Thursday, 26 July 2012 13:39
Print PDF

ਮੇਰੇ ਬਚਪਨ ਦੇ ਜ਼ਮਾਨੇ ਵਿੱਚ ਲਗਭਗ ਹਰ ਬਾਲ ਬਹੁਤ ਛੋਟੀ ਉਮਰ ਤੋਂ ਹੀ ਬਾਤਾਂ ਦਾ ਸਰੋਤਾ ਬਣ ਜਾਂਦਾ ਸੀ। ਸਾਹਿਤ ਦਾ ਪਾਠਕ ਅਤੇ ਕੁੱਝ ਸੂਰਤਾਂ ਵਿੱਚ ਲੇਖਕ ਬਣਨ ਦੀ ਸੋਝੀ ਤਾਂ ਬਹੁਤ ਮਗਰੋਂ ਦੀ ਗੱਲ ਹੈ। ਇਹ ਸਮਝ ਵੀ ਸਾਹਿਤ ਨੂੰ ਸਮਝਣ ਦੀ ਉਮਰ ਤੱਕ ਪਹੁੰਚ ਕੇ ਹੀ ਆਉਂਦੀ ਸੀ ਕਿ ਬਾਤ ਸਾਡੀ ਉਹ ਸਾਹਿਤਕ ਪ੍ਰੰਪਰਾ ਹੈ ਜੋ ਆਧੁਨਿਕ ਸਾਹਿਤਕ ਕਹਾਣੀ ਦੀ ਬੁਨਿਆਦ ਹੈ। ਦਾਦੀਆਂ, ਨਾਨੀਆਂ, ਮਾਂਵਾਂ ਤੇ ਹੋਰ ਵਡੇਰੀਆਂ ਬਾਲਾਂ ਲਈ ਬਾਤਾਂ ਦਾ ਵੱਡਾ ਖ਼ਜ਼ਾਨਾ ਹੁੰਦੀਆਂ ਸਨ। ਬਾਤਾਂ ਪੁਰਸ਼ ਵੀ ਸੁਣਾਉਂਦੇ ਸਨ, ਪਰ ਇਸ ਖੇਤਰ ਉੱਤੇ ਵੱਡਾ ਅਧਿਕਾਰ ਇਸਤਰੀਆਂ ਦਾ ਹੀ ਹੁੰਦਾ ਸੀ।
ਪਿਛਲੇ ਕੁੱਝ ਦਹਾਕਿਆਂ ਵਿੱਚ ਵੱਡੀਆਂ ਸਮਾਜਕ, ਆਰਥਕ, ਵਿਗਿਆਨਕ ਅਤੇ ਤਕਨੀਕੀ ਤਬਦੀਲੀਆਂ ਵਾਪਰੀਆਂ ਹਨ। ਇਹਨਾਂ ਤਬਦੀਲੀਆਂ ਦੇ ਆਧਾਰ ਉੱਤੇ ਰਹਿਤਲ ਤੇ ਸਭਿਆਚਾਰ ਦੀ ਨੁਹਾਰ ਪਛਾਣੋਂ ਬਾਹਰੀ ਹੱਦ ਤੱਕ ਬਦਲ ਗਈ ਹੈ। ਸੁਭਾਵਿਕ ਸੀ ਕਿ ਇਸ ਅਮਲ ਵਿੱਚ ਪ੍ਰੰਪਰਾ ਦਾ ਬਹੁਤ ਕੁੱਢ ਝੜ ਜਾਂਦਾ ਅਤੇ ਬਹੁਤ ਕੁੱਝ ਨਵਾਂ ਆ ਜੁੜਦਾ। ਤਬਦੀਲੀ ਦੀ ਹਵਾ ਜਦੋਂ ਕੁੱਝ ਵਧੇਰੇ ਤਿੱਖੀ ਵਗਦੀ ਹੈ, ਝੜਨ ਵਾਲੇ ਫਲਾਂ ਵਿੱਚ ਕਈ ਅਜਿਹੇ ਵੀ ਹੁੰਦੇ ਹਨ ਜੋ ਝੜਨੇ ਵਾਜਬ ਨਹੀਂ ਹੁੰਦੇ ਪਰ ਤਾਂ ਵੀ ਝੜ ਜਾਂਦੇ ਹਨ। ਇਹ ਥਾਂ ਤਬਦੀਲੀ ਦੇ ਇਸ ਅਮਲ ਦੇ ਚੰਗੇ-ਮਾੜੇ ਪੱਖ ਤੇ ਨਤੀਜੇ ਵਿਸਤਾਰ ਵਿੱਚ ਵਿਚਾਰਨ ਲਈ ਵਾਜਬ ਨਹੀਂ, ਪਰ ਇਹ ਤਾਂ ਕਹਿਣਾ ਹੀ ਬਣਦਾ ਹੈ ਕਿ ਬਾਤਾਂ ਨੇ ਸਦੀਆਂ ਤੱਕ ਸਾਡੇ ਬਾਲਾਂ ਦੇ ਮਾਨਸਿਕ-ਸਭਿਆਚਾਰਕ ਵਿਕਾਸ ਵਿੱਚ ਵੱਡੀ ਭੂਮਿਕਾ ਨਿਭਾਈ। ਪਿਛਲੇ ਕੁੱਝ ਦਹਾਕਿਆਂ ਵਿੱਚ ਵਾਪਰੀਆਂ ਤਬਦੀਲੀਆਂ, ਉਹਨਾਂ ਤੋਂ ਪਹਿਲੇ ਕਈ ਸਹਿਸਰਕਾਲਾਂ ਨਾਲੋਂ ਵੀ ਵੱਡੀਆਂ, ਹੂੰਝਵੀਆਂ ਤੇ

ਅਹਿਮ ਸਿੱਧ ਹੋਈਆਂ ਹਨ। ਮਨੁੱਖਜਾਤੀ ਦਾ ਤੌਰ-ਤਰੀਕਾ ਥੋੜ੍ਹੇ ਜਿਹੇ ਸਮੇਂ ਵਿੱਚ ਅਚਾਨਕ ਕੁੱਝ ਵਧੇਰੇ ਹੀ ਬਦਲ ਗਿਆ ਹੈ। ਇਸ ਕਾਰਨ ਸਾਡੀਆਂ ਬਾਤਾਂ ਵੀ ਹੁਣ ਬਾਤ ਬਣ ਕੇ ਰਹਿ ਗਈਆਂ ਹਨ। ਦਸ-ਬਾਰ੍ਹਾਂ ਸਾਲ ਪਹਿਲਾਂ ਮੈਂ 'ਪੰਜਾਬੀ ਕਹਾਣੀ ਕੋਸ਼' ਦਾ ਸੰਪਾਦਨ ਕਰਦਿਆਂ ਠੀਕ ਹੀ ਉਹਦਾ ਸਮਰਪਨ ਇਹਨਾਂ ਸ਼ਬਦਾਂ ਵਿੱਚ ਲਿਖਿਆ ਸੀ: ''ਉਹਨਾਂ ਦਾਦੀਆਂ-ਨਾਨੀਆਂ ਦੇ ਨਾਂ ਜੋ ਆਪਣੀਆਂ ਬਾਤਾਂ ਸਮੇਤ ਹੁਣ ਆਪ ਇੱਕ ਬਾਤ ਬਣ ਗਈਆਂ ਹਨ!"
ਜਦੋਂ ਬਾਤ ਸੁਨਣ ਦੀ ਫ਼ਰਮਾਇਸ਼ ਕੀਤੀ ਜਾਂਦੀ ਸੀ, ਬਾਤ ਸੁਣਾਉਣ ਵਾਲਾ ਹਮੇਸ਼ਾ ਹੀ ਅੱਗੋਂ ਸਵਾਲ ਕਰਦਾ ਸੀ, ਹੱਡਬੀਤੀ ਸੁਣਾਵਾਂ ਕਿ ਜੱਗਬੀਤੀ? ਸਮੇਂ ਨਾਲ ਇਹ ਸਵਾਲ ਭਾਵੇਂ ਐਵੇਂ ਇੱਕ ਰਿਵਾਜ, ਇੱਕ ਪ੍ਰੰਪਰਾ ਬਣ ਗਿਆ ਸੀ ਪਰ ਆਧਾਰ ਇਸ ਦਾ ਨਿੱਗਰ ਸੀ। ਜੇ ਬਾਤ ਦਾ ਜਨਮ ਹੀ ਹੱਡਬੀਤੀ ਦੇ ਰੂਪ ਵਿੱਚ ਹੋਇਆ ਮੰਨਿਆ ਜਾਵੇ, ਇਹ ਨਿਸ਼ਾਨੇ ਤੋਂ ਦੂਰ ਦੀ ਗੱਲ ਨਹੀਂ। ਮਨੁੱਖੀ ਸੋਝੀ ਦੇ ਆਰੰਭ ਅਤੇ ਭਾਸ਼ਾ ਦੇ ਮੁੱਢਲੇ ਵਿਕਾਸ ਦਾ ਸਮਾਂ ਸਰਘੀ ਵੇਲੇ ਵਾਂਗ ਸੀ। ਸਰਘੀ ਸਮੇਂ ਹਨੇਰਾ ਹੌਲੀ ਹੌਲੀ ਪਤਲਾ ਪੈਂਦਾ ਜਾਂਦਾ ਹੈ, ਚਾਨਣ ਸਹਿਜੇ ਸਹਿਜੇ ਵਧਦਾ ਜਾਂਦਾ ਹੈ ਅਤੇ ਅੰਤ ਨੂੰ ਸੂਰਜ ਆਪਣੇ ਪੂਰੇ ਜਲੌਅ-ਜਲਾਲ ਨਾਲ ਪ੍ਰਗਟ ਹੋ ਜਾਂਦਾ ਹੈ। ਮਨੁੱਖੀ ਸੋਝੀ ਤੇ ਭਾਸ਼ਾ ਦੇ ਵਿਕਾਸ ਨੇ ਮਨੁੱਖ ਦੇ ਹੋਰ ਜੰਗਲੀ ਪਸੂਆਂ ਵਿੱਚੋਂ ਇੱਕ ਪਸੂ ਹੋਣ ਦੀ ਰਾਤ ਸਮਾਪਤ ਕਰ ਦਿੱਤੀ ਅਤੇ ਸਭ ਜੀਵਾਂ ਦੇ ਸਿਰਤਾਜ ਜੀਵ ਵਜੋਂ ਮਨੁੱਖ ਦਾ ਚਾਨਣਾ ਸਫ਼ਰ ਸ਼ੁਰੂ ਹੋਇਆ। ਹੱਡਬੀਤੀ ਸੁਣਾਉਣ ਦਾ ਆਰੰਭ ਇਸ ਸਰਘੀ ਵੇਲੇ ਦੇ ਨਾਲੋ-ਨਾਲ ਮੰਨਣਾ ਸੰਭਾਵਨਾ ਦੇ ਘੇਰੇ ਤੋਂ ਬਾਹਰਲੀ ਗੱਲ ਨਹੀਂ।
ਪਸੂ ਪੱਧਰ ਦੇ ਮਨੁੱਖੀ ਇੱਜੜ ਤੋਂ ਉੱਚਾ ਉੱਠ ਕੇ ਮਨੁੱਖੀ ਸਮੂਹ ਨੇ ਆਖ਼ਰ ਕਬੀਲੇ ਦਾ ਰੂਪ ਧਾਰ ਲਿਆ। ਉਸ ਸਮੇਂ ਮਨੁੱਖ ਦਾ ਮੁੱਖ ਰੁਝੇਵਾਂ, ਸਾਰਾ ਦਿਨ ਦਾਣੇ-ਦੁਣਕੇ ਜਾਂ ਘਾਹ-ਬੂਟ ਦੀ ਤਲਾਸ਼ ਵਿੱਚ ਰੁੱਝੇ ਰਹਿੰਦੇ ਪਰਿੰਦਿਆਂ-ਚਰਿੰਦਿਆਂ ਵਾਂਗ, ਭੋਜਨ ਦੀ ਭਾਲ ਸੀ। ਫੱਲ, ਕੰਦ-ਮੂਲ ਜਾਂ ਸ਼ਿਕਾਰ ਜੁਟਾਉਣ ਲਈ ਉਹਨੂੰ ਆਪਣੇ ਠਿਕਾਣੇ ਤੋਂ ਦੂਰ ਜਾਣਾ ਪੈਂਦਾ ਸੀ। ਅਜਿਹੇ ਮੌਕੇ ਉਹਦਾ ਸਾਹਮਣਾ ਕਿਸੇ ਸ਼ੇਰ-ਚੀਤੇ, ਸੱਪ-ਸਲੂਤੀ, ਮੀਂਹ-ਹਨੇਰੀ, ਆਦਿ ਨਾਲ ਹੋ ਜਾਣਾ ਕੁਦਰਤੀ ਸੀ। ਪਰਤ ਕੇ ਉਹ ਇਹ ਘਟਨਾ ਆਪਣੇ ਨਾਲ-ਦਿਆਂ ਨੂੰ ਜ਼ਰੂਰ ਦੱਸਦਾ ਹੋਵੇਗਾ। ਭਾਸ਼ਾ ਦੇ ਲੋੜੀਂਦੇ ਵਿਕਾਸ ਤੋਂ ਪਹਿਲਾਂ ਉਹ ਸੰਕੇਤਾਂ ਦਾ ਸਹਾਰਾ ਲੈਂਦਾ ਹੋਵੇਗਾ। ਬਿਨਾਂ-ਸ਼ੱਕ, ਉਹਦੀ ਦੱਸੀ ਹੋਈ ਗੱਲ ਘਟਨਾ ਦੇ ਪੂਰੀ ਤਰ੍ਹਾਂ ਅਨੁਸਾਰ ਨਹੀਂ ਹੁੰਦੀ ਹੋਵੇਗੀ। ਉਹ ਹਾਲਤ ਦੀ ਭਿਆਨਕਤਾ ਨੂੰ ਵੀ ਅਤੇ ਆਪਣੀ ਅਕਲ ਤੇ ਦਲੇਰੀ ਨੂੰ ਵੀ ਵਧਾ-ਚੜ੍ਹਾ ਕੇ ਪੇਸ਼ ਕਰਦਾ ਹੋਵੇਗਾ ਤਾਂ ਜੋ ਉਹ ਘਟਨਾ ਦਾ ਨਾਇਕ ਬਣ ਕੇ ਉੱਭਰ ਸਕੇ। ਮਿਸਾਲ ਵਜੋਂ ਜੇ ਜੰਗਲ ਵਿੱਚ ਉਸ ਦਾ ਸਾਹਮਣਾ ਕਿਸੇ ਖ਼ਤਰਨਾਕ ਜਾਨਵਰ ਨਾਲ ਹੋ ਜਾਂਦਾ ਹੋਵੇਗਾ, ਉਹ ਇਹ ਨਹੀਂ ਦੱਸਦਾ ਹੋਵੇਗਾ ਕਿ ਕਿਵੇਂ ਪਾੱਸਾ ਵੱਟ ਕੇ, ਲੁਕ-ਛਿਪ ਕੇ ਜਾਨ ਬਚਾਉਂਦਾ ਪਰਤਿਆ ਹੈ। ਉਹ ਕਹਿੰਦਾ ਹੋਵੇਗਾ ਕਿ ਉਹਨੇ ਜਾਨਵਰ ਨੂੰ ਡਰਾ ਕੇ ਭਜਾ ਦਿੱਤਾ ਤੇ ਰਾਜ਼ੀ-ਖ਼ੁਸ਼ੀ ਪਰਤ ਆਇਆ! ਸੱਚ ਵਿੱਚ ਰਲਾਈ ਗੱਪ ਦੀ ਇਸ ਮਿੱਸ ਨੂੰ ਹੀ ਬਾਤਾਂ ਸਮੇਤ ਅਜੋਕੀ ਗਲਪ ਦਾ ਮੁੱਢ ਮੰਨਿਆ ਜਾ ਸਕਦਾ ਹੈ।
ਹੱਡਬੀਤੀ ਨੂੰ ਆਪਣੇ ਨਾਲ ਬੀਤੀ ਹੋਣ ਕਰ ਕੇ ਮੁੱਢਲਾ ਮਨੁੱਖ ਭਾਵਨਾਵਾਂ ਦੇ ਪੱਖੋਂ ਵਧੇਰੇ ਗਹਿਰਾਈ ਨਾਲ, ਵਧੇਰੇ ਭਾਵੁਕਤਾ ਨਾਲ ਸੁਣਾਉਂਦਾ-ਸਮਝਾਉਂਦਾ ਹੋਵੇਗਾ। ਪਰ ਇਹ ਅਮਲ ਨਿਰੋਲ ਹੱਡਬੀਤੀ ਤੱਕ ਸੀਮਤ ਨਹੀਂ ਸੀ ਰਹਿ ਸਕਦਾ। ਵਿਅਕਤੀ ਅਜਿਹੀਆਂ ਘਟਨਾਵਾਂ ਵੀ ਦੇਖਦਾ ਸੀ ਜਿਨ੍ਹਾਂ ਵਿੱਚ ਉਹ ਆਪ ਸ਼ਾਮਲ ਨਹੀਂ ਸੀ ਹੁੰਦਾ ਸਗੋਂ ਜਿਨ੍ਹਾਂ ਦਾ ਉਹ ਕੇਵਲ ਦਰਸ਼ਕ ਹੁੰਦਾ ਸੀ। ਜਦੋਂ ਉਹ ਕੋਈ ਅਜਿਹੀ ਘਟਨਾ ਸੁਣਾਉਂਦਾ-ਸਮਝਾਉਂਦਾ ਸੀ, ਉਹ 'ਜੱਗਬੀਤੀ' ਬਣਦੀ ਸੀ। ਜੱਗਬੀਤੀ ਕੁਦਰਤੀ ਹੀ ਹੱਡਬੀਤੀ ਦੇ ਟਾਕਰੇ ਇੱਕ ਭਾਵੁਕ ਵਿੱਥ ਤੋਂ ਦੱਸੀ ਜਾਂਦੀ ਹੋਵੇਗੀ। ਅੱਗੇ ਚੱਲ ਕੇ ਮਨੁੱਖ ਜਾਤੀ ਦੇ ਲੰਮੇ ਇਤਿਹਾਸ ਵਿੱਚ ਹੱਡਬੀਤੀ ਤੇ ਜੱਗਬੀਤੀ ਵਿੱਚ ਸਿੱਧੇ-ਅਸਿੱਧੇ ਢੰਗ ਨਾਲ ਬਹੁਤ ਕੁੱਝ ਹੋਰ ਜੁੜ ਕੇ ਸਾਡੀਆਂ ਬਾਤਾਂ ਦਾ ਖ਼ਜਾਨਾ ਭਰਦਾ ਗਿਆ। ਇਸ ਬਹੁਤ ਕੁੱਝ ਵਿੱਚ ਪੰਚਤੰਤਰ, ਰਾਮਾਇਣ, ਮਹਾਂਭਾਰਤ, ਵਡਕਹਾ ਜਿਹੇ ਗ੍ਰੰਥ, ਮਹਾਂਪੁਰਸ਼ਾਂ ਦੀਆਂ ਸਾਖੀਆਂ, ਆਦਿ ਸ਼ਾਮਲ ਹਨ।
ਹੱਡਬੀਤੀ ਤੇ ਜੱਗਬੀਤੀ ਹੀ ਸਾਡੀ ਆਧੁਨਿਕ ਕਹਾਣੀ ਦਾ ਵੀ ਮੂਲ-ਆਧਾਰ ਬਣੀਆਂ। ਕਹਾਣੀ ਵਾਂਗ ਬਾਤ ਦਾ ਆਰੰਭ ਦਿਲ-ਖਿੱਚਵਾਂ ਹੁੰਦਾ ਸੀ। ਉਹਦਾ ਵਿਸਥਾਰ ਨਾ ਸਿਰਫ਼ ਸਰੋਤੇ ਦਾ ਧਿਆਨ ਇਕਾਗਰ ਕਰੀ ਰੱਖਦਾ ਸੀ ਸਗੋਂ ਇਹ ਉਤਸੁਕਤਾ ਵੀ ਬਣਾਈ ਰੱਖਦਾ ਸੀ ਕਿ ਅੱਗੇ ਕੀ ਹੋਵੇਗਾ। ਉਹਦਾ ਅੰਤ ਅਜਿਹਾ ਹੁੰਦਾ ਸੀ ਕਿ ਸਰੋਤੇ ਸਾਰੀ ਬਾਤ ਸੁਨਣ ਪਿੱਛੋਂ ਤਸੱਲੀ ਤੇ ਰੱਜ ਮਹਿਸੂਸ ਕਰਦੇ ਸਨ। ਬਾਲਾਂ ਲਈ ਇਹਨਾਂ ਦੀ ਖਿੱਚ ਦਾ ਅੰਦਾਜਾ ਇਥੋਂ ਲਾਇਆ ਜਾ ਸਕਦਾ ਹੈ ਕਿ ਉਹ ਦਿਨ ਨੂੰ ਵੀ ਬਾਤ ਸੁਣਾਉਣ ਦੀ ਜ਼ਿੱਦ ਕਰਦੇ ਸਨ। ਕੰਮ-ਧੰਦੇ ਵੇਲੇ ਬਾਲਾਂ ਦੀ ਇਸ ਜ਼ਿੱਦ ਤੋਂ ਇਹ ਆਖ ਕੇ ਬਚਿਆ ਜਾਂਦਾ ਸੀ ਕਿ ਦਿਨੇ ਬਾਤ ਸੁਣਾਉਣ ਨਾਲ ਬਿਚਾਰੇ ਰਾਹੀ ਰਾਹ ਭੁੱਲ ਜਾਂਦੇ ਹਨ। ਉਹਨਾਂ ਨੇ ਜਾਣਾ ਕਿਸੇ ਹੋਰ ਪਿੰਡ ਹੁੰਦਾ ਹੈ ਤੇ ਪਹੁੰਚ ਕਿਸੇ ਹੋਰ ਪਿੰਡ ਜਾਂਦੇ ਹਨ।
ਬਾਤਾਂ ਦਾ ਇੱਕ ਵਿਚਾਰਧਾਰਕ ਪੱਖ ਧਿਆਨ ਮੰਗਦਾ ਹੈ। ਬਾਤ-ਸਮੂਹ ਦਾ ਇੱਕ ਵੱਡਾ ਹਿੱਸਾ ਰਾਜੇ-ਰਾਣੀਆਂ ਨਾਲ ਸੰਬੰਧਿਤ ਹੁੰਦਾ ਸੀ। ਅਨੇਕ ਬਾਤਾਂ ਦਾ ਆਰੰਭ ਹੀ 'ਇਕ ਸੀ ਰਾਜਾ' ਦੇ ਸ਼ਬਦਾਂ ਨਾਲ ਹੁੰਦਾ ਸੀ। ਇਹਨਾਂ ਵਿੱਚ ਜਿੱਥੇ ਬਿਕਰਮਾਜੀਤ ਵਰਗੇ ਨਿਆਂਈਂ ਰਾਜਿਆਂ ਦੀ ਵਡਿਆਈ ਕੀਤੀ ਜਾਂਦੀ ਸੀ, ਉੱਥੇ ਅਨਿਆਂਈਂ ਰਾਜਿਆਂ ਨਾਲ ਵੀ ਬੜੀ ਚੁਸਤੀ ਨਾਲ ਨਿੱਬੜਿਆ ਜਾਂਦਾ ਸੀ। ਬਾਤਾਂ ਵਿੱਚ ਉਹਨਾਂ ਦੇ ਕਾਲੇ ਕਾਰਿਆਂ ਨੂੰ ਰੱਬੀ ਨਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਅਨੁਸਾਰ ਉਹ ਰਾਜਗੱਦੀ ਦਾ ਸੁਖ ਭੋਗਣ ਦੀ ਥਾਂ ਦੁੱਖ-ਦਸੌਂਟਿਆਂ ਦੇ ਭਾਗੀ ਬਣਦੇ ਸਨ। ਇਹ ਅਸਲ ਵਿੱਚ ਅਸਿੱਧੇ ਢੰਗ ਨਾਲ ਅਨਿਆਂਈਂ ਰਾਜੇ ਵਿਰੁੱਧ ਆਮ ਜਨਤਾ ਵੱਲੋਂ ਸੁਣਾਇਆ ਗਿਆ ਫ਼ੈਸਲਾ ਹੁੰਦਾ ਸੀ। ਰਾਜੇ ਦੇ ਅਨਿਆਂ ਦੀ ਸਿੱਧੀ ਗੱਲ ਤਾਂ ਬਾਬੇ ਨਾਨਕ ਵਰਗੀ ਕੋਈ ਮਹਾਨ ਹਸਤੀ ਹੀ ਕਰ ਸਕਦੀ ਸੀ ਜੋ ਰਾਜਿਆਂ ਨੂੰ ਸ਼ੀਂਹ ਤੇ ਕਸਾਈ ਆਖ ਸਕੇ ਅਤੇ ਉਹਨਾਂ ਦਾ ਮਾਨਵ ਧਰਮ ਪੰਖ ਲਾ ਕੇ ਉੱਡਿਆ ਦੱਸ ਸਕੇ! ਇਹ ਤੱਥ ਦੇਖਣਯੋਗ ਹੈ ਕਿ ਬਾਤਾਂ ਦਾ ਮੁੱਖ ਸੁਨੇਹਾ ਸਦਾ ਹੀ ਮਨਪਰਚਾਵੇ ਦੇ ਵਸੀਲੇ ਰਾਹੀਂ ਸੱਚ, ਨਿਆਂ ਤੇ ਨੇਕੀ ਦੀ ਜਿੱਤ ਅਤੇ ਕੂੜ, ਅਨਿਆਂ ਤੇ ਬਦੀ ਦੀ ਹਾਰ ਹੁੰਦਾ ਸੀ।
ਬਾਤਾਂ ਸੁਣਾਉਣ ਦੀ ਇੱਕ ਵਿਸ਼ੇਸ਼ ਸ਼ੈਲੀ ਵਿਕਸਿਤ ਹੋ ਗਈ ਸੀ ਅਤੇ ਇਸ ਨੇ ਹੌਲੀ ਹੌਲੀ ਕਲਾ ਦਾ ਰੂਪ ਧਾਰ ਲਿਆ ਸੀ। ਇਸੇ ਕਰ ਕੇ ਬਾਤ ਸੁਣਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਸੀ ਹੁੰਦੀ। ਬਾਲਾਂ ਦੀ ਜ਼ਿੱਦ ਪੂਰੀ ਕਰਨ ਲਈ ਭਾਵੇਂ ਡੰਗ ਤਾਂ ਕੋਈ ਵੀ ਸਾਰ ਸਕਦਾ ਸੀ ਪਰ ਕਹਾਣੀ-ਰਸ ਵਿਰਲਿਆਂ-ਟਾਂਵਿਆਂ ਦੀ ਜ਼ਬਾਨ ਵਿੱਚ ਹੀ ਹੁੰਦਾ ਸੀ। ਉਹਨਾਂ ਦੇ ਮੂੰਹੋਂ ਬਾਤ ਸਾਧਾਰਨ ਬਾਤ ਨਾ ਰਹਿ ਕੇ ਕਲਾਤਮਕ ਪੇਸ਼ਕਾਰੀ ਬਣ ਜਾਂਦੀ ਸੀ। ਆਧੁਨਿਕ ਸਾਹਿਤਕ ਕਹਾਣੀ ਨੇ ਇਹ ਗੁਣ ਨਿਸਚੇ ਹੀ ਬਾਤ ਤੋਂ ਵਿਰਸੇ ਵਿੱਚ ਲਿਆ ਹੈ। ਸਹਿਜੇ ਸਹਿਜੇ ਆਧੁਨਿਕ ਕਹਾਣੀ ਵਿੱਚ ਪੇਸ਼ਕਾਰੀ ਨੇ ਕਲਾਤਮਕ ਰੂਪ ਧਾਰਨ ਕਰ ਲਿਆ ਹੈ। ਹੁਣ ਲੇਖਕ ਹੱਡਬੀਤੀ ਨੂੰ ਕਲਪਿਤ ਪਾਤਰ ਸਿਰਜ ਕੇ ਅਤੇ ਘਟਨਾਵਾਂ ਨੂੰ ਛਾਂਗ-ਤਰਾਸ਼ ਕੇ ਤੇ ਵਧਾ-ਘਟਾ ਕੇ ਜੱਗਬੀਤੀ ਬਣਾ ਦਿੰਦਾ ਹੈ। ਇਸੇ ਪ੍ਰਕਾਰ ਉਹ ਜੱਗਬੀਤੀ ਪੇਸ਼ ਕਰਦਿਆਂ ਪਾਤਰਾਂ ਨੂੰ ਆਪਣੇ ਅੰਦਰ ਵਸਾ ਕੇ ਉਹਨਾਂ ਦੀਆਂ ਭਾਵਨਾਵਾਂ ਨੂੰ ਏਨੀਂ ਤੀਬਰਤਾ ਨਾਲ ਮਹਿਸੂਸ ਕਰਦਾ ਹੈ ਕਿ ਜੱਗਬੀਤੀ ਵੀ ਹੱਡਬੀਤੀ ਜਿੰਨੀ ਜੀਵੰਤ ਹੋ ਨਿੱਬੜਦੀ ਹੈ।
(011-65736868)
   ' ' '

Comments (0)

Write comment

smaller | bigger

busy
You are here:   Homeਲੜੀਵਾਰਚਰਚਾ ਤੇ ਚੇਤਾਬਾਤ: ਹੱਡਬੀਤੀ ਤੇ ਜੱਗਬੀਤੀ

Currency Converter

Amount:
From:
To:


Gurbani Radio


Gurbani - Sri Harmandir Sahib