
ਪਿਆਰੇ ਪਾਠਕੋ, ਮਨ ਉਦਾਸ ਹੈ। ਸੰਤੋਖ ਸਿੰਘ ਧੀਰ ਜੀ ਦੀ ਇੱਕ ਕਵਿਤਾ ਦਾ ਇਹ ਬੰਦ ਮੁੜ ਮੁੜ ਚੇਤੇ ਆ ਰਿਹਾ ਹੈ: ਅੱਜ ਦਿਲ ਉੱਤੇ ਭਾਰ ਹੈ ਏਨਾ, ਸਾਰੀ ਸ੍ਰਿਸ਼ਟੀ ਝਲਦੀ ਨਾ, ਧਰਤ ਅੰਬਰ ਦੇ ਪਲੜੇ ਛੋਟੇ, ਕਿਸ ਤੱਕੜੀ ਵਿੱਚ ਤੋਲਾਂ ਮੈਂ! ਦਿਲ ਇਹ ਲੇਖ ਲਿਖਣ ਨੂੰ ਵੀ ਨਹੀਂ ਸੀ ਕਰਦਾ। ਮਨ ਨੂੰ ਕੁਛ ਸੁਝਦਾ ਨਹੀਂ ਸੀ ਤੇ ਕਲਮ ਤੁਰਦੀ ਨਹੀਂ ਸੀ। ਆਖ਼ਰ ਮਾਮਲੇ ਦੀ ਮਹੱਤਤਾ ਨੇ ਹੌਸਲਾ ਦਿੱਤਾ, ਬੰਦਿਆ, ਹਿੰਮਤ ਕਰ ਕੇ ਹੱਕ-ਸੱਚ ਦੇ ਪੱਖ ਵਿੱਚ ਕੁਛ ਤਾਂ ઼੧ਞ। ਹੋਰ ਨਹੀਂ ਤਾਂ ਆਪਣੀ ਉਦਾਸੀ ਦਾ ਕਾਰਨ ਹੀ ਲਿਖ। ਜੇ ਮੈਂ ਏਨਾਂ ਵੀ ਨਾ ਲਿਖਦਾ, ਫੇਰ ਤਾਂ ''ਖ਼ੁਦ ਦਿਲ ਸੇ ਦਿਲ ਕੀ ਬਾਤ ਕਹੀ ਔਰ ਰੋ ਲੀਏ" ਵਾਲੀ ਗੱਲ ਹੋ ਜਾਂਦੀ। ਜਿਸ ਦਿਨ ਦਾ ਕੈਲੰਡਰਾਂ ਉੱਤੇ ਛਪਦੀਆਂ ਸਿੱਖ ਬੀਬੀਆਂ ਦੀਆਂ ਤਸਵੀਰਾਂ ਵਰਗੀ ਆਪਣੀ ਬੀਬੀ ਦੇ ਨੇਤਰਾਂ ਵਿੱਚੋਂ ਨੀਰ ਦੀਆਂ ਆਪਮੁਹਾਰੀਆਂ ਧਾਰਾਂ ਵੱਗ ਪੈਣ ਬਾਰੇ ਅਖ਼ਬਾਰਾਂ ਵਿੱਚ ਪੜ੍ਹਿਆ ਹੈ, ਮਨ ਵਿੱਚ ਵਾਰ ਵਾਰ ਇਕੋ ਸਵਾਲ ਉਠਦਾ ਹੈ, ਇਸ ਸਮਾਜ ਵਿੱਚ ਇਸਤਰੀਆਂ ਉੱਤੇ ਹੁੰਦੇ ਅੱਤਿਆਚਾਰ ਕਦੋਂ ਬੰਦ ਹੋਣਗੇ! ਇਸਤਰੀਆਂ ਉੱਤੇ ਅੱਤਿਆਚਾਰ ਤੋਂ ਮੇਰਾ ਭਾਵ ਮਾਰੀ ਗਈ ਹਰਪ੍ਰੀਤ ਤੋਂ ਨਹੀਂ, ਕੈਦਣ ਬਣਾ ਦਿੱਤੀ ਗਈ ਬੀਬੀ ਤੋਂ ਹੈ। ਇਸਤਰੀ ਹੋਣ ਦੇ ਇੱਕ ਦੋਸ਼ ਤੋਂ ਇਲਾਵਾ ਹੋਰ ਦੋਸ਼ ਹੈ ਹੀ ਕੀ? ਇਹੋ ਸਾਰੀ ਈਰਖਾ ਦੀ ਜੜ੍ਹ ਹੈ ਜਿਸ ਕਾਰਨ ਬਿਚਾਰੀ ਬੀਬੀ ਦੀ ਰਾਈ ਨੂੰ ਵਿਰੋਧੀ ਪਹਾੜ ਬਣਾਉਣ ਲੱਗੇ ਹੋਏ ਹਨ।
ਅਧਿਆਪਕਾ ਬੀਬੀ ਦੇ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਕੁਛ ਹੀ ਸਮਾਂ ਪਿੱਛੋਂ ਤੋਂ ਲੈ ਕੇ ਪਾਰਟੀ ਦੀ ਵਰਕਿੰਗ ਕਮੇਟੀ ਦੀ
ਮੈਂਬਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰੀ ਤੇ ਪ੍ਰਧਾਨਗੀ, ਵਿਧਾਇਕੀ ਤੇ ਫ਼ੇਰ ਵਜ਼ੀਰੀ ਜਿਹੀਆਂ ਪਦਵੀਆਂ ਵਾਰ ਵਾਰ ਉਸ ਦੇ ਪੈਰ ਉਸੇ ਤਰ੍ਹਾਂ ਚੁੰਮਦੀਆਂ ਰਹੀਆਂ ਜਿਵੇਂ ਜੇਲ੍ਹ ਵਿੱਚ ਪੁੱਜਣ ਸਮੇਂ ਬਾਵਰਦੀ ਪੁਲਸੀਆਂ ਤੇ ਬੇਵਰਦੀ ਅਧਿਕਾਰੀਆਂ ਨੇ ਬੀਬੀ ਦੀਆਂ ਜੁੱਤੀਆਂ ਚੁੰਮੀਆਂ ਸਨ।
ਇਹ ਪਹਿਲੀ ਵਾਰ ਨਹੀਂ ਕਿ ਵਿਰੋਧੀਆਂ ਨੇ ਧੀ ਵਾਲੇ ਕਿੱਸੇ ਵਿੱਚ ਬੀਬੀ ਨੂੰ ਖ਼ੁਆਰ ਕਰਨ ਦਾ ਨਿਹਫ਼ਲ ਜਤਨ ਕੀਤਾ ਹੈ। 2002 ਵਿੱਚ ਤਾਂ ਬਿਜਲੀ ਦੀ ਚੋਰੀ ਦਾ ਹਾਸੋਹੀਣਾ ਦੋਸ਼ ਲਾ ਕੇ ਕਪੂਰਥਲਾ ਦੀ ਇੱਕ ਅਦਾਲਤ ਤੋਂ ਬੀਬੀ ਦੇ ਵਾਰੰਟ ਕਢਵਾ ਦਿੱਤੇ ਗਏ ਸਨ। ਅਖੇ, ਬੀਬੀ ਨੇ ਡੇਰੇ ਦੇ ਮੀਟਰ ਦੇ ਪਾੱਸੇ ਦੀ ਤਾਰ ਕੱਢ ਕੇ ਬਿਜਲੀ ਚੋਰੀ ਕਰ ਲਈ। ਮੇਰੇ ਮਿੱਤਰ ਜਥੇਦਾਰ ਬੁੱਧਵੈਰ ਸਿੰਘ ਦਾ ਮੂੰਹਤੋੜ ਜਵਾਬ ਸੀ, ''ਉਇ ਭਲੇਮਾਨਸੋ, ਇਲਜ਼ਾਮ ਲਾਉਣ ਤੋਂ ਪਹਿਲਾਂ ਕਿਸੇ ਸਿਆਣੇ ਤੋਂ ਹੀ ਪੁੱਛ ਲੈਂਦੇ। ਚੋਰੀ ਤਾਂ ਤਦ ਹੁੰਦੀ ਜੇ ਬੀਬੀ ਨੇ ਤਾਰ ਤੋਂ ਬਿਨਾਂ ਬਿਜਲੀ ਲੈ ਲਈ ਹੁੰਦੀ। ਤਾਰ ਵਿੱਚੋਂ ਦੀ ਬਿਜਲੀ ਲੈਣ ਦੀ ਚੋਰੀ ਕਾਹਦੀ! ਨਾਲੇ, ਬੀਬੀ ਨੇ ਡੇਰੇ ਵਿੱਚ ਕੋਈ ਫ਼ੈਕਟਰੀ ਤਾਂ ਲਾਈ ਨਹੀਂ ਸੀ ਹੋਈ ਕਿ ਉਹਨੂੰ ਚਲਾਉਣ ਲਈ ਬਿਜਲੀ ਖਿੱਚ ਲਈ। ਡੇਰੇ ਵਿੱਚ ਧਰਮੀ ਬੰਦਿਆਂ ਦੀ ਵਰਤੋਂ ਵਾਸਤੇ ਮੀਟਰ ਦੇ ਬਾਹਰੋ-ਬਾਹਰ ਨਿਗੂਣੀ ਦੋ ਗਿੱਠਾਂ ਤਾਰ ਹੀ ਪਾਈ ਸੀ, ਕੋਈ ਖੰਭੇ ਗੱਡ ਕੇ ਤਾਰਾਂ ਤਾਂ ਨਹੀਂ ਸੀ ਖਿੱਚ ਲਈਆਂ!"
ਹੁਣ ਵਾਲੇ ਮਾਮਲੇ ਵਿੱਚ ਬਿਚਾਰੀ ਬੀਬੀ ਉੱਤੇ ਪਰਿਵਾਰਕ ਕਹਿਰ ਦਾ ਪਹਾੜ ਟੁੱਟ ਪਿਆ। ਉਹਦੀ ਮੁਟਿਆਰ ਗਰਭਵਤੀ ਧੀ ਦੀ ਮੌਤ ਹੋ ਗਈ। ਜੋ ਆਉਂਦਾ ਹੈ, ਇੱਕ ਦਿਨ ਜਾਂਦਾ ਹੀ ਹੈ। ਉਹ ਵੀ ਆਈ ਤੇ ਆ ਕੇ ਚਲੀ ਗਈ। ਇਹ ਕੋਈ ਅਲੋਕਾਰ ਗੱਲ ਤਾਂ ਹੈ ਨਹੀਂ ਸੀ। ਪੰਜਾਬੀ ਪ੍ਰੰਪਰਾ ਮੰਗ ਕਰਦੀ ਸੀ ਕਿ ਸਭ ਕੰਮ-ਧੰਦੇ ਵਿੱਚੇ ਛੱਡ ਕੇ ਫ਼ਟਾਫ਼ਟ ਕੱਚੇ-ਪੱਕੇ ਸੰਸਕਾਰ ਸਮੇਂ ਪੁੱਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਾਂਗ ਹਰ ਕੋਈ ਹਮਦਰਦੀ ਦਿਖਾਉਂਦਾ। ਦੁੱਖ ਦੀ ਘੜੀ ਤਾਂ ਅਸੂਲ ਵਾਲੇ ਦੁਸ਼ਮਨ ਵੀ ਵਾਰ ਨਹੀਂ ਕਰਦੇ। ਇਸ ਦੇ ਉਲਟ ਬੇਅਸੂਲੇ ਵਿਰੋਧੀਆਂ ਨੇ ਸੋਚਿਆ, ਰੱਬ ਦੇ ਦਿੱਤੇ ਦੁੱਖ ਵਿੱਚ ਹੋਰ ਦੁੱਖ ਰਲਾਉਣ ਦਾ ਵਧੀਆ ਮੌਕਾ ਹੈ। ਬੀਬੀ ਨੂੰ ਅਦਾਲਤ ਵਿੱਚ ਘੜੀਸ ਲਿਆ! ਅਸ਼ਕੇ ਬੀਬੀ ਦੇ, ਇਸ ਦੋਸ਼ ਮਗਰੋਂ ਵੀ ਸ਼੍ਰੋਮਣੀ ਕਮੇਟੀ ਤੇ ਸਰਕਾਰ ਦੀਆਂ ਪਦਵੀਆਂ ਪਹਿਲਾਂ ਵਾਂਗ ਹੀ ਉਹਦੇ ਪੈਰ ਚੁੰਮਦੀਆਂ ਰਹੀਆਂ ਅਤੇ ਚਿਹਰੇ ਦੀ ਮੁਸਕਾਨ ਪਹਿਲਾਂ ਵਾਂਗ ਹੀ ਕਾਇਮ ਰਹੀ! ਆਪਣੇ ਵਰਤਾਏ ਭਾਣੇ ਨੂੰ ਬੀਬੀ ਨੇ ਇੱਕ ਸੱਚੀ ਸਿੱਖ ਵਾਂਗ ਬੜੇ ਸਬਰ ਨਾਲ ਝੱਲਿਆ!
ਹੁਣ ਕਿਉਂਕਿ ਅਦਾਲਤ ਨੇ ਵੀ ਬੀਬੀ ਉੱਤੇ ਧੀ ਦੇ ਅਗ਼ਵਾ ਦੀ ਸਾਜ਼ਿਸ਼ ਦਾ ਤੇ ਉਹਦਾ ਜਬਰੀ ਗਰਭਪਾਤ ਕਰਵਾਉਣ ਦਾ ਅਪਰਾਧ ਪਰਵਾਨ ਕਰ ਲਿਆ ਹੈ, ਇੱਕ ਪਲ ਲਈ ਮੰਨ ਲਵੋ ਕਿ ਕੁੜੀ ਮਾਰਨ ਵਿੱਚ ਬੀਬੀ ਦਾ ਹੱਥ ਸੀ। ਫ਼ੇਰ ਵੀ ਕੀ ਅਨਰਥ ਹੋ ਗਿਆ? ਭਾਰਤ ਵਿੱਚ, ਖ਼ਾਸ ਕਰ ਕੇ ਪੰਜਾਬ ਵਿੱਚ ਕੁੜੀ ਮਾਰਨਾ ਕਦੋਂ ਕੁ ਦਾ ਅਪਰਾਧ ਬਣ ਗਿਆ? ਮੇਰੀ ਚੜ੍ਹਦੀ ਉਮਰੇ ਤਾਂ ਪੰਜਾਬੀ ਪ੍ਰੰਪਰਾ ਅਨੁਸਾਰ ਦੋ ਮਿੰਟ ਦੀ ਬਿਲਕੁਲ ਸਾਧਾਰਨ ਜਿਹੀ ਰਸਮ ਹੁੰਦੀ ਸੀ ਜਿਸ ਨੂੰ ਕੋਈ ਮਾਈ-ਬੀਬੀ ਹੀ ਆਰਾਮ ਨਾਲ, ਭੋਰਾ ਵੀ ਜਜ਼ਬਾਤੀ ਹੋਏ ਬਿਨਾਂ ਚਾਈਂ ਚਾਈਂ ਨਿਭਾ ਦਿੰਦੀ ਸੀ। ਸਾਡੇ ਪਿੰਡ ਇੱਕ ਤਾਈ ਹੁੰਦੀ ਸੀ। ਸਬੱਬ ਨਾਲ ਉਹਦਾ ਨਾਂ ਵੀ ਜੰਗੀਰੋ ਸੀ। ਸਾਡੇ ਪਿੰਡਾਂ ਵਿੱਚ ਜਾਗੀਰ ਕੌਰਾਂ ਤੇ ਜਾਗੀਰ ਸਿੰਘ ਨਹੀਂ ਹੁੰਦੇ, ਜੰਗੀਰ ਕੌਰਾਂ ਤੇ ਜੰਗੀਰ ਸਿੰਘ ਹੁੰਦੇ ਹਨ। ਜਦੋਂ ਕਿਸੇ ਘਰ ਅਣਚਾਹੀ ਕੁੜੀ ਜੰਮਣੀ, ਝੱਟ ਉਹਨੂੰ ਬੇਨਤੀ ਜਾ ਹੋਣੀ, ''ਤਾਈ, ਸਾਡੇ ਘਰ ਪੱਥਰ ਡਿੱਗ ਪਿਆ, ਤੈਨੂੰ ਬੁਲਾਇਐ।" ਤਾਈ ਜੰਗੀਰੋ ਨੇ ਪਲ ਵੀ ਨਾ ਲਾਉਣਾ। ਵਿਧਵਾ ਹੋਣ ਕਰ ਕੇ ਉਹ ਚਿੱਟੇ ਵਸਤਰ ਰਖਦੀ ਅਤੇ ਬੀਬੀ ਜਾਗੀਰ ਕੌਰ ਵਾਂਗ ਚਿੱਟੇ ਦੁਪੱਟੇ ਨਾਲ ਪੂਰਾ ਸਿਰ ਕੱਜ ਕੇ ਝੱਟ ਦਰਸ਼ਨ ਆ ਦਿੰਦੀ। ਸ਼ਾਂਤ ਚਿੱਤ ਤੇ ਸ਼ਾਂਤ ਚਿਹਰਾ, ਪੀੜ੍ਹੀ ਉੱਤੇ ਬੈਠ ਕੇ ਉਹ ਪੱਥਰ ਨੂੰ ਝੋਲੀ ਵਿੱਚ ਪਾ ਕੇ ਦੁਲਾਰਦੀ। ਫ਼ੇਰ ਮੁਸਕਰਾਉਂਦੀ ਹੋਈ ਅੱਕ ਦੇ ਦੁੱਧ ਵਿੱਚ ਰੂੰ ਦੀ ਬੱਤੀ ਭਿਉਂ ਕੇ ਉਹਦੇ ਬੁੱਲ੍ਹਾਂ ਨੂੰ ਲਾ ਦਿੰਦੀ। ਬੱਚੀ ਮਾਂ ਦਾ ਦੁੱਧ ਸਮਝ ਕੇ ਚੂਸ ਲੈਂਦੀ ਤੇ ਤਾਈ ਖ਼ੁਸ਼ਖ਼ੁਸ਼ੀਏਂ ਗਾਉਣ ਲਗਦੀ, ''ਗੁੜ ਖਾਈਂ, ਪੂਣੀ ਕੱਤੀਂ, ਆਪ ਨਾ ਆਈਂ, ਵੀਰ ਨੂੰ ਘੱਤੀਂ!" ਆਗਿਆਕਾਰ ਕੁੜੀ ਤਾਈ ਦਾ ਕਹਿਣਾ ਮੰਨ ਕੇ ਘੜੀਆਂ-ਪਲਾਂ ਵਿੱਚ ਆਪਣੀ ਥਾਂ ਵੀਰ ਨੂੰ ਘੱਲਣ ਵਾਸਤੇ ਚਲੀ ਜਾਂਦੀ!
ਜਦੋਂ ਅਲਟਰਾਸਾਊਂਡ ਮਸ਼ੀਨ ਕੁੜੀਮਾਰ ਪਰਿਵਾਰਾਂ ਲਈ ਵਰਦਾਨ ਬਣ ਕੇ ਆਈ ਅਤੇ ਮਾਰਨ ਤੋਂ ਪਹਿਲਾਂ ਪੀੜਾਂ ਸਹਿ ਕੇ ਕੁੜੀ ਨੂੰ ਜੰਮਣ ਦੀ ਲੋੜ ਹੀ ਨਾ ਰਹਿ ਗਈ, ਤਾਈ ਜੰਗੀਰੋ ਏਨੀਂ ਨਿਰਾਸ਼ ਹੋਈ ਕਿ ਸਮਝੋ ਝੱਲੀ-ਕਮਲੀ ਹੀ ਹੋ ਗਈ। ਉਹਦੀ ਤਾਂ ਮਹੱਤਤਾ ਅਤੇ ਲੋੜ ਇਉਂ ਖ਼ਤਮ ਹੋ ਗਈ ਜਿਵੇਂ ਪਿੰਡ ਵਿੱਚ ਉਹਦੀ ਕੋਈ ਹੋਂਦ ਹੀ ਨਾ ਹੋਵੇ। ਕੋਈ ਸੱਦੇ ਨਾ ਬੁਲਾਵੇ! ਅਜਿਹੀ ਹਾਲਤ ਵਿੱਚ ਕੋਈ ਕਿੰਨਾਂ ਕੁ ਚਿਰ ਜਿਉਂਦਾ ਰਹਿ ਸਕਦਾ ਹੈ! ਤਾਈ ਵੀ ਟੁੱਟੇ ਦਿਲ ਨਾਲ ਛੇਤੀ ਹੀ ਗੁੜ ਖਾ ਕੇ ਪੂਣੀ ਕੱਤ ਰਹੀਆਂ ਆਪਣੀਆਂ ਸੈਂਕੜੇ ਲਾਡਲੀਆਂ ਕੋਲ ਪਹੁੰਚ ਗਈ! ਹੁਣ ਤਾਂ 'ਗਰਭ ਦੇ ਲਿੰਗ ਦੀ ਜਾਣਕਾਰੀ ਕਾਨੂੰਨਨ ਅਪਰਾਧ ਹੈ' ਲਿਖੇ ਵਾਲੇ ਕਲਿਨਿਕ ਜਾਓ ਅਤੇ ਕੰਨਿਆ ਨੂੰ ਜੰਮ ਕੇ ਮਾਰਨ ਦੇ ਝੰਜਟ ਤੋਂ ਮੁਕਤ ਹੋ ਕੇ ਘੰਟੇ ਵਿੱਚ ਘਰ ਆ ਜਾਓ! ਡਿਗਰੀ ਲੈਣ ਸਮੇਂ ਜੀਵਨ, ਭਾਵੇਂ ਉਹ ਦੁਸ਼ਮਨ ਦਾ ਹੋਵੇ, ਹਰ ਹਾਲਤ ਬਚਾਉਣ ਲਈ ਪੂਰੀ ਵਾਹ ਲਾ ਦੇਣ ਦੀ ਸਹੁੰ ਖਾਣ ਵਾਲੇ ਡਾਕਟਰ ਕੁੜੀ ਦੇ ਰੂਪ ਵਿੱਚ ਤੁਹਾਡੇ ਜੀਵਨ ਵਿੱਚ ਆਉਣ ਵਾਲੀ ਮੁਸੀਬਤ ਪਲਾਂ ਵਿੱਚ ਦੂਰ ਕਰ ਕੇ ਤੁਹਾਨੂੰ ਘਰ ਭੇਜ ਦਿੰਦੇ ਹਨ!
ਪਰਸੋਂ ਮੈਂ ਅਤੇ ਮੇਰਾ ਮਿੱਤਰ ਜਥੇਦਾਰ ਬੁੱਧਵੈਰ ਸਿੰਘ ਇਸੇ ਮਾਣਮੱਤੇ ਪੰਜਾਬੀ ਸਭਿਆਚਾਰ ਤੇ ਪ੍ਰੰਪਰਾ ਦੀਆਂ ਗੱਲਾਂ ਕਰ ਰਹੇ ਸੀ ਕਿ ਸੁੱਚਾ ਸਿੰਘ ਨੇ ਆ ਪੰਗਾ ਲਿਆ। ਕਹਿੰਦਾ, ਸਿੱਖ ਧਰਮ ਅਨੁਸਾਰ ਤਾਂ ਕੁੜੀਮਾਰ ਨੂੰ ਸਿੱਖੀ ਵਿਚੋਂ ਛੇਕਿਆ ਜਾਂਦਾ ਹੈ। ਜਥੇਦਾਰ ਜੀ ਨੂੰ ਤਾਂ ਲੱਗ ਅੱਗ ਗਈ, ਜਿਵੇਂ ਸੱਚੇ ਬੰਦੇ ਨੂੰ ਲਗਦੀ ਹੀ ਹੁੰਦੀ ਹੈ। ਬੋਲੇ, ''ਤੂੰ ਸਿੱਖੀ ਦਾ ਠੇਕਾ ਲਿਆ ਹੋਇਆ ਐ? ਕਿਥੋਂ ਦਾ ਵੱਡਾ ਸਿੱਖ ਆ ਗਿਆ ਤੂੰ? ਸਿੱਖ ਧਰਮ ਵਿੱਚ ਦੁੱਧੋਂ ਪਾਣੀ ਛਾਨਣ ਲਈ ਇਕ-ਦੋ ਨਹੀਂ, ਪੂਰੇ ਪੰਜ ਸਿੰਘ ਸਾਹਿਬ ਹਨ। ਜਦੋਂ ਪਿਛਲੇ ਬਾਰਾਂ ਸਾਲਾਂ ਵਿੱਚ ਉਹਨਾਂ ਵਿਚੋਂ ਕਿਸੇ ਇੱਕ ਨੇ ਵੀ ਸਿੱਖੀ ਵਿਚੋਂ ਛੇਕਣਾ ਤਾਂ ਕਿਤੇ ਰਿਹਾ, ਸ਼੍ਰੋਮਣੀ ਕਮੇਟੀ ਜਾਂ ਸਰਕਾਰ ਵਿੱਚ ਬੀਬੀ ਦੀ ਕਿਸੇ ਹੈਸੀਅਤ ਉੱਤੇ ਵੀ ਕਿੰਤੂ-ਪ੍ਰੰਤੂ ਨਹੀਂ ਕੀਤਾ, ਤੂੰ ਉਹਨਾਂ ਤੋਂ ਵੀ ਉੱਤੋਂ ਦੀ ਹੋ ਗਿਆ?" ਲਓ ਜੀ, ਸੁੱਚਾ ਸਿੰਘ ਨੂੰ ਤਾਂ ਜਥੇਦਾਰ ਜੀ ਦੀਆਂ ਖਰੀਆਂ ਖਰੀਆਂ ਤੋਂ ਜਾਨ ਛੁਡਾਉਣੀ ਔਖੀ ਹੋ ਗਈ। ਕੱਚਾ ਜਿਹਾ ਹੋ ਕੇ ਤੁਰ ਗਿਆ।
ਮਗਰੋਂ ਜਥੇਦਾਰ ਜੀ ਕਹਿੰਦੇ, ''ਇਹਨਾਂ ਲੋਕਾਂ ਨੂੰ ਬੀਬੀ ਦੀ ਧਾਰਮਿਕ-ਅਧਿਆਤਮਕ ਸ਼ਕਤੀ ਦਾ ਇਲਮ ਨਹੀਂ। ਜਦੋਂ 1999 ਵਿੱਚ ਜਥੇਦਾਰ ਟੌਹੜਾ ਪੰਥ ਤੋਂ ਨਾਬਰ ਹੋਇਆ ਸੀ, ਇਸੇ ਬੀਬੀ ਨੇ ਹੀ ਉਹਨੂੰ ਮੁੱਦਤਾਂ ਤੋਂ ਸ਼੍ਰੋਮਣੀ ਕਮੇਟੀ ਦੀ ਗੱਦੀ ਉੱਤੇ ਬੈਠੇ ਨੂੰ ਭੁੰਜੇ ਲਾਹਿਆ ਸੀ। ਹੋਰ ਤਾਂ ਹੋਰ, ਜਦੋਂ ਅਕਾਲ ਤਖ਼ਤ ਦਾ ਜਥੇਦਾਰ ਗਿਆਨੀ ਪੂਰਨ ਸਿੰਘ ਬੀਬੀ ਨੂੰ ਤਨਖ਼ਾਹ ਲਾ ਕੇ ਉਲਟੀ ਗੰਗਾ ਵਗਾਉਣ ਲੱਗਿਆ ਸੀ, ਬੀਬੀ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਦੀ ਹੈਸੀਅਤ ਵਿੱਚ ਉਹਦੀ ਸਿੰਘ ਸਾਹਿਬੀ ਖੋਹਣ ਵਿੱਚ ਦੋ ਪਲ ਵੀ ਨਹੀਂ ਸੀ ਲਾਏ। ਚਲੋ ਪੁਰਾਣੀਆਂ ਗੱਲਾਂ ਤਾਂ ਛੱਡੋ, ਹੁਣ ਜਦੋਂ ਬੀਬੀ ਪਟਿਆਲੇ ਤੋਂ ਸਾਰੇ ਕੈਦੀਆਂ ਵਾਂਗ ਸਰਕਾਰੀ ਗੱਡੀ ਦੀ ਥਾਂ ਆਪਣੀ ਜਹਾਜ਼ ਜਿੱਡੀ ਕਾਰ ਵਿੱਚ ਕਪੂਰਥਲੇ ਜਾਣ ਤੋਂ ਪਹਿਲਾਂ ਆਪਣੇ ਬੇਗੋਵਾਲ ਵਾਲੇ ਡੇਰੇ ਵਿੱਚ ਆਰਾਮ ਕਰ ਕੇ ਮਰਜ਼ੀ ਨਾਲ ਜੇਲ੍ਹ ਪਹੁੰਚੀ, ਦੇਖਿਆ ਸੀ, ਵਰਦੀਧਾਰੀ ਸਪਾਹਟੇ ਤੇ ਚਿਟਕੱਪੜੀਏ ਅਧਿਕਾਰੀ ਕਿਵੇਂ ਚਰਨ-ਬੰਦਨਾ ਕਰ ਰਹੇ ਸੀ! ਜੇਲ੍ਹ ਮੰਤਰੀ ਸਰਵਣ ਸਿੰਘ ਫ਼ਿਲੌਰ ਸੁਆਗਤ ਵਾਸਤੇ ਆਪ ਹੱਥ ਬੰਨ੍ਹੀਂ ਖੜ੍ਹਾ ਸੀ ਤੇ ਜੇਲ੍ਹ ਦੇ ਅਧਿਕਾਰੀਆਂ ਨੂੰ ਬੀਬੀ ਦੇ ਸੁਖ-ਆਰਾਮ ਦੀਆਂ ਹਦਾਇਤਾਂ ਦੇ ਰਿਹਾ ਸੀ। ਰੋਜ਼ ਮੰਤਰੀਆਂ, ਵਿਧਾਇਕਾਂ, ਕਮੇਟੀ ਦੇ ਮੈਂਬਰਾਂ ਤੇ ਜਥੇਦਾਰਾਂ ਦੀ ਲਾਮਡੋਰੀ ਲੱਗੀ ਰਹਿੰਦੀ ਹੈ। ਰੋਜ਼ ਸੈਂਕੜੇ ਸੰਗਤਾਂ ਫ਼ਲਾਂ ਤੇ ਮਠਿਆਈਆਂ ਦੇ ਟੋਕਰੇ ਲੈ ਕੇ ਜੇਲ੍ਹ ਵਿੱਚ ਕਿਸੇ ਵਿਆਹ-ਸਾਹੇ ਵਾਂਗ ਤੁਰੀਆਂ ਫ਼ਿਰਦੀਆਂ ਨੇ। ਬੀਬੀ ਲਈ ਟੀਵੀ ਲੱਗ ਗਿਆ, ਏ. ਸੀ. ਲੱਗੂਗਾ। ਕਰ ਲੈਣ ਦੋਖੀ ਜੋ ਪੰਥ ਦਾ ਕਰਨਾ ਹੈ! ਅਖੇ, ਐਤਵਾਰ ਨੂੰ ਮੁਲਾਕਾਤਾਂ ਨਹੀਂ ਹੁੰਦੀਆਂ। ਐਹ ਦੇਖ ਲਉ, ਐਤਵਾਰ ਨੂੰ ਵੀ ਬੀਬੀ ਦੇ ਸ਼ਰਧਾਲੂਆਂ ਵਾਸਤੇ ਜੇਲ੍ਹ ਦੇ ਦਰਵਾਜ਼ੇ ਚੁਪੱਟ ਖੁੱਲ੍ਹੇ ਰਹੇ। ਹੁਣ ਫੋਕੀਆਂ ਕਚੀਚੀਆਂ ਵਟਦੇ ਵਿਰੋਧੀਆਂ ਨੇ ਬੀਬੀ ਦੀਆਂ ਸਹੂਲਤਾਂ ਦੀ ਪੜਤਾਲ ਸ਼ੁਰੂ ਕਰਵਾ ਦਿੱਤੀ। ਉਹਨਾਂ ਨੂੰ ਇਹ ਸਮਝ ਨਹੀਂ ਕਿ ਬੀਬੀ ਹਮਾਂ-ਤੁਮਾਂ ਵਰਗੀ ਕੋਈ ਸਾਧਾਰਨ ਕੈਦੀ ਨਹੀਂ, ਅੱਜ ਵੀ ਖਾਲਸਾ ਪੰਥ ਦੀ ਇੱਕ ਪ੍ਰਮੁੱਖ ਆਗੂ ਹੈ ਜਿਸ ਉੱਤੇ ਸਾਡੀ ਪਾਰਟੀ ਨੂੰ ਬਹੁਤ ਮਾਣ ਹੈ।"
ਮੈਨੂੰ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਲਾਲਾ ਹਰਦਿਆਲ ਨੂੰ ਐਮ. ਏ. ਦੀ ਡਿਗਰੀ ਨਾ ਦੇਣ ਦੇ ਡਰਾਵੇ ਵਾਲੀ ਘਟਨਾ ਚੇਤੇ ਆ ਗਈ। ਉਹਨੇ ਉੱਤਰ ਦਿੱਤਾ ਸੀ, ਡਿਗਰੀ ਦਿਉ ਜਾਂ ਨਾ ਦਿਉ, ਹਰ ਕੋਈ ਜਾਣਦਾ ਹੈ, ਹਰਦਿਆਲ ਐਮ. ਏ. ਹੈ! ਲੈ ਲੈਣ ਬੀਬੀ ਤੋਂ ਅਸਤੀਫ਼ਾ, ਦੁਸ਼ਮਨ-ਦੂਤੀ ਉਹਦੀ ਹੈਸੀਅਤ ਵਿੱਚ ਤਾਂ ਕੋਈ ਫ਼ਰਕ ਪਾ ਨਹੀਂ ਸਕੇ। ਲਾਲਾ ਹਰਦਿਆਲ ਦੇ ਐਮ. ਏ. ਹੋਣ ਵਾਂਗ ਹਰ ਕੋਈ ਜਾਣਦਾ ਹੈ ਕਿ ਬੀਬੀ ਬਿਨਾਂ ਵਜ਼ੀਰੀਉਂ ਹੀ ਜੇਲ੍ਹ ਵਿੱਚ ਵੀ ਵਜ਼ੀਰ ਹੈ!
ਮੈਨੂੰ ਬੋਲਣ ਦਾ ਮੌਕਾ ਦਿੱਤੇ ਬਿਨਾਂ ਜਥੇਦਾਰ ਜੀ ਬੋਲਦੇ ਰਹੇ, ''ਅਸੀਂ ਤਾਂ ਹੁਣ ਸ਼੍ਰੋਮਣੀ ਕਮੇਟੀ ਤੋਂ ਮੰਗ ਕਰਾਂਗੇ ਕਿ ਮੰਤਰੀ ਨੂੰ ਜੇਲ੍ਹ-ਰਤਨ ਜਾਂ ਫ਼ਖ਼ਰ-ਏ-ਜੇਲ੍ਹ ਦਾ ਖ਼ਿਤਾਬ ਦਿੱਤਾ ਜਾਵੇ। ਨਾਲ ਹੀ ਮੰਤਰੀ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਬੀਬੀ ਦੀ ਖ਼ੈਰ-ਸੁੱਖ ਨਾਲ ਹੀ ਸੰਤੁਸ਼ਟ ਨਾ ਹੋਵੇ ਸਗੋਂ ਵਾਰੀ ਵਾਰੀ ਹਰ ਜੇਲ੍ਹ ਵਿੱਚ ਜਾ ਕੇ ਸਿੱਖ ਕੈਦੀਆਂ ਦੀਆਂ ਮੁਸ਼ਕਲਾਂ ਸੁਣੇ ਤੇ ਦੂਰ ਕਰੇ। ਤੁਸੀਂ ਹੀ ਦੱਸੋ, ਇਹ ਸਿੱਖ ਕੌਮ ਨਾਲ ਸਰਾਸਰ ਧੱਕਾ ਨਹੀਂ ਕਿ ਹਜ਼ਾਰਾਂ ਸਿੱਖ ਚੋਰੀ-ਡਾਕੇ, ਕੁੱਟ-ਮਾਰ ਤੇ ਬਲਾਤਕਾਰ ਵਰਗੇ ਮਾਮੂਲੀ ਦੋਸ਼ਾਂ ਕਾਰਨ ਕੈਦਾਂ ਵਿੱਚ ਬੈਠੇ ਹਨ? ਸਰਕਾਰ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਬੀਬੀ ਦੀ ਡੰਡੌਤ-ਬੰਦਨਾ ਕਰਨ ਵਾਲੇ ਪੁਲਸੀਆਂ ਨੂੰ ਤੇ ਜੇਲ੍ਹ ਦੇ ਅੰਦਰ ਬੀਬੀ ਦੀ ਉੱਚੀ ਹੈਸੀਅਤ ਬਰਕਰਾਰ ਰੱਖਣ ਵਾਲੇ ਅਧਿਕਾਰੀਆਂ ਨੂੰ ਤਰੱਕੀਆਂ ਦੇ ਗੱਫੇ ਬਖ਼ਸ਼ੇ। ਨਹੀਂ ਤਾਂ ਫ਼ੇਰ ਪੰਥ ਦੇ ਰਾਜ ਦਾ ਫ਼ਾਇਦਾ ਕੀ ਹੋਇਆ? ਬੀਬੀ ਦੀ ਹਾਜ਼ਰੀ ਭਰਨ ਵਾਲੇ ਵਿਧਾਇਕਾਂ ਤੇ ਕਮੇਟੀ ਮੈਂਬਰਾਂ ਦੀਆਂ ਅਗਲੀ ਵਾਰ ਲਈ ਟਿਕਟਾਂ ਹੁਣੇ ਪੱਕੀਆਂ ਕੀਤੀਆਂ ਜਾਣ। ਐਹ ਕਾਂਗਰਸੀਏ 'ਕਾਨੂੰਨ ਆਪਣਾ ਰਾਹ ਲਊ ... ਕਾਨੂੰਨ ਆਪਣਾ ਰਾਹ ਲਊ' ਦੀ ਰੱਟ ਲਾ ਰਹੇ ਨੇ। ਇਹਨਾਂ ਦੇ ਗਾਂਧੀ, ਨਹਿਰੂ ਕੀ ਜਿਲ੍ਹੀਂ ਨਹੀਂ ਸੀ ਗਏ? ਸਾਡੀ ਬੀਬੀ ਚਲੀ ਗਈ ਤਾਂ ਸਾਨੂੰ ਕੋਈ ਮਿਹਣਾ ਹੋ ਗਿਆ?"
ਜਥੇਦਾਰ ਬੁੱਧਵੈਰ ਸਿੰਘ ਦੀਆਂ ਦਲੀਲਾਂ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ। ਉਦਾਸ-ਨਿਰਾਸ ਮਨ ਨਾਲ ਘਰ ਆ ਗਿਆ। ਦਿਲ ਦਾ ਭਾਰ ਕੁਛ ਹੌਲਾ ਕਰਨ ਲਈ ਜੋ ਕੁਛ ਵੀ ਔੜਿਆ, ਲਿਖ ਦਿੱਤਾ। ਅੱਜ, ਪਿਆਰੇ ਪਾਠਕੋ, ਬੀਬੀ ਲਈ ਉਦਾਸ ਮਨ ਨਾਲ ਜਿਹੋ ਜਿਹਾ ਵਿੰਗਾ-ਬੌਲਾ ਲਿਖਿਆ ਗਿਆ ਹੈ, ਉਹੋ ਹੀ ਪਰਵਾਨ ਕਰੋ। ਹੁਣ ਤਾਂ ਬੱਸ ਉਦਾਸੀ ਦੀ ਬੁੱਕਲ ਮਾਰ ਕੇ ਅਤੇ ਬੀਬੀ ਲਈ ਹੋਰ ਕੁਛ ਨਾ ਕਰ ਸਕਣ ਬਾਰੇ ਪਰੇਸ਼ਾਨ ਹੋ ਕੇ ਕੰਪਿਊਟਰ ਦੇਵਤਾ ਅੱਗੇ ਹੱਥ ਜੋੜਨੇ ਹਨ ਕਿ ਸ਼ਕੀਲ ਬਦਾਯੂਨੀ ਦੀ ਲਿਖੀ ਤੇ ਬੇਗ਼ਮ ਅਖ਼ਤਰ ਦੀ ਗਾਈ ਇਹ ਗ਼ਜ਼ਲ ਕਿਤੋਂ ਲੱਭ ਕੇ ਮੁੜ ਮੁੜ, ਵਾਰ ਵਾਰ, ਦਸ ਵਾਰ, ਸੌ ਵਾਰ, ਹਜ਼ਾਰ ਵਾਰ ਸੁਣਾਉਂਦਾ ਰਹੇ: ਐ ਬੀਬੀ ਤੇਰੇ ਅੰਜਾਮ ਪੇ ਰੋਨਾ ਆਇਆ। ਜਾਨੇ ਕਿਉਂ ਆਜ ਤੇਰੇ ਨਾਮ ਪੇ ਰੋਨਾ ਆਇਆ। ਕਭੀ ਤਕਦੀਰ ਕਾ ਮਾਤਮ ਕਭੀ ਦੁਨੀਆ ਕਾ ਗ਼ਿਲਾ, ਮੁਝ ਕੋ ਅਪਨੇ ਦਿਲ-ਏ-ਨਾਕਾਮ ਪੇ ਰੋਨਾ ਆਇਆ!
(011-65736868)
' ' '