Thursday, 11 October 2012 15:39
Print PDF

ਨਵਰਾਜ ਕਵਾਤੜਾ ਨਹੀਂ ਰਿਹਾ। ਇਹ ਨਵਰਾਜ ਕਵਾਤੜਾ ਆਪਣੀ ਅੰਮ੍ਰਿਤਾ ਪ੍ਰੀਤਮ ਦਾ ਇਕਲੌਤਾ ਪੁੱਤਰ ਸ਼ੈਲੀ ਸੀ। ਅਖ਼ਬਾਰਾਂ ਨੇ ਲਿਖਿਆ, ਪੰਜਾਬੀ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਦੇ ਫ਼ਿਲਮ ਫ਼ਾਈਨਾਂਸਰ, ਫ਼ਿਲਮ ਨਿਰਮਾਤਾ, ਫ਼ੋਟੋਗਰਾਫ਼ਰ ਬੇਟੇ ਦਾ ਕਤਲ ਹੋ ਗਿਆ। ਮਨੁੱਖ ਦਾ ਅੰਤ ਹਰ ਸੂਰਤ ਵਿਚ ਦੁਖਦਾਈ ਹੁੰਦਾ ਹੈ, ਖਾਸ ਕਰਕੇ ਉਹਨਾਂ ਲੋਕਾਂ ਲਈ ਜਿਨ੍ਹਾਂ ਦੀ ਜਾਣ ਵਾਲੇ ਨਾਲ ਕੋਈ ਸਿੱਧੀ-ਅਸਿੱਧੀ ਸਾਂਝ-ਸਕੀਰੀ ਹੋਵੇ। ਜੇ ਅੰਤ ਅਚਾਨਕ ਹੋਵੇ, ਬੇਮੌਕਾ ਹੋਵੇ ਤੇ ਨਾਲ ਹੀ ਗ਼ੈਰ-ਕੁਦਰਤੀ ਵੀ ਹੋਵੇ, ਇਸ ਦੁੱਖ ਵਿਚ ਵਾਧਾ ਹੋਣਾ ਸੁਭਾਵਿਕ ਹੈ। ਨਵਰਾਜ ਦਾ ਅੰਤ ਸਿਰਫ਼ ਅਚਾਨਕ ਤੇ ਬੇਮੌਕਾ ਹੀ ਨਹੀਂ ਸੀ, ਗ਼ੈਰ-ਕੁਦਰਤੀ ਹੋਣ ਦੇ ਨਾਲ ਨਾਲ ਬਹੁਤ ਬੇਕਿਰਕ, ਬੇਰਹਿਮ ਤੇ ਕਰੂਰ ਵੀ ਸੀ।

ਉਹਦੀ ਮੌਤ ਦਾ ਭਿਆਨਕ ਵੇਰਵਾ ਪੜ੍ਹ ਕੇ ਅੰਦਰ ਕੰਬ ਗਿਆ! ਮਨ ਦੀ ਪਰੇਸ਼ਾਨੀ ਸੁਭਾਵਿਕ ਸੀ। ਪਰ ਖ਼ਬਰ ਇਥੇ ਹੀ ਨਾ ਰੁਕੀ, ਉਹ ਤੁਰਦੀ ਰਹੀ ਤੇ ਆਉਂਦੇ ਦਿਨਾਂ ਵਿਚ ਇਕ ਇਕ ਕਰ ਕੇ ਉਹਦੀਆਂ ਹੋਰ ਹੋਰ ਤਹਿਆਂ ਖੁਲ੍ਹਦੀਆਂ ਗਈਆਂ। ਅਜਿਹੀਆਂ ਤਹਿਆਂ ਜਿਨ੍ਹਾਂ ਨਾਲ ਇਹ ਪਰੇਸ਼ਾਨੀ ਪਹਿਲਾਂ ਹੈਰਾਨੀ ਵਿਚ ਅਤੇ ਫੇਰ ਪਸ਼ੇਮਾਨੀ ਤੇ ਗਿਲਾਨੀ ਵਿਚ ਬਦਲ ਗਈ! ਹੈਰਾਨੀ ਉਸ ਜੀਵਨ-ਮਾਰਗ ਦੀ ਜੋ ਪ੍ਰੀਤਮ ਸਿੰਘ ਵਰਗੇ ਨੇਕ ਤੇ ਧੀਰਜਵਾਨ ਪਿਤਾ ਅਤੇ ਅੰਮ੍ਰਿਤਾ ਪ੍ਰੀਤਮ ਵਰਗੀ ਵੱਡੀ ਲੇਖਿਕਾ ਮਾਂ ਦਾ ਬੇਟਾ ਹੋ ਕੇ ਉਹਨੇ ਚੁਣਿਆ, ਪਸ਼ੇਮਾਨੀ ਤੇ ਗਿਲਾਨੀ ਉਸ ਮੰਜ਼ਿਲ ਦੀ ਜਿਸ ਉੱਤੇ ਉਹਨੂੰ ਇਹ ਮਾਰਗ ਲੈ ਗਿਆ!
ਨਵਰਾਜ ਨੂੰ ਮੈਂ ਪਹਿਲੀ ਵਾਰ ਅੰਮ੍ਰਿਤਾ ਵੱਲੋਂ ਆਪਣੇ ਹੌਜ਼ਖਾਸ ਵਾਲੇ ਘਰ ਹਰ ਮਹੀਨੇ ਦੇ ਆਖ਼ਰੀ ਐਤਵਾਰ ਬੁਲਾਈ ਜਾਂਦੀ 'ਨਾਗਮਣੀ ਸ਼ਾਮ' ਸਮੇਂ ਦੇਖਿਆ ਸੀ। ਇਹ ਪਿਛਲੀ ਸਦੀ ਦੇ ਮਗਰਲੇ ਸੱਠਵਿਆਂ ਦੀ ਗੱਲ ਹੈ। 'ਨਾਗਮਣੀ ਸ਼ਾਮ' ਓਦੋਂ ਦਿੱਲੀ ਦਾ ਇਕ ਚਰਚਿਤ ਸਾਹਿਤਕ ਜੋੜਮੇਲਾ ਸੀ। ਇਹਦਾ ਆਪਣਾ ਗੰਭੀਰ ਸਾਹਿਤਕ ਮਹੱਤਵ ਤਾਂ ਸੀ ਹੀ, ਬਹੁਤ ਸਾਰੇ ਲੇਖਕਾਂ, ਖਾਸ ਕਰਕੇ ਪੰਜਾਬੋਂ ਆਏ ਲੇਖਕਾਂ ਵਾਸਤੇ ਅੰਮ੍ਰਿਤਾ ਦੇ ਦਰਸ਼ਨਾਂ ਦੀ ਆਪਣੀ ਅਭਿਲਾਸ਼ਾ ਪੂਰੀ ਕਰਨ ਦਾ ਵੀ ਇਹ ਇਕ ਵਧੀਆ ਵਸੀਲਾ ਤੇ ਬਹਾਨਾ ਸੀ। ਅੰਮ੍ਰਿਤਾ ਦਾ ਅਣਸੱਦਿਆਂ ਲਈ ਬੰਦ ਰਹਿੰਦਾ ਬੂਹਾ ਉਸ ਦਿਨ ਸੱਦਿਆਂ ਤੇ ਅਣਸੱਦਿਆਂ ਵਿਚ ਕੋਈ ਫ਼ਰਕ ਕਰੇ ਬਿਨਾਂ ਸਭ ਵਾਸਤੇ ਚੁਪੱਟ ਖੁੱਲ੍ਹ ਜਾਂਦਾ
ਸੀ ਅਤੇ ਲੇਖਕ-ਪਾਠਕ ਸਭ ਦਾ ਖੁੱਲ੍ਹੀਆਂ ਬਾਂਹਾਂ ਨਾਲ ਨਿੱਘਾ ਸਵਾਗਤ ਕਰਦਾ ਸੀ।
ਸ਼ੈਲੀ ਉਸ ਸਮੇਂ ਪੜ੍ਹਾਈ ਖ਼ਤਮ ਕਰ ਕੇ ਕੋਰਸ ਦੀਆਂ ਮੁੱਢਲੀਆਂ ਜਮਾਤਾਂ ਵਿਚ ਸੀ। ਉਹ ਨਾਗਮਣੀ ਸ਼ਾਮ ਦਾ ਅੰਗ ਤਾਂ ਕਦੀ ਨਹੀਂ ਸੀ ਬਣਿਆ, ਬੈਠਕ ਵਿਚ ਕਦੀ ਕੋਈ ਚੀਜ਼ ਰੱਖਣ-ਚੁੱਕਣ ਜਾਂ ਮਾਂ ਨੂੰ ਕੁਛ ਕਹਿਣ ਜਾਂ ਮਾਂ ਤੋਂ ਕੁਛ ਪੁੱਛਣ ਵਾਸਤੇ ਹੀ ਆਉਂਦਾ। ਅੰਮ੍ਰਿਤਾ ਦੀ ਬੇਟੀ ਕੰਦਲਾ ਉਥੇ ਅਸੀਂ ਕਦੀ ਇਉਂ ਆਈ ਵੀ ਨਹੀਂ ਸੀ ਦੇਖੀ। ਸਾਹਿਤ, ਸਾਹਿਤਕਾਰਾਂ ਜਾਂ ਨਾਗਮਣੀ ਸ਼ਾਮ ਵਿਚ ਸ਼ੈਲੀ ਨੂੰ ਕੋਈ ਦਿਲਚਸਪੀ ਨਹੀਂ ਸੀ ਦਿਸਦੀ। ਇਕ ਨਾਗਮਣੀ ਸ਼ਾਮ ਵਿਚ ਵਾਪਰੀ ਘਟਨਾ ਮੈਨੂੰ ਅੱਜ ਵੀ ਚੇਤੇ ਹੈ। ਜਦੋਂ ਸ਼ੈਲੀ ਉਥੇ ਆਇਆ, ਕਿਸੇ ਲੇਖਕ ਦੀ ਸੁਣਾਈ ਰਚਨਾ ਬਾਰੇ ਸਾਹਿਤਕ ਚਰਚਾ ਚੱਲ ਰਹੀ ਸੀ ਅਤੇ ਅੰਮ੍ਰਿਤਾ ਨੇ ਆਪਣੇ ਵਿਚਾਰ ਦਸਦਿਆਂ ਪੀਲੂ ਦੀ ਪਰਸਿੱਧ ਤੁਕ ''ਗਲੀਆਂ ਹੋਵਣ ਸੁੰਨੀਆਂ, ਵਿਚ ਮਿਰਜ਼ਾ ਯਾਰ ਫਿਰੇ" ਬੋਲੀ। ਸ਼ੈਲੀ ਲੰਘਿਆ ਜਾਂਦਾ ਕਹਿੰਦਾ, ਮੰਮੀ, ਇਹ ਮਿਰਜ਼ਾ ਗ਼ਾਲਿਬ ਦੀ ਗੱਲ ਹੈ? ਅੰਮ੍ਰਿਤਾ ਸਮੇਤ ਸਭ ਹੱਸ ਪਏ ਤੇ ਉਹ ਕਹਿੰਦੀ, ਇਸ ਮਿਰਜ਼ੇ ਨਾਲ ਤੈਨੂੰ ਫੇਰ ਮਿਲਾਊਂ!
ਕੋਰਸ ਕਰਨ ਮਗਰੋਂ ਉਹਨੇ ਸਾਡੇ ਰੂਸੀ ਦਫ਼ਤਰ ਨਾਲ ਸਾਂਝੀ ਕੰਧ ਵਾਲੀ 27, ਬਾਰਾਂਖੰਬਾ ਰੋਡ ਦੀ ਇਮਾਰਤ ਵਿਚ ਕਿਸੇ ਨਾਲ ਸਾਂਝ ਪਾ ਕੇ ਆਰਕੀਟੈਕਟ ਫ਼ਰਮ ਖੋਲ੍ਹ ਲਈ। ਇਸ ਦੌਰਾਨ ਉਹਨੂੰ ਗਰਦਨ ਦੀ ਬੇਲਚਕਤਾ ਦਾ ਚੰਦਰਾ ਰੋਗ ਹੋ ਗਿਆ। ਹੌਲੀ ਹੌਲੀ ਉਹਦੀ ਧੌਣ ਮੁੜਨੋਂ ਹਟ ਗਈ ਅਤੇ ਉਹਨੂੰ ਸੱਜੇ-ਖੱਬੇ ਦੇਖਣ ਵਾਸਤੇ ਪੂਰਾ ਧੜ ਹੀ ਮੋੜਨਾ ਪੈਂਦਾ। ਇਸ ਹਾਲਤ ਵਿਚ ਉਹਨੇ ਉਹ ਫ਼ਰਮ ਛੱਡ ਕੇ ਇਕੱਲੇ ਨੇ ਆਪਣਾ ਕੰਮ ਪਹਿਲਾਂ ਘਰ ਤੋਂ ਕਰਨਾ ਸ਼ੁਰੂ ਕੀਤਾ ਤੇ ਫੇਰ ਆਖ਼ਰ ਬੰਦ ਹੀ ਕਰ ਦਿੱਤਾ।
ਹਰ ਮਾਂ ਹੀ ਬੱਚੇ ਨੂੰ ਪਿਆਰ ਕਰਦੀ ਹੈ, ਪਰ ਜਜ਼ਬਾਤੀ ਅੰਮ੍ਰਿਤਾ ਦਾ ਉਸ ਨਾਲ ਕੁਝ ਵਧੇਰੇ ਹੀ ਮੋਹ ਸੀ। ਉਹਦੇ ਲਈ ਉਹ ਅਖ਼ੀਰ ਤੱਕ ਛੋਟਾ ਜਿਹਾ ਸ਼ੈਲੀ ਹੀ ਰਿਹਾ। ਉਹ ਉਹਦੀ ਹਰ ਇੱਛਾ ਪੂਰੀ ਕਰਨ ਦਾ ਜਤਨ ਕਰਦੀ। ਮੋਹ ਵਾਂਗ ਹੀ ਉਹ ਆਪਣਾ ਹੋਰ ਸਭ ਕੁਛ ਵੀ ਉਹਦੀ ਝੋਲੀ ਵਿਚ ਪਾ ਕੇ ਹੀ ਸੰਤੁਸ਼ਟ ਹੁੰਦੀ। ਮੈਨੂੰ ਚੇਤੇ ਹੈ ਜਦੋਂ ਦਿੱਲੀ ਦੀ ਮੁੱਖ ਮੰਤਰੀ ਸ਼ੀਲ੍ਹਾ ਦੀਕਸ਼ਿਤ ਨੇ ਪਰਸਿੱਧ ਕਮਾਨੀ ਆਡੀਟੋਰੀਅਮ ਵਿਚ ਉਹਦੀਆਂ ਸਾਹਿਤਕ ਸੇਵਾਵਾਂ ਲਈ ਗਿਆਰਾਂ ਲੱਖ ਰੁਪਏ ਭੇਟ ਕੀਤੇ, ਅੰਮ੍ਰਿਤਾ ਦਾ ਕਹਿਣਾ ਸੀ, ਸ਼ੈਲੀ ਦੇ ਬੱਚਿਆਂ ਦੇ ਭਵਿੱਖ ਬਾਰੇ ਮੇਰੀ ਚਿੰਤਾ ਘਟੀ! ਐਨ ਇਹੋ ਸ਼ਬਦ ਉਹਨੇ ਉਸ ਸਮੇਂ ਦੁਹਰਾਏ ਜਦੋਂ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬੀਮਾਰੀ ਤੇ ਬੁਢਾਪੇ ਕਾਰਨ ਕਿਤੇ ਆਉਣ-ਜਾਣ ਤੋਂ ਅਸਮਰੱਥ ਅੰਮ੍ਰਿਤਾ ਨੂੰ ਅਮਲੇ-ਫ਼ੈਲੇ ਸਮੇਤ ਉਹਦੇ ਘਰ ਜਾ ਕੇ  ਪੰਦਰਾਂ ਲੱਖ ਰੁਪਏ ਭੇਟ ਕੀਤੇ।
ਉਹਦਾ ਸਭ ਕੁਛ ਸ਼ੈਲੀ ਲਈ ਹੀ ਸੀ। ਇਹਦੇ ਉਲਟ ਅੰਮ੍ਰਿਤਾ ਨਾਲ ਸ਼ੈਲੀ ਦੇ ਰਿਸ਼ਤੇ ਨੂੰ ਮੋਹ ਦੇ ਖਾਨੇ ਵਿਚ ਰੱਖਣਾ ਸ਼ਾਇਦ ਸੰਭਵ ਨਾ ਹੋਵੇ। ਮੋਹ ਦੇ ਰਿਸ਼ਤੇ ਦੀ ਇਹ ਇਕਪਾਸੜਤਾ ਬਹੁਤ ਪਹਿਲਾਂ, ਓਦੋਂ ਹੀ ਬਣ ਤੇ ਪੱਕ ਚੁੱਕੀ ਸੀ ਜਦੋਂ ਬਹੁਤ ਛੋਟੀ ਉਮਰ ਵਿਚ ਸ਼ੈਲੀ ਨੇ ਮਾਂ ਨੂੰ ਬਹੁਤ ਵੱਡਾ ਸਵਾਲ ਪੁੱਛ ਲਿਆ ਸੀ, ਮੰਮੀ, ਕੀ ਮੈਂ ਸਾਹਿਰ ਅੰਕਲ ਦਾ ਬੇਟਾ ਹਾਂ? ਤਾਂ ਵੀ ਸ਼ੈਲੀ ਦਾ ਰਵਈਆਂ ਅੰਮ੍ਰਿਤਾ ਦੀ ਉਸ ਪ੍ਰਤੀ ਭਾਵਨਾ ਵਿਚ, ਘੱਟੋ-ਘੱਟ ਬਾਹਰੀ, ਕੋਈ ਫ਼ਰਕ ਨਹੀਂ ਸੀ ਪਾ ਸਕਿਆ। ਉਂਜ ਉਹ ਉਸੇ ਵਾਲੇ ਘਰ ਵਿਚ ਰਹਿੰਦੇ ਜਵਾਨ ਤੇ ਵਿਆਹੇ-ਵਰੇ ਸ਼ੈਲੀ ਦੀਆਂ ਹਰਕਤਾਂ ਤੋਂ ਕਈ ਵਾਰ ਪਰੇਸ਼ਾਨ ਹੋ ਜਾਂਦੀ ਸੀ ਪਰ ਸ਼ਾਇਦ ਸਵਾਲ ਦੇ ਅਣਸੁਖਾਵੇਂ ਜਵਾਬ ਦੇ ਡਰੋਂ ਚੁੱਪ ਕਰ ਰਹਿੰਦੀ ਸੀ। ਹੋਰ ਕਰਦੀ ਵੀ ਕੀ!
ਜਦੋਂ ਬੀਮਾਰ ਪਏ ਬਜ਼ੁਰਗ ਪ੍ਰੀਤਮ ਸਿੰਘ ਨੂੰ ਸ਼ੈਲੀ ਹੌਜ਼ਖਾਸ ਵਾਲੇ ਘਰ ਦੇ ਆਪਣੇ ਵਾਲੇ ਹਿੱਸੇ ਵਿਚ ਲੈ ਆਇਆ, ਇਹ ਬੇਟੇ ਨਾਲ ਮੋਹ ਕਾਰਨ ਹੀ ਸੀ ਕਿ ਅੰਮ੍ਰਿਤਾ ਦਾ ਉਹਦੀ ਇਸ ਇੱਛਾ ਬਾਰੇ ਅੰਦਰਲਾ ਘੋਰ ਵਿਰੋਧ ਬੇਵੱਸ ਹੋ ਕੇ ਰਹਿ ਗਿਆ ਸੀ। ਉਹਦੇ ਵਿਰੋਧ ਦੀ ਹੱਦ ਇਹ ਸੀ ਕਿ ਆਪ ਉਹਨੇ ਆਪਣੀ ਅਮੇਲ, ਅਮਿੱਟ ਤੇ ਅਨੰਤ ਦੂਰੀ ਇਕੋ ਮਕਾਨ ਦੇ ਵੱਖ ਵੱਖ ਕਮਰਿਆਂ ਵਿਚ ਰਹਿੰਦਿਆਂ ਵੀ ਆਪਣੇ ਅਣਤਲਾਕੇ ਕਾਨੂੰਨੀ ਪਤੀ ਪ੍ਰੀਤਮ ਸਿੰਘ ਦੀ ਦੋ-ਤਿੰਨ ਸਾਲ ਲੰਮੀ ਬੀਮਾਰੀ ਸਮੇਂ ਤੇ ਅੰਤ ਨੂੰ ਇਸ ਸੰਸਾਰ ਤੋਂ ਵਿਦਾਈ ਸਮੇਂ ਅਤੇ ਫੇਰ ਉਸਦੇ ਚਲੇ ਜਾਣ ਮਗਰੋਂ ਵੀ ਮੁਕੰਮਲ ਦ੍ਰਿੜ੍ਹਤਾ ਨਾਲ ਨਿਰੰਤਰ ਬਣਾਈ ਰੱਖੀ। ਪਿਤਾ ਦੇ ਨਾ ਰਹਿਣ ਮਗਰੋਂ ਸ਼ੈਲੀ ਦਾ ਦਿੱਲੀ ਤੋਂ ਬਹੁਤ ਦੂਰ ਮੁੰਬਈ ਜਾ ਰਹਿਣ ਦਾ ਫ਼ੈਸਲਾ ਰਿਸ਼ਤਿਆਂ ਦੇ ਇਸ ਗੋਰਖਧੰਦੇ ਕਾਰਨ ਹੀ ਸੀ। ਤਾਂ ਵੀ ਸ਼ੈਲੀ ਨੇ ਮੁੰਬਈ ਜਾ ਵਸਣ ਦੀ ਇੱਛਾ ਦੱਸੀ, ਤਾਂ ਅੰਮ੍ਰਿਤਾ ਨੇ ਉਹਨੂੰ ਉਥੇ ਫ਼ਲੈਟ ਲੈ ਦਿੱਤਾ।
ਇਸ ਸੰਸਾਰ ਤੋਂ ਜਾਣ ਸਮੇਂ ਹੌਜ਼ਖਾਸ ਵਾਲੀ ਕੋਠੀ ਵੀ ਉਹ ਇਕੱਲੇ ਸ਼ੈਲੀ ਦੇ ਨਾਂ ਹੀ ਕਰ ਗਈ ਜਿਸਨੂੰ ਕੁਛ ਸਮਾਂ ਪਹਿਲਾਂ ਵੇਚੇ ਜਾਣ ਵੇਲੇ ਕਾਫ਼ੀ ਚਰਚਾ ਚੱਲੀ ਸੀ ਅਤੇ ਸਾਹਿਤਕ ਹਲਕਿਆਂ ਨੇ ਬਹੁਤ ਅਫ਼ਸੋਸ ਜਤਾਇਆ ਸੀ। ਇਹ ਕੋਠੀ ਵੇਚਣ ਵਿਚ ਸ਼ੈਲੀ ਦੀ ਪੈਸੇ ਦੀ ਲੋੜ ਦਾ ਕਿੰਨਾ ਹੱਥ ਸੀ ਅਤੇ ਉਹਦੀਆਂ ਕੰਧਾਂ ਉੱਤੇ ਡੂੰਘੀਆਂ ਉੱਕਰੀਆਂ ਹੋਈਆਂ ਕੌੜੀਆਂ ਯਾਦਾਂ ਦਾ ਕਿੰਨਾ, ਇਹ ਤੱਥ-ਸੱਚ ਤਾਂ ਸ਼ੈਲੀ ਆਪਣੇ ਨਾਲ ਹੀ ਲੈ ਗਿਆ। ਹਾਂ, ਇਹ ਸੱਚ ਹੈ ਕਿ ਇਸੇ ਕੋਠੀ ਦੇ ਵੱਟੇ ਪੈਸੇ ਹੀ ਆਖ਼ਰ ਨੂੰ ਉਹਦੀ ਜਾਨ ਦਾ ਖੌ ਬਣ ਗਏ! ਸ਼ੈਲੀ ਤੋਂ ਮਾਂ ਦੀ ਇਸ ਕੋਠੀ ਨੂੰ ਇਮਰੋਜ਼ ਦੀ ਨਿਗਰਾਨੀ ਹੇਠ ਉਹਦਾ ਸਿਮਰਤੀ-ਸਥਾਨ ਬਣਾਈ ਰੱਖਣ ਦੀ ਇੱਛਾ ਛੁਪੀ ਹੋਈ ਨਹੀਂ ਸੀ। ਉਹ ਤਾਂ ਆਪਣੀ ਇਹ ਇੱਛਾ ਵਸੀਅਤ ਵਿਚ ਵੀ ਗੂੜ੍ਹੇ ਅੱਖਰਾਂ ਵਿਚ ਲਿਖ ਗਈ ਸੀ। ਜੇ ਮਾਮਲਾ ਇਕੱਲੇ ਪੈਸੇ ਦਾ ਹੀ ਹੁੰਦਾ, ਪਿਤਾ ਦੀ ਹੌਜ਼ਖਾਸ ਤੋਂ ਵੀ ਮਹਿੰਗੇ ਇਲਾਕੇ ਨਿਊ ਫ਼ਰੈਂਡਜ਼ ਕਾਲੋਨੀ ਵਾਲੀ ਕੋਠੀ ਦੇ ਪੈਸਿਆਂ ਦੇ ਗੱਠੜ ਹੀ ਬਹੁਤ ਸਨ। ਨਵਰਾਜ ਨੇ ਮਾਂ ਵਾਲੀ ਕੋਠੀ ਕੇਵਲ ਵੇਚੀ ਹੀ ਨਹੀਂ, ਵੇਚੀ ਵੀ ਅਜਿਹੇ ਬੰਦੇ ਨੂੰ ਜਿਸ ਨੇ ਆ ਕੇ ਉਸ ਵਿਚ ਉਸੇ ਰੂਪ ਵਿਚ ਜਾਂ ਥੋੜ੍ਹੀ-ਬਹੁਤ ਨਵਿਆ ਕੇ ਨਹੀਂ ਸੀ ਵਸਣਾ ਸਗੋਂ ਉਹਨੂੰ ਪੂਰੀ ਤਰ੍ਹਾਂ ਢਾਹ ਕੇ ਪਹਿਲਾਂ ਉਹਦਾ ਨਾਂ-ਨਿਸ਼ਾਨ ਮਿਟਾਉਣਾ ਸੀ ਤੇ ਫੇਰ ਵਿਕਾਊ ਧੌਲਰ ਉਸਾਰਨਾ ਸੀ!
ਮੁੰਬਈ ਵਿਚ ਉਹਨਾਂ ਦੀ ਪੜ੍ਹਾਈ ਖ਼ਤਮ ਹੋਣ ਮਗਰੋਂ ਨਵਰਾਜ ਨੇ ਬੇਟੇ-ਬੇਟੀ ਨੂੰ ਆਪਣੇ ਆਪਣੇ ਰਾਹ ਤੋਰ ਦਿੱਤਾ। ਬੇਟੀ ਸ਼ਿਲਪੀ ਦਾ ਉਸੇ ਮਹਾਂਨਗਰ ਵਿਚ ਵਿਆਹ ਕਰ ਦਿੱਤਾ। ਮਾਸ ਮੀਡੀਆ ਦਾ ਕੋਈ ਕੋਰਸ ਕਰ ਕੇ ਚੰਗੇ ਕੰਮ ਲੱਗੇ ਹੋਏ ਅਣਵਿਆਹੇ ਬੇਟੇ ਅਮਨ ਨੂੰ ਉਹਨੇ ਵੱਖਰਾ ਫ਼ਲੈਟ ਲੈ ਦਿੱਤਾ। ਆਪ ਉਹ ਇਕੱਲਾ ਬੰਬਈਆ ਜੀਵਨ ਵਿਚ ਵਿਚਰਦਾ ਵਿਚਰਦਾ, ਜਿਸ ਵਿਚ ਰਹੱਸਮਈ ਫ਼ਿਲਮੀ ਪੱਖ ਵੀ ਸ਼ਾਮਲ ਹੋ ਗਿਆ ਸੀ, ਡੂੰਘਾ ਹੀ ਡੂੰਘਾ ਧਸਦਾ ਗਿਆ। ਨਵਰਾਜ ਦੇ ਮੁੰਬਈ ਜਾਣ ਪਿੱਛੋਂ ਉਸਦੀ ਪਤਨੀ ਅਲਕਾ ਪਹਿਲਾਂ ਬੱਚਿਆਂ ਦੀ ਪੜ੍ਹਾਈ ਕਾਰਨ, ਫੇਰ ਅੰਮ੍ਰਿਤਾ ਦੇ ਲੰਮੇ ਕਸ਼ਟਭਰੇ ਅੰਤਲੇ ਸਾਲਾਂ ਦੌਰਾਨ ਉਹਦੀ ਸੇਵਾ-ਸੰਭਾਲ ਵਿਚ ਇਮਰੋਜ਼ ਦਾ ਹੱਥ ਵਟਾਉਣ ਲਈ ਅਤੇ ਅੰਤ ਨੂੰ ਅੰਮ੍ਰਿਤਾ ਦੇ ਚਲੇ ਜਾਣ ਮਗਰੋਂ ਪਤਾ ਨਹੀਂ ਕਿਉਂ ਦਿੱਲੀ ਹੀ ਟਿਕੀ ਰਹੀ। ਅੰਮ੍ਰਿਤਾ ਲਈ ਉਹਦਾ ਸਮਰਪਨ ਤਾਂ ਮਿਸਾਲੀ ਸੀ ਹੀ, ਜੋ ਕੋਈ ਅਣਜਾਣਿਆ ਵੀ ਅਲਕਾ ਦੇ ਹੁੰਦਿਆਂ ਕਦੀ ਅੰਮ੍ਰਿਤਾ ਦੇ ਘਰ ਗਿਆ ਹੈ, ਉਹਨੂੰ ਬੜੇ ਸਤਿਕਾਰ ਤੇ ਸੁਚੱਜ ਨਾਲ ਉਸ ਸਾਊ-ਸਭਿਅਕ ਸੁਆਣੀ ਦਾ ਚਾਹ-ਪਾਣੀ ਪੁੱਛਣਾ ਕਦੀ ਨਹੀਂ ਭੁਲਦਾ।
ਅੰਮ੍ਰਿਤਾ ਦੀ ਬੇਟੀ ਕੰਦਲਾ ਕਾਫ਼ੀ ਪਹਿਲਾਂ ਹੀ ਪੰਜਾਬੀ ਅਕਾਦਮੀ ਦਿੱਲੀ ਤੋਂ ਸੇਵਾ-ਮੁਕਤ ਹੋਣ ਪਿੱਛੋਂ ਆਪਣੇ ਅਮਰੀਕਾ ਵਸ ਚੁੱਕੇ ਬੇਟੀ ਅਤੇ ਬੇਟੇ ਕੋਲ ਜਾ ਟਿਕੀ ਸੀ। ਇਸ ਸਾਰੀ ਨਾਟ-ਪਟਕਥਾ ਵਿਚ ਉਹਦੀ ਭੂਮਿਕਾ ਅਣਹੋਇਆਂ ਵਰਗੀ ਹੀ ਰਹੀ। ਸਾਰੀ ਉਮਰ ਉਹਦੇ ਮਨ ਵਿਚ ਕੀ ਰਿਝਦਾ-ਪਕਦਾ ਰਿਹਾ, ਇਹਦਾ ਢੱਕਣ ਚੁੱਕ ਕੇ ਸ਼ਾਇਦ ਉਹਨੇ ਕਦੀ ਕਿਸੇ ਨੂੰ ਨਹੀਂ ਦਿਖਾਇਆ। ਉਹਦੇ ਅਮਰੀਕਾ ਜਾਣ ਤੋਂ ਪਿੱਛੋਂ ਦਾ ਉਹਦਾ ਪਰਿਵਾਰ ਨਾਲੋਂ ਵਿੱਥ-ਰੱਖਵਾਂ ਵਿਹਾਰ ਅਜਿਹੇ ਸੰਕੇਤ ਜ਼ਰੂਰ ਦਿੰਦਾ ਹੈ ਕਿ ਉਹਦੇ ਪਰਵਾਸ ਦਾ ਆਧਾਰ ਕੇਵਲ ਬੇਟੇ-ਬੇਟੀ ਕੋਲ ਜਾ ਰਹਿਣਾ ਹੀ ਨਹੀਂ ਸੀ, ਆਪਣੇ ਅਜਿਹੇ ਅਤੀਤ ਤੋਂ ਦੂਰ ਭੱਜਣਾ ਵੀ ਸੀ।
ਨਵਰਾਜ ਨੂੰ ਕਈ ਸਾਹਿਤਕਾਰਾਂ ਦੇ ਪੁੱਤਾਂ-ਧੀਆਂ ਵਾਂਗ ਹੀ ਸਾਹਿਤ ਨਾਲ ਕੋਈ ਲਗਾਉ ਨਹੀਂ ਸੀ। ਉਹ ਪੰਜਾਬੀ ਪੜ੍ਹ ਲੈਂਦਾ ਸੀ ਪਰ ਹੋਰਾਂ ਲੇਖਕਾਂ ਦੀਆਂ ਲਿਖਤਾਂ ਦੀ ਗੱਲ ਤਾਂ ਛੱਡੋ, ਉਹਨੂੰ ਅੰਮ੍ਰਿਤਾ ਦੇ ਰਚੇ ਸਾਹਿਤ ਵਿਚ ਵੀ ਕੋਈ ਦਿਲਚਸਪੀ ਨਹੀਂ ਸੀ। ਇਸੇ ਲਈ ਉਸ ਸਮੇਂ ਹੈਰਾਨੀ ਹੋਣੀ ਸੁਭਾਵਿਕ ਸੀ ਜਦੋਂ ਉਹਦੀਆਂ ਤਿੰਨ ਲਘੂ ਪੁਸਤਕਾਂ ਸ਼ੈਲੀ ਕਵਾਤੜਾ ਦੇ ਨਾਂ ਹੇਠ ਪੰਜਾਬੀ ਅਤੇ ਹਿੰਦੀ ਵਿਚ ਛਪੀਆਂ। ਪਰ ਇਹਨਾਂ ਪੁਸਤਕਾਂ ਉੱਤੇ ਸਰਸਰੀ ਝਾਤ ਮਾਰਿਆਂ ਵੀ ਕਿਸੇ ਸੂਖ਼ਮ ਸੋਚ ਤੇ ਕਲਾਪੂਰਨ ਕਲਪਨਾ ਵਾਲੀ ਮੌਲਕਤਾ ਦੀ ਘਾਟ ਰੜਕਣ ਲੱਗ ਪੈਂਦੀ ਹੈ। ਲਗਦਾ ਹੈ, ਇਹ 'ਸਾਹਿਤਕ' ਜਤਨ ਵੀ ਮੁੰਬਈ ਦੀ ਫ਼ਿਲਮੀ ਦੁਨੀਆ ਵਿਚ ਨਾਂ ਬਣਾਉਣ ਦੀ ਉਹਦੀ ਵਿਉਂਤ ਦਾ ਹੀ ਹਿੱਸਾ ਸੀ। ਉਹਦੀ ਇੱਛਾ ਸੀ ਕਿ ਉਹਦੀ ਕਿਸੇ ਰਚਨਾ ਦੀ ਫ਼ਿਲਮ ਬਣੇ। ਯਾਦ ਰਹੇ, ਕਦੀ ਅੰਮ੍ਰਿਤਾ ਵੀ ਦਿੱਲੀ ਦਾ ਸਭ ਕੁਛ ਛੱਡ-ਛੁਡਾ ਕੇ ਇਮਰੋਜ਼ ਨਾਲ ਇਸੇ ਬੰਬਈਆ ਫ਼ਿਲਮੀ ਦੁਨੀਆ ਵਿਚ ਸਫ਼ਲ ਹੋਣ ਦੇ ਸੁਫ਼ਨੇ ਬੁਣ ਕੇ ਗਈ ਸੀ ਪਰ ਸਭ ਪੱਖਾਂ ਤੋਂ ਅਸਫ਼ਲ ਹੋ ਕੇ ਪਰਤ ਆਈ ਸੀ।
ਸ਼ਾਇਦ ਇਹਨਾਂ ਹਾਲਤਾਂ ਕਾਰਨ ਹੀ ਨਵਰਾਜ ਸੁਭਾਅ ਪੱਖੋਂ ਦੂਜਿਆਂ ਨਾਲ ਬਹੁਤਾ ਘੁਲਣ-ਮਿਲਣ ਵਾਲਾ ਵਿਅਕਤੀ ਨਹੀਂ ਸੀ। ਜੇ ਮਾਂ ਨਾਲੋਂ ਏਨੀਂ ਜਜ਼ਬਾਤੀ ਦੂਰੀ ਸੀ, ਤਾਂ ਉਹਨੇ ਮਾਂ ਦੇ ਸਾਹਿਤ ਤੇ ਸਾਹਿਤਕਾਰਾਂ ਤੋਂ ਕੀ ਲੈਣਾ ਸੀ! ਉਹਦੀ ਮੌਤ ਮਗਰੋਂ ਉਹਦੇ ਗੁਆਂਢੀਆਂ ਦੀਆਂ ਗੱਲਾਂ ਤੋਂ ਵੀ ਉਹਦਾ ਇਹੋ ਅੰਤਰਮੁਖ ਸੁਭਾਅ ਪੱਕ ਗਏ ਹੋਣ ਦਾ ਪਤਾ ਲਗਦਾ ਹੈ। ਬਹੁਤਾ ਤਾਂ ਉਹ ਆਪਣੇ ਅੰਧੇਰੀ ਵਾਲੇ ਫ਼ਲੈਟ ਵਿਚ ਰਹਿੰਦਾ ਸੀ, ਪਰ ਉਹਨੇ ਇਕ ਹੋਰ ਨਿਵਾਸ ਅਤੇ ਸਟੂਡੀਓ ਬੋਰੀਵਲੀ ਵਾਲੇ ਫ਼ਲੈਟ ਵਿਚ ਬਣਾਇਆ ਹੋਇਆ ਸੀ, ਜਿਥੇ ਉਹਦਾ ਕਤਲ ਹੋਇਆ। ਹੋਣੀ ਦਾ ਵਿਅੰਗ ਦੇਖੋ ਕਿ ਐੱਲ ਆਈ ਸੀ ਕਾਲੋਨੀ ਵਿਚ ਨਵਰਾਜ ਦੇ ਜੀਵਨ ਨੂੰ ਉਜਾੜਨ ਵਾਲਾ ਇਹ ਫ਼ਲੈਟ ਜਿਹੜੇ ਐਪਾਰਟਮੈਂਟਸ ਵਿਚ ਹੈ, ਉਹਨਾਂ ਦਾ ਨਾਂ ਹੈ ਵਿਲਡਰਨੈੱਸ ਐਪਾਰਟਮੈਂਟਸ, ਭਾਵ ਉਜਾੜ ਐਪਾਰਟਮੈਂਟਸ।
ਨਵਰਾਜ ਆਪਣੀ ਵੱਖਰੀ ਪਛਾਣ ਬਣਾਉਣ ਦਾ, ਅੰਮ੍ਰਿਤਾ ਦੇ ਨਾਂ ਦੇ ਬੋਹੜ-ਬਿਰਛ ਦੀ ਛਾਂ ਵਿਚੋਂ ਨਿੱਕਲ ਕੇ ਕੁਛ ਕੱਦ ਕਰਨ ਦਾ ਚਾਹਵਾਨ ਸੀ। ਸ਼ਾਇਦ ਉਹ ਚਾਹੁੰਦਾ ਸੀ ਕਿ 'ਅੰਮ੍ਰਿਤਾ ਦਾ ਪਤੀ' ਰਹੇ ਆਪਣੇ ਪਿਤਾ ਵਾਂਗ ਉਹਦੀ ਆਪਣੀ ਪਛਾਣ ਸਿਰਫ਼ 'ਅੰਮ੍ਰਿਤਾ ਦਾ ਬੇਟਾ' ਹੀ ਨਾ ਰਹੇ। ਪਰ ਉਹਦੀ ਬੇਨਾਮਤਾ ਉੱਤੇ ਕੁਦਰਤ ਦਾ ਕਠੋਰ ਵਿਅੰਗ ਦੇਖੋ ਕਿ ਹਰ ਅਖ਼ਬਾਰ ਨੇ 'ਨਵਰਾਜ ਕਵਾਤੜਾ ਦੀ ਮੌਤ' ਦੀ ਥਾਂ 'ਲੇਖਿਕਾ ਅੰਮ੍ਰਿਤਾ ਪ੍ਰੀਤਮ ਦੇ ਬੇਟੇ ਦੀ ਮੌਤ' ਦੀ ਸੁਰਖੀ ਹੀ ਲਾਈ! ਕੁਛ ਵੱਡੇ ਅੰਗਰੇਜ਼ੀ ਅਖ਼ਬਾਰਾਂ ਨੇ ਤਾਂ ਉਹਦੀ ਮੌਤ ਦੀ ਖ਼ਬਰ ਨਾਲ ਵੀ ਫ਼ੋਟੋ ਅੰਮ੍ਰਿਤਾ ਦੀ ਹੀ ਛਾਪੀ। ਬੇਨਾਮਤਾ ਵਿਚੋਂ ਨਿਕਲਣ ਦੀ ਤਾਂਘ ਨਾਲ ਫ਼ਿਲਮੀ ਦੁਨੀਆ ਦਾ ਲੇਖਕ ਬਣਨ ਦੇ ਉਹਦੇ ਜਤਨ ਵਿਚ ਅੰਮ੍ਰਿਤਾ ਵਾਲੀ ਕੋਠੀ ਦੇ ਪੈਸੇ ਨੇ ਫ਼ਿਲਮੀ ਫ਼ਾਈਨਾਂਸਰ ਤੇ ਨਿਰਮਾਤਾ ਬਣਨ ਵਾਲਾ ਸਰਲ-ਸੌਖਾ ਦਿਸਦਾ ਰਾਹ ਜੋੜ ਦਿੱਤਾ।
ਇਹਨਾਂ ਸਾਰੀਆਂ ਸੋਚਾਂ ਵਿਚ ਸ਼ਾਇਦ ਕਦੀ ਫ਼ਿਲਮੀ ਦੁਨੀਆ ਦੇ ਘੋਰ ਹਨੇਰੇ ਆਦਮਖੋਰ ਪੱਖ ਵੱਲ ਉਹਦਾ ਧਿਆਨ ਹੀ ਨਹੀਂ ਸੀ ਗਿਆ ਜਿਸਨੇ ਆਖ਼ਰ ਨੂੰ ਉਸ ਨੂੰ ਨਿਗਲ ਲਿਆ। ਉਹਦੀ ਉਮਰ ਭਰ ਦੀ ਪਰੇਸ਼ਾਨੀ ਅਤੇ ਪਸ਼ੇਮਾਨੀ ਉਹਨੂੰ ਹੇਠਾਂ ਵੱਲ ਧਕਦੀ ਧਕਦੀ ਅਸ਼ਲੀਲਤਾ ਦੀ ਹਨੇਰੀ ਗੁਫ਼ਾ ਵਿਚ ਲੈ ਗਈ, ਅਪਰਾਧ ਜਿਸ ਦਾ ਜੌੜਾ ਭਾਈ ਹੈ। ਇਸ ਹਨੇਰੀ ਗੁਫ਼ਾ ਦੀ ਸਜਾਵਟ ਗੁਪਤ ਕੈਮਰੇ ਸਨ, ਕਾਮ-ਖਿਡੌਣੇ ਸਨ, ਨਗਨ ਫ਼ਿਲਮਾਂ ਸਨ ਤੇ ਸੌਖੇ ਪੈਸੇ ਨੂੰ ਤਾਂਘਦੀਆਂ ਜਵਾਨ ਕੁੜੀਆਂ ਸਨ। ਅਪਰਾਧ ਦੀ ਬੰਬਈਆ ਦੁਨੀਆ ਵਿਚ ਸਭ ਤੋਂ ਡਰਾਉਣਾ ਸ਼ਬਦ ਹੈ 'ਭਾਈ'। ਪੁਲਿਸ ਨੂੰ ਖ਼ੂਬਸੂਰਤ ਕਾਗ਼ਜ਼ ਵਿਚ ਲਪੇਟਿਆ ਜੋ ਅਣਖੋਲ੍ਹਿਆ ਪਿਆ ਸੁਗਾਤੀ ਡੱਬਾ ਮਿਲਿਆ, ਦੋਵੇਂ ਕਾਤਲ ''ਸਲੀਮਭਾਈ ਦਾ ਭੇਜਿਆ" ਆਖ ਕੇ ਉਹਦੇ ਬਹਾਨੇ ਹੀ ਅੰਦਰ ਆਏ ਸਨ।
ਉਹਦੀ ਮੌਤ ਦੀ ਤਫ਼ਤੀਸ਼ ਸਮੇਂ ਜੋ ਤੱਥ ਪਰਤ-ਦਰ-ਪਰਤ ਸਾਹਮਣੇ ਆਏ, ਉਹਨਾਂ ਨਾਲ ਪਰੇਸ਼ਾਨੀ ਤੋਂ ਮਗਰੋਂ ਹੈਰਾਨੀ ਅਤੇ ਫੇਰ ਪਸ਼ੇਮਾਨੀ ਤੇ ਗਿਲਾਨੀ ਦਾ ਅਹਿਸਾਸ ਹੋਣਾ ਕੁਦਰਤੀ ਹੈ। ਪਰ ਪੁਰਾਤਨ ਯੂਨਾਨ ਦੇ ਦੁਖਾਂਤ ਨਾਟਕਾਂ ਵਾਂਗ ਇਸ ਨਾਟਕ ਦਾ ਇਹੋ ਅੰਤ ਨਿਸਚਿਤ ਸੀ। ਇਸ ਅੰਤ ਉੱਤੇ ਸ਼ਾਇਦ ਵਿਧਮਾਤਾ ਨੇ ਉਸੇ ਦਿਨ ਦਸਖ਼ਤ ਕਰ ਦਿੱਤੇ ਸਨ ਜਿਸ ਦਿਨ ਸ਼ੈਲੀ ਨੇ ਮਾਂ ਨੂੰ ਸਾਹਿਰ ਅੰਕਲ ਵਾਲਾ ਸਵਾਲ ਪੁੱਛਿਆ ਸੀ। ਇਸ ਨਾਟਕ ਦੀ ਕਥਾ ਜਿਉਂ ਜਿਉਂ ਅੱਗੇ ਵਧੀ, ਨਵਰਾਜ ਨੂੰ ਅਜਿਹੇ ਅੰਤ ਵੱਲ ਧਕਦੀ ਗਈ ਅਤੇ ਉਹ ਹੋਣੀ ਦੇ ਹੱਥਾਂ ਵਿਚ ਮੁਹਰਾ ਬਣਿਆ ਅੰਜਾਮ ਤੋਂ ਬੇਖ਼ਬਰ ਅੱਗੇ ਵਧਦਾ ਗਿਆ। ਦੇਖਣ ਨੂੰ ਲੋਹੇ-ਸੀਮਿੰਟ ਦੇ ਪੁਖ਼ਤਾ ਜਾਪਦੇ ਪਰ ਅਸਲ ਵਿਚ ਪਾਟੀਆਂ ਕੰਧਾਂ ਵਾਲੇ ਹੌਜ਼ਖਾਸ ਵਿਚਲੇ ਘਰ ਦੇ ਚਰਾਗ਼ ਦਾ ਹਨੇਰੀ ਦੇ ਬੁੱਲਿਆਂ ਨਾਲ ਲੰਮਾ ਸਮਾਂ ਕੰਬ-ਡੋਲ ਕੇ ਆਖ਼ਰ ਨੂੰ ਬੁਝ ਜਾਣਾ ਕੋਈ ਅਣਹੋਣੀ ਜਾਂ ਅਲੋਕਾਰ ਗੱਲ ਨਹੀਂ।
ਤਾਂ ਵੀ ਇਸ ਸਭ ਕੁਛ ਦੇ ਬਾਵਜੂਦ ਮੇਰੇ ਵਾਂਗ ਅੰਮ੍ਰਿਤਾ ਨਾਲ ਅਪਣੱਤ ਅਤੇ ਸਾਹਿਤਕ ਸਾਂਝ ਵਾਲੇ ਹਰ ਵਿਅਕਤੀ ਨੂੰ ਉਹਦੇ ਬੇਟੇ ਦੇ ਅਜਿਹੇ ਦੁਖਦਾਈ ਅੰਤ ਦਾ ਦੁੱਖ ਹੋਣਾ ਅਤੇ ਪਸ਼ੇਮਾਨੀ ਤੇ ਗਿਲਾਨੀ ਦੇ ਨਾਲ ਨਾਲ ਹਮਦਰਦੀ ਦਾ ਜਾਗਣਾ ਕੁਦਰਤੀ ਹੈ! ਉਹਦੀ ਮੌਤ ਵਿਚ ਕੀ ਪਤਾ, ਉਸ ਤੋਂ ਅਤੇ ਉਸ ਦੇ ਕਾਤਲਾਂ ਤੋਂ ਬਿਨਾਂ, ਕੀਹਦਾ ਕੀਹਦਾ ਕਿੰਨਾ ਕਿੰਨਾ ਚਾਹਿਆ-ਅਣਚਾਹਿਆ ਕਸੂਰ ਹੈ!                                                               (011-65736868)

'    '    '

Comments (0)

Write comment

smaller | bigger

busy
You are here:   Homeਲੜੀਵਾਰਚਰਚਾ ਤੇ ਚੇਤਾਅੰਮ੍ਰਿਤਾ ਦੇ ਪੁੱਤ ਸ਼ੈਲੀ ਨੂੰ ਯਾਦ ਕਰਦਿਆਂ!

Currency Converter

Amount:
From:
To:


Gurbani Radio


Gurbani - Sri Harmandir Sahib