Thursday, 19 July 2012 06:29
Print PDF

ਚਿੱਤ-ਚੇਤਾ

ਸਾਹਿਤ ਬਹੁਤ ਵਿਸ਼ਾਲ ਪੈਮਾਨੇ ਉੱਤੇ ਸਿੱਧਾ ਜੇ ਪਿੰਡ ਪਿੰਡ, ਕਿਸੇ ਨਾ ਕਿਸੇ ਹੱਦ ਤੱਕ ਅਤੇ ਕਿਸੇ ਨਾ ਕਿਸੇ ਰੂਪ ਵਿੱਚ ਘਰ ਘਰ ਪੁੱਜਿਆ, ਉਹ ਕਿੱਸਿਆਂ ਦੇ ਰੂਪ ਵਿੱਚ ਸੀ। ਹਾਂ, ਇਹ ਨਾਂ ਪਿਆ ਤਾਂ ਪਤਾ ਨਹੀਂ ਕਿਵੇਂ, ਸਾਡੇ ਇਲਾਕੇ ਵਿੱਚ ਕਿੱਸੇ ਨੂੰ ਲੋਕ ਚਿੱਠਾ ਆਖਦੇ ਸਨ। 'ਹੀਰ ਵਾਰਿਸ ਸ਼ਾਹ' ਨੂੰ 'ਹੀਰ ਦਾ ਚਿੱਠਾ' ਕਿਹਾ ਜਾਂਦਾ ਸੀ। ਸਕੂਲਾਂ ਤੋਂ ਵੀ ਪਹਿਲਾਂ, ਗੁਰਦੁਆਰਿਆਂ, ਡੇਰਿਆਂ ਤੋਂ ਪੰਜਾਬੀ ਪੜ੍ਹਨੀ ਸਿੱਖੇ ਹੋਏ ਲੋਕ ਆਪ ਤਾਂ ਕਿੱਸੇ ਪੜ੍ਹਦੇ ਹੀ, ਅਣਪੜ੍ਹਾਂ ਨੂੰ ਪੜ੍ਹ ਕੇ ਵੀ ਸੁਣਾਉਂਦੇ। ਅਜਿਹੀਆਂ ਮਹਿਫ਼ਲਾਂ ਵਿਹਲੀ ਰੁੱਤ ਵਿੱਚ ਜਾਂ ਫੇਰ ਕਾਂ ਅੱਖ ਨਿਕਲਦੀ ਵਾਲੇ ਸਿਖਰ ਦੁਪਹਿਰੇ ਕਿਸੇ ਸਾਂਝੀ ਥਾਂ ਜਾਂ ਪਿੱਪਲਾਂ-ਬੋਹੜਾਂ ਹੇਠ ਸਜਦੀਆਂ। ਸਮੇਂ ਨਾਲ ਵਾਰਿਸ ਦੀ 'ਹੀਰ' ਗਾਉਣ ਦੀ ਇੱਕ ਸਾਂਝੀ ਤਰਜ਼ ਵੀ ਵਿਕਸਿਤ ਹੋ ਗਈ ਸੀ। ਸਭ, ਭਾਵੇਂ ਵਧੀਆ ਤੇ ਭਾਵੇਂ ਡੰਗਸਾਰਵਾਂ, ਇਸੇ ਤਰਜ਼ ਵਿੱਚ ਗਾਉਂਦੇ। ਹੁਣ ਵੀ ਚੰਗੇ ਸਿਖਿਅਤ ਗਾਇਕ ਤੱਕ ਆਮ ਕਰ ਕੇ ਵਾਰਿਸ ਦੀ 'ਹੀਰ' ਇਸੇ ਤਰਜ਼ ਵਿੱਚ ਗਾਉਂਦੇ ਹਨ ਅਤੇ ਸਰੋਤੇ ਵੀ ਇਹੋ ਤਰਜ਼ ਸੁਨਣ ਗਿੱਝੇ ਹੋਏ ਹਨ।
ਜਦੋਂ ਕਦੀ ਸਾਡੇ ਵਰਗੇ ਬੱਚੇ ਜਾ ਕੇ ਪਿੱਛੇ ਖਲੋ ਜਾਂ ਬੈਠ ਜਾਂਦੇ, ਕੋਈ ਵੱਡਾ ਬਹੁਤਾ ਧਿਆਨ ਨਹੀਂ ਸੀ ਦਿੰਦਾ। ਪਰ ਕਦੇ ਕਦੇ ਕੋਈ ਬੁੜ੍ਹਾ ਬੜ੍ਹਕ ਮਾਰਦਾ, ''ਚਲੋ ਉਇ ਜੁਆਕੋ, ਤੁਸੀਂ ਇੱਥੇ ਕੀ ਕਰਦੇ ਹੋ, ਚਲੋ ਭੱਜੋ ਇਥੋਂ!" ਸਾਨੂੰ ਕਹਾਣੀ ਦੇ ਵਿਸਤਾਰ ਦੀ ਸਮਝ ਤਾਂ ਨਾ

ਹੈ ਸੀ ਤੇ ਨਾ ਸੁਣੇ ਤੋਂ ਹੀ ਆਉਣੀ ਸੀ। ਹਾਂ, ਏਨਾ ਪਤਾ ਸੀ ਕਿ ਇੱਕ ਸੁਹਣੀ ਜਿਹੀ ਕੁੜੀ ਹੀਰ ਹੈ ਤੇ ਇੱਕ ਗੱਭਰੂ ਰਾਂਝਾ ਹੈ ਜੋ ਵਿਆਹ ਕਰਾਉਣਾ ਚਾਹੁੰਦੇ ਹਨ ਪਰ ਪਤਾ ਨਹੀਂ ਕਿਉਂ, ਘਰ ਦੇ ਉਹਨਾਂ ਦਾ ਵਿਆਹ ਕਰ ਨਹੀਂ ਸੀ ਰਹੇ! ਕਹਾਣੀ ਸਮਝ ਆਉਂਦੀ ਜਾਂ ਨਾ ਆਉਂਦੀ, ਸਾਨੂੰ ਗਾਉਣ ਵਾਲੇ ਦੀ ਹੇਕ ਦਾ ਹੀ ਸੁਆਦ ਆਈ ਜਾਂਦਾ। ਕਦੇ ਕੋਈ ਇਹ ਵੀ ਆਖ ਦਿੰਦਾ, ''ਵੱਡੇ ਪੜ੍ਹਾਕੂ ਬਣੇ ਫਿਰਦੇ ਹੋਂ, ਚਲੋ ਐਧਰ ਆਉ ਉਇ ਕੋਈ, ਸੁਣਾਉ ਹੀਰ ਅੱਗੇ ਆ ਕੇ!" ਜੇ ਅਸੀਂ 'ਹੀਰ' ਉਠਾਲ ਵੀ ਲੈਂਦੇ, ਸਾਥੋਂ ਗਾ ਕੇ ਥੋੜ੍ਹੋ ਪੜ੍ਹੀ ਜਾਣੀ ਸੀ! ਇਹ ਵੇਲਾ ਸਾਡੇ ਉੱਥੋਂ ਖਿਸਕਣ ਦਾ ਹੁੰਦਾ। ਇਹੋ ਜਿਹੇ ਮੌਕੇ ਪਿੱਛੋਂ ਕੋਈ ਸਾਡਾ ਮਖੌਲ ਵੀ ਉਡਾਉਂਦਾ, ''ਹੀਰ ਪੜ੍ਹਨੀ ਨ੍ਹੀਂ ਆਉਂਦੀ, ਸੁਥੀਣੀਆਂ ਪਾ ਕੇ ਬਣੇ ਫ਼ਿਰਦੇ ਐ ਵੱਡੇ ਪੜ੍ਹਾਕੂ!"
ਕੋਈ ਹੀ ਹੋਵੇਗਾ ਜੋ ਕਦੀ 'ਹੀਰ' ਜਾਂ ਹੋਰ ਕਿਸੇ ਕਿੱਸੇ ਦਾ ਸਰੋਤਾ ਨਾ ਬਣਿਆ ਹੋਵੇ। ਕਿੱਸਿਆਂ ਦੀ ਕਥਾ-ਕਹਾਣੀ ਜਾਂ ਉਹਨਾਂ ਵਿੱਚ ਆਖੀ ਗਈ ਗੱਲ ਤਾਂ ਪਾਠਕ-ਸਰੋਤੇ ਦੇ ਮਨ ਨੂੰ ਪੋਂਹਦੀ ਹੀ, ਬੋੱਲੀ ਵੀ ਏਨੀਂ ਸਰਲ-ਸਿੱਧੀ, ਆਮ-ਸਮਝ, ਰਸੀਲੀ ਤੇ ਢੁੱਕਵੀਂ ਹੁੰਦੀ ਕਿ ਕੋਰੇ ਅਣਪੜ੍ਹ ਬੰਦੇ ਦੇ ਦਿਲ ਦੀਆਂ ਵੀ ਤਾਰਾਂ ਹਿਲਾ ਜਾਂਦੀ। ਕਿੱਸਾਕਾਰਾਂ ਨੂੰ ਵੀ ਆਪਣੇ ਕਿੱਸੇ ਦੀ ਸੰਭਵ ਪਹੁੰਚ ਦਾ ਅਹਿਸਾਸ ਹੁੰਦਾ ਸੀ। ਵਾਰਿਸ ਸ਼ਾਹ ਦਾ ਲਿਖਣ ਸੀ ਕਿ ਉਹਦੀ 'ਹੀਰ' ਯਾਰਾਂ ਦੀਆਂ ਮਜਲਸਾਂ ਵਿੱਚ ਰਲ਼ ਕੇ ਪੜ੍ਹੀ ਜਾਵੇਗੀ: ''ਯਾਰਾਂ ਨਾਲ ਮਜਾਲਸਾਂ ਵਿੱਚ ਬਹਿ ਕੇ, ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ।"
 ਕਿੱਸੇ ਕਿੰਨੇ ਵਿਸ਼ਿਆਂ ਨੂੰ ਲੈ ਕੇ ਲਿਖੇ ਗਏ, ਕੋਈ ਗਿਣਤੀ ਨਹੀਂ। ਵਿਦਿਆ ਦੇ ਪਸਾਰ ਨਾਲ ਆਧੁਨਿਕ ਸਾਹਿਤਕ ਰੂਪਾਂ ਦੇ ਪ੍ਰਚਲਿਤ ਹੋਣ ਤੋਂ ਪਹਿਲਾਂ ਜਿਸ ਕਿਸੇ ਵਿੱਚ ਲਿਖਣ ਦੀ ਸਮਰੱਥਾ ਹੁੰਦੀ, ਉਹ ਕਿੱਸਾ ਹੀ ਲਿਖਦਾ। ਕਿੱਸਿਆਂ ਦੀ ਪਾਠਕ ਤੱਕ ਪਹੁੰਚ ਦਾ ਇਹ ਹਾਲ ਸੀ ਕਿ ਕੋਈ ਮੇਲਾ ਛੋਟਾ ਹੋਵੇ ਜਾਂ ਵੱਡਾ, ਧਾਰਮਿਕ ਹੋਵੇ ਜਾਂ ਸਮਾਜਕ-ਸਭਿਆਚਾਰਕ, ਕਿੱਸਿਆਂ ਦੀਆਂ ਦੁਕਾਨਾਂ ਤਾਂ ਸਜਦੀਆਂ ਹੀ ਸਜਦੀਆਂ। ਗਾਹਕਾਂ ਦੀ ਵੀ ਭੀੜ ਲੱਗੀ ਰਹਿੰਦੀ। ਅੱਜ ਦੇ ਵਿਦਿਅਕ-ਸਭਿਆਚਾਰਕ ਪੱਖੋਂ ਵਿਕਸਿਤ ਜੁੱਗ ਵਿੱਚ ਜਦੋਂ ਸਾਨੂੰ ਵੱਡੀ ਸ਼ਿਕਾਇਤ ਹੈ ਕਿ ਸਾਹਿਤ ਪਾਠਕਾਂ ਤੱਕ ਨਹੀਂ ਪੁਜਦਾ ਅਤੇ ਸ਼ਹਿਰਾਂ ਵਿੱਚ ਵੀ ਸਾਹਿਤ ਦੀਆਂ ਦੁਕਾਨਾਂ ਨਹੀਂ, ਓਦੋਂ ਕੋਈ ਨਗਰ ਅਜਿਹਾ ਨਹੀਂ ਸੀ ਹੁੰਦਾ ਜਿੱਥੇ ਕਿੱਸਿਆਂ ਦੀ ਪੱਕੀ ਦੁਕਾਨ ਨਾ ਹੋਵੇ।
 ਕਿੱਸੇ ਤਾਂ ਬਥੇਰੇ ਸਨ ਜੋ ਪੜ੍ਹੇ ਜਾਂਦੇ ਸਨ ਪਰ ਝੰਡੀ ਵਾਰਿਸ ਸ਼ਾਹ ਦੀ 'ਹੀਰ' ਦੀ ਹੀ ਰਹੀ। ਅਸਲ ਵਿੱਚ ਇਹ ਕਿੱਸਾ ਨਹੀਂ, ਇੱਕ ਚਮਤਕਾਰੀ ਸਾਹਿਤਕ-ਸਭਿਆਚਾਰਕ ਵਰਤਾਰਾ ਹੈ ਜਿਸ ਦੇ ਟੂਣੇ ਨੇ ਸਦੀਆਂ ਤੋਂ ਪੰਜਾਬੀਆਂ ਨੂੰ ਕੀਲਿਆ ਹੈ। ਇਸ ਦੀ ਨਾਇਕਾ ਹੀਰ ਦੀ ਰੂਹ ਹਰੇਕ ਪੰਜਾਬਣ ਮੁਟਿਆਰ ਵਿੱਚ ਅਤੇ ਨਾਇਕ ਰਾਂਝੇ ਦੀ ਰੂਹ ਹਰੇਕ ਪੰਜਾਬੀ ਗੱਭਰੂ ਵਿੱਚ ਪ੍ਰਵੇਸ਼ ਕਰਦੀ ਰਹੀ ਹੈ। ਹੀਰ ਤੇ ਰਾਂਝਾ ਜਿਸ ਹੱਦ ਤੱਕ ਪੰਜਾਬੀ ਮੁਟਿਆਰ ਤੇ ਗੱਭਰੂ ਦੇ ਗੌਰਵ, ਸਵੈਮਾਨ ਤੇ ਹੁਸਨ ਦੇ ਪ੍ਰਤੀਕ ਬਣ ਗਏ, ਕਿਸੇ ਹੋਰ ਪ੍ਰੇਮ-ਕਿੱਸੇ ਦੇ ਨਾਇਕ-ਨਾਇਕਾ ਉਥੋਂ ਤੱਕ ਨਹੀਂ ਪਹੁੰਚ ਸਕੇ। ਉਸ ਵੇਲੇ ਦੇ ਸਮਾਜ ਵਿੱਚ ਅਜਿਹਾ ਇਸ਼ਕ ਤਾਂ ਅੱਜ ਨਾਲੋਂ ਕਈ ਗੁਣਾ ਵੱਡਾ ਉਪੱਦਰ ਸੀ। ਤੇ ਫ਼ੇਰ ਹੀਰ ਜ਼ਿਮੀਂਦਾਰ ਘਰ ਦੀ ਧੀ ਤੇ ਰਾਂਝਾ ਉਸੇ ਘਰ ਦਾ ਨੌਕਰ, ਡੰਗਰਾਂ ਦਾ ਪਾਲ਼ੀ! ਇਹ ਵਾਰਿਸ ਸ਼ਾਹ ਦੀ ਕਲਮ ਦਾ ਕਮਾਲ ਹੀ ਹੈ ਕਿ ਉਹਦੀ ਸ਼ਖਸੀਅਤ ਨੂੰ ਅਜਿਹੇ ਮਾਣ-ਮੱਤੇ ਰੰਗਾਂ ਵਿੱਚ ਚਿਤਰਿਆ, ਅਜੇ ਆਧੁਨਿਕਤਾ ਤੋਂ ਪਿੱਛੇ, ਲਗਭਗ ਅਰਧ-ਜਗੀਰੂ ਸਮਾਜ ਵਿੱਚ ਰਹਿ ਰਹੇ ਉਥੋਂ ਦੇ ਲੋਕ ਉਹਨੂੰ ਸਮਾਜਕ ਵਲਗਣਾਂ ਤੋੜਨ ਵਾਲੀ ਅਵੱਗਿਆਕਾਰ ਦੀ ਥਾਂ ਬੀਬੀ ਹੀਰ ਆਖ ਕੇ ਸਤਿਕਾਰਦੇ ਹਨ। ਉਹਦੀ ਕਬਰ ਉੱਤੇ ਖ਼ੂਬਸੂਰਤ ਮਜ਼ਾਰ ਬਣਿਆ ਹੋਇਆ ਹੈ ਜਿੱਥੇ ਲੋਕ ਅਕੀਦਤ ਨਾਲ ਸੁੱਖਾਂ ਸੁਖਦੇ ਤੇ ਚਾਦਰਾਂ ਚੜ੍ਹਾਉਂਦੇ ਹਨ!
ਇਹ ਕਿੱਸਾ ਉਸ ਸਮੇਂ ਦੇ ਸਮਾਜਕ, ਸਭਿਆਚਾਰਕ, ਧਾਰਮਿਕ, ਇਤਿਹਾਸਕ, ਮਿਥਿਹਾਸਕ, ਰਾਜਨੀਤਕ ਆਦਿ ਵੇਰਵਿਆਂ ਨਾਲ ਭਰਪੂਰ ਮਹਾਂਕਾਵਿ ਹੈ। ਵਾਰਿਸ ਨੇ ਹੋਰ ਵੀ ਕਈ ਰਚਨਾਵਾਂ ਕੀਤੀਆਂ ਪਰ ਅਮਰ ਉਹਨੂੰ 'ਹੀਰ' ਨੇ ਹੀ ਬਣਾਇਆ। ਉਹਦੀ 'ਹੀਰ' ਦੀਆਂ ਅਨੇਕ ਤੁਕਾਂ ਤਾਂ ਕਹਾਵਤਾਂ ਦਾ ਰੂਪ ਲੈ ਚੁੱਕੀਆਂ ਹਨ। ਉਹ ਆਪਣੀ ਕਾਵਿ-ਪ੍ਰਤਿਭਾ ਬਾਰੇ ਚੇਤੰਨ ਸੀ। ਕਿੱਸੇ ਦੇ ਸ਼ੁਰੂ ਵਿੱਚ ਉਹ ਉਹਦੀ ਤੁਲਨਾ ਗ਼ੁਲਾਬ ਦੇ ਨਵੇਂ ਫੁੱਲ ਨਾਲ ਕਰਦਾ ਹੈ: ''ਹੁਕਮ ਮੰਨ ਕੇ ਸੱਜਨਾਂ ਪਿਆਰਿਆਂ ਦਾ, ਕਿੱਸਾ ਅਜਬ ਬਹਾਰ ਦਾ ਜੋੜਿਆ ਈ। ਫ਼ਿਕਰਾ ਜੋੜ ਕੇ ਖ਼ੂਬ ਦਰੁਸਤ ਕੀਤਾ, ਨਵਾਂ ਫੁੱਲ ਗ਼ੁਲਾਬ ਦਾ ਤੋੜਿਆ ਈ।" ਕਿੱਸੇ ਦੇ ਅੰਤ ਵਿੱਚ ਉਹ ਆਪਣੀ ਕਲਾ ਤੇ ਕਿਰਤ ਬਾਰੇ ਸੰਤੁਸ਼ਟ ਹੋ ਕੇ ਫ਼ੇਰ ਇਹੋ ਦਾਅਵਾ ਦੁਹਰਾਉਂਦਾ ਹੈ: ''ਪੜ੍ਹਨ ਗੱਭਰੂ ਦੇਸ ਵਿੱਚ ਖ਼ੁਸ਼ ਹੋ ਕੇ, ਫੁੱਲ ਬੀਜਿਆ ਬਾਸ ਦੇ ਵਾਸਤੇ ਮੈਂ।" ਤੇ ਸੱਚਮੁੱਚ ਹੀ ਉਹਦੇ ਬੀਜੇ ਹੋਏ ਫੁੱਲ ਦੀ ਬਾਸ ਸਮੇਂ ਤੇ ਸਥਾਨ ਦੀਆਂ ਹੱਦਾਂ ਤੋਂ ਪਾਰ ਫ਼ੈਲ ਗਈ।
ਗੱਲ ਇਥੋਂ ਤੱਕ ਪਹੁੰਚ ਗਈ ਕਿ ਹੀਰ ਦਾ ਕਿੱਸਾ ਰਚੇ ਬਿਨਾਂ ਨਾ ਤਾਂ ਕਿੱਸਾਕਾਰ ਆਪਣੇ ਆਪ ਨੂੰ ਸੰਪੂਰਨ ਸਮਝਦਾ ਤੇ ਨਾ ਹੀ ਲੋਕ ਉਹਨੂੰ ਚੰਗਾ ਕਿੱਸਾਕਾਰ ਮੰਨਦੇ। ਹੀਰ ਤੇ ਰਾਂਝੇ ਦੇ ਹਵਾਲੇ ਤਾਂ ਲਗਭਗ ਹਰ ਰਚਨਾਕਾਰ ਦੇ ਦਿੱਤੇ ਹੋਏ ਮਿਲਦੇ ਹਨ। ਨਿਰੋਲ ਧਰਮ ਨੂੰ ਪ੍ਰਣਾਇਆ ਗੁਰਮੁਖ ਕਵੀ ਭਾਈ ਗੁਰਦਾਸ ਕਹਿੰਦਾ ਹੈ: ''ਰਾਂਝਾ ਹੀਰ ਵਖਾਣੀਐ, ਉਹ ਪਿਰਮ ਪਰਾਤੀ।" ਸੂਫ਼ੀ ਕਵੀਆਂ ਦਾ ਸਰਦਾਰ ਬਾਬਾ ਬੁੱਲ੍ਹੇ ਸ਼ਾਹ ਲਿਖਦਾ ਹੈ: ''ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ। ਆਖੋ ਨੀ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੋ ਕੋਈ।" ਸਾਧੂ ਦਯਾ ਸਿੰਘ ਨੇ ਲਿਖਿਆ ਹੈ: ''ਦਯਾ ਸਿੰਘ ਤੂੰ ਨਾਲ ਪਰਮਾਤਮਾ ਦੇ, ਲਾਈ ਪ੍ਰੀਤ ਨਾ ਰਾਂਝਣੇ ਹੀਰ ਵਾਲੀ।" ਇਹਤੋਂ ਇਲਾਵਾ ਹੀਰ ਲੋਕਗੀਤਾਂ ਦੀ ਤਾਂ ਅਣਵੰਗਾਰੀ ਪਟਰਾਣੀ ਹੈ ਹੀ!
ਬਹੁਤੇ ਕਿੱਸਾਕਾਰਾਂ ਦੀਆਂ ਹੀਰ ਸੰਬੰਧੀ ਰਚਨਾਵਾਂ ਤਾਂ ਅਣਛਪੀਆਂ ਹੀ ਸਮੇਂ ਦੀ ਧੁੰਦ ਵਿੱਚ ਗੁਆਚਦੀਆਂ ਰਹੀਆਂ। ਤਾਂ ਵੀ ਪ੍ਰੋ. ਪਿਆਰਾ ਸਿੰਘ ਪਦਮ ਨੇ ਦਮੋਦਰ ਤੋਂ ਲੈ ਕੇ ਸੂਬਾ ਸਿੰਘ ਤੱਕ ਪੰਜਾਹ ਪੰਜਾਬੀ, ਤਿੰਨ ਹਿੰਦੀ, ਇੱਕ ਰਾਜਸਥਾਨੀ, ਇੱਕ ਅਰਬੀ ਤੇ ਚੌਦ੍ਹਾਂ ਫ਼ਾਰਸੀ 'ਹੀਰਾਂ' ਦੀ ਸੂਚੀ ਦਿੱਤੀ ਹੈ। ਹੀਰ ਦੀ ਕਹਾਣੀ ਦੀ ਸਮਾਜਕ ਪਕੜ ਦੇਖੋ ਕਿ ਗੁਰੂ ਗੋਬਿੰਦ ਸਿੰਘ ਤੱਕ ਨੇ ਹੀਰ ਦੀ ਰਚਨਾ ਕੀਤੀ। ਜਿਥੇ ਹੀਰ ਦੇ ਬਹੁਤੇ ਕਿੱਸੇ ਮੁੱਢਲੇ ਮੁਸਲਮਾਨ ਕਿੱਸਾਕਾਰਾਂ ਦੀ ਪਾਈ ਪਿਰਤ ਅਨੁਸਾਰ ਇਸਲਾਮੀ ਸਭਿਆਚਾਰ ਦੇ ਰੰਗ ਵਿੱਚ ਰੰਗੇ ਹੋਏ ਮਿਲਦੇ ਹਨ, ਗੁਰੂ ਜੀ ਨੇ ਇਸ ਨੂੰ ਭਾਰਤੀ ਮਿਥਿਹਾਸ ਦਾ ਰੰਗ ਦਿੱਤਾ। ਇੰਦਰਪੁਰੀ ਦੀ ਅਪਸਰਾ ਮੈਨਕਲਾ ਨੂੰ ਕਪਿਲ ਰਿਸ਼ੀ ਕਰੋਪ ਹੋ ਕੇ ਤੁਰਕਾਂ ਦੇ ਘਰ ਜੰਮਣ ਦਾ ਸਰਾਪ ਦੇ ਦਿੰਦਾ ਹੈ। ਪਰ ਨਾਲ ਹੀ ਉਹ ਇਹ ਵੀ ਆਖ ਦਿੰਦਾ ਹੈ ਕਿ ਇੰਦਰ ਵੱਲੋਂ ਰਾਂਝੇ ਦੇ ਰੂਪ ਵਿੱਚ ਉਸ ਦਾ ਉਦਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਪ੍ਰਸਿੱਧ ਰਚਨਾ 'ਮਿੱਤਰ ਪਿਆਰੇ ਨੂੰ' ਵਿੱਚ ਵੀ ਬਿਰਹਾ ਦਾ ਤੀਬਰ ਪ੍ਰਭਾਵ ਹੀਰ ਦੇ ਹਵਾਲੇ ਨਾਲ ਹੀ ਸਿਰਜਿਆ ਹੈ: ''ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ।"
ਬਚਪਨ ਤੋਂ ਮੈਂ ਸਾਡੇ ਇਲਾਕੇ ਵਿੱਚ ਪ੍ਰਚਲਿਤ ਇੱਕ ਦਿਲਚਸਪ ਵਾਰਤਾ ਸੁਣਦਾ ਆਇਆ ਹਾਂ। ਕਹਿੰਦੇ ਹਨ, ਗੁਰੂ ਗੋਬਿੰਦ ਸਿੰਘ ਬਠਿੰਡੇ ਦੇ ਕਿਲੇ ਦੀ ਫ਼ਸੀਲ ਉੱਤੇ, ਜਿਥੇ ਹੁਣ ਗੁਰਦੁਆਰਾ ਬਣਿਆ ਹੋਇਆ ਹੈ, ਟਿਕੇ ਹੋਏ ਸਨ। ਰਾਤ ਨੂੰ ਹੇਠ ਕਿਲੇ ਦੀ ਦੀਵਾਰ ਨਾਲ ਊਠਾਂ ਵਾਲਿਆਂ ਨੇ ਉਤਾਰਾ ਕੀਤਾ। ਰੋਟੀ-ਟੁੱਕ ਤੋਂ ਵਿਹਲੇ ਹੋ ਕੇ ਉਹ ਹੀਰ ਗਾਉਣ ਲੱਗੇ। ਸਵੇਰੇ ਉਹਨਾਂ ਨੂੰ ਗੁਰੂ ਜੀ ਨੇ ਬੁਲਾਇਆ ਤੇ ਰਾਤ ਵਾਲਾ ਪ੍ਰਸੰਗ ਗਾਉਣ ਦੀ ਫ਼ਰਮਾਇਸ਼ ਕੀਤੀ। ਉਹਨਾਂ ਬਿਚਾਰਿਆਂ ਨੇ ਕੱਚੇ ਜਿਹੇ ਹੋ ਕੇ ਹੱਥ ਜੋੜੇ, ''ਮਹਾਰਾਜ, ਤੁਸੀਂ ਤਾਂ ਕੋਈ ਪਹੁੰਚੇ ਹੋਏ ਬਲੀ-ਪੀਰ ਲਗਦੇ ਹੋ। ਉਹ ਤਾਂ ਸੰਸਾਰਕ ਇਸ਼ਕ-ਮੁਸ਼ਕ ਦੀਆਂ ਗੱਲਾਂ ਸਨ। ਅਸੀਂ ਤੁਹਾਡੇ ਸਾਹਮਣੇ ਕਿਵੇਂ ਗਾ ਸਕਦੇ ਹਾਂ!" ਗੁਰੂ ਜੀ ਨੇ ਸਮਝਾ ਕੇ, ਪ੍ਰੇਰ ਕੇ ਉਹਨਾਂ ਦੀ ਝਿਜਕ ਲਾਹੀ ਤੇ ਉਹਨਾਂ ਤੋਂ ਹੀਰ ਸੁਣੀ। ਕਹਿੰਦੇ ਹਨ, ਇਹੋ ਘਟਨਾ ਉਹਨਾਂ ਲਈ ਆਪ ਹੀਰ ਲਿਖਣ ਵਾਸਤੇ ਪ੍ਰੇਰਨਾ ਬਣੀ।
 ਕਿੱਸੇ ਦਾ ਵਿਸ਼ਾ ਰੁਮਾਂਚਿਕ ਸਮੇਤ ਕੁਛ ਵੀ ਹੁੰਦਾ, ਉਹਦਾ ਆਰੰਭ ਰੱਬ ਨੂੰ ਧਿਆ ਕੇ ਹੀ ਕੀਤਾ ਜਾਂਦਾ ਸੀ। ਵਾਰਿਸ ਰੱਬ ਅੱਗੇ ਅਰਦਾਸ ਤਾਂ ਕਰਦਾ ਹੀ ਹੈ, ਇਸ਼ਕ ਨੂੰ ਵੀ ਰੱਬ ਨਾਲ ਜੋੜਦਾ ਹੈ: ''ਅੱਵਲ ਹਮਦ ਖ਼ੁਦਾਇ ਦਾ ਵਿਰਦ ਕੀਚੇ, ਇਸ਼ਕ ਕੀਤਾ ਸੂ  ਜੱਗ ਦਾ ਮੂਲ ਮੀਆਂ। ਪਹਿਲੇ ਆਪ ਹੀ ਰੱਬ ਨੇ ਇਸ਼ਕ ਕੀਤਾ, ਤੇ ਮਾਸ਼ੂਕ ਹੈ ਨਬੀ ਰਸੂਲ ਮੀਆਂ।" ਇਹ ਵੀ ਇੱਕ ਰਿਵਾਜ ਹੀ ਸਮਝੋ ਕਿ ਵਾਰਿਸ ਸ਼ਾਹ ਸਮੇਤ ਬਹੁਤ ਸਾਰੇ ਕਿੱਸਾਕਾਰ ਆਪਣੀ ਰਚਨਾ ਨੂੰ ਦੋਸਤਾਂ-ਮਿੱਤਰਾਂ ਦੀ ਫ਼ਰਮਾਇਸ਼ ਸਦਕਾ ਕੀਤੀ ਗਈ ਦਸਦੇ ਸਨ। ਵਾਰਿਸ ਕਹਿੰਦਾ ਹੈ: ''ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ, ਇਸ਼ਕ ਹੀਰ ਦਾ ਨਵਾਂ ਬਣਾਈਏ ਜੀ। ਏਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ, ਜਿਹਭਾ ਸੋਹਣੀ ਨਾਲ ਸੁਣਾਈਏ ਜੀ। ਨਾਲ ਅਜਬ ਬਹਾਰ ਦੇ ਸ਼ਿਅਰ ਕਹਿ ਕੇ, ਰਾਂਝੇ ਹੀਰ ਦਾ ਮੇਲ ਮਿਲਾਈਏ ਜੀ।"
ਵਾਰਿਸ ਦੀ 'ਹੀਰ' ਦੇ ਕਿੰਨੇ ਐਡੀਸ਼ਨ ਛਪੇ ਤੇ ਇਹ ਹੁਣ ਤੱਕ ਕਿੰਨੀ ਗਿਣਤੀ ਵਿੱਚ ਛਪ ਚੁੱਕੀ ਹੋਵੇਗੀ, ਪੱਕਾ ਤਾਂ ਕੀ, ਕੋਈ ਲਗਭਗ ਅੰਦਾਜ਼ਾ ਲਾਉਣਾ ਵੀ ਸੰਭਵ ਨਹੀਂ। ਇਸ ਨੂੰ ਅਨੇਕ ਪ੍ਰਕਾਸ਼ਕ ਛਾਪਦੇ ਰਹੇ। ਇਸ ਦੇ ਮੱਥੇ ਉੱਤੇ 'ਅਸਲੀ ਤੇ ਵੱਡੀ ਹੀਰ' ਲਿਖ ਕੇ ਵਿਕਰੀ ਵਧਾਉਣ ਲਈ ਉਹ ਕਿਸੇ ਕਵੀ-ਕਵੀਸ਼ਰ ਤੋਂ ਚਾਰ ਦਮੜਿਆਂ ਬਦਲੇ ਨਵੇਂ ਐਡੀਸ਼ਨਾਂ ਵਿੱਚ ਨਵੀਆਂ ਨਵੀਆਂ ਸਤਰਾਂ ਦਾ, ਇਥੋਂ ਤੱਕ ਕਿ ਨਵੇਂ ਨਵੇਂ ਬੈਂਤਾਂ ਦਾ ਖੋਟ ਵੀ ਮਿਲਾਉਂਦੇ ਰਹੇ। ਚੰਗਾ ਹੋਇਆ, ਵਾਰਿਸ ਦੀ 'ਹੀਰ' ਸੰਬੰਧੀ ਖੋਜ ਕਰਨ ਵਾਲੇ ਵਿਦਵਾਨਾਂ ਨੇ ਇਸ ਦੇ ਪੁਰਾਣੇ ਤੋਂ ਪੁਰਾਣੇ ਹੱਥ-ਲਿਖਤ ਖਰੜੇ ਲੱਭ ਲੱਭ ਇਸ ਦਾ ਸੰਭਵ ਜਿੰਨਾ ਮੂਲ ਤੇ ਮੌਲਕ ਪਾਠ ਸਾਹਮਣੇ ਲਿਆਉਣ ਦਾ ਜਤਨ ਕੀਤਾ ਹੈ।
ਪ੍ਰੇਮ-ਪ੍ਰਸੰਗ ਹੋਣ ਦੇ ਬਾਵਜੂਦ ਲੋਕ ਵਾਰਿਸ ਦੀ 'ਹੀਰ' ਦਾ ਬੜਾ ਸਤਿਕਾਰ ਕਰਦੇ ਸਨ। ਬਚਪਨ ਵਿੱਚ ਮੈਂ ਇਹਨੂੰ ਅਦਬ ਨਾਲ ਕੱਪੜੇ ਵਿੱਚ ਲਪੇਟ ਕੇ ਰੱਖਿਆ ਜਾਂਦਾ ਦੇਖਿਆ ਹੈ। ਅਜਿਹਾ ਆਦਰ-ਮਾਣ ਹੋਰ ਕਿਸੇ ਕਿੱਸੇ ਦੇ ਹਿੱਸੇ ਨਹੀਂ ਆਇਆ!
 (ਫ਼ੋਨ: 011-65736868)

Comments (0)

Write comment

smaller | bigger

busy
You are here:   Homeਲੜੀਵਾਰਚਰਚਾ ਤੇ ਚੇਤਾਕਿੱਸਿਆਂ ਦਾ ਸਰਦਾਰ, ਕਿੱਸਾ ਹੀਰ ਦਾ

Currency Converter

Amount:
From:
To:


Gurbani Radio


Gurbani - Sri Harmandir Sahib