Thursday, 30 August 2012 07:12
Print PDF

 

ਮਹਾਂਕਵੀ ਗ਼ਾਲਿਬ ਕਹਿੰਦੇ ਹਨ: ਹਜ਼ਾਰੋਂ ਖ਼ਾਹਿਸ਼ੇਂ ਐਸੀ ਕਿ ਹਰ ਖ਼ਾਹਿਸ਼ ਪੇ ਦਮ ਨਿਕਲੇ/ ਬਹੁਤ ਨਿਕਲੇ ਮੇਰੇ ਅਰਮਾਨ ਲੇਕਿਨ ਫਿਰ ਭੀ ਕਮ ਨਿਕਲੇ! ਬੰਦਾ ਜ਼ਿੰਦਗੀ ਵਿਚ ਹਜ਼ਾਰਾਂ ਖ਼ਾਹਿਸ਼ਾਂ ਪਾਲਦਾ ਹੈ ਤੇ ਉਹਨਾਂ ਵਿਚੋਂ ਹਰ ਇਕ ਦੀ ਪੂਰਤੀ ਲਈ ਉਹਦੀ ਜਾਨ ਨਿੱਕਲਦੀ ਰਹਿੰਦੀ ਹੈ। ਬਹੁਤ ਸਾਰੀਆਂ ਪੂਰੀਆਂ ਹੋ ਵੀ ਜਾਂਦੀਆਂ ਹਨ ਪਰ ਉਹ ਬਾਕੀਆਂ ਦੀ ਪੂਰਤੀ  ਲਈ ਰੀਝਦਾ-ਤੜਫ਼ਦਾ ਰਹਿੰਦਾ ਹੈ। ਕਈ ਮਨੁੱਖਾਂ ਦੀ ਕੋਈ ਇਕ ਇੱਛਾ ਏਨੀਂ ਪ੍ਰਬਲ, ਏਨੀਂ ਭਾਰੂ ਹੋ ਜਾਂਦੀ ਹੈ ਕਿ ਉਹ ਆਪਣਾ ਭਵਿੱਖ ਉਸੇ ਦੀ ਪੂਰਤੀ ਉੱਤੇ ਟਿਕਾ ਲੈਂਦਾ ਹੈ। ਉਹ ਸਮਝਣ ਲਗਦਾ ਹੈ ਕਿ ਇਹ ਇਕ ਇੱਛਾ ਪੂਰੀ ਹੋ ਜਾਵੇ, ਬਾਕੀ ਸਭ ਹਾਥੀ ਦੀ ਪੈੜ ਵਿਚ ਸਾਰੀਆਂ ਪੈੜਾਂ ਆ ਜਾਣ ਵਾਂਗ ਉਸੇ ਨਾਲ ਤੇ ਉਸੇ ਸਦਕਾ ਪੂਰੀਆਂ ਹੋ ਜਾਣਗੀਆਂ। ਅਜਿਹੀ ਇੱਛਾ ਉਸ ਪੱਕੇ ਗੂੜ੍ਹੇ ਰੰਗ ਵਾਂਗ ਹੁੰਦੀ ਹੈ ਜੋ ਨਵੀਂ ਕੰਧ ਉੱਤੇ ਕੀਤਾ ਜਾਂਦਾ ਹੈ। ਮਗਰੋਂ ਉਹਨੂੰ ਢਕਣ-ਲੁਕੋਣ ਲਈ ਕੋਈ ਕਿੰਨੇ ਜਤਨ ਕਰਦਾ ਰਹੇ, ਕਲੀ ਜਾਂ ਪਾਂਡੋ ਦੇ ਕਿੰਨੇ ਪੋਚੇ ਫੇਰਦਾ ਰਹੇ, ਉਹ ਸਮਾਂ ਪਾ ਕੇ ਪੇਪੜੀਆਂ ਹੇਠੋਂ ਝਾਕਣ ਲੱਗ ਪੈਂਦਾ ਹੈ।
 ਰਥ-ਯਾਤਰੀ ਲਾਲ ਕ੍ਰਿਸ਼ਣ ਅਡਵਾਨੀ ਦੀ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਅਜਿਹੀ ਹੀ ਇਕ ਮਿਸਾਲ ਹੈ। ਅਰਜਨ ਦੀ ਮੱਛੀ ਦੀ ਅੱਖ ਵਾਂਗ ਉਹਨਾਂ ਨੂੰ ਹੁਣ ਬੱਸ ਪ੍ਰਧਾਨ ਮੰਤਰੀ ਦੇ ਪਦ ਦੀ ਕੁਰਸੀ ਤੋਂ ਬਿਨਾਂ ਹੋਰ ਕੁਛ ਨਹੀਂ ਦਿਸਦਾ। ਸਾਡੇ ਦੇਸ ਦੇ ਇਤਿਹਾਸ ਵਿਚ ਕਈ ਨੇਤਾ ਹੋਏ ਹਨ ਜਿਨ੍ਹਾਂ ਨੂੰ ਲਗਦਾ ਰਿਹਾ ਕਿ

ਉਹਨਾਂ ਨੂੰ ਜੇ ਇਸ ਕੁਰਸੀ ਉੱਤੇ, ਭਾਵੇਂ ਕੁਛ ਦਿਨਾਂ ਲਈ ਹੀ ਸਹੀ, ਬੈਠੇ ਬਿਨਾਂ ਬੁਲਾਵਾ ਆ ਗਿਆ, ਉਹਨਾਂ ਦੀ ਆਤਮਾ ਭਟਕਦੀ ਰਹੇਗੀ। ਮੁਰਾਰਜੀ ਡਿਸਾਈ ਵਰਗੇ ਦੋ-ਤਿੰਨਾਂ ਦੀ ਇਹ ਇੱਛਾ ਪੂਰੀ ਹੋ ਵੀ ਗਈ ਪਰ ਜਗਜੀਵਨ ਰਾਮ ਵਰਗੇ ਦੋ-ਤਿੰਨ ਤਰਸਦੇ ਵੀ ਰਹਿ ਗਏ। ਹੁਣ ਅਡਵਾਨੀ ਜੀ ਨੂੰ ਲਗਦਾ ਹੈ, ਵੱਡੇ ਬੁਲਾਵੇ ਤੋਂ ਪਹਿਲਾਂ ਕੁਰਸੀ ਦਾ ਬੁਲਾਵਾ ਤਾਂ ਆਉਣਾ ਹੀ ਚਾਹੀਦਾ ਹੈ।
 ਰਾਜ-ਭਾਗ ਖੋਹਣ ਲਈ ਚੜ੍ਹਾਈ ਕਰਨ ਦਾ ਸਭ ਤੋਂ ਢੁੱਕਵਾਂ ਇਤਿਹਾਸਕ-ਮਿਥਿਹਾਸਕ ਵਾਹਨ ਰਥ ਹੀ ਹੈ। ਅਡਵਾਨੀ ਜੀ ਸਵਾਰ ਤਾਂ ਭਾਵੇਂ ਬੈਠਣ-ਸੌਣ ਵਾਲੇ ਕਮਰਿਆਂ, ਰਸੋਈ ਤੇ ਗੁਸਲਖਾਨੇ ਵਾਲੀ ਮਹਿੰਗੀ ਬੱਸ ਵਿਚ ਹਨ ਪਰ ਕਹਿੰਦੇ ਉਹਨੂੰ ਰਥ ਹੀ ਹਨ। ਵੈਸੇ ਉਹਨਾਂ ਦੇ ਰਥ ਦੇ ਸਫ਼ਰ ਦਾ ਹਾਲ ਉਹੋ ਹੈ ਜੋ ਕਈ ਲੜਾਈਆਂ ਵੇਲੇ ਵਾਸਤਵਿਕ ਰਥਾਂ ਦਾ ਹੁੰਦਾ ਸੀ। ਬਦੇਸੀ ਹਮਲਾਵਰਾਂ ਵਿਰੁੱਧ ਲੜੀਆਂ ਗਈਆਂ ਲੜਾਈਆਂ ਵਿਚ ਭਾਰਤੀ ਰਾਜਿਆਂ ਦੀ ਹਾਰ ਦੇ ਜੋ ਕਾਰਨ ਸਾਨੂੰ ਸਕੂਲੀ ਇਤਿਹਾਸ ਵਿਚ ਪੜ੍ਹਾਏ ਜਾਂਦੇ ਸਨ, ਉਹਨਾਂ ਵਿਚੋਂ ਇਕ ਕਾਰਨ ਘੁੜਸਵਾਰ ਹਮਲਾਵਰ ਫ਼ੌਜਾਂ ਦੇ ਟਾਕਰੇ ਇਹਨਾਂ ਦੇ ਰਥਾਂ ਦੀ ਦੁਰਦਸ਼ਾ ਦੱਸਿਆ ਜਾਂਦਾ ਸੀ। ਮੀਂਹ-ਹਨੇਰੀ ਦੀ ਰੁੱਤ ਵਿਚ ਕਦੀ ਰਥ ਦਾ ਪਹੀਆ ਚਿੱਕੜ ਵਿਚ ਫਸ ਜਾਂਦਾ, ਕਦੀ ਘੋੜਾ ਪਟਾ ਤੁੜਾ ਕੇ ਭੱਜ ਜਾਂਦਾ ਅਤੇ ਕਦੀ ਤੇਜ਼ ਹਵਾ ਕਾਰਨ ਰਥ ਦਾ ਉਛਾੜ ਹੀ ਉੱਡ ਜਾਂਦਾ ਜਿਸ ਕਰਕੇ ਰਥ-ਸਵਾਰ ਲਈ ਆਪਣਾ ਆਪ ਤੇ ਆਪਣੇ ਤੀਰ-ਕਮਾਨ ਸਾਂਭਣੇ ਔਖੇ ਹੋ ਜਾਂਦੇ! ਅਡਵਾਨੀ ਜੀ ਦੇ ਰਥ ਨਾਲ ਵੀ ਥਾਂ ਥਾਂ ਅਜਿਹੇ ਭਾਣੇ ਵਰਤ ਰਹੇ ਹਨ। ਪਰ ਉਹਨਾਂ ਦਾ ਜ਼ਿਕਰ ਕਦੀ ਫੇਰ ਸਹੀ। ਹਾਂ, ਪੰਜਾਬ ਵਿਚ ਸਿਮਰਨਜੀਤ ਸਿੰਘ ਮਾਨ ਦੇ ਸਾਥੀਆਂ ਵੱਲੋਂ ਕੱਚੇ ਆਂਡਿਆਂ ਦੀ ਬਰਖਾ ਨਾਲ ਕੀਤੇ ਗਏ ਅਡਵਾਨੀ ਜੀ ਦੇ ਸਵਾਗਤ ਦਾ ਜ਼ਿਕਰ ਤਾਂ ਕਰ ਹੀ ਦੇਣਾ ਚਾਹੀਦਾ ਹੈ। ਵੈਸੇ ਕੋਈ ਮਾਨ ਸਾਹਿਬ ਨੂੰ ਪੁੱਛੇ, ਜਦੋਂ ਅਡਵਾਨੀ ਵੱਲੋਂ ਆਪ ਇਹ ਲਿਖੇ  ਜਾਣ ਦੇ ਬਾਵਜੂਦ ਕਿ ਦਰਬਾਰ ਸਾਹਿਬ ਵਿਚ ਫ਼ੌਜ ਭੇਜਣ ਲਈ ਇੰਦਰਾ ਨੂੰ ਉਹਨਾਂ ਨੇ ਹੀ ਉਕਸਾਇਆ ਸੀ ਅਤੇ ਖਾਕੀ ਚੱਡੀਧਾਰੀਆਂ ਵੱਲੋਂ ਸਿੱਖ ਇਤਿਹਾਸ ਨੂੰ ਅਕਸਰ ਤੋੜੇ-ਮਰੋੜੇ ਜਾਣ ਦੇ ਬਾਵਜੂਦ ਸੁਖਬੀਰ ਦੀ ਪ੍ਰਧਾਨਗੀ ਵਾਲੇ ਅਸਲੀ ਤੇ ਵੱਡੇ ਪੰਥ ਨੂੰ ਓਨਾਂ ਚਿਰ ਕੋਈ ਇਤਰਾਜ ਨਹੀਂ ਜਿੰਨਾ ਚਿਰ ਗੱਦੀ ਦੇ ਪਾਵੇ ਉਹਨਾਂ ਦੇ ਸਮਰਥਨ ਉੱਤੇ ਟਿਕੇ ਹੋਏ ਹਨ, ਤੁਸੀਂ ਮਹਿੰਗੇ ਆਂਡੇ ਕਿਉਂ ਬਰਬਾਦ ਕਰਦੇ ਹੋ?
 ਘਰ ਦੇ ਭੇਤੀ, ਭਾਵ ਉਹਨਾਂ ਨਾਲ ਰਥ ਵਿਚ ਸਵਾਰ ਲੋਕ ਦਸਦੇ ਹਨ ਕਿ ਅਡਵਾਨੀ ਜੀ ਆਪਣੇ ਰਥ ਵਿਚ ਬੈਠੇ ਭਜਨਾਂ ਦੀਆਂ ਕੈਸਟਾਂ ਤੋਂ ਇਲਾਵਾ ਇਕ ਫ਼ਿਲਮੀ ਗੀਤ ਵਾਰ ਵਾਰ ਸੁਣਦੇ ਹਨ ਅਤੇ ਉਸ ਬਾਰੇ ਚਿੰਤਨ-ਮੰਥਨ ਕਰਦੇ ਰਹਿੰਦੇ ਹਨ: ਤਦਬੀਰ ਸੇ ਵਿਗੜੀ ਹੂਈ ਤਕਦੀਰ ਬਨਾ ਲੇ, ਤਕਦੀਰ ਬਨਾ ਲੇ/ ਅਪਨੇ ਪੇ ਭਰੋਸਾ ਹੈ ਤੋ ਇਕ ਦਾਓ ਲਗਾ ਲੇ/ ਲਗਾ ਲੇ, ਦਾਓ ਲਗਾ ਲੇ! ਤਕਦੀਰ ਓਦੋਂ ਵਿਗੜੀ ਜਦੋਂ ਬਰਾਬਰ ਤੁਰਦੇ ਤੁਰਦੇ ਵਾਜਪਾਈ ਜੀ ਅੱਗੇ ਨਿਕਲ ਗਏ ਤੇ ਅਡਵਾਨੀ ਜੀ ਨੰਬਰ ਦੋ ਰਹਿ ਗਏ। ਸੁਭਾਵਿਕ ਸੀ ਕਿ ਗੱਦੀ ਨੰਬਰ ਇਕ ਨੂੰ ਮਿਲਦੀ। 2009 ਦੀਆਂ ਚੋਣਾਂ ਵਿਚ ਵਾਜਪਾਈ ਜੀ ਦੀ ਵਿਗੜਦੀ ਸਿਹਤ ਨੇ ਇਹਨਾਂ ਨੂੰ ਫੇਰ ਨੰਬਰ ਇਕ ਬਣਾ ਦਿੱਤਾ। ਸਾਰੇ ਦੇਸ ਵਿਚ ਮਨਮੋਹਨ ਸਿੰਘ ਨੂੰ ਕਮਜ਼ੋਰ ਕਮਜ਼ੋਰ ਆਖ ਕੇ ਆਪਣੇ ਆਪ ਨੂੰ ਲੋਹਪੁਰਸ਼ ਕਹਿੰਦੇ ਫਿਰੇ। ਮਨਮੋਹਨ ਸਿੰਘ ਨੇ ਇਕੋ ਵਾਰ ਪੁੱਛਿਆ ਕਿ ਜਦੋਂ ਤੇਰੇ ਉਪ-ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਹੁੰਦਿਆਂ ਲਾਲ ਕਿਲ਼ੇ, ਅਕਸ਼ਰਧਾਮ ਤੇ ਪਾਰਲੀਮੈਂਟ ਆਦਿ ਜਿਹੇ ਮਹੱਤਵਪੂਰਨ ਸਥਾਨਾਂ ਉੱਤੇ ਦਹਿਸ਼ਤਵਾਦੀ ਹਮਲੇ ਹੋਏ ਸਨ ਤੇ ਤੇਰੀ ਪਾਰਟੀ ਦੀ ਸਰਕਾਰ ਵਾਲੇ ਗੁਜਰਾਤ ਵਿਚ ਮੁਸਲਮਾਨਾਂ ਦਾ ਘਾਣ ਕੀਤਾ ਗਿਆ ਸੀ, ਕਿਥੇ ਗਈ ਸੀ ਤੇਰੀ ਲੋਹਪੁਰਸ਼ੀ? ਫੁੱਲੇ ਹੋਏ ਭੁਕਾਨੇ ਵਿਚ ਅਜਿਹੀ ਸੂਈ ਚੁਭੀ ਕਿ ਸਭ ਕੁਛ ਠੁੱਸ ਤੇ ਫੁੱਸ ਹੋ ਗਿਆ! ਇਸ ਵਿਗੜੀ ਤਕਦੀਰ ਨੂੰ ਬਣਾਉਣ ਲਈ ਹੁਣ ਫੇਰ ਨਵੀਂ ਤਦਬੀਰ ਘੜੀ ਗਈ ਹੈ। ਪਰ ਅਡਵਾਨੀ ਜੀ ਸਮੇਤ ਸਭ ਨੀਕਰਧਾਰੀਆਂ ਦੀ ਮਜਬੂਰੀ ਹੈ ਕਿ ਉਹ ਲੰਮਾ ਪੰਧ ਮਾਰਨ ਵਾਲੀ ਯਾਤਰਾ ਦੀ ਥਾਂ ਕੋਹਲੂ ਦੇ ਬਲ੍ਹਦ ਵਾਲੀ ਯਾਤਰਾ ਕਰਦੇ ਹਨ, ਭਾਵ ਇਕੋ ਥਾਂ ਘੁੰਮਦੇ ਹੋਏ ਉਹ ਇਹ ਭਰਮ ਪਾਲਦੇ ਹਨ ਕਿ ਉਹ ਅੱਗੇ ਵਧ ਰਹੇ ਹਨ। ਅਡਵਾਨੀ ਜੀ ਦੀ ਇਸ ਵਾਰ ਦੀ ਨਵੀਂ ਤਦਬੀਰ ਵੀ ਕਈ ਵਾਰ ਪਹਿਲਾਂ ਕੀਤੀ ਹੋਈ ਰਥ-ਯਾਤਰਾ ਹੀ ਹੈ। ਉਹਨਾਂ ਦੇ ਭੱਤੇ ਵਿਚ ਤੀਰ ਵੀ ਇਸ ਵਾਰ ਫੇਰ ਉਹੋ ਪੁਰਾਣੇ, ਮਨਮੋਹਨ ਸਿੰਘ ਨੂੰ ਗਾਲ਼ਾਂ ਦੇਣ ਵਾਲੇ ਹੀ ਹਨ।
 ਵੈਸੇ ਤਾਂ ਲੋਕ 2014 ਦੇ ਹਵਾਲੇ ਨਾਲ ਵੀ ਅਡਵਾਨੀ ਜੀ ਦੀ ਉਮਰ ਚਿਤਾਰਨ ਲਗਦੇ ਹਨ ਪਰ 2019 ਬਾਰੇ ਤਾਂ ਉਹ ਆਪ ਵੀ ਸਪੱਸ਼ਟ ਹਨ ਕਿ ਉਸ ਸਮੇਂ ਤੱਕ ਉਹਨਾਂ ਦੀ ਹਾਲਤ 'ਸਿਰੁ ਕੰਪਿਓ ਪਗ ਡਗਮਗੇ ਨੈਨ ਜੋਤਿ ਤੇ ਹੀਨ' ਵਾਲੀ ਹੋ ਜਾਣੀ ਕੁਦਰਤੀ ਹੋਵੇਗੀ। ਇਸ ਕਰਕੇ ਉਹਨਾਂ ਦੀ ਪੂਰੀ ਸੁਰਤੀ ਤੇ ਸ਼ਕਤੀ 2014 ਉੱਤੇ ਇਕਾਗਰ ਹੈ। ਅਭੀ ਨਹੀਂ ਤੋ ਫਿਰ ਕਭੀ ਨਹੀਂ! ਉਹਨਾਂ ਨੇ ਸਭ ਕੁਛ 2014 ਦੇ ਦਾਅ ਉੱਤੇ ਲਾਉਣ ਦੀ ਧਾਰ ਲਈ ਹੈ। ਨਾਗਪੁਰੀਏ ਨੀਕਰਧਾਰੀ ਕੁਛ ਕਹਿੰਦੇ ਰਹਿਣ ਅਤੇ ਮੋਦੀ, ਜੋਸ਼ੀ, ਸੁਸ਼ਮਾ, ਜੇਤਲੀ, ਗਡਕਰੀ, ਜਸਵੰਤ ਸਿਨਹਾ ਵਰਗੇ ਲੱਖ ਦਾਅਵੇਦਾਰੀਆਂ ਠੋਕਦੇ ਰਹਿਣ, ਅਡਵਾਨੀ ਜੀ ਸਿਰ-ਧੜ ਦੀ ਲਾ ਕੇ ਹੀ ਰਹਿਣਗੇ! ਨਾਗਪੁਰ ਬੁਲਾ ਕੇ ਭਾਗਵਤ ਜੀ ਨੇ ਘੁਰਕੀ ਦਿੱਤੀ ਕਿ ਲਾਲਸਾ ਛੱਡੋ ਤੇ ਰਾਹ ਕਿਸੇ ਨਵੇਂ ਲਈ ਪੱਧਰਾ ਕਰੋ। ਇਕ ਵਾਰ ਤਾਂ ਬੌਂਦਲ ਗਏ। ਬਾਹਰ ਨਿੱਕਲੇ ਤਾਂ ਪ੍ਰੈੱਸ ਵਾਲਿਆਂ ਨੇ ਘੇਰ ਲਏ। ਪ੍ਰੇਸ਼ਾਨ ਹੋ ਕੇ ਹੱਥਾਂ ਨੂੰ ਮਲ ਮਲ ਲਾਲ ਕਰਦੇ ਹੋਏ ਲਾਲ ਕ੍ਰਿਸ਼ਣ ਜੀ ਥਥਲਾਏ,''ਮੈਨੂੰ ਦੇਸ, ਸਮਾਜ ਤੇ ਪਾਰਟੀ ਨੇ ਏਨਾਂ ਕੁਛ ਦਿੱਤਾ ਹੈ ਕਿ ਵੱਡੀ ਤੋਂ ਵੱਡੀ ਪਦਵੀ ਵੀ ਉਸ ਸਾਹਮਣੇ ਕੁਛ ਨਹੀਂ। ਮੈਂ ਪ੍ਰਧਾਨ ਮੰਤਰੀ ਦੇ ਪਦ ਦਾ ਦਾਅਵੇਦਾਰ ਨਹੀਂ।" ਪਰ ਜਿਉਂ ਜਿਉਂ ਉਹ ਨਾਗਪੁਰ ਤੋਂ ਦੂਰ ਆਉਂਦੇ ਗਏ, ਕੁਰਸੀ ਦਾ ਮ੍ਰਿਗਜਲ ਫੇਰ ਦਿਖਾਈ ਦੇਣ ਲੱਗਿਆ। ਆਖ਼ਰ ਉਹਨਾਂ ਨੇ ਰਥ ਉੱਤੇ ਸਵਾਰ ਹੋ ਕੇ ਸੰਖਨਾਦ ਕੀਤਾ ਤੇ ਆਪਣੇ ਟੀਚੇ ਦਾ ਸਪੱਸ਼ਟ ਐਲਾਨ ਕਰ ਦਿੱਤਾ। ਅੱਖਾਂ ਬੰਦ ਕਰ ਕੇ ਪ੍ਰਧਾਨ ਮੰਤਰੀ ਦਾ ਦਫ਼ਤਰ ਚਿਤਵਦਿਆਂ ਉਹ ਰਥ ਉੱਤੇ ਲਾਏ ਹੋਏ ਲਾਊਡਸਪੀਕਰ ਵਿਚ ਗਾਉਣ ਲੱਗੇ, ਜੀਨਾ ਯਹਾਂ, ਮਰਨਾ ਯਹਾਂ, ਇਸ ਕੇ ਸਿਵਾ ਅਬ ਜਾਣਾ ਕਹਾਂ!... 
 ਅਡਵਾਨੀ ਜੀ ਦੀ ਹਾਲਤ ਦੇਖ ਕੇ ਮੈਨੂੰ ਤਾਇਆ ਗੰਡਾ ਸਿਉਂ ਯਾਦ ਆ ਜਾਂਦਾ ਹੈ। ਸਾਰੀ ਉਮਰ ਵਿਆਹ ਨੂੰ ਤਰਸਦਾ ਤੇ ਤਰਲੇ ਮਾਰਦਾ ਰਿਹਾ। ਅਡਵਾਨੀ ਜੀ ਦੀ ਕੁਰਸੀ ਵਾਂਗ ਬੱਸ ਇਕੋ ਟੀਚਾ, ਕਿਵੇਂ ਵੀ ਮੰਗਣਾ ਹੋ ਜਾਵੇ ਤੇ ਬੁੱਲ੍ਹਾਂ ਨੂੰ ਛੁਹਾਰਾ ਲੱਗ ਜਾਵੇ। ਇਕ ਵਾਰ, ਬੱਸ ਇਕ ਵਾਰ ਤੀਵੀਂ ਘਰ ਵੜਦੀ ਹੋ ਜਾਵੇ। ਕੋਈ ਵਿਧਵਾ, ਕੋਈ ਛੱਡੀ-ਕੱਢੀ ਹੋਈ, ਕੋਈ ਵਿੰਗੀ-ਬੌਲੀ। ਪਰ ਕੁਦਰਤ ਤੇ ਕਿਸਮਤ ਤਾਂ ਲਕੀਰਾਂ ਖਿੱਚੀ ਬੈਠੀਆਂ ਸਨ। ਤਾਏ ਦੇ ਸਭ ਉਪਰਾਲੇ ਨਿਹਫਲ ਰਹੇ। ਆਖ਼ਰ ਅੰਤ ਸਮਾਂ ਆ ਗਿਆ। ਸੁਰਤ ਗੋਤੇ ਖਾਣ ਲੱਗੀ। ਕਿਸੇ ਸਿਆਣੇ ਨੇ ਭਤੀਜਿਆਂ ਨੂੰ ਕਿਹਾ,''ਜੇ ਪ੍ਰਾਣ ਨਿੱਕਲ ਗਏ, ਜਲ ਅੰਦਰ ਨਹੀਂ ਜਾਣਾ। ਗਤੀ ਨਹੀਂ ਹੋਣੀ। ਸਾਹ ਵਗਦੇ ਵਗਦੇ ਗੰਗਾਜਲ ਮੂੰਹ ਵਿਚ ਪਾਉ, ਭਾਈ!" ਇਕ ਭਤੀਜੇ ਨੇ ਗੰਗਾਜਲ ਦਾ ਚਮਚਾ ਬੇਸੁਰਤ ਪਏ ਤਾਏ ਦੇ ਬੁੱਲ੍ਹਾਂ ਨੂੰ ਛੁਹਾਇਆ। ਲਓ, ਕਰਾਮਾਤ ਹੋ ਗਈ! ਤਾਏ ਦੇ ਬੁੱਲ੍ਹ ਫ਼ਰਕੇ, ਪਲਕਾਂ ਹਿੱਲੀਆਂ ਤੇ ਉਹਨੇ ਅੱਖਾਂ ਅਧਖੁੱਲ੍ਹੀਆਂ ਕਰ ਕੇ ਪੁੱਛਿਆ, ਛੁਹਾਰਾ ਐ?
ਲੋਕ-ਵਿਰੋਧੀ ਤੇ ਫ਼ਿਰਕੂ ਨੀਤੀਆਂ ਵਾਲੀ ਅਤੇ ਕੇਵਲ ਵਿਰੋਧ ਖ਼ਾਤਰ ਠੀਕ ਮੁੱਦਿਆਂ ਬਾਰੇ ਵੀ ਸਰਕਾਰ ਦਾ ਵਿਰੋਧ ਕਰਨ ਵਾਲੀ ਭਾਜਪਾ ਦੀ ਦੁਰਦਸ਼ਾ ਦੇਖ ਕੇ ਕੁਰਸੀ ਤਾਂ 2014 ਵਿਚ ਵੀ ਅਡਵਾਨੀ ਜੀ ਹੇਠ ਆਉਣੀ ਨਹੀਂ। ਲਗਦਾ ਹੈ, ਹਾਲਤ ਤਾਏ ਗੰਡਾ ਸਿੰਘ ਵਾਲੀ ਬਣ ਜਾਵੇਗੀ। ਜਦੋਂ ਇਹ ਦੂਜਿਆਂ ਦਾ ਸਹਾਰਾ ਲੈ ਕੇ ਕਿਸੇ ਦੇ ਘਰ ਮਿਲਣ ਜਾਂ ਕਿਸੇ ਨਿੱਜੀ ਜਾਂ ਜਨਤਕ ਸਮਾਗਮ ਵਿਚ ਸ਼ਾਮਲ ਹੋਣ ਜਾਇਆ ਕਰਨਗੇ ਤੇ ਕੋਈ ਬਾਂਹੋਂ ਫੜ ਕੇ ਕੁਰਸੀ ਉੱਤੇ ਬੈਠਣ ਲਈ ਕਿਹਾ ਕਰੇਗਾ, ਅਡਵਾਨੀ ਜੀ ਪੁੱਛਿਆ ਕਰਨਗੇ, ਪ੍ਰਧਾਨ ਮੰਤਰੀ ਵਾਲੀ ਕੁਰਸੀ ਐ?
                                                                                                (ਫ਼ੋਨ: 011-65736868)

'          '          ' 

Comments (0)

Write comment

smaller | bigger

busy
You are here:   Homeਲੜੀਵਾਰਚਰਚਾ ਤੇ ਚੇਤਾਅਡਵਾਨੀ ਜੀ ਅਤੇ ਤਾਏ ਦਾ ਛੁਹਾਰਾ

Currency Converter

Amount:
From:
To:


Gurbani Radio


Gurbani - Sri Harmandir Sahib