ਸਭਾ ਲਈ ਇਹ ਸਭ ਕੇਵਲ ਆਰੰਭ-ਮਾਤਰ ਹੈ।
ਸਭਾ ਹੌਲੀ ਹੌਲੀ ਆਰਗੈਨਿਕ ਖੇਤੀ ਵੱਲ ਵਧ ਰਹੀ ਹੈ ਅਤੇ ਉਹ ਚਾਹੁੰਦੀ ਹੈ ਕਿ ਵਿਚੋਲਿਆਂ ਨੂੰ ਵਿਚਕਾਰੋਂ ਕੱਢ ਕੇ ਆਪਣੀਆਂ ਖੇਤੀ ਉਪਜਾਂ ਤੋਂ ਤਿਆਰ ਕੀਤੀਆਂ ਵਸਤਾਂ ਆਪ ਹੀ ਵੇਚੇ। ਇਸ ਉਦੇਸ਼ ਨਾਲ ਉਹਨੇ ਦੋ ਕਰੋੜ ਰੁਪਏ ਦਾ ਪਰਾਜੈਕਟ ਬਣਾ ਕੇ ਪੰਜਾਬ ਸਰਕਾਰ ਨੂੰ ਭੇਜਿਆ ਜਿਸ ਵੱਲੋਂ 20 ਫ਼ੀਸਦੀ ਹਿੱਸਾ ਪਾਏ ਜਾਣ ਮਗਰੋਂ ਬਾਕੀ 80 ਫ਼ੀਸਦੀ ਭਾਰਤ ਸਰਕਾਰ ਨੇ ਦੇਣਾ ਸੀ। ਪੰਜਾਬ ਸਰਕਾਰ ਵੱਲੋਂ ਠੋਸਾ ਦਿਖਾਏ ਜਾਣ ਮਗਰੋਂ ਸਭਾ ਨੇ ਹਾਰ ਨਹੀਂ ਮੰਨੀ ਅਤੇ ਇਹ 40 ਲੱਖ ਕੋਲੋਂ ਪਾ ਕੇ ਕੇਂਦਰ ਸਰਕਾਰ ਤੋਂ 1 ਕਰੋੜ 60 ਲੱਖ ਲੈਣ ਦਾ ਫ਼ੈਸਲਾ ਕਰ ਲਿਆ ਹੈ। ਪੱਤਰਕਾਰ ਵੱਲੋਂ ਪੁੱਛੇ ਜਾਣ ਉੱਤੇ ਖੇਤੀ ਵਿਭਾਗ ਦੇ ਵਧੀਕ ਵਿਕਾਸ ਅਫ਼ਸਰ ਨੇ ਇਹ ਤਾਂ ਮੰਨਿਆ ਕਿ ਪੰਜਾਬ ਸਰਕਾਰ ਨੇ ਸਭਾ ਦੀ ਕੋਈ ਮਾਇਕ ਮਦਦ ਨਹੀਂ ਕੀਤੀ ਪਰ ਨਾਲ ਹੀ ਕਿਸੇ ਵਿਆਹ ਸਮੇਂ ਭੂਆ ਦੇ ਵੀਹ ਰੁਪਈਆਂ ਵਿੱਚ ਆਪਣਾ ਇੱਕ ਰਲਾ ਕੇ ''ਮੇਰੇ ਤੇ ਭੂਆ ਦੇ ਇੱਕੀ" ਲਿਖਾਉਣ ਵਾਲੇ ਭਤੀਜੇ ਵਾਂਗ ਆਖਿਆ ਕਿ ਅਸੀਂ ਸਭਾ ਨੂੰ ਤਕਨੀਕੀ ਸਹਾਇਤਾ ਦੇ ਰਹੇ ਹਾਂ।
ਕੀ ''ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ" ਦੀ ਇਸਤੋਂ ਵਧੀਆ, ਨਰੋਈ ਤੇ ਰਾਹ-ਦਿਖਾਵੀ ਮਿਸਾਲ ਕੋਈ ਹੋਰ ਹੋ ਸਕਦੀ ਹੈ? ਜੇ ਪੰਜਾਬ ਦੇ ਹੋਰ ਕਿਸਾਨ ਇਸ ਮਿਸਾਲ ਤੋਂ ਸਬਕ ਨਹੀਂ ਲੈਣਗੇ, ਇਹ ਉਹਨਾਂ ਦੀ ਬਦਕਿਸਮਤੀ!
ਜਦੋਂ ਅਜੇ ਦੇਸ ਨੂੰ ਆਜ਼ਾਦੀ ਤੋਂ ਬਹੁਤ ਆਸਾਂ ਸਨ, 1954 ਵਿੱਚ ਰਾਜਕਪੂਰ ਨੇ ਇੱਕ ਫ਼ਿਲਮ ਬਣਾਈ ਸੀ, ਬੂਟ ਪਾਲਿਸ਼। ਉਸ ਵਿੱਚ ਪ੍ਰਸਿੱਧ ਅੱਗੇਵਧੂ ਕਵੀ ਸ਼ੈਲੇਂਦਰ ਦਾ ਲਿਖਿਆ ਇੱਕ ਕਮਾਲ ਦਾ ਗੀਤ ਸੀ ਜਿਸ ਨੂੰ ਸ਼ੰਕਰ-ਜੈਕਿਸ਼ਨ ਦੀ ਧੁਨ ਉੱਤੇ ਮੁਹੰਮਦ ਰਫ਼ੀ ਤੇ ਆਸ਼ਾ ਭੋਸਲੇ ਨੇ ਗਾਇਆ ਸੀ। ਪਰਦੇ ਉੱਤੇ ਇਹ ਗੀਤ ਗਾਉਂਦਿਆਂ ਅਨੇਕ ਫ਼ਿਲਮਾਂ ਵਿੱਚ ਕਲਾ ਦੇ ਜੌਹਰ ਦਿਖਾਉਣ ਵਾਲੇ ਡੇਵਿਡ ਸਾਹਿਬ ਨੇ ਜੌਨ ਚਾਚੇ ਵਜੋਂ ਸਿਖਰ ਹੀ ਛੂਹ ਲਈ; ਬਾਲੜੀ ਨਾਜ਼ ਨੇ ਕਲਾ ਦੀ ਜੋ ਸੂਖ਼ਮਤਾ ਦਿਖਾਈ, ਵੱਡੀ ਹੋ ਕੇ ਪ੍ਰਸਿੱਧ ਅਦਾਕਾਰਾ ਬਨਣ ਪਿੱਛੋਂ ਵੀ ਸ਼ਾਇਦ ਹੀ ਦਿਖਾ ਸਕੀ ਹੋਵੇ; ਮਾਸੂਮ ਬੱਚੇ ਰਤਨ ਕੁਮਾਰ ਨੇ, ਜੋ ਮਗਰੋਂ ਪਾਕਿਸਤਾਨ ਚਲਿਆ ਗਿਆ ਸੀ, ਵੀ ਦਰਸ਼ਕਾਂ ਦਾ ਮਨ ਮੋਹ ਲਿਆ। ਗੀਤ ਲਿਖਿਆ ਤੇ ਫ਼ਿਲਮਾਇਆ ਬੱਚਿਆਂ ਨੂੰ ਨਜ਼ਰ ਵਿੱਚ ਰੱਖ ਕੇ ਸੀ ਪਰ ਇਸ ਵਿਚੋਂ ਆਵਾਜ਼ ਪੂਰੇ ਦੇਸ ਦੀ ਗੂੰਜਦੀ ਸੀ। ਆਉ, ਖਾਸ ਕਰ ਕੇ ਧੀਰਾ ਪੱਤਰਾ ਕਿਸਾਨ ਸਹਾਇਕ ਸਭਾ ਵਿੱਚ ਜੁੜੇ ਕਿਸਾਨਾਂ ਦੇ ਨਾਂ ਅਤੇ ਉਹਨਾਂ ਰਾਹੀਂ ਪੰਜਾਬ ਦੇ ਸਭਨਾਂ ਕਿਸਾਨਾਂ ਦੇ ਨਾਂ ਸਮਰਪਿਤ ਕਰ ਕੇ ਇਹ ਗੀਤ ਸੁਣੀਏ: ਨੰਨ੍ਹੇ ਮੁੰਨ੍ਹੇ ਬੱਚੇ ਤੇਰੀ ਮੁੱਠੀ ਮੇਂ ਕਿਆ ਹੈ? ਮੁੱਠੀ ਮੇਂ ਹੈ ਤਕਦੀਰ ਹਮਾਰੀ ਹਮ ਨੇ ਕਿਸਮਤ ਕੋ ਬੱਸ ਮੇਂ ਕੀਆ ਹੈ! ਭੋਲੀ-ਭਾਲੀ ਮਤਵਾਲੀ ਆਂਖੋਂ ਮੇਂ ਕਿਆ ਹੈ? ਆਂਖੋਂ ਮੇਂ ਝੂਮੇ ਉੱਮੀਦੋਂ ਕੀ ਦੀਵਾਲੀ, ਆਨੇ ਵਾਲੀ ਦੁਨੀਆ ਕਾ ਸਪਨਾ ਸਜਾ ਹੈ! ਭੀਖ ਮੇਂ ਜੋ ਮੋਤੀ ਮਿਲੇਂ ਲੋਗੇ ਯਾ ਨਾ ਲੋਗੇ? ਜ਼ਿੰਦਗੀ ਕੇ ਆਂਸੂਉਂ ਕਾ ਬੋਲੋ ਕਿਆ ਕਰੋਗੇ? ਭੀਖ ਮੇਂ ਜੋ ਮੋਤੀ ਮਿਲੇਂ ਤੋ ਭੀ ਹਮ ਨਾ ਲੇਂਗੇ, ਜ਼ਿੰਦਗੀ ਕੇ ਆਂਸੂਉਂ ਕੀ ਮਾਲਾ ਪਹਿਨੇਂਗੇ, ਮੁਸ਼ਕਲੋਂ ਸੇ ਲੜਤੇ-ਭਿੜਤੇ ਜੀਨੇ ਮੇਂ ਮਜ਼ਾ ਹੈ! ਹਮ ਸੇ ਨਾ ਛੁਪਾਉ ਬੱਚੋ ਹਮੇਂ ਤੋ ਬਤਾਉ, ਆਨੇ ਵਾਲੀ ਦੁਨੀਆ ਕੈਸੀ ਹੋਗੀ ਸਮਝਾਉ? ਆਨੇ ਵਾਲੀ ਦੁਨੀਆ ਮੇਂ ਸਭ ਕੇ ਸਰ ਪੇ ਤਾਜ ਹੋਗਾ, ਨਾ ਭੂਖੋਂ ਕੀ ਭੀੜ ਹੋਗੀ ਨਾ ਦੁੱਖੋਂ ਕਾ ਰਾਜ ਹੋਗਾ, ਬਦਲੇਗਾ ਜ਼ਮਾਨਾ ਯਿਹ ਸਿਤਾਰੋਂ ਪੇ ਲਿਖਾ ਹੈ! ਨੰਨ੍ਹੇ ਮੁੰਨ੍ਹੇ ਬੱਚੇ ਤੇਰੀ ਮੁੱਠੀ ਮੇਂ ਕਿਆ ਹੈ? ਮੁੱਠੀ ਮੇਂ ਹੈ ਤਕਦੀਰ ਹਮਾਰੀ ਹਮ ਨੇ ਕਿਸਮਤ ਕੋ ਬੱਸ ਮੇਂ ਕੀਆ ਹੈ! (011-65736868)
' ' '