Thursday, 01 November 2012 12:22
Print PDF

ਸਭ ਤੋਂ ਪਹਿਲਾਂ ਸਮੂਹ ਪੰਜਾਬੀਆਂ ਨੂੰ ਖ਼ੁਸ਼ਖ਼ਬਰੀ ਤੇ ਵਧਾਈ! ਇੱਕ ਪੰਜਾਬੀ ਦੀ ਬਣਾਈ ਹੋਈ ਲਘੂ-ਫ਼ਿਲਮ ਨੂੰ ਪੰਜ ਲੱਖ ਪਾਕਿਸਤਾਨੀ ਡਾਲਰਾਂ ਦਾ ਇਨਾਮ ਮਿਲਿਆ ਹੈ। ਕੁਛ ਪਲਾਂ ਦੀ ਇਹ ਫ਼ਿਲਮ ਅੱਜ-ਕੱਲ੍ਹ ਯੂਟਿਊਬ, ਫ਼ੇਸਬੁੱਕ, ਈਮੇਲ, ਆਦਿ ਰਾਹੀਂ ਦੁਨੀਆ ਭਰ ਵਿੱਚ ਕੰਪਿਊਟਰ ਵਾਲੇ ਹਰ ਘਰ ਪੁੱਜ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਫ਼ਿਲਮ ਵਿੱਚ ਸਿੱਖਾਂ ਦੀ ਪ੍ਰਮੁੱਖ ਧਾਰਮਿਕ ਸੰਸਥਾ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਫ਼ੋਨ ਰਾਹੀਂ ਕਿਸੇ ਨਾਲ ਕਿਸੇ ਹੋਰ ਬਾਰੇ ਬਚਨ-ਬਿਲਾਸ ਕਰਦੇ ਦਿਖਾਇਆ ਗਿਆ ਹੈ।
 ਇਹ ਇਨਾਮ ਆਲ-ਵਰਲਡ ਸਾਈਲੈਂਟ ਮਿੰਨੀ ਵੀਡੀਓ ਐਪਰੀਸੀਏਸ਼ਨ ਸੁਸਾਇਟੀ (ਸਰਬ-ਸੰਸਾਰ ਅਬੋਲ ਮਿੰਨੀ ਵੀਡੀਓ ਨਿਰਖ-ਪਰਖ ਸਭਾ) ਦਿੰਦੀ ਹੈ। ਇਸਦੀਆਂ ਦੋ ਵਿਸ਼ੇਸ਼ਤਾਵਾਂ ਹਨ। ਇੱਕ ਤਾਂ ਇਸ ਦੀ ਰਕਮ ਦੋ ਬਰਾਬਰ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ। ਢਾਈ ਲੱਖ ਪਾਕਿਸਤਾਨੀ ਡਾਲਰ ਇਹ ਫ਼ਿਲਮ ਖਿੱਚਣ ਵਾਲੇ ਨੂੰ ਮਿਲਣਗੇ ਅਤੇ ਢਾਈ ਲੱਖ ਫ਼ਿਲਮ ਵਿੱਚ ਦਿਖਾਏ ਗਏ ਵਿਅਕਤੀ, ਭਾਵ ਮੱਕੜ ਜੀ ਨੂੰ ਮਿਲਣਗੇ। ਇਨਾਮ-ਭੇਟ ਸਮਾਗਮ ਪੈਰਿਸ ਵਿਖੇ 31 ਨਵੰਬਰ ਨੂੰ ਹੋਵੇਗਾ। ਦੋਵਾਂ ਸੱਜਨਾਂ ਦਾ ਹਵਾਈ ਭਾੜਾ ਅਤੇ ਆਲੀਸ਼ਾਨ ਹੋਟਲ ਵਿੱਚ ਠਹਿਰਨ ਦਾ ਖ਼ਰਚ ਸਭਾ ਦੇਵੇਗੀ। ਇਸ ਇਨਾਮ ਦੀ ਇੱਕ ਗੱਲ ਅਨੋਖੀ ਵੀ ਹੈ ਤੇ ਦਿਲਚਸਪ ਵੀ। ਜੱਜਾਂ ਸਾਹਮਣੇ ਇਹ ਫ਼ਿਲਮਾਂ ਉਹਨਾਂ ਦੀ ਆਵਾਜ਼ ਮਿਟਾ ਕੇ ਰੱਖੀਆਂ ਜਾਂਦੀਆਂ ਹਨ। ਉਹ

ਕੇਵਲ ਅਬੋਲ ਫ਼ਿਲਮ ਦੇਖ ਕੇ ਦਸਦੇ ਹਨ ਕਿ ਵਿਅਕਤੀ ਦੇ ਚਿਹਰੇ ਤੋਂ ਕੀ ਕਹਿ ਰਹੇ ਹੋਣ ਦਾ ਪ੍ਰਭਾਵ ਮਿਲਦਾ ਹੈ। ਫੇਰ ਆਵਾਜ਼ ਸੁਣ ਕੇ ਦੇਖਿਆ ਜਾਂਦਾ ਹੈ ਕਿ ਉਹ ਵਿਅਕਤੀ ਅਸਲ ਵਿੱਚ ਕਹਿ ਕੀ ਰਿਹਾ ਹੈ। ਜਿਸ ਫ਼ਿਲਮ ਦੇ ਦੋਵੇਂ ਤੱਥ ਹੂਬਹੂ ਮੇਲ ਖਾ ਜਾਣ, ਉਹ ਇਨਾਮ ਦੀ ਭਾਗੀ ਹੋ ਜਾਂਦੀ ਹੈ। ਇਹ ਪੰਜਾਬੀ ਫ਼ਿਲਮ ਅਬੋਲ ਰੂਪ ਵਿੱਚ ਦੇਖ ਕੇ ਜੱਜ-ਮੰਡਲੀ ਨੇ ਸਰਬਸੰਮਤ ਫ਼ੈਸਲੇ ਵਿੱਚ ਲਿਖਿਆ ਹੈ ਕਿ ''ਫ਼ੋਨ ਰਾਹੀਂ ਬੋਲ ਰਹੇ ਸੰਤ-ਸਰੂਪ ਮਹਾਂਪੁਰਖ ਦੇ ਚਿਹਰੇ ਤੋਂ ਕਿਸੇ ਪ੍ਰਤੀ ਘੋਰ ਨਫ਼ਰਤ ਅਤੇ ਹਉਮੈ-ਹੈਂਕੜ ਟਪਕ ਰਹੀ ਹੈ ਅਤੇ ਉਹ ਰਸਦਾਰ ਗਾਲ਼ਾਂ ਦੇ ਰਿਹਾ ਹੈ।" ਬਾਕੀ ਫ਼ਿਲਮਾਂ ਦੇ ਮੁਕਾਬਲੇ ਪੰਜਾਬੀ ਫ਼ਿਲਮ ਦੀ ਆਵਾਜ਼ ਨੇ ਜੱਜਾਂ ਦੇ ਲੱਖਣ ਦੀ ਸੌ ਫ਼ੀਸਦੀ ਪੁਸ਼ਟੀ ਕਰ ਦਿੱਤੀ ਅਤੇ ਇਨਾਮ ਇਸ ਦੀ ਝੋਲੀ ਆ ਪਿਆ।
 ਜਦੋਂ ਅਕਾਲੀ ਰਾਜਨੀਤੀ ਅਤੇ ਧਰਮ ਬਾਰੇ ਕੋਈ ਦੁਬਿਧਾ ਹੁੰਦੀ ਹੈ, ਮੈਂ ਆਪਣੇ ਉਸੇ ਪੁਰਾਣੇ ਮਿੱਤਰ ਬੁੱਧਵੈਰ ਸਿੰਘ ਕੋਲ ਹੀ ਜਾਂਦਾ ਹਾਂ। ਮਿੱਤਰ ਨੇ ਉਥੇ ਬੈਠੇ ਇੱਕ ਸੱਜਨ ਦੀ ਜਾਣ-ਪਛਾਣ ਰਾਗੀ-ਕਥਾਕਾਰ ਵਜੋਂ ਕਰਵਾਈ ਅਤੇ ਬੋਲਿਆ, ''ਭਾਈ ਸਾਹਿਬ, ਇਹ ਨਿਘੋਚੀ ਕੋਈ ਅੜਾਉਣੀ ਲੈ ਕੇ ਹੀ ਆਇਆ ਹੋਊ, ਅੱਜ ਤੁਸੀਂ ਨਿੱਬੜੋ।" ਜਥੇਦਾਰ ਮੱਕੜ ਦੀ ਫ਼ਿਲਮ ਬਾਰੇ ਮੇਰੀ ਗੱਲ ਸੁਣ ਕੇ ਉਹ ਬਹੁਤ ਹੀ ਮਿੱਠਾ ਮੁਸਕਰਾਏ ਅਤੇ ਬੜੇ ਠਰ੍ਹੰਮੇ ਨਾਲ ਬੋਲੇ, ''ਮੈਂ ਉਸ ਫ਼ਿਲਮ ਦੇ ਦਰਸ਼ਨ ਕੀਤੇ ਹਨ। ਮੈਨੂੰ ਕੋਈ ਵੀ ਗੱਲ ਇਤਰਾਜ਼ਯੋਗ ਨਹੀਂ ਲੱਗੀ। ਵਿਰੋਧੀਆਂ ਦਾ ਐਵੇਂ ਰੌਲੇ ਖ਼ਾਤਰ ਰੌਲਾ ਹੈ। ਸਿਆਣਿਆਂ ਦਾ ਕਥਨ ਹੈ, ਦੁਸ਼ਮਨ ਬਾਤ ਕਰੇ ਅਣਹੋਈ! ਦੱਸੋ, ਮੂਰਖ਼ ਲੋਕਾਂ ਨੇ ਸਾਲੇ ਨੂੰ ਗਾਲ਼ ਸਮਝ ਛੱਡਿਆ ਹੈ। ਅਰਧਾਂਗਣੀ ਦਾ ਵੀਰ, ਸਭ ਤੋਂ ਪਿਆਰਾ ਰਿਸ਼ਤਾ! ਪੁਰਾਤਨ ਗ੍ਰੰਥ ਫ਼ਰਮਾਉਂਦੇ ਹਨ, ਸਾਰੀ ਖ਼ੁਦਾਈ ਏਕ ਤਰਫ਼, ਜੋਰੂ ਕਾ ਭਾਈ ਏਕ ਤਰਫ਼! ਉਹ ਇਹਨਾਂ ਅਰਥਾਂ ਵਿੱਚ ਹੀ ਕਿਸੇ ਨੂੰ ਸਾਲਾ ਕਹਿ ਰਹੇ ਹਨ। ਇਹੋ ਗੱਲ ਬਾਹਮਣ ਕਹਿਣ ਦੀ ਹੈ। ਮੰਦੇ ਭਾਗਾਂ ਨੂੰ ਸਾਡਾ ਸਮਾਜ ਜ਼ਾਤਾਂ-ਪਾਤਾਂ ਵਿੱਚ ਵੰਡਿਆ ਹੋਇਆ ਹੈ ਪਰ ਜ਼ਾਤ ਜ਼ਾਤ ਵਿੱਚ ਫ਼ਰਕ ਹੈ। ਕਿਸੇ ਛੋਟੀ ਜ਼ਾਤ ਦਾ ਨਾਂ ਲਉ, ਉਹ ਹੁਣ ਜ਼ਰੂਰ ਗਾਲ਼ ਬਣ ਜਾਂਦੀ ਹੈ। ਇਸ ਦੇ ਵਿਪ੍ਰੀਤ ਉੱਚੀਆਂ ਜ਼ਾਤਾਂ ਵਾਲੇ ਤਾਂ ਅਭਿਮਾਨ ਨਾਲ ਕਹਿੰਦੇ ਹਨ, ਮੈਂ ਬਾਹਮਣ ਹਾਂ, ਮੈਂ ਖੱਤਰੀ ਹਾਂ, ਮੈਂ ਜੱਟ ਹਾਂ। ਸੋ ਇਹ ਦੋਸ਼ ਲਾਉਣਾ ਕਿ ਜਥੇਦਾਰ ਜੀ ਦਾ ਕਿਸੇ ਨੂੰ ਬਾਹਮਣ ਕਹਿਣਾ ਗਾਲ਼ ਹੈ, ਬਹੁਤ ਹਾਸੋਹੀਣਾ ਹੈ। ਵਿਰੋਧੀ ਤਾਂ ਜਥੇਦਾਰ ਜੀ ਦੇ ਬਚਨ 'ਧਰਤੀ ਵਿੱਚ ਗੱਡ ਦਿਆਂਗੇ' ਨੂੰ ਵੀ ਗਾਲ਼ ਕਹੀ ਜਾਂਦੇ ਨੇ। ਤੁਸੀਂ ਤਾਂ ਆਪ ਭੁੱਲਰ ਹੋ, ਮਰਾਝ ਨਗਰ ਦੇ ਨੇੜੇ ਦੇ ਹੋ, ਤੁਹਾਨੂੰ ਤਾਂ ਸਭ ਪਤਾ ਹੀ ਹੋਵੇਗਾ। ਜਦੋਂ ਤੁਹਾਡੇ ਪੁਰਖਿਆਂ ਨੇ ਪਿੰਡ ਵਸਾਉਣ ਲਈ ਗੱਡੀ ਸਿੱਧੂਆਂ ਦੀ ਮੋਹੜੀ ਪੁੱਟ ਕੇ ਖੂਹ ਵਿੱਚ ਸੁੱਟ ਦਿੱਤੀ, ਉਹ ਫ਼ੇਰ ਮੁਗ਼ਲਾਂ ਵਿਰੁੱਧ ਯੁੱਧ ਲੜਦੇ ਹੋਏ ਗੁਰਦੁਆਰਾ ਗੁਰੂਸਰ ਮਰਾਝ ਵਾਲੀ ਥਾਂ ਬਿਰਾਜਮਾਨ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਦੇ ਹਜ਼ੂਰ ਪਹੁੰਚੇ। ਗੱਲ ਸੁਣ ਕੇ ਮੇਰੇ ਪ੍ਰੀਤਮ ਹੱਸੇ, ਭਾਈ ਘਬਰਾਉ ਨਾ, ਭੁੱਲਰਾਂ ਨੇ ਤੁਹਾਡੀ ਮੋਹੜੀ ਪੁੱਟੀ ਨਹੀਂ, ਖੂਹ ਵਿੱਚ ਸੁੱਟ ਕੇ ਧਰਤੀ ਵਿੱਚ ਬਹੁਤ ਡੂੰਘੀ ਗੱਡ ਦਿੱਤੀ ਹੈ। ਦੇਖ ਲਵੋ, ਸਿੱਧੂਆਂ ਦੇ ਇੱਕ ਪਿੰਡ ਤੋਂ ਵਧ-ਫੁੱਲ ਕੇ ਬਾਈ ਪਿੰਡਾਂ ਦਾ ਬਾਹੀਆ ਬਣਿਆ। ਹੁਣ ਤਾਂ ਪਿੰਡਾਂ ਦੇ ਖੇਤਾਂ ਵਿੱਚ ਨਵੇਂ ਪਿੰਡ ਵਸ ਵਸ ਕੇ ਤੀਹ, ਚਾਲੀ, ਪੰਜਾਹ ਪਿੰਡ ਬਣੇ ਪਏ ਨੇ। ਸੋ ਧਰਤੀ ਵਿੱਚ ਗੱਡਣ ਨੂੰ ਤਾਂ ਕਿਸੇ ਸਿੰਘ ਨੂੰ ਗਾਲ਼ ਸਮਝਣਾ ਹੀ ਨਹੀਂ ਚਾਹੀਦਾ।"
 ਉਹਨਾਂ ਨੂੰ ਚੁੱਪ ਹੋਇਆ ਦੇਖ ਮੈਂ ਪੁੱਛਿਆ, ''ਜਥੇਦਾਰ ਜੀ ਜੋ ਹਰਾਮੀ ਦੀ ਗਾਲ਼ ਦੇ ਰਹੇ ਨੇ?"

--ਭ૷

ਰਾਗੀ ਜੀ ਜ਼ੋਰ ਦੀ ਹੱਸੇ, ''ਹਾ ...  ਹਾ ...  ਹਾ ...  ਹੋ ...  ਹੋ ...  ਹੋ ...  ਹੁਣੇ ਭਾਈ ਬੁੱਧਵੈਰ ਸਿੰਘ ਜੀ ਨੇ ਦੱਸਿਆ ਹੈ ਕਿ ਤੁਸੀਂ ਲੇਖਕ ਹੋ। ਤੁਹਾਨੂੰ ਤਾਂ ਭਾਸ਼ਾ ਦੀ ਥੋੜ੍ਹੀ-ਬਹੁਤੀ ਸਮਝ ਹੋਣੀ ਚਾਹੀਦੀ ਹੈ। ਭਾਸ਼ਾ ਤਾਂ ਬਾਰ੍ਹੀਂ ਕੋਹੀਂ ਬਦਲ ਜਾਂਦੀ ਹੈ। ਤੁਸੀਂ ਦੇਖਿਆ ਹੋਵੇਗਾ ਕਿ ਉਧਰੋਂ ਆਏ ਹੋਏ ਵੀਰ-ਭੈਣਾਂ ਗਿਆਰਾਂ ਨੂੰ ਯਾਰਾਂ, ਪੱਚੀ ਨੂੰ ਪੰਝੀ ਤੇ ਇੱਕ ਨੂੰ ਹਿਕ ਉਚਾਰਦੇ ਨੇ। ਅ ਨੂੰ ਹ ਬੋਲਣਾ ਉਹਨਾਂ ਲਈ ਸਹਿਜ ਗੱਲ ਹੈ। ਜਥੇਦਾਰ ਮੱਕੜ ਜੀ ਅਸਲ ਵਿੱਚ ਕਿਸੇ ਨੂੰ ਹਰਾਮੀ ਨਹੀਂ, ਅਰਾਮੀ ਕਹਿ ਰਹੇ ਨੇ, ਭਾਵ ਸੁਖ-ਰਹਿਣਾ ਜੋ ਸਿੱਖਾਂ ਵਾਲੀ ਕਿਰਤ-ਘਾਲ ਛੱਡ ਕੇ ਅਰਾਮ ਦੇ, ਐਸ਼ ਦੇ ਜੀਵਨ ਵਿੱਚ ਪੈ ਗਿਆ ਹੋਵੇ!"
ਮੈਂ ਰਾਗੀ ਸਿੰਘ ਦੀ ਵਿਦਵਤਾ ਅੱਗੇ ਨਤਮਸਤਕ ਹੋ ਕੇ ਉਹਨਾਂ ਦੇ ਗੋਡੇ ਛੋਹੇ ਅਤੇ ਘਰ ਨੂੰ ਚੱਲ ਪਿਆ। ਰਾਹ ਵਿੱਚ ਮੈਂ ਜਗਤਾਰ-ਅਵਤਾਰ ਦੇ ਘਰ ਕੋਲੋਂ ਲੰਘਿਆ ਤਾਂ ਉਹਨਾਂ ਦਾ ਚੇਤਾ ਸੱਜਰਾ ਹੋ ਗਿਆ। ਵੱਡਾ ਜਗਤਾਰ ਸਿੰਘ ਹੁਣ ਕਈ ਸਾਲਾਂ ਤੋਂ ਇੰਗਲੈਂਡ ਵਸਿਆ ਹੋਇਆ ਹੈ। ਸ਼ਾਂਤ-ਸੁਭਾਅ ਅਤੇ ਦੁੱਧ ਨੂੰ ਦੁੱਧ ਤੇ ਪਾਣੀ ਨੂੰ ਪਾਣੀ ਕਹਿਣ ਵਾਲਾ। ਝਗੜਿਆਂ ਵਾਲੇ ਲੋਕ ਉਹਨੂੰ ਪੰਚ ਬਣਾਉਂਦੇ। ਜੇ ਉਹਦਾ ਕੋਈ ਵਿਰੋਧੀ ਵੀ ਸੱਚਾ ਹੁੰਦਾ, ਉਹ ਫ਼ੈਸਲਾ ਉਹਦੇ ਹੱਕ ਵਿੱਚ ਹੀ ਦਿੰਦਾ। ਪਿੰਡ ਦੇ ਲੋਕ ਆਖਦੇ, ''ਬਈ ਹੋਰ ਤਾਂ ਨਿਆਂ ਦੀ ਤੱਕੜੀ ਫੜਦੇ ਨੇ, ਆਪਣੇ ਜਗਤਾਰ ਸਿਉਂ ਨੇ ਤਾਂ ਨਿਆਂ ਦਾ ਤੱਕੜ ਫੜਿਆ ਹੋਇਆ ਐ!" ਹੌਲੀ ਹੌਲੀ ਉਹਦਾ ਨਾਂ ਹੀ ਜਗਤਾਰ ਸਿੰਘ ਤੱਕੜ ਪੈ ਗਿਆ। ਛੋਟੇ ਦਾ ਨਾਂ ਸਬੱਬ ਨਾਲ ਅਵਤਾਰ ਸਿੰਘ ਸੀ। ਜਗਤਾਰ ਤੋਂ ਬਿਲਕੁਲ ਉਲਟ, ਕਾਹਲੇ ਸੁਭਾਅ ਦਾ, ਪੈਰ ਪੈਰ ਉੱਤੇ ਝੂਠ ਬੋਲਣ ਵਾਲਾ, ਵਾਧੂ ਬੇਥਵ੍ਹੀਆਂ ਗੱਲਾਂ ਮਾਰਨ ਵਾਲਾ! ਉਹਦੀਆਂ ਆਦਤਾਂ ਤੋਂ ਅੱਕੇ ਹੋਏ ਲੋਕ ਆਖਦੇ, ''ਕਿਥੇ ਜਗਤਾਰ ਸਿਉਂ ਤੇ ਕਿਥੇ ਇਹ! ਐਵੇਂ ਬਕਬਕ ਕਰਦਾ ਰਹਿੰਦਾ ਐ!" ਹੌਲੀ ਹੌਲੀ ਉਹਦਾ ਨਾਂ ਅਵਤਾਰ ਸਿੰਘ ਬੱਕੜ ਪੈ ਗਿਆ।
ਜਦੋਂ ਜਗਤਾਰ ਦਾ ਫ਼ੋਨ ਆਵੇ, ਅਵਤਾਰ ਦੇ ਉਹੋ ਹਾੜ੍ਹੇ, ਬਾਈ ਮੈਨੂੰ ਇੱਕ ਵਾਰੀਂ ਤਾਂ ਗੋਰਿਆਂ ਦਾ ਦੇਸ ਦਿਖਾ ਦੇ! ਜਗਤਾਰ ਮਨ ਹੀ ਮਨ ਹੱਸਿਆ ਕਰੇ, ਬਿਹਾਰੀ ਨੂੰ ਸਿਹਾਰੀ ਬਣਾ ਕੇ ਬੋਲਦਾ ਐ, ਸੋਚਦਾ ਗੋਰੀਆਂ ਦਾ ਦੇਸ ਐ, ਕਹਿੰਦਾ ਗੋਰਿਆਂ ਦਾ ਦੇਸ ਐ! ਆਖ਼ਰ ਵਲੈਤ ਪੁੱਜਿਆ ਤਾਂ ਉਹਦੀ ਆਦਤ ਤੇ ਇੱਛਾ ਜਾਣਦਿਆਂ ਜਗਤਾਰ ਨੇ ਦੋ ਗਲਾਸਾਂ ਨਾਲ ਬੋਤਲ ਲਿਆ ਰੱਖੀ। ਇੱਕ ਹਾੜਾ ਸੰਘੋਂ ਉਤਾਰ ਕੇ ਅਵਤਾਰ ਕਹਿੰਦਾ, ''ਬਾਈ, ਇਥੇ ਭਾਬੀ ਐ, ਭਤੀਜਾ-ਭਤੀਜੀ ਐ, ਦਾਰੂ ਕੀ ਸੁਆਹ ਖਿੜੂ! ਕਿਸੇ ਠੇਕੇ ਜਾਂ ਹਾਤੇ ਵਿੱਚ ਚਲਦੇ ਆਂ, ਉਥੇ ਸਾਹਬ ਬਣਾਂਗੇ।" ਰੂੜੀ ਮਾਰਕਾ ਪੀਣ ਵਾਲੇ ਅਵਤਾਰ ਨੇ ਬਾਰ ਦੇ ਸੁਰਗ ਵਿੱਚ ਬੈਠ ਕੇ ਚਾਰ ਕੁ ਹਾੜੇ ਅੰਦਰ ਸੁੱਟੇ ਤੇ ਆਲੇਦੁਆਲੇ ਘੋਖਵੀਂ ਨਜ਼ਰ ਮਾਰੀ। ਵਲੈਤੀ ਵਿਸਕੀ ਦੇ ਤਰਾਰੇ ਸਦਕਾ ਸੁਹਣੀਆਂ ਤਾਂ ਚੁਫੇਰੇ ਬੈਠੀਆਂ ਜ਼ਨਾਨੀਆਂ ਵੀ ਲੱਗੀਆਂ ਪਰ ਲੱਕ ਹਿਲਾ ਹਿਲਾ ਕੇ ਗਾ ਰਹੀ ਮੇਮ ਨੇ ਤਾਂ ਹੱਦ ਹੀ ਪੁਗਾ ਛੱਡੀ ਸੀ! ਕਹਿੰਦਾ, ''ਬਾਈ, ਮੇਰਾ ਤਾਂ ਬੱਕਰਾ ਬੁਲਾਉਣ ਨੂੰ ਤੇ ਗਾਲ਼ਾਂ ਦੇਣ ਨੂੰ ਜੀਅ ਕਰਦਾ ਐ!" ਹੈਰਾਨ ਹੋਏ ਜਗਤਾਰ ਨੇ ਪ੍ਰੇਸ਼ਾਨ ਹੋ ਕੇ ਬਥੇਰਾ ਸਮਝਾਇਆ ਪਰ ਉਹ ਨਾ ਹੀ ਮੰਨਿਆ। ਆਖ਼ਰ ਬੇਵੱਸ ਜਗਤਾਰ ਨੂੰ ਇੱਕ ਰਾਹ ਸੁੱਝਿਆ। ਉਹਨੇ ਜਾ ਕੇ ਪ੍ਰਬੰਧਕ ਨੂੰ ਕਿਹਾ, ''ਸਾਡੇ ਇੰਡੀਆ ਤੋਂ ਇੱਕ ਬਹੁਤ ਵੱਡਾ ਫੋਕ-ਆਰਟਿਸਟ ਆਇਆ ਹੋਇਆ ਐ।" ਪ੍ਰਬੰਧਕ ਨੇ ਖ਼ੁਸ਼ੀ ਖ਼ੁਸ਼ੀ ਮਾਈਕ ਗੋਰੀ ਤੋਂ ਲੈ ਕੇ ਜਗਤਾਰ ਨੂੰ ਦੇ ਦਿੱਤਾ। ਉਹ ਕਹਿੰਦਾ, ''ਆ ਜਾ ਅਵਤਾਰ, ਲਾਹ ਲੈ ਰੀਝਾਂ, ਚੱਕ ਦੇ ਫੱਟੇ!" ਲਉ ਜੀ, ਅਵਤਾਰ ਸਿੰਘ ਬੱਕੜ ਨੇ ਮਾਈਕ ਫੜਿਆ ਅਤੇ ਪਹਿਲਾਂ ਤਾਂ ਪੁੱਠੇ ਹੱਥ ਉੱਤੇ ਬੁੱਲ੍ਹ ਰੱਖ ਕੇ ਖ਼ੂਬ ਰੱਜ ਕੇ ਬੱਕਰਾ ਬੁਲਾਇਆ ਤੇ ਫ਼ੇਰ ਪੂਰਾ ਸੰਘ ਪਾੜ ਕੇ ਫ਼ਰਮਾਇਆ, ''ਉਇ ਮੇਰੇ ਸਾਲਿਓ ਗੋਰਿਓ, ਤੁਸੀਂ ਸਾਡੇ ਉੱਤੇ ਰਾਜ ਕਰਦੇ ਰਹੇ? ਉਇ ਓਦੋਂ ਮੈਂ ਨ੍ਹੀਂ ਸੀ ਅਜੇ ਜੰਮਿਆ, ਹੁਣ ਆਉ ਮੇਰੇ ਸਾਹਮਣੇ ਹਰਾਮੀਓ, ਥੋਨੂੰ ਗੱਡਾਂ ਧਰਤੀ ਵਿੱਚ ਡੂੰਘਾ! ਥੋਡੀ ਉਇ ਮਾਂ... ਥੋਡੀ ਉਇ ਭੈਣ... !" ਜਦੋਂ ਹੌਂਕ-ਹਫ਼ ਕੇ ਉਹਨੇ ਮਾਈਕ ਮੋੜਿਆ, ਗੋਰੇ-ਗੋਰੀਆਂ ਤੇ ਭਾਰਤੀਆਂ, ਪਾਕਿਸਤਾਨੀਆਂ, ਸਭ ਨੇ ਇਸ ਸਭਿਆਚਾਰਕ ਪੇਸ਼ਕਾਰੀ ਲਈ ਪ੍ਰਸ਼ੰਸਾ ਦੀਆਂ ਤਾੜੀਆਂ ਨਾਲ ਹਾਲ ਦੀ ਛੱਤ ਡਿੱਗਣ ਵਾਲੀ ਕਰ ਦਿੱਤੀ। ਉਹਤੋਂ ਪਹਿਲਾਂ ਗਾਉਣ ਵਾਲੀ ਮੇਮ ਨੇ ਤਾਂ ਉਹਦੀ ਕਲਾ ਦੀ ਕਦਰ ਕਰਦਿਆਂ ਭੱਜ ਕੇ ਉਹਨੂੰ ਜੱਫੀ ਆ ਪਾਈ ਤੇ ਕਿੰਨਾ ਚਿਰ ਚੁੰਮਦੀ ਹੀ ਰਹੀ!
ਮੈਂ ਸੋਚਿਆ, ਕੁਰਸੀ ਦਾ ਨਸ਼ਾ ਤਾਂ ਵਲੈਤੀ ਵਿਸਕੀ ਨਾਲੋਂ ਵੀ ਕਈ ਗੁਣਾ ਤਿੱਖਾ ਹੁੰਦਾ ਹੈ। ਜਥੇਦਾਰ ਅਵਤਾਰ ਸਿੰਘ ਮੱਕੜ ਜੀ ਆਪਣੇ ਸ਼ਹਿਰ ਦੀ ਲੀਡਰੀ ਕਰ ਕੇ ਬਾਗੋਬਾਗ ਸਨ ਪਰ ਹੋਣੀ ਨੇ ਬਾਦਲ ਜੀ ਰਾਹੀਂ ਉਹਨਾਂ ਨਾਲ ਅਜੀਬ ਮਜ਼ਾਕ ਕੀਤਾ ਅਤੇ ਸਿੱਖਾਂ ਦੀ ਸਰਬ-ਉੱਚ ਧਾਰਮਿਕ ਸੰਸਥਾ ਦੇ ਮੁਖੀ ਦੀ ਕੁਰਸੀ ਉੱਤੇ ਬਿਠਾ ਦਿੱਤਾ। ਕਿਸੇ ਕੁਰਸੀ ਵਾਲੇ ਨੂੰ ਪੁੱਛ ਕੇ ਦੇਖੋ, ਚਾਰੇ ਪਾਵਿਆਂ ਵਿੱਚੋਂ ਤਰੰਗਾਂ ਉੱਠ ਕੇ ਸ਼ਰੀਰ ਵਿੱਚ ਝਰਨਾਟ ਛੇੜਦੀਆਂ ਜਦੋਂ ਸਿਰ ਨੂੰ ਚੜ੍ਹਦੀਆਂ ਹਨ, ਉੱਚੇ ਬੁਰਜ ਤੋਂ ਹੇਠਾਂ ਦੇਖਣ ਵਾਂਗ ਰੱਬ ਦੇ ਬੰਦੇ ਛੋਟੇ ਛੋਟੇ ਲਗਦੇ ਹਨ ਅਤੇ ਵਿਰੋਧੀਆਂ ਲਈ ਦੁਰਵਚਨ ਸੁੱਤੇਸਿਧ ਹੀ ਮੂੰਹੋਂ ਨਿਕਲ ਵਗਦੇ ਹਨ। ਸੋ, ਗੁਰਮੁਖ ਪਿਆਰਿਓ, ਜੇ ਕੁਰਸੀ ਦੇ ਨਸ਼ੇ ਵਿੱਚ ਜਥੇਦਾਰ ਜੀ ਨੇ ਬੱਕਰਾ ਬੁਲਾ ਦਿੱਤਾ, ਹੈਰਾਨੀ ਕਾਹਦੀ!
ਹਾਂ, ਜੇ ਇਸ ਵਰਤਾਰੇ ਦਾ ਇੱਕ ਵਧੀਆ ਨਮੂਨਾ ਹੋਰ ਦੇਖਣਾ ਹੈ, ਕਿਤੋਂ ਲੱਭ ਕੇ ਬਹੁਤ ਸਾਲ ਪਹਿਲਾਂ ਆਈ ਕਮਾਲ ਦੀ ਫ਼ਿਲਮ 'ਸਗੀਨਾ ਮਾਹਤੋ' ਦੇਖ ਲਵੋ। ਉਸ ਵਿੱਚ ਮਜ਼ਦੂਰਾਂ ਲਈ ਆਪਣਾ ਸਭ ਕੁਛ ਕੁਰਬਾਨ ਕਰ ਦੇਣ ਵਾਲੇ ਮਜ਼ਦੂਰ ਆਗੂ ਦਲੀਪ ਕੁਮਾਰ ਨੂੰ ਬੇਅਸਰ ਕਰਨ ਲਈ ਕਾਰਖਾਨੇਦਾਰ ਇੱਕ ਜੁਗਤ ਸੋਚਦਾ ਹੈ। ਉਹ ਉਹਨੂੰ ਮਜ਼ਦੂਰਾਂ ਦਾ ਭਲਾਈ ਅਫ਼ਸਰ ਥਾਪ ਕੇ ਸਜੇ-ਧਜੇ ਘਰ ਤੇ ਅਨੇਕ ਸਹੂਲਤਾਂ ਤੋਂ ਇਲਾਵਾ ਦਫ਼ਤਰੀ ਕੁਰਸੀ ਵੀ ਦੇ ਦਿੰਦਾ ਹੈ। ਝੱਗੀ ਤੇ ਧੋਤੀ ਦੇ ਆਦੀ ਦਲੀਪ ਕੁਮਾਰ ਨੂੰ ਜਦੋਂ ਮਹਿੰਗੇ ਸੂਟ-ਬੂਟ ਪੁਆ ਦਿੱਤੇ ਜਾਂਦੇ ਹਨ, ਉਹਦੀ ਐਕਟਿੰਗ ਦੀ ਬਰੀਕੀ ਤਾਂ ਦੇਖਣ ਵਾਲੀ ਹੈ ਹੀ, ਉਹਦਾ ਉਥੇ ਗਾਇਆ ਗੀਤ ਵੀ ਲਾਜਵਾਬ ਹੈ। ਗੀਤ ਦੇ ਆਰੰਭਕ ਬੋਲ ਹਨ: ਮੈਂ ਤੋ ਸਾਲਾ ਸਾਹਬ ਬਨ ਗਿਆ/ ਸਾਹਬ ਬਨ ਕੇ ਕੈਸਾ ਤਣ ਗਿਆ/ ਯਿਹ ਬੂਟ ਮੇਰਾ ਦੇਖੋ, ਯਿਹ ਸੂਟ ਮੇਰਾ ਦੇਖੋ/ ਜੈਸੇ ਗੋਰਾ ਕੋਈ ਲੰਡਨ ਕਾ, ਹਾ!
ਪਰ ਸਾਰੇ ਹੀ ਮੇਰੇ ਮਿੱਤਰ ਬੁੱਧਵੈਰ ਸਿੰਘ ਜਾਂ ਰਾਗੀ ਜੀ ਵਰਗੇ ਨਹੀਂ। ਕਈ ਵੀਰ ਚਿੰਤਾ ਵੀ ਸਾਂਝੀ ਕਰਦੇ ਹਨ, ''ਭੁੱਲਰ ਜੀ, ਇਹ ਕੈਮਰੇ ਅੱਗੇ ਪ੍ਰਧਾਨ ਜੀ ਦੀਆਂ ਗਾਲ਼ਾਂ ਵਾਲੀ ਗੱਲ ਸਿੱਖ ਕੌਮ ਲਈ ਹੋਈ ਤਾਂ ਮਾੜੀ ਹੀ! ਤੁਸੀਂ ਹੀ ਕੁਛ ਦੱਸੋ, ਹੁਣ ਕੀਤਾ ਕੀ ਜਾਵੇ?" ਮੈਂ ਉਹਨਾਂ ਨੂੰ ਪੁਰਖਿਆਂ ਦੇ ਗਿਆਨ-ਸਾਗਰ ਵਿੱਚੋਂ ਇੱਕ ਵਾਰਤਾ ਸੁਣਾਉਂਦਾ ਹਾਂ। ਇੱਕ ਰਾਈਂ ਗਧੀ ਉੱਤੇ ਲੱਦ ਕੇ ਪਿੰਡਾਂ ਵਿੱਚ ਸਬਜ਼ੀਆਂ ਵੇਚਣ ਜਾ ਰਿਹਾ ਸੀ ਅਤੇ ਰਾਹ ਵਿੱਚ ਕਹਿੰਦਾ ਜਾਂਦਾ ਸੀ, ਚੱਲ ਬੀਬੀ, ਚੱਲ ਭੈਣੇ, ਚੱਲ ਮਾਤਾ! ਇੱਕ ਰਾਹੀ ਹੱਸਿਆ, ''ਦਿਮਾਗ਼ ਹਿੱਲ ਗਿਆ? ਗਧੀ ਨੂੰ ਬੀਬੀ ਭੈਣ ਮਾਤਾ ਕਹੀ ਜਾਨੈਂ?" ਰਾਈਂ ਬੋਲਿਆ, ''ਭਰਾਵਾ, ਪਿੰਡਾਂ ਵਿੱਚ ਮੈਥੋਂ ਦਾਣਿਆਂ ਵੱਟੇ ਸਬਜ਼ੀ ਜ਼ਨਾਨੀਆਂ ਹੀ ਖ਼ਰੀਦਣਗੀਆਂ। ਐਥੇ ਏਸ ਬਿਚਾਰੀ ਬੇਜ਼ਬਾਨ ਨੂੰ ਗਾਲ਼ਾਂ ਦੇਊਂ, ਅੱਗੇ ਕਿਸੇ ਨੂੰ ਮੰਦਾ ਬੋਲ ਕੇ ਜੁੱਤੀਆਂ ਖਾਊਂ। ਹੱਸ ਨਾ ਭਾਈ, ਮੈਂ ਤਾਂ ਮਿੱਠਾ ਬੋਲਣ ਦਾ ਅਭਿਆਸ ਕਰ ਰਿਹਾ ਹਾਂ!" ਇਸ ਲਈ ਮੇਰਾ ਸੁਝਾਅ ਹੈ ਕਿ ਉਸ ਰਾਈਂ ਨੂੰ ਲੱਭਿਆ ਜਾਵੇ ਤੇ ਮੁਖਾਰਬਿੰਦ ਤੋਂ ਗਾਲੀ-ਗਲੋਚ ਦੇ ਫੁੱਲ ਕੇਰਨ ਵਾਲੇ ਸੱਜਨਾਂ ਦੀ ਉਸ ਕੋਲ ਟਿਊਸ਼ਨ ਰਖਵਾ ਦਿੱਤੀ ਜਾਵੇ!
 (011-65736868)
' ' '

Comments (0)

Write comment

smaller | bigger

busy
You are here:   Homeਲੜੀਵਾਰਚਰਚਾ ਤੇ ਚੇਤਾਜਦੋਂ ਆਦਮੀ 'ਸਾਹਬ' ਬਣਦਾ ਹੈ!

Currency Converter

Amount:
From:
To:


Gurbani Radio


Gurbani - Sri Harmandir Sahib