Thursday, 05 July 2012 10:16
Print PDF

ਮੈਂ ਪਹਿਲੀ ਵਾਰ ਮੁਹੰਮਦ ਸਦੀਕ ਨੂੰ 1965 ਵਿਚ ਦਿੜਬੇ ਸੁਣਿਆ ਸੀ। ਉਸ ਸਮੇਂ ਸਦੀਕ ਅਤੇ ਰਣਜੀਤ ਕੌਰ ਦੀ ਜੋੜੀ ਪੰਜਾਬੀ ਗਾੲਕੀ ਵਿਚ ਸਿਖਰਾਂ ਵੱਲ ਨੂੰ ਵਧਣ ਲਈ ਯਤਨਸ਼ੀਲ ਸੀ। ਉਸ ਸਮੇਂ ਡਿਊਟ ਦਾ ਰਿਵਾਜ ਪ੍ਰਚੱਲਿਤ ਸੀ ਅਤੇ 1980 ਤੱਕ ਦੋਗਾਣੇ ਗਾਉਣ ਵਾਲੇ ਪੰਜਾਬੀਆਂ ਦੇ ਜ਼ੁਬਾਨ ਤੇ ਹੁੰਦੇ ਸਨ। 1980 ਤੋਂ ਬਾਅਦ ਗੁਰਦਾਸ ਮਾਨ ਦੇ ਆਉਣ ਨਾਲ ਪੰਜਾਬੀ ਗਾਇਕੀ ਵਿਚ ਇਕ ਨਵੀਂ ਲਹਿਰ ਪੈਦਾ ਹੁੰਦੀ ਹੈ ਪਰ ਕਮਾਲ ਇਸ ਗੱਲ ਦੀ ਹੈ ਕਿ ਗਾਇਕੀ ਦੀ ਲਹਿਰ ਭਾਵੇਂ ਕੋਈ ਵੀ ਰਹੀ ਪਰ ਪਿਛਲੇ ਪੰਜ ਦਹਾਕਿਆਂ ਤੋਂ ਸਦੀਕ ਆਪਣੀ ਚਾਲੇ ਪੂਰੀ ਰਵਾਨਗੀ ਨਾਲ ਚੱਲ ਰਿਹਾ ਹੈ। 1965 ਤੋਂ ਬਾਦ 44 ਵਰ੍ਹੇ ਬਾਅਦ ਮੈਂ ਸਦੀਕ ਨੂੰ ਟਰਾਂਟੋ ਦੇ ਪਾਵਰਰੇਡ ਹਾਲ ਵਿਚ ਮੁੜ ਸੁਣਿਆ। ਇਸ ਵਾਰ ਉਸ ਨਾਲ ਰਣਜੀਤ ਕੌਰ ਨਹੀਂ ਸੁਖਜੀਤ ਆ ਰਹੀ ਸੀ। 26 ਜੁਲਾਈ 2009 ਨੂੰ ਪੀ. ਟੀ. ਸੀ. ਚੈਨਲ ਦੇ ਉਦਘਾਟਨੀ ਸਮਾਰੋਹ ਵਿਚ ਸਦੀਕ ਜਦੋਂ ਸਟੇਜ ਤੇ ਆਇਆ ਤਾਂ ਕਨੇਡੀਅਨ ਪੰਜਾਬੀਆਂ ਨੇ ਉਸ ਨੂੰ ਡੇਢ ਦੋ ਮਿੰਟ ਲਈ

ਖੜ੍ਹਕੇ ਤਾਲੀਆਂ ਦੀ ਆਵਾਜ਼ ਰਾਹੀਂ ਆਪਣੇ ਮਨਪਸੰਦ ਸਦਾਬਹਾਰ ਗਾਇਕ ਨੂੰ ਅਜਿਹਾ ਪਿਆਰ ਅਤੇ ਸਤਿਕਾਰ ਦਿੱਤਾ ਜੋ ਉਸਨੇ ਪੰਜ ਦਹਾਕਿਆਂ ਦੇ ਰਿਆਜ਼ ਵਿਚ ਖੱਟਿਆ ਸੀ। ਉਸ ਸਮੇਂ ਮੇਰੇ ਨਾਲ ਬੈਠੇ ਪੀ. ਟੀ. ਸੀ. ਚੈਨਲ ਦੇ ਸੀ. ਈ. ਓ. ਦੇ ਮੂੰਹੋਂ ਮੈਂ ਸੁਣਿਆ ਸੀ ਕਿ 'ਪੰਜਾਬੀਓਂ ਕੋ ਸੰਗੀਤ ਸੇ ਬਹੁਤ ਪ੍ਰੇਮ ਹੈ।' ਸੱਚਮੁਚ ਹੀ ਪੰਜਾਬੀ ਕਲਾ ਪ੍ਰੇਮੀ ਹਨ ਖਾਸ ਤੌਰ ਤੇ ਆਪਣੇ ਗਾਇਕਾਂ ਨੂੰ ਅੱਖਾਂ ਤੇ ਬਚਾਉਂਦੇ ਹਨ। ਇਹ ਧਾਰਨਾ ਹੋਰ ਪ੍ਰਪੱਕ ਹੋ ਗਈ ਜਦੋਂ ਭਦੌੜ ਤੋਂ ਮੁਹੰਮਦ ਸਦੀਕ ਨੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੂੰ ਚਾਰੇ ਖਾਨੇ ਚਿੱਤ ਕਰ ਦਿੱਤਾ।
ਮੁਹੰਮਦ ਸਦੀਕ ਜਿਸਨੇ ਪੰਜਾਬ ਲੋਕ ਸੰਪਰਕ ਵਿਭਾਗ ਵਿਚ ਇਕ ਦਿਹਾੜੀਦਾਰ ਗਾਇਕ ਵਜੋਂ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਸੀ, ਅੱਜ ਪੰਜਾਬ ਵਿਧਾਨ ਸਭਾ ਵਿਚ ਆਪਣੇ ਗੀਤ ਸੁਣਾ ਕੇ ਇਤਿਹਾਸ ਰਚਣ ਵਿਚ ਕਾਮਯਾਬ ਹੋਇਆ। ਸਦੀਕ ਦਾ ਪੰਜਾਬ ਵਿਧਾਨ ਸਭਾ ਵਿਚ ਗਾਉਣਾ ਸੱਤਾਧਾਰੀ ਅਕਾਲੀਆਂ ਅਤੇ ਵਿਰੋਧੀ ਕਾਂਗਰਸੀਆਂ ਵਿਚ ਵੱਡੇ ਵਿਵਾਦ ਦਾ ਵਿਸ਼ਾ ਬਣ ਗਿਆ। ਅਕਾਲੀ ਪਾਰਟੀ ਇਸਨੂੰ ਸਦਨ ਦੀ ਮਰਿਆਦਾ ਭੰਗ ਕਰਨ ਵਾਲੀ ਕਾਰਵਾਈ ਕਹਿ ਕੇ ਵਿਰੋਧੀ ਧਿਰ ਕਾਂਗਰਸ ਦਾ ਮਜ਼ਾਕ ਉਡਾ ਰਹੀ ਹੈ।
ਇਸ ਗੀਤ ਦੀ ਘਟਨਾ ਇਉਂ ਵਾਪਰੀ ਜਦੋਂ ਸਦਨ ਵਿਚ ਕਾਂਗਰਸੀ ਹਾਕਮ ਧਿਰ ਤੇ ਤਾਬੜਤੋੜ ਹਮਲੇ ਕਰ ਰਹੇ ਸਨ, ਉਸ ਸਮੇਂ ਪੰਜਾਬ ਦੇ ਘਾਗ ਸਿਆਸਤਦਾਨ ਸ. ਪ੍ਰਕਾਸ਼ ਸਿੰਘ ਬਾਦਲ ਨੇ ਮੁਹੰਮਦ ਸਦੀਕ ਨੂੰ ਗੀਤ ਗਾਉਣ ਦੀ ਫਰਮਾਇਸ਼ ਕੀਤੀ ਅਤੇ ਸਪੀਕਰ ਸ. ਚਰਨਜੀਤ ਸਿੰਘ ਅਟਵਾਲ ਨੇ ਵੀ ਇਸਦੀ ਆਗਿਆ ਦੇ ਦਿੱਤੀ। ਕਾਂਗਰਸੀ ਵਿਧਾਇਕ ਸਦੀਕ ਨੇ ਗੀਤ ਗਾਉਣ ਤੋਂ ਪਹਿਲਾਂ ਮੁੱਖ ਮੰਤਰੀ ਦੀ ਰੱਜ ਕੇ ਤਾਰੀਫ ਵੀ ਕੀਤੀ। ਕਾਂਗਰਸੀ ਵਿਧਾਇਕਾਂ ਅਤੇ ਉਹਨਾਂ ਦੇ ਸਦਨ ਵਿਚਲੇ ਨੇਤਾ ਸੁਨੀਲ ਜਾਖੜ ਦੀ ਸਥਿਤੀ ਹਾਸੋਹੀਣੀ ਬਣਾ ਦਿੱਤੀ। ਪਰ ਜੋ ਸਦੀਕ ਨੇ ਗੀਤ ਚੁਣਿਆ ਉਹ ਉਸ ਚੋਣ ਲਈ ਤਾਂ ਸ਼ਾਬਾਸ਼ ਦਾ ਹੱਕਦਾਰ ਹੈ। ਸਦੀਕ ਨੇ ਪ੍ਰੋ. ਮੋਹਨ ਸਿੰਘ ਦੀ ਹੇਠ ਲਿਖੀ ਗ਼ਜ਼ਲ ਗਾਈ:
ਭਾਰਤ ਹੈ ਵਾਂਗ ਮੁੰਦਰੀ, ਵਿਚ ਨਗ ਪੰਜਾਬ
ਭਾਰਤ ਹੈ ਜੇ ਸ਼ਰਾਬ, ਇਹ ਨਸ਼ਾ ਸ਼ਰਾਬ ਦਾ
ਆਵਣ ਨੂੰ ਤਾਂ ਜਵਾਨੀਆਂ ਹਰ ਇਕ 'ਤੇ ਆਉਂਦੀਆਂ
ਪਰ ਹੋਰ ਹੀ ਹਿਸਾਬ ਹੈ, ਸਾਡੇ ਸ਼ਬਾਬ ਦਾ
ਮਿਟ ਜਾਣ ਆਪੇ ਬੋਲੀਆਂ, ਵਾਲਾਂ ਦੇ ਵਿਤਕਰੇ
ਮਰਦਾਨੇ ਵਾਂਗ ਛੇੜੀਏ ਜੇ ਸੁਰ ਰਬਾਬਰਦਾ
ਉਠੋ ਕਿ ਉਠ ਕੇ ਦੇਸ਼ ਦਾ ਮੂੰਹ ਮੱਥਾ ਤੋਲੀਏ
ਮੁੜ ਕੇ ਪੰਜਾਬ ਸਾਜੀਏ, ਨਾਨਕ ਦੇ ਖਾਬ ਦਾ।
ਇੱਥੋਂ ਤੱਕ ਤਾਂ ਫਿਰ ਵੀ ਸਭ ਠੀਕ ਸੀ ਗੀਤ ਤੋਂ ਬਾਅਦ ਬਾਦਲ ਸਾਹਿਬ ਨੇ ਵਿਅੰਗ ਦਾ ਉਹ ਤੀਰ ਛੱਡਿਆ,ਜਿਸ ਨਾਲ ਸਾਰੇ ਕਾਂਗਰਸੀ ਤਰਲੋਮੱਛੀ ਹੋ ਗਏ। ਬਾਦਲ ਸਾਹਿਬ ਕਹਿਣ ਲੱਗੇ 'ਹੁਣ ਲੱਗਦੇ ਹੱਥ ਵੈਣ ਵੀ ਪਾ ਦਿਓ'। ਸਦੀਕ ਤੋਂ ਬਿਨਾਂ ਹਾਜ਼ਰ ਵਿਰੋਧੀ ਧਿਰ ਨੂੰ ਵਿਅੰਗ ਦਾ ਬਾਣ ਬਿੰਨ੍ਹ ਕੇ ਰੱਖ ਗਿਆ। ਸਦਨ ਦੇ ਅੰਦਰ ਅਤੇ ਬਾਹਰ ਇਸ ਸ਼ਬਦ ਦੀ ਵੱਡੀ ਬਹਿਸ ਛਿੜ ਗਈ। ਸੁਨੀਲ ਜਾਖੜ ਅਤੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਸਮੇਤ ਸਾਰੇ ਕਾਂਗਰਸੀਆਂ ਨੇ ਇਸਨੂੰ ਅਕਾਲੀ ਦਲ ਦੀ ਗਿਣੀ ਮਿੱਥੀ ਸਾਜਿਸ਼ ਕਰਾਰ ਦਿੱਤਾ। ਬਿੱਟੂ ਦਾ ਕਹਿਣਾ ਸੀ ਕਿ ਸੱਤਾ ਦੇ ਨਸ਼ੇ ਵਿਚ ਧੁੱਤ ਹੋਏ ਅਕਾਲੀ ਹੁਣ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਅਪਮਾਨ ਕਰਨ 'ਤੇ ਉਤਰੇ ਹੋਏ ਹਨ। ਕਈ ਦਹਾਕਿਆਂ ਤੋਂ ਪੰਜਾਬੀ ਸਭਿਆਚਾਰ ਨਾਲ ਜੁੜੇ ਗਾਇਕ ਨੂੰ ਸਿਅਸੀ ਜਾਲ ਵਿਚ ਫਸਾ ਕੇ ਜ਼ਲੀਲ ਕੀਤਾ ਜਾਣਾ ਮੰਦਭਾਗਾ ਹੈ, ਜਿਸਨੂੰ ਪੰਜਾਬੀ ਕਦੇ ਮਾਫ ਨਹੀਂ ਕਰਨਗੇ। ਕਾਂਗਰਸੀਆਂ ਦਾ ਕਹਿਣਾ ਹੈ ਕਿ ਪੰਜਾਬ ਦਾ ਵਿਕਾਸ ਕਰਵਾਉਣ ਵਿਚ ਅਸਫਲ ਰਹੇ ਅਕਾਲੀ ਅਤੇ ਮੁੱਖ ਮੰਤਰੀ ਅਜਿਹੇ ਸਿਆਸੀ ਦਾਅ ਪੇਚ ਰਚ ਕੇ ਪੰਜਾਬੀਆਂ ਦਾ ਧਿਆਨ ਵਿਕਾਸ ਵੱਲ ਤੋਂ ਹਟਾ ਕੇ ਸਿਆਸੀ ਚਾਲਾਂ ਲਗਾਉਣ ਵਿਚ ਲੱਗੇ ਹੋਏ ਹਨ।
ਅਕਾਲੀ ਕਾਂਗਰਸ ਦੇ ਇਸ ਇਲਜ਼ਾਮ ਦਾ ਜਵਾਬ ਦਿੰਦੇ ਹੋਏ ਤਰਕ ਦਿੰਦੇ ਹਨ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬੀਤੇ ਦਿਨੀਂ ਵਿਧਾਨ ਸਭਾ ਸੈਸ਼ਨ ਦੌਰਾਨ ਵਿਧਾਇਕ ਤੇ ਲੋਕ ਗਾਇਕ ਸਦੀਕ ਨੂੰ ਗੀਤ ਸੁਣਾਉਣ ਲਈ ਨਹੀਂ ਬਲਕਿ ਸਪੀਕਰ ਸਾਹਿਬ ਨੂੰ ਇਹ ਕਿਹਾ ਸੀ ਕਿ ਜ਼ੀਰੋ ਆਵਰ ਵਿਚ ਵਿਰੋਧੀ ਧਿਰ ਵੱਲੋਂ ਸੂਬੇ ਦੇ ਵਿਕਾਸ ਲਈ ਗੱਲ ਕਰਨ ਦੀ ਬਜਾਏ ਸਦਨ ਦੇ ਕੀਮਤੀ ਸਮੇਂ ਨੂੰ ਹਾਸੋਹੀਣੇ ਮਾਹੌਲ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਇਸ ਨਾਲੋਂ ਤਾਂ ਇਹ ਠੀਕ ਹੈ ਕਿ ਜ਼ੀਰੋ ਆਵਰ ਵਿਚ ਸਦੀਕ ਹੁਰਾਂ ਦਾ ਗੀਤ ਹੀ ਸੁਣ ਲਵੋ। ਇਯ ਤੋਂ ਪਹਿਲਾਂ ਕਿ ਸਪੀਕਰ ਸਾਹਿਬ ਜਾਂ ਕੋਈ ਹੋਰ ਕੁਝ ਬੋਲਦਾ, ਸਦੀਕ ਸਾਹਿਬ ਆਪਣੀ ਸੀਟ 'ਤੇ ਖੜ੍ਹੇ ਹੋ ਗਏ ਅਤੇ ਗੀਤ ਗਾਉਣ ਲੱਗ ਪਏ।  ਡਾ. ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਸਦੀਕ ਸਾਹਿਬ ਨੇ ਕਿਸੇ ਦੀ ਨਹੀਂ ਸੁਣੀ ਇੱਥੋਂ ਤੱਕ ਕਿ ਉਹਨਾਂ ਨੂੰ ਤਾਂ ਵਿਰੋਧੀ ਧਿਰ ਦੇ ਆਗੂ ਜਾਖੜ ਸਾਹਿਬ ਵੀ ਰੋਕਦੇ ਰਹੇ। ਚੀਮਾ ਦੀ ਦਲੀਲ ਸੀ ਕਿ ਬਾਦਲ ਸਾਹਿਬ ਸਦਨ ਵਿਚ ਸਭ ਤੋਂ ਸੀਨੀਅਰ ਆਗੂ ਹਨ, ਇਸ ਲਈ ਉਹ ਕਦੇ ਵੀ ਹਲਕੀ ਗੱਲ ਨਹੀਂ ਕਰ ਸਕਦੇ। ਹਾਂ ਜੇ ਕਿਸੇ ਨੂੰ ਕੁਝ ਸਮਝਣ ਵਿਚ ਗਲਤੀ ਲੱਗ ਜਾਵੇ ਤਾਂ ਉਹ ਬਾਦਲ ਸਾਹਿਬ ਦਾ ਕਸੂਰ ਨਹੀਂ ਹੈ। ਹਾਲਾਂਕਿ ਉਹਨਾਂ ਨੇ ਤਾਂ ਸਦੀਕ ਸਾਹਿਬ ਦੇ ਗੀਤ ਤੋਂ ਬਾਅਦ ਕਾਂਗਰਸੀਆਂ ਨੂੰ ਤਨਜ਼ ਕਰਦਿਆਂ ਇੱਥੋਂ ਤੱਕ ਆਖ ਦਿੱਤਾ ਕਿ ਹੁਣ ਵੈਣ ਪਾਉਣੇ ਰਹਿ ਗਏ ਹਨ, ਉਹ ਵੀ ਤਿਆਰ ਕਰ ਲਵੋ।'
ਦੋਵਾਂ ਧਿਰਾਂ ਦੀ ਬਿਆਨਬਾਜ਼ੀ ਵਿਚ ਸਦੀਕ ਬੌਂਦਲ ਗਿਆ ਅਤੇ ਕਹਿਣ ਲੱਗਾ ਕਿ ਨਵੇਂ ਆਏ ਵਿਦਿਆਰਥੀ ਵਾਂਗ ਮੇਰੀ ਤਾਂ ਰੈਗਿੰਗ ਕਰ ਦਿੱਤੀ ਹੈ। ਗੱਲ ਕੁਝ ਵੀ ਹੋਵੇ। ਕਸੂਰ ਕਿਸੇ ਦਾ ਵੀ ਹੋਵੇ ਪਰ ਮੁਹੰਮਦ ਸਦੀਕ ਵਰਗੇ ਭੋਲੇ ਭਾਲੇ ਕਲਾਕਾਰ ਦੀ ਤੌਹੀਨ ਕਰਨ ਦਾ ਕਿਸੇ ਨੂੰ ਹੱਕ ਨਹੀਂ। ਉਂਝ ਵੀ ਦੁਨੀਆਂ ਦੇ ਬਹੁਤ ਸਾਰੇ ਸਦਨਾਂ ਵਿਚ ਨੇਤਾ ਲੋਕ ਆਪਣੇ ਆਪਣੇ ਭਾਸ਼ਣਾਂ ਵਿਚ ਸ਼ੇਅਰ ਅਤੇ ਕਵਿਤਾਵਾਂ ਬੋਲਦੇ ਹਨ। ਜੇ ਲਾਲੂ ਪ੍ਰਸਾਦ ਵਰਗੇ ਨੇਤਾਵਾਂ ਦੀਆਂ ਕਵਿਤਾਵਾਂ ਨਾਲ ਸਦਨ ਦੀ ਮਰਿਆਦਾ ਭੰਗ ਨਹੀਂ ਹੁੰਦੀ ਤਾਂ ਮੁਹੰਮਦ ਸਦੀਕ ਦੇ ਪੰਜਾਬ ਭਗਤੀ ਦੇ ਗੀਤ ਨਾਲ ਕਿਵੇਂ ਹੋ ਗਈ। ਉਂਝ ਵੀ ਸ. ਪ੍ਰਕਾਸ਼ ਸਿੰਘ ਬਾਦਲ ਵਰਗੇ ਸਿਆਸਤਦਾਨ ਦੇ ਵਿਅੰਗ ਨੂੰ ਸਮਝਣਾ ਮੁਹੰਮਦ ਸਦੀਕ ਵਰਗੇ ਅਨਾੜੀ ਸਿਆਸਤਦਾਨ ਲਈ ਬਹੁਤ ਔਖਾ ਹੈ। ਸਦੀਕ ਦੇ ਭੋਲੇਪਣ ਤੇ ਮਾਸੂਮੀਅਤ ਦੀ ਕਹਾਣੀ ਸੁਣੋ। 12 ਮਈ 2012 ਨੂੰ ਪੰਜਾਬੀ ਜਾਗਰਣ ਅਖ਼ਬਾਰ ਵੱਲੋਂ ਵੱਖ ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ, ਜਿਸ ਵਿਚ ਮੁਹੰਮਦ ਸਦੀਕ ਦਾ ਨਾਮ ਵੀ ਸ਼ਾਮਲ ਸੀ। ਉਹਨਾਂ ਸੱਤਰਾਂ ਦੇ ਲਿਖਾਰੀ ਨੂੰ ਵੀ ਪੰਜਾਬ ਦੇ ਵਿਦਿਅਕ ਖੇਤਰ ਵਿਚ ਯੋਗਦਾਨ ਬਦਲੇ ਸਨਮਾਨਿਤ ਕੀਤਾ ਗਿਆ ਸੀ। ਮੈਂ ਜਲੰਧਰ ਦੇ ਪੀ. ਏ. ਪੀ. ਸਟੇਡੀਅਮ ਜਿੱਥੇ ਕਿ ਗੁਰਦਾਸ ਮਾਨ ਨਾਈਟ ਦੌਰਾਨ ਇਹ ਸਨਮਾਨ ਦਿੱਤੇ ਜਾਣੇ ਸਨ, ਵਕਤ ਸਿਰ ਪਹੁੰਚ ਗਿਆ। ਮੈਥੋਂ ਤੁਰੰਤ ਬਾਅਦ ਗੁਰਭਜਨ ਗਿੱਲ ਵੀ ਪਹੁੰਚ ਗਿਆ। ਸੀਂ ਆਪਣੀ ਨਿਸਚਿਤ ਥਾਂ ਤੇ ਬੈਠੇ ਸਾਂ। ਮੈਂ ਵੇਖਿਆ ਕਿ ਮੁਹੰਮਦ ਸਦੀਕ ਤੁਰਿਆ ਆ ਰਿਹਾ ਹੈ। ਉਹ ਵੀ. ਆਈ. ਪੀ. ਖੇਮੇ ਵਿਚ ਆਉਣ ਦੀ ਬਜਾਏ ਸਕਿਊਰਟੀ ਗਾਰਡਾਂ ਲਈ ਰੱਖੀਆਂ ਕੁਰਸੀਆਂ 'ਤੇ ਹੀ ਸਜ ਗਿਆ। ਫਿਰ ਜਦੋਂ ਪੰਜਾਬੀ ਜਾਗਰਣ ਦੇ ਸੰਪਾਦਕ ਅਤੇ ਮੁੱਖ ਪ੍ਰਬੰਧਕ ਸ਼ਿੰਗਾਰਾ ਸਿੰਘ ਭੁੱਲਰ ਦੀ ਨਿਗ੍ਹਾ ਪਈ ਤਾਂ ਉਹ ਉਸ ਨੂੰ ਉਠਾ ਕੇ ਲਿਆਇਆ। ਅਜਿਹੇ ਭੋਲੇ ਭਾਲੇ ਕਲਾਕਾਰ ਦੇ ਮੋਢੇ 'ਤੇ ਰੱਖ ਕੇ ਵਿਰੋਧੀਆਂ ਨੂੰ ਠਿੱਠ ਕਰਨਾ ਬਹੁਤੇ ਪੰਜਾਬੀਆਂਨੂੰ ਪਸੰਦ ਨਹੀਂ ਆਇਆ ਅਤੇ ਨਾ ਹੀ ਪੰਜਾਬੀ ਮੁਹੰਮਦ ਸਦੀਕ ਨੂੰ ਸਦਨ ਦੀ ਮਰਿਆਦਾ ਭੰਗ ਕਰਨ ਦਾ ਕਸੂਰਵਾਰ ਸਮਝਦੇ ਹਨ। ਜਦੋਂ ਸਦਨ ਵਿਚ ਜੁੱਤੀਆਂ ਚਲਦੀਆਂ ਹਨ ਕੀ ਉਦੋਂ ਸਦਨ ਦੀ ਮਰਿਆਦਾ ਭੰਗ ਨਹੀਂ ਹੁੰਦੀ। ਜਦੋਂ ਪੱਗਾਂ ਉਛਾਲੀਆਂ ਜਾਂਦੀਆਂ ਹਨ, ਉਦੋਂ ਮਰਿਆਦਾ ਭੰਗ ਨਹੀਂ ਹੁੰਦੀ। ਜਦੋਂ ਸਦਨ ਵਿਚ ਬੈਠ ਕੇ ਅਸ਼ਲੀਲ ਫਿਲਮਾਂ ਵੇਖੀਆਂ ਜਾਂਦੀਆਂ ਹਨ ਜਾਂ ਜਦੋਂ ਲੋਕਾਂ ਦੇ ਹਰਮਨ ਪਿਆਰੇ ਨੇਤਾ ਸਦਨ ਵਿਚ ਘੁਰਾੜੇ ਮਾਰਦੇ ਸੁਣਾਈ ਦਿੰਦੇ ਹਨ, ਉਦੋਂ ਸਦਨ ਦੀ ਮਰਿਆਦਾ ਬਾਰੇ ਬਾਵੇਲਾ ਕਿਉਂ ਨਹੀਂ ਖੜ੍ਹਾ ਕੀਤਾ ਜਾਂਦਾ। ਜਦੋਂ ਪਾਲੀਮੈਂਟ ਵਿਚ ਨੋਟਾਂ ਦੀਆਂ ਥੈਲੀਆਂ ਉਛਾਲੀਆਂ ਜਾਂਦੀਆਂ ਹਨ ਉਦੋਂ ਮਰਿਆਦਾ ਕਿੱਕੇ ਹੁੰਦੀ ਹੈ। ਜਦੋਂ ਸਪੀਕਰ ਦੇ ਵਾਰ ਵਾਰ ਕਹਿਣ ਦੇ ਬਾਵਜੂਣ ਮਾਇਕ ਪੁੱਟ ਕੇ ਇਕ ਦੂਜੇ ਤੇ ਮਾਰੇ ਜਾਂਦੇ ਹਨ, ਉਸ ਵੇਲੇ ਮਰਿਆਦਾ ਨਹੀਂ ਭੰਗ ਹੁੰਦੀ। ਹੁਣ ਜਦੋਂ ਕਿ ਮੁੱਖ ਮੰਤਰੀ ਫਰਮਾਇਸ਼ ਕਰਦਾ ਹੈ, ਭਾਵੇਂ ਵਿਅੰਗ ਵਿਚ ਹੀ ਸਹੀ ਅਤੇ ਸਪੀਕਰ ਆਗਿਆ ਦਿੰਦਾ ਹੈ ਤਾਂ ਵਿਧਾਇਕ ਦੇਸ਼ ਭਗਤੀ ਦਾ ਗੀਤ ਸੁਣਾਉਂਦਾ ਹੈ। ਇਸਨੂੰ ਕਿਸੇ ਤਰ੍ਹਾਂ ਸਦਨ ਦੀ ਮਰਿਆਦਾ ਦੀ ਤੌਹੀਨ ਨਹੀਂ ਕਿਹਾ ਜਾ ਸਕਦਾ। ਬਲਕਿ ਇਹ ਤਾਂ ਇਕ ਲੋਕ ਕਲਾਕਾਰ ਦੀ ਤੌਹੀਨ ਤਾਂ ਮੰਨੀ ਜਾ ਸਕਦੀ ਹੈ ਅਤੇ ਜਿਸਨੇ ਵੀ ਇਹ ਤੌਹੀਨ ਕੀਤੀ ਹੈ, ਉਸਦੀ ਨਿੰਦਾ ਕਰਨੀ ਬਣਦੀ ਹੈ, ਨਾਂ ਕਿ ਮੁਹੰਮਦ ਸਦੀਕ ਦੀ।

 

Comments (0)

Write comment

smaller | bigger

busy
You are here:   Homeਲੜੀਵਾਰਹਾਸ਼ੀਏ ਦੇ ਆਰ-ਪਾਰਕੀ ਮੁਹੰਮਦ ਸਦੀਕ ਨੇ ਕੀਤੀ ਸਦਨ ਦੀ ਮਰਿਆਦਾ ਭੰਗ

Currency Converter

Amount:
From:
To:


Gurbani Radio


Gurbani - Sri Harmandir Sahib