Thursday, 06 September 2012 10:39
Print PDF

ਮਨੁੱਖੀ ਸਮਾਜ ਵਿਚ ਹਜ਼ਾਰਾਂ ਸਾਲਾਂ ਤੋਂ ਪੁਰਸ਼ ਦੀ ਪਰਧਾਨਤਾ ਹੈ। ਸੁਣਿਆ ਹੈ ਕਿ  ਸਮਾਜਕ ਟਿਕ-ਟਿਕਾਅ ਅਤੇ ਵਿਆਹ ਦੀ ਰੀਤ ਤੋਂ ਪਹਿਲਾਂ ਜੰਗਲੀ ਜੀਵਨ ਵੇਲੇ ਇਸਤਰੀ-ਪਰਧਾਨ ਸਮਾਜ ਹੁੰਦਾ ਸੀ। ਪਰ ਉਹ ਤਾਂ ਪੁਰਾਣੀਆਂ, ਕੇਵਲ ਇਤਿਹਾਸਕਾਰਾਂ ਦੇ ਕੰਮ ਦੀਆਂ ਗੱਲਾਂ ਹਨ। ਇਹ ਵੀ ਸੁਣਿਆ ਹੈ ਕਿ ਅਜੇ ਵੀ ਦੁਨੀਆ ਵਿਚ ਕੁਛ ਮਨੁੱਖੀ ਭਾਈਚਾਰੇ ਇਸਤਰੀ-ਪਰਧਾਨ ਹਨ। ਪਰ ਉਹ ਏਨੇਂ ਦੂਰ-ਦੁਰੇਡੇ, ਖਿੰਡੇ-ਪੁੰਡੇ, ਛੋਟੇ-ਨਿਗੂਣੇ ਹਨ ਕਿ ਮੁੱਖਧਾਰਾਈ ਸਮਾਜ ਵਿਚ ਉਹਨਾਂ ਦਾ ਨਾ ਕੋਈ ਸਥਾਨ ਹੈ, ਨਾ ਮਹੱਤਵ।
 ਆਪਣੀ ਚੌਧਰ ਕਾਰਨ ਪੁਰਸ਼ ਨੇ ਆਪਣੇ ਲਈ ਅਨੇਕ ਅਜਿਹੇ ਵਿਸ਼ੇਸ਼ ਅਧਿਕਾਰ ਹਾਸਲ ਕੀਤੇ ਹੋਏ ਹਨ ਜੋ ਇਸਤਰੀ ਲਈ ਵਰਜਿਤ ਹੀ ਨਹੀਂ, ਪਾਪ ਤੇ ਗੁਨਾਹ ਹਨ। ਉਹਨਾਂ ਦੀ ਸੂਚੀ ਬਹੁਤ ਲੰਮੀ ਹੈ। ਉਹਨਾਂ ਵਿਚੋਂ ਇਕ ਹੈ ਇਕ ਤੋਂ ਵੱਧ ਵਿਆਹ ਕਰਵਾਉਣਾ। ਜਿਥੇ ਇਸਤਰੀ ਵਾਸਤੇ  ਬਾਲ-ਵਿਧਵਾ ਹੋ ਜਾਣ ਦੀ ਸੂਰਤ ਵਿਚ ਵੀ ਦੂਜਾ ਵਿਆਹ ਕਰਵਾ ਕੇ ਸਾਧਾਰਨ ਮਨੁੱਖੀ ਜੀਵਨ ਬਿਤਾਉਣਾ ਕਲੰਕ ਹੈ, ਉਥੇ ਪੁਰਸ਼ ਵਾਸਤੇ ਧੀਆਂ ਵਾਲੀ ਪਤਨੀ ਦੇ ਹੁੰਦਿਆਂ ਪੁੱਤਰ-ਪਰਾਪਤੀ ਦੇ ਬਹਾਨੇ ਹੋਰ ਵਿਆਹ ਕਰਵਾਉਣਾ ਸਾਧਾਰਨ ਗੱਲ ਰਹੀ ਹੈ। ਪਰ ਮੂਲ ਮੁੱਦਾ ਇਹ ਹੈ ਕਿ ਪੁਰਸ਼ ਵਾਸਤੇ ਬਹੁਤੇ ਵਿਆਹਾਂ ਲਈ ਕੋਈ ਬਹਾਨਾ ਬਣਾਉਣਾ ਵੀ ਜ਼ਰੂਰੀ ਨਹੀਂ ਸੀ ਹੁੰਦਾ। ਉਹ ਸਿਰਫ਼ ਸੁਆਦ ਬਦਲਣ ਲਈ ਹੋਰ ਵਿਆਹ ਕਰਵਾ ਸਕਦਾ ਸੀ। ਨਤੀਜਾ ਇਹ ਹੋਇਆ ਕਿ

ਇਕ ਤੋਂ ਬਹੁਤੇ ਵਿਆਹ ਸਮਾਜਕ ਵਡੱਪਣ ਦਾ ਇਕ ਨਾਪ ਬਣ ਗਏ। ਸਾਹਿਬੇ-ਜਾਇਦਾਦ ਲੋਕ ਸਿਰਫ਼ ਸ਼ਾਨ ਵਾਸਤੇ ਕਈ ਕਈ ਵਿਆਹ ਕਰਵਾਉਣ ਲੱਗੇ। ਰਾਜੇ-ਮਹਾਰਾਜੇ ਸਮਾਜ ਵਿਚ ਸਭ ਤੋਂ ਵੱਡੇ ਹੁੰਦੇ ਸਨ, ਇਸ ਵਾਸਤੇ ਉਹਨਾਂ ਦੇ ਵਿਆਹਾਂ ਦੀ ਤਾਂ ਕੋਈ ਗਿਣਤੀ ਹੀ ਨਹੀਂ ਸੀ ਹੁੰਦੀ। ਬਜ਼ੁਰਗ ਬੜੇ ਮਾਣ ਨਾਲ ਦਸਦੇ ਸਨ ਕਿ ਆਪਣੇ ਦਾਦਾ-ਮਹਾਰਾਜੇ ਭੂਪਿੰਦਰ ਸਿੰਘ ਜੀ ਦੇ ਤਿੰਨ ਸੌ ਸੱਠ ਰਾਣੀਆਂ ਸਨ!
 ਹੁਣ ਸਮਾਜਕ ਜਾਗ ਸਦਕਾ ਕਾਨੂੰਨ ਬਣ ਗਿਆ ਹੈ ਅਤੇ ਮੁਸਲਮਾਨ ਭਾਈਆਂ ਤੋਂ ਬਿਨਾਂ ਹੋਰ ਭਾਈਚਾਰੇ ਇਕ ਤੋਂ ਵੱਧ ਵਿਆਹ ਨਹੀਂ ਕਰਵਾ ਸਕਦੇ। ਇਸੇ ਕਰਕੇ ਜੇ ਕਿਸੇ ਧਰਮਿੰਦਰ ਨੇ ਕਿਸੇ ਪਰਕਾਸ਼ ਕੌਰ ਦੇ ਹੁੰਦਿਆਂ ਕਿਸੇ ਹੇਮਾ ਮਾਲਣੀ ਨਾਲ ਵਿਆਹ ਕਰਵਾਉਣਾ ਹੋਵੇ, ਉਹ, ਝੂਠੀਂ-ਮੂਠੀਂ ਦਾ ਹੀ ਸਹੀ, ਮੁਸਲਮਾਨ ਬਣ ਜਾਂਦਾ ਹੈ। ਬਹੁਤੇ ਪੁਰਸ਼ ਏਨੇਂ ਹਿੰਮਤ ਵਾਲੇ ਨਾ ਹੋਣ ਕਰਕੇ ਹੁਣ ਇਕ ਵਿਆਹ ਦੀ ਰੀਤ ਹੀ ਪੱਕੇ-ਪੈਰੀਂ ਹੋ ਚੁੱਕੀ ਹੈ। ਹੁਣ ਤਾਂ ਕੋਈ ਵਿਰਲਾ-ਟਾਂਵਾਂ ਹੀ ਸੂਰਮਾ ਨਿੱਤਰਦਾ ਹੈ ਜੋ ਪੁਰਖਿਆਂ ਨੂੰ ਸ਼ਰਧਾਂਜਲੀ ਵਜੋਂ ਉਹਨਾਂ ਦੀ ਰੀਤ ਪਾਲਦਿਆਂ ਅਤੇ ਉਸ ਮਰਦਾਵੀਂ ਪਰੰਪਰਾ ਨੂੰ ਜੀਵਤ ਰੱਖਣਾ ਚਾਹੁੰਦਿਆਂ ਇਕ ਤੋਂ ਵੱਧ ਵਾਰ ਘੋੜੀ ਚੜ੍ਹਨ ਦੀ ਹਿੰਮਤ ਕਰਦਾ ਹੈ। ਮਿਸਾਲ ਵਜੋਂ, ਬਿਹਾਰ ਦੇ 35 ਸਾਲ ਦੇ ਇਕ ਬੇਰੁਜ਼ਗਾਰ ਵਿਜੈ ਕੁਮਾਰ ਸਿੰਘ ਨੇ ਆਪਣੇ ਆਪ ਨੂੰ ਸੂਹੀਆ ਵਿਭਾਗ ਦਾ ਕਰਮਚਾਰੀ ਦੱਸ ਕੇ ਇਸ ਸਾਲ ਮਾਰਚ ਵਿਚ ਪੂਨਮ ਨਾਲ ਪਹਿਲ-ਪਲੇਠਾ ਵਿਆਹ ਕਰਵਾਇਆ। ਕੁਦਰਤੀ ਸੀ ਕਿ ਸੂਹੀਆ ਵਿਭਾਗ ਵਿਚ ਹੋਣ ਕਾਰਨ ਉਹਨੂੰ ਅਕਸਰ ਘਰੋਂ ਬਾਹਰ ਰਹਿਣਾ ਪੈਂਦਾ। ਪੂਨਮ ਨੂੰ ਸ਼ੱਕ ਹੋਇਆ ਕਿ ਪਤੀਦੇਵ ਨੂੰ ਅਕਸਰ ਜ਼ਨਾਨੀਆਂ ਦੇ ਫ਼ੋਨ ਹੀ ਕਿਉਂ ਆਉਂਦੇ ਹਨ! ਉਹਨੇ ਇਕ ਨੰਬਰ ਘੁਮਾਇਆ ਤਾਂ ਅੱਗੋਂ ਇਕ ਹੋਰ ਪਹਿਲੀ ਪਤਨੀ ਨੀਤਾ ਬੋਲ ਪਈ। ਪੂਨਮ ਨੂੰ ਘੋਖ ਤੋਂ ਪਤਾ ਲੱਗਿਆ ਕਿ ਉਹਦੇ ਪਤੀਦੇਵ ਦੀ ਪਿਛਲੇ ਦਸ ਸਾਲਾਂ ਦੀ ਕਮਾਈ ਉਸ ਸਮੇਤ ਛੇ ਪਤਨੀਆਂ ਹਨ ਜਿਨ੍ਹਾਂ ਵਿਚੋਂ ਹਰੇਕ ਪਤਨੀ ਪਹਿਲੀ ਹੀ ਹੈ।
 ਪੁਰਾਤਨ ਰੀਤ ਨੂੰ ਸੁਰਜੀਤ ਕਰਨ ਲਈ ਨਾ ਸਹੀ, ਇਸ ਗੱਲੋਂ ਤਾਂ ਵਿਜੈ ਜੀ ਦੀ ਤਾਰੀਫ਼ ਹੋਣੀ ਹੀ ਚਾਹੀਦੀ ਸੀ ਕਿ ਉਹ ਸਮੇਂ ਦੇ ਸਕਿੰਟ ਸਕਿੰਟ ਦਾ ਹਿਸਾਬ-ਕਿਤਾਬ ਰੱਖਣ ਦਾ ਮਾਹਿਰ  ਕੰਪਿਊਟਰੀ ਦਿਮਾਗ਼ ਵਾਲਾ ਕਿੰਨਾ ਚਤੁਰ ਆਦਮੀ ਹੈ! ਛੇ ਪਤਨੀਆਂ ਦਾ ਇਕੋ ਸਮੇਂ ਪਤੀ ਹੋਣਾ, ਹਰ ਇਕ ਨੂੰ ਪਹਿਲੀ ਪਤਨੀ ਵਾਲਾ ਦਰਜਾ ਤੇ ਪਿਆਰ ਦੇਈ ਰੱਖਣਾ ਅਤੇ ਸੂਹੀਆ ਵਿਭਾਗ ਦੀਆਂ ਗੁਪਤ ਡਿਊਟੀਆਂ ਦੇ ਤੇ ਵਿਭਾਗੀ ਨੇਮਾਂ ਕਾਰਨ ਕੁਛ ਵੀ ਦੱਸ ਨਾ ਸਕਣ ਦੀ ਮਜਬੂਰੀ ਦੇ ਬਹਾਨੇ ਇਕ ਦੂਜੀ ਤੋਂ ਓਹਲਾ ਰਖਦਿਆਂ ਸਭ ਵਿਚਕਾਰ ਸਮੇਂ ਦੀ ਇਨਸਾਫ਼ੀ ਵੰਡ ਕਰਨਾ ਤੇ ਹਰ ਇਕ ਨੂੰ ਹਿੱਸੇ ਬੈਠਦਾ ਸਮਾਂ ਦੇਣਾ ਕਿਸੇ ਕਾਰਨਾਮੇ ਤੋਂ ਘੱਟ ਨਹੀਂ! ਕੋਈ ਮਾਈ ਦਾ ਲਾਲ ਕਰ ਕੇ ਤਾਂ ਦਿਖਾਵੇ! ਪਰ ਜ਼ਾਲਮ ਜ਼ਮਾਨਾ, ਜ਼ਾਲਮ ਪੁਲਿਸ ਤੇ ਜ਼ਾਲਮ ਪਤਨੀ! ਪੂਨਮ ਦੀ ਸ਼ਿਕਾਇਤ ਦੇ ਆਧਾਰ ਉੱਤੇ ਪੁਲਿਸ ਨੇ ਵਿਜੈ ਜੀ ਨੂੰ ਧੋਖਾਧੜੀ ਤੇ ਹੇਰਾਫੇਰੀ ਦਾ ਦੋਸ ਲਾ ਕੇ ਗ੍ਰਿਫ਼ਤਾਰ ਕਰ ਲਿਆ ਹੈ।
 ਉਪਰੋਕਤ ਤਾਂ ਸਾਰੀ ਭੂਮਿਕਾ ਹੀ ਹੈ, ਅਸਲ ਬੀਰਗਾਥਾ ਤਾਂ ਮੈਂ ਇਕ ਨਾਰੀਵਾਦੀ ਵੀਰਾਂਗਣਾ ਦੀ ਸੁਣਾਉਣੀ ਹੈ। ਉਹਦੀ ਕਰਾਮਾਤ ਸੁਣਨ ਮਗਰੋਂ ਜੇ ਤੁਸੀਂ ਅਵਾਕ ਨਾ ਰਹਿ ਜਾਉਂ, ਜ਼ਿੰਮਾ ਮੇਰਾ! ਕੇਰਲਾ ਦੀ ਧੀ 33 ਸਾਲ ਦੀ ਸ਼ਾਹਨਾਜ਼ ਗੋਰੀ-ਚਿੱਟੀ, ਲੰਮੀ-ਲੰਝੀ ਤੇ ਮਨਮੋਹਕ ਹੈ। ਉਹਦੇ ਪਤੀ ਮਨੀਗੰਦਨ ਦੀ ਸ਼ਿਕਾਇਤ ਕਾਰਨ ਹੁਣ ਪੁਲਿਸ ਉਹਦੇ ਪਿੱਛੇ ਪਈ ਹੋਈ ਹੈ। ਉਸਨੂੰ ਉਹ ਇਸ ਸਾਲ ਦੇ ਸ਼ੁਰੂ ਵਿਚ ਮਿਲੀ ਸੀ। ਉਹਦੇ ਦੱਸਣ ਅਨੁਸਾਰ ਮਾਂ-ਪਿਉ ਬਚਪਣ ਵਿਚ ਹੀ ਗੁਜ਼ਰ ਗਏ ਸਨ, ਉਹ ਮਦਰਾਸ ਹਾਈ ਕੋਰਟ ਵਿਚ ਵਕੀਲ ਸੀ ਤੇ ਸਿਵਲ ਸਰਵਿਸ ਦੇ ਇਮਤਿਹਾਨ ਦੀ ਤਿਆਰੀ ਕਰ ਰਹੀ ਸੀ। ਦੋਵਾਂ ਦਾ ਪਿਆਰ ਹੋਇਆ ਤੇ ਅਪਰੈਲ ਵਿਚ ਵਿਆਹ ਹੋ ਗਿਆ। ਕੁਛ ਸਮੇਂ ਮਗਰੋਂ ਉਹਨੇ ਕਿਹਾ ਕਿ ਘਰੇ ਤਿਆਰੀ ਨਹੀਂ ਹੋ ਰਹੀ, ਹੋਸਟਲ ਠੀਕ ਰਹੇਗਾ। ਮਨੀਗੰਦਨ ਨੇ ਔਖਾ-ਸੌਖਾ ਹੋ ਕੇ ਤੇ ਕੁਛ ਵੇਚ-ਵੱਟ ਕੇ ਹੋਸਟਲ ਦੀ ਦੋ ਲੱਖ ਫ਼ੀਸ ਦਾ ਜੁਗਾੜ ਕੀਤਾ। ਦੋ ਹਫ਼ਤਿਆਂ ਮਗਰੋਂ ਉਹ ਗਹਿਣਾ-ਗੱਟਾ ਤੇ ਮਾਲ-ਮੱਤਾ ਲੈ ਕੇ ਹੋਸਟਲ ਵਿਚੋਂ ਉਡੰਤ ਹੋ ਗਈ।
ਮਨੀਗੰਦਨ ਦਾ ਕਿੱਸਾ ਸਾਹਮਣੇ ਆਉਣ ਦੀ ਦੇਰ ਸੀ ਕਿ ਇਕ ਇਕ ਕਰ ਕੇ ਸ਼ਾਹਨਾਜ਼ ਦੇ ਪਤੀ ਸਾਹਮਣੇ ਆਉਣ ਲੱਗੇ ਹਨ। ਦਸ ਸਾਲ ਪਹਿਲਾਂ ਉਹਨੇ ਕੇਰਲਾ ਦੇ ਸਦੀਕ ਨਾਲ ਪਹਿਲਾ ਵਿਆਹ ਕਰਵਾਇਆ। ਉਸ ਪਿੱਛੋਂ ਬੱਸ ਚੱਲ ਸੋ ਚੱਲ! ਪਹਿਲਾਂ ਕੇਰਲਾ ਵਿਚ ਤੇ ਫੇਰ ਤਾਮਿਲਨਾਡੂ ਵਿਚ ਉਹਨੇ ਕਿੰਨੇ ਵਿਆਹ ਕਰਵਾਏ ਹਨ, ਅਜੇ ਪਰਤਾਂ ਹੌਲੀ ਹੌਲੀ ਖੁੱਲ੍ਹ ਰਹੀਆਂ ਹਨ। ਤਰੀਕਾ ਉਹਦਾ ਐਵੇਂ ਥੋੜ੍ਹੇ-ਬਹੁਤੇ ਫ਼ਰਕ ਨਾਲ ਇਕੋ ਹੀ ਸੀ। ਪਹਿਲਾਂ ਪਿਆਰ ਜੋ ਉਸ ਸਮੇਂ ਦੇ ਵਿਆਹ ਦੇ ਨਾਲ ਨਾਲ ਚਲਦਾ ਸੀ। ਫ਼ੋਨ ਰਾਹੀਂ ਮਿੱਠੀਆਂ ਗੱਲਾਂ ਤੇ ਚੋਰੀ-ਛਿੱਪੇ ਮੁਲਾਕਾਤਾਂ। ਅੰਤ ਵਿਚ ਪਹਿਲੇ ਦੇ ਦੁਆਏ ਹੋਸਟਲ ਵਿਚੋਂ ਭੱਜ ਕੇ ਨਵੇਂ ਨਾਲ ਵਿਆਹ ਤੇ ਫੇਰ ਕੋਈ ਨਵਾਂ ਹੋਸਟਲ ਤੇ ਉਹੋ ਸਿਲਸਿਲਾ! ਆਮ ਕਰਕੇ ਉਹ ਲੰਮੀ ਯੋਜਨਾ ਬਣਾਉਂਦੀ ਸੀ ਅਤੇ ਤਦਕਾਲੀ ਪਤੀ ਦੇ ਹੁੰਦਿਆਂ ਦੋ-ਦੋ, ਤਿੰਨ-ਤਿੰਨ ਪ੍ਰੇਮ ਨਿਭਾਉਂਦੀ ਸੀ ਤਾਂ ਜੋ ਕੋਈ ਸਮਾਂ ਨਿਹਫਲ ਨਾ ਗੁਆਉਣਾ ਪਵੇ ਅਤੇ ਖੂਹ ਦੀਆਂ ਟਿੰਡਾਂ ਵਾਂਗ ਨਵੇਂ ਪਤੀ ਆਉਂਦੇ ਰਹਿਣ ਤੇ ਪੁਰਾਣੇ ਡੁਬਦੇ ਰਹਿਣ।
ਪ੍ਰਸਿੱਧ ਅੰਗਰੇਜ਼ੀ ਲੇਖਕ ਰਸਕਿਨ ਬਾਂਡ ਦੀ ਕਹਾਣੀ ਸੂਸੰਨਾ ਦੇ ਸੱਤ ਪਤੀ  ਨੂੰ ਲੈ ਕੇ ਬਣਾਈ ਗਈ ਫ਼ਿਲਮ ਸੱਤ ਖ਼ੂਨ ਮਾਫ਼  ਵਿਚ ਨਾਇਕਾ ਆਦਰਸ਼ ਪਤੀ ਦੀ ਤਲਾਸ਼ ਵਿਚ ਇਕ ਇਕ ਕਰ ਕੇ ਸੱਤ ਵਿਆਹ ਕਰਵਾਉਂਦੀ ਹੈ ਅਤੇ ਕਸਵੱਟੀ ਉੱਤੇ ਪੂਰੇ ਨਾ ਉਤਰਨ ਕਾਰਨ ਅਜਿਹੀ ਵਿਉਂਤ ਨਾਲ ਵਾਰੀ ਵਾਰੀ ਸੱਤਾਂ ਦਾ ਖ਼ੂਨ ਕਰਦੀ ਹੈ ਕਿ ਉਸ ਉੱਤੇ ਸ਼ੱਕ ਤੱਕ ਨਹੀਂ ਹੁੰਦਾ। ਸ਼ਾਹਨਾਜ਼ ਦੀ ਨਰਮਦਿਲੀ ਤੇ ਸ਼ਰਾਫ਼ਤ ਸਮਝੋ ਕਿ ਉਹਨੇ ਸਭ ਤੋਂ ਨਕਦੀ ਤੇ ਸੋਨਾ ਕੁੰਜਗੋਸ਼ੇ ਕਰਨ ਤੋਂ ਬਿਨਾਂ ਇਕ ਵੀ ਪਤੀ ਨੂੰ ਰੱਤੀ-ਭਰ ਵੀ ਕੋਈ ਤਕਲੀਫ਼ ਨਹੀਂ ਦਿੱਤੀ!
ਹੁਣ ਤੱਕ ਉਹਦੇ ਪੰਦਰਾਂ ਪਤੀਆਂ ਦਾ ਪਤਾ ਲੱਗ ਚੁੱਕਿਆ ਹੈ ਜਿਨ੍ਹਾਂ ਵਿਚੋਂ ਅੱਧਿਆਂ ਨੇ ਹੀ ਰਪਟ ਲਿਖਵਾਈ ਹੈ। ਬਾਕੀ ਕੱਚੇ ਜਿਹੇ ਹੋ ਕੇ ਆਖਦੇ ਹਨ, ਛੱਡੋ ਜੀ, ਜੋ ਹੋਇਆ ਸੋ ਹੋਇਆ, ਹੁਣ ਲੋਕਾਂ ਤੋਂ ਕੀ ਟਿੱਚਰਾਂ ਕਰਵਾਉਣੀਆਂ ਹਨ ਕਿ ਸੁਹਣੀ ਜ਼ਨਾਨੀ ਦੇ ਚੱਕਰ ਵਿਚ ਫਸ ਕੇ ਬੇਵਕੂਫ਼ ਬਣ ਗਏ ਤੇ ਝੁੱਗਾ ਚੌੜ ਕਰਵਾ ਬੈਠੇ! ਪੁਲਿਸ ਕੋਲ ਪਹੁੰਚੀਆਂ ਅੰਦਰਲੀਆਂ ਸੋਆਂ ਅਨੁਸਾਰ ਸ਼ਾਹਨਾਜ਼ ਨੇ ਕੁੱਲ ਮਿਲਾ ਕੇ ਪੰਜਾਹ ਦੇ ਨੇੜੇ ਵਿਆਹ ਕਰਵਾਏ ਹਨ। ਵਿਜੈ ਕੁਮਾਰ ਸਿੰਘ ਦਾ ਹਾਲ ਤਾਂ ਛੇ ਵਿਆਹਾਂ ਮਗਰੋਂ ਹੀ ''ਕੋਹ ਨਾ ਚੱਲੀ, ਬਾਬਾ ਤਿਹਾਈ" ਵਾਲਾ ਹੋ ਗਿਆ। ਹੈ ਕੋਈ ਨਰਵਾਦੀ ਸੂਰਮਾ ਜੋ ਇਸ ਨਾਰੀਵਾਦੀ ਵੀਰਾਂਗਣਾ ਦਾ ਮੁਕਾਬਲਾ ਕਰ ਸਕੇ!        (011-65736868)                         

   ' ' '
 

Comments (0)

Write comment

smaller | bigger

busy
You are here:   Homeਲੜੀਵਾਰਚਰਚਾ ਤੇ ਚੇਤਾਨਰਵਾਦ ਲਈ ਵੰਗਾਰ ਨਾਰੀਵਾਦੀ ਵੀਰਾਂਗਣਾ

Currency Converter

Amount:
From:
To:


Gurbani Radio


Gurbani - Sri Harmandir Sahib