Thursday, 28 June 2012 05:20
Print PDF

ਪਰਵਾਸ ਦਾ ਵਰਤਾਰਾ ਬਹੁਤ ਪੁਰਾਣਾ ਹੈ। ਇਤਿਹਾਸ ਗਵਾਹ ਹੈ ਕਿ ਜਿਹਨਾਂ ਕੌਮਾਂ ਨੇ ਪਰਵਾਸ ਕੀਤਾ, ਉਹ ਤਰੱਕੀ ਦੀਆਂ ਸਿਖਰਾਂ ਨੂੰ ਛੂਹ ਗਈਆਂ। ਪੰਜਾਬੀਆਂ ਦੇ ਖੂਨ ਵਿਚ ਹੀ ਪਰਵਾਸ ਦਾ ਰੁਝਾਨ ਹੈ। ਬਾਬਾ ਨਾਨਕ ਦੀਆਂ ਉਦਾਸੀਆਂ ਵੀ ਪੰਜਾਬੀਆਂ ਨੂੰ ਪ੍ਰੇਰਿਤ ਕਰਦੀਆਂ ਰਹੀਆਂ ਹਨ। ਆਪਣੀ ਧਰਤੀ ਮਾਂ ਅਤੇ ਮਾਂ ਦੀ ਬੁੱਕਲ ਨੂੰ ਛੱਡ ਕੇ ਜਾਣਾ ਬਹੁਤ ਔਖਾ ਹੈ ਅਤੇ ਹੋਰ ਵੀ ਔਖਾ ਹੈ ਬਗਾਨੀ ਧਰਤੀ ਤੇ ਆਪਣੀਆਂ ਜੜ੍ਹਾਂ ਨੂੰ ਲਾਉਣਾ। ਆਪਣਿਆਂ ਤੋਂ ਦੂਰ ਹੋਣ ਦਾ ਹੇਰਵਾ ਰਾਤਾਂ ਨੂੰ ਸੌਣ ਨਹੀਂ ਦਿੰਦਾ। ਬੇਗਾਨਿਆਂ ਦੀਆਂ ਨਫਰਤ ਭਰੀਆਂ ਅੱਖਾਂ ਦਿਨੇ ਕੰਮ ਤੇ ਦਿਲ ਨਹੀਂ ਲੱਗਣ ਦਿੰਦੀਆਂ। ਚੌਦਾਂ ਚੌਦਾਂ, ਪੰਦਰਾਂ ਪੰਦਰਾਂ ਘੰਟੇ ਕੰਮ ਕਰਕੇ ਕਮਾਏ ਡਾਲਰਾਂ ਨਾਲ ਬਾਪੂ ਦੇ ਕਰਜ਼ੇ ਨੂੰ ਲਾਹ ਕੇ ਛੋਟੇ ਭੈਣ ਭਰਾਵਾਂ ਨੂੰ ਸੈਟ ਕਰਦੇ ਕਰਦੇ ਕਈਆਂ ਦੇ ਪੂਰੇ ਜਨਮ ਹੀ ਲੇਖੇ ਲੱਗ ਜਾਂਦੇ ਹਨ। ਕਈ ਚੰਦਰੀਆਂ ਅਤੇ ਬਦਕਿਸਮਤ ਰੂਹਾਂ ਨੇ ਆਪਣੇ ਬਾਪੂ ਦੇ ਵੁਮਰ ਦੇ ਮਰਦਾਂ ਨੂੰ ਆਪਣਾ ਪਤੀ ਪਰਮੇਸ਼ਵਰ ਮੰਨ ਕੇ ਸਭ ਕੁਝ ਸੌਂਪ ਦਿੱਤਾ ਤਾਂ ਜੋ ਸਾਰੇ ਪਰਿਵਾਰ ਨੂੰ ਸੈਟ ਕੀਤਾ ਜਾ ਸਕੇ। ਅਜਿਹੇ ਹਾਲਾਤ ਭੋਗਣ ਤੋਂ ਬਾਅਦ

 ਜਦੋਂ ਭਲੇ ਦਿਨ ਆਉਂਦੇ ਹਨ ਤਾਂ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਵੱਡੀਆਂ ਵੱਡੀਆਂ ਕੋਠੀਆਂ ਆਪਣੇ ਜੱਦੀ ਪਿੰਡਾਂ ਵਿਚ ਬਣਾਈਆਂ ਜਾਂਦੀਆਂ ਹਨ। ਜ਼ਮੀਨਾਂ ਖਰੀਦੀਆਂ ਜਾਂਦੀਆਂ ਹਨ। ਜੱਟ ਦਾ ਜ਼ਮੀਨ ਮੋਹ ਤਾਂ ਜੱਗ ਜਾਹਿਰ ਹੈ। ਜ਼ਮੀਨਾਂ ਖਰੀਦ ਕੇ ਜੱਟੀ ਜ਼ਮੀਨ ਨਾਲ ਕਿੱਲਿਆਂ ਦੇ ਕਿੱਲੇ ਜੋੜ ਕੇ ਵੱਡਾ ਸਰਦਾਰ ਅਖਵਾਉਣਾ ਭਲਾ ਕਿਸਨੂੰ ਚੰਗਾ ਨਹੀਂ ਲੱਗਦਾ। ਰੂਹ ਭਾਵੇਂ ਪਿੰਡ ਦੀ ਜੂਹਾਂ ਵਿਚ ਫਿਰਦੀ ਰਹੇ ਪਰ ਆਪ ਤਾਂ ਫਿਰ ਜਹਾਜ਼ੇ ਚੜ੍ਹ ਕੇ ਮੁੜ ਡਾਲਰਾਂ ਦੇ ਗੇੜ ਵਿਚ ਪੈਣਾ ਪੈਂਦਾ ਹੈ। ਡਾਲਰਾਂ ਦੇ ਗੇੜ ਵਿਚ ਔਲਾਦਾਂ ਹੱਥੋਂ ਨਿਕਲ ਰਹੀਆਂ ਹਨ। ਇੱਧਰੋਂ ਔਲਾਦ ਗਈ ਉਧਰੋਂ ਪਿੰਡ ਵਾਲੀ ਜ਼ਮੀਨ ਉਤੇ ਸ਼ਰੀਕਾਂ, ਭੈਣ, ਭਰਾਵਾਂ, ਭਾਣਜੇ, ਭਾਣਜੀਆਂ ਦੀ ਕੈਰੀ ਨਜ਼ਰ ਹੁੰਦੀ ਹੈ।
ਪਰਵਾਸੀ ਪੰਜਾਬੀਆਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਵਿਚੋਂ ਇਕ ਹੈ ਉਹਨਾਂ ਦੀ ਹੱਡ ਭੰਨਵੀ ਕਮਾਈ ਨਾਲ ਬਣੀਆਂ ਜਾਇਦਾਦਾਂ ਦੇ ਕਬਜ਼ਿਆਂ ਦੀ ਜਾਂ ਫਿਰ ਉਹਨਾਂ ਦੀਆਂ ਜੱਦੀ ਜਾਇਦਾਦਾਂ ਉਪਰ ਹੋ ਰਹੇ ਨਜਾਇਜ਼ ਕਬਜ਼ਿਆਂ ਦੀ। ਅਰਥਿਕ ਨੁਕਸਾਨ ਦੇ ਨਾਲ ਨਾਲ ਉਹਨਾਂ ਨੂੰ ਮਾਨਸਿਕ ਤਸ਼ੱਦਦ ਵੀ ਝੱਲਣਾ ਪੈਂਦਾ ਹੈ। ਬਹੁਤ ਵਾਰ ਉਹਨਾਂ ਦੀ ਹਾਲਤ
ਨਾ ਖੁਦਾ ਹੀ ਮਿਲਾ ਨਾ ਵਸਾਲੇ ਸਨਮ
ਨਾ ਇੱਧਰ ਕੇ ਰਹੇ ਨਾ ਉਧਰ ਕੇ ਰਹੇ' ਵਾਲੀ ਹੋ ਜਾਂਦੀ ਹੈ। ਸਰਕਾਰਾਂ ਆਉਂਦੀਆਂ ਹਨ, ਜਾਂਦੀਆਂ ਹਨ, ਮੁੱਖ ਮੰਤਰੀ ਆਉਂਦੇ ਹਨ, ਜਾਂਦੇ ਹਨ। ਐਨ. ਆਰ. ਆਈਜ਼ ਦੀਆਂ ਸਮੱਸਿਆਵਾਂ ਦੇ ਹੱਲ ਲਈ ਵੱਡੇ ਵੱਡੇ ਬਿਆਨ ਦਾਗੇ ਜਾਂਦੇ ਹਨ। ਐਨ. ਆਰ. ਆਈਜ਼ ਸਭਾਵਾਂ ਬਣਾਈਆਂ ਜਾਂਦੀਆਂ ਹਨ। ਸੈਮੀਨਾਰ ਕਰਵਾਏ ਜਾਂਦੇ ਹਨ। ਥਾਣੇ ਬਣਾਏ ਜਾਂਦੇਹਨ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਕੀ ਇਸਦਾ ਕੋਈ ਹੱਲ ਸੰਭਵ ਹੈ। ਇਸ ਬਾਰੇ ਨਵੀਂ ਬਣੀ ਅਕਾਲੀ ਸਰਕਾਰ ਦੇ ਨੌਜਵਾਨ ਕੈਬਨਿਟ ਮਾਲ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨਵੀਆਂ ਤਜਵੀਜ਼ਾਂ ਨਾਲ ਹਾਜ਼ਰ ਹੋਇਆ ਹੈ। ਸਰਕਾਰੀ ਪ੍ਰੈਸ ਨੋਟ ਇਉਂ ਕਹਿੰਦਾ ਹੈ:
''ਪੰਜਾਬ ਦੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵੱਲੋਂ ਪਰਵਾਸੀ ਭਾਰਤੀਆਂ ਦੀਆਂ ਜ਼ਮੀਨਾਂ ਦੇ ਮਸਲਿਆਂ ਦੇ ਜਲਦੀ ਹੱਲ ਲਈ ਇਹੋ ਜਿਹੇ ਸਾਰੇ ਮਾਮਲੇ ਨੋਡਲ ਅਫਸਰਾਂ ਵਜੋਂ ਨਿਯੁਕਤ ਜ਼ਿਲ੍ਹਾ ਮਾਲ ਅਫਸਰਾਂ ਨੂੰ ਭੇਜਣ ਦੇ ਹੁਕਮ ਦਿੱਤੇ ਹਨ।
ਅੱਜ ਇੱਥੇ ਵਿੱਤ ਸਕੱਤਰ ਮਾਲ ਸ੍ਰੀ ਐਨ. ਐਸ. ਕੰਗ ਤੇ ਪੰਜਾਬ ਭਰ ਦੇ ਜ਼ਿਲ੍ਹਾ ਮਾਲ ਅਫਸਰਾਂ ਨਾਲ ਵਿਭਾਗ ਦੇ ਕੰਮਕਾਜ ਨੂੰ ਚੁਸਤ-ਦਰੁਸਤ ਬਣਾਉਣ ਲਈ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੂੰ ਜ਼ਮੀਨ ਦੇ ਕੇਸਾਂ ਸਬੰਧੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਕਰਕੇ ਜ਼ਿਲ੍ਹਾ ਮਾਲ ਅਫਸਰਾਂ ਨੂੰ ਉਹਨਾਂ ਦੇ ਤਕਸੀਮ, ਇੰਤਕਾਲ, ਗਿਰਦਾਵਰੀ, ਵਿਆਹ ਦੀ ਰਜਿਸਟ੍ਰੇਸ਼ਲ ਆਦਿ ਸਬੰਧੀ ਕੇਸਾਂ ਦੇ ਨਿਪਟਾਰੇ ਲਈ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਆਮ ਵਰਤਾਰਾ ਇਹ ਹੈ ਕਿ ਪ੍ਰਵਾਸੀ ਭਾਰਤੀ ਇਕ ਤੋਂ ਦੋ ਮਹੀਨੇ ਲਈ ਪੰਜਾਬ ਆਉਂਦੇ ਹਨ। ਇੰਨੇ ਸਮੇਂ ਦੌਰਾਨ ਉਹਨਾਂ ਦੇ ਕੇਸਾਂ ਦੇ ਹੱਲ ਨਾ ਹੋਣ ਕਾਰਨ ਕੇਸ ਸਾਲਾਂ ਬੱਧੀ ਲਟਕਦੇ ਰਹਿੰਦੇ ਹਨ। ਉਹਨਾਂ ਇਸ ਸਮੱਸਿਆ ਦੇ ਹੱਲ ਲਈ ਤਹਿਸੀਲਦਾਰਾਂ ਨੂੰ ਹੁਕਮ ਦਿੱਤੇ ਹਨ ਕਿ ਉਹ ਪ੍ਰਵਾਸੀ ਭਾਰਤੀਆਂ ਦੇ ਸਾਰੇ ਕੇਸ ਤੁਰੰਤ ਜ਼ਿਲ੍ਹਾ ਮਾਲ ਅਫਸਰਾਂ ਨੂੰ ਭੇਜਣ।
ਪ੍ਰਵਾਸੀ ਭਾਰਤੀਆਂ ਤੇ ਉਹਨਾਂ ਦੀ ਜਾਇਦਾਦ ਦੀ ਮਾਲ ਵਿਭਾਗ ਕੋਲ ਰਜਿਸਟ੍ਰੇਸ਼ਨ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਪਿੰਡ ਪੱਧਰ ਤੇ ਪ੍ਰਵਾਸੀ ਭਾਰਤੀਆਂ ਦੀ ਗਿਣਤੀ, ਉਹਨਾਂ ਦੀ ਨਾਗਰਿਕਤਾ, ਜਾਇਦਾਦ ਬਾਰੇ ਵੇਰਵੇ ਇਕੱਤਰ ਕੀਤੇ ਜਾਣਗੇ। ਸ੍ਰੀ ਮਜੀਠੀਆ ਨੇ ਕਿਹਾ ਕਿ ਰਾਜ ਦੇ ਸਾਰੇ ਤਹਿਸੀਲ ਕੰਪਲੈਕਸਾਂ ਵਿਚ ਪਟਵਾਰ ਸਟੇਸ਼ਨ ਬਣਾਏ ਜਾਣ ਦਾ ਕੰਮ 6 ਮਹੀਨੇ ਦੇ ਅੰਦਰ ਅੰਦਰ ਪੂਰਾ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਪਟਵਾਰੀ ਹਫਤੇ ਦੇ ਦੋ ਦਿਨ ਆਪਣੇ ਪਟਵਾਰ ਹਲਕੇ ਵਿਚ ਤੇ 3 ਦਿਨ ਪਟਵਾਰ ਸਟੇਸ਼ਨ ਵਿਖੇ ਬੈਠਣਗੇ। ਫਰਦ ਕੇਂਦਰਾਂ ਵਿਚ ਸਮੇਂ ਦੀ ਬੱਚਤ ਲਈ ਪਾਸਪੋਰਟ ਦਫਤਰਾਂ ਦੀ ਤਰਜ਼ ਤੇ ਟੋਕਨ ਵਿਵਸਥਾ 15 ਅਗਸਤ ਤੱਕ ਸ਼ੁਰੂ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ।
ਉਹਨਾਂ ਸਾਰੇ ਜ਼ਿਲ੍ਹਾ ਮਾਲ ਅਫਸਰਾਂ ਨੂੰ ਕਿਹਾ ਕਿ ਉਹ ਵਫਦ ਕੇਂਦਰਾਂ ਵਿਚ ਚੱਲ ਰਹੇ ਕੰਮਕਾਜ ਦਾ ਜਾਇਜ਼ਾ ਲੈਣ ਲਈ ਉਹਨਾਂ ਦੇ ਅਚਨਚੇਤ ਦੌਰੇ ਕਰਨ ਤੇ ਉਥੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਯਤਨ ਕਰਨ। ਇਸ ਤੋਂ ਇਲਾਵਾ ਹਰ ਮਹੀਨੇ ਜ਼ਿਲ੍ਹਾ ਵਾਰ ਰੈਵੇਨਿਊ ਕੈਂਪ ਲਾਉਣ ਦਾ ਵੀ ਫੈਸਲਾ ਕੀਤਾ ਗਿਆ। ਰਾਜ ਰੈਵੇਨਿਊ ਰਿਕਵਰੀ ਦੇ ਕੇਸਾਂ ਨੂੰ ਨਿਪਟਾਉਣ ਸਬੰਧੀ ਉਹਨਾਂ ਜ਼ਿਲ੍ਹਾ ਮਾਲ ਅਫਸਰਾਂ ਨੂੰ ਕਿਹਾ ਕਿ ਉਹ ਇਯ ਸਬੰਧੀ ਕੰਮ ਵਿਚ ਤੇਜੀ ਲਿਆਉਣ।
ਮਜੀਠੀਆ ਸਾਹਿਬ ਤੁਹਡੇ ਇਸ ਬਿਆਨ ਦਾ ਤਾਂ ਹੀ ਫਾਇਦਾ ਹੋਵੇਗਾ ਜੇਕਰ ਇਸਨੂੰ ਅਮਲ ਵਿਚ ਲਿਆਉਣ ਲਈ ਦਿਲੋਂ ਮਿਹਨਤ ਕੀਤੀ ਜਾਵੇ। ਬਿਨਾਂ ਸ਼ੱਕ ਉਕਤ ਬਿਆਨ ਵਿਚ ਦਰਸਾਏ ਗਏ ਸਮਾਧਾਨ ਪ੍ਰਵਾਸੀਆਂ ਦੀਆਂ ਜ਼ਮੀਨਾਂ ਜਾਇਦਾਦਾਂ ਦੇ ਮਸਲਿਆਂ ਦੇ ਹੱਲ ਲਈ ਕਾਫੀ ਹੱਦ ਤੱਕ ਸਹੀ ਪਹੁੰਚ ਦਾ ਸੰਕੇਤ ਹਨ। ਉਂਝ ਵੀ ਹੁਣ ਸਮਾਂ ਆ ਗਿਆ ਹੈ ਕਿ ਫੋਕੀਆਂ ਫੜਾਂ ਨਾਲੋਂ ਕੰਮ ਕਰਕੇ ਦਿਖਾਇਆ ਜਾਵੇ ਤਾਂ ਮੀਡੀਆ ਰਾਹੀਂ ਤੁਸੀਂ ਪ੍ਰਵਾਸੀਆਂ ਦੇ ਦਿਲਾਂ ਦੇ ਨੇੜੇ ਪਹੁੰਚ ਜਾਵੋਗੇ। ਗਲੋਬਲ ਪੰਜਾਬ ਫਾਊਂਡੇਸ਼ਨ ਵਰਗੀਆਂ ਕਈ ਗੈਰ ਸਰਕਾਰੀ ਸੰਸਥਾਵਾਂ ਲੰਮੇ ਸਮੇਂ ਤੋਂ ਪ੍ਰਵਾਸੀ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਹਨ ਅਤੇ ਅਜਿਹੀਆਂ ਸਮੱਸਿਆਵਾਂ ਦੇ ਹੱਲ ਲਈ ਉਹ ਹਰ ਤਰ੍ਹਾਂ ਤੁਹਾਨੂੰ ਸਹਿਯੋਗ ਦੇਣ ਲਈ ਤੱਤਪਰ ਹਨ।

Comments (0)

Write comment

smaller | bigger

busy
You are here:   Homeਲੜੀਵਾਰਹਾਸ਼ੀਏ ਦੇ ਆਰ-ਪਾਰਪ੍ਰਵਾਸੀ ਭਾਰਤੀਆਂ ਦੇ ਜ਼ਮੀਨੀ ਮਾਮਲਿਆਂ ਨੂੰ ਜਲਦੀ ਹੱਲ ਕੀਤਾ ਜਾਵੇ

Currency Converter

Amount:
From:
To:


Gurbani Radio


Gurbani - Sri Harmandir Sahib