Thursday, 12 July 2012 07:08
Print PDF

'ਜਿਨੇ ਮੇਰਾ ਦਿਲ ਲੁੱਟਿਆ' ਦੀ ਸਫ਼ਲਤਾ ਤੋਂ ਬਾਅਦ ਨੀਰੂ ਬਾਜਵਾ ਅਤੇ ਗਾਇਕ ਦਲਜੀਤ ਨੇ 'ਜੱਟ ਐਂਡ ਜੂਲੀਅਟ' ਵਿੱਚ ਸਫ਼ਲਤਾ ਦੇ ਝੰਡੇ ਗੱਡ ਦਿੱਤੇ ਹਨ। ਪੰਜਾਬੀ ਵਿੱਚ ਬਣੀਆਂ ਹਾਸ ਰਸ ਦੀਆਂ ਫ਼ਿਲਮਾਂ ਵਿੱਚੋਂ 'ਜੱਟ ਐਂਡ ਜੂਲੀਅਟ' ਸਭ ਤੋਂ ਵੱਧ ਪੈਸੇ ਕਮਾਉਣ ਵਾਲੀ ਰੁਮਾਂਟਿਕ ਕਾਮੇਡੀ ਫ਼ਿਲਮ ਹੋ ਨਿੱਬੜੀ ਹੈ। ਬਿਨਾਂ ਦੋਹਰੇ ਅਰਥਾਂ ਤੋਂ ਅਜਿਹੀ ਕਾਮੇਡੀ ਫ਼ਿਲਮ ਦੀ ਪੰਜਾਬੀ ਪਿਆਰਿਆਂ ਨੂੰ ਚਿਰਾਂ ਤੋਂ ਉਡੀਕ ਸੀ। ਕੈਨੇਡਾ ਵਿੱਚ ਪੱਕੇ ਹੋਣ ਦੀ ਲਾਲਸਾ ਦਿਲ ਵਿੱਚ ਲੈ ਕੇ ਵੈਨਕੂਵਰ ਜਾ ਰਿਹਾ ਪਿੰਡ ਦਾ ਮੁੰਡਾ ਫਤਿਹ (ਦਲਜੀਤ) ਅਤੇ ਪੜ੍ਹਨ ਦੀ ਇੱਛਾ ਲੈ ਕੇ ਕੈਨੇਡਾ ਜਾ ਰਹੀ ਪੂਜਾ (ਨੀਰੂ ਬਾਜਵਾ) ਦਾ ਟਾਕਰਾ ਭਾਰਤ ਵਿੱਚ ਹੀ ਹੋ ਜਾਂਦਾ ਹੈ। ਫ਼ਿਰ ਸ਼ੁਰੂ ਹੁੰਦਾ ਹੈ ਹਾਸ ਰਸ ਦਾ ਦੌਰ। ਇਸ ਵਿੱਚ ਸ਼ਾਮਲ ਹੋ ਜਾਂਦੇ ਹਨ ਬੀ. ਐਨ. ਸ਼ਰਮਾ ਅਤੇ ਰਾਣਾ ਰਣਬੀਰ। ਇਸ ਵਾਰ ਰਾਣਾ ਵੀ ਭਾਪਿਆਂ ਦੀ ਬੋਲੀ ਬੋਲਦਾ ਹੋਇਆ ਬੀ. ਐਨ. ਸ਼ਰਮਾ ਵਾਂਗ ਓਵਰ ਐਕਟਿੰਗ ਕਰਦਾ

ਨਜਰੀਂ ਪੈਂਦਾ ਹੈ। ਦਲਜੀਤ ਅਤੇ ਨੀਰੂ ਬਾਜਵਾ ਦੀ ਨੋਕ ਝੋਕ ਨਾਲ ਫ਼ਿਲਮ ਅੱਗੇ ਤੁਰਦੀ ਤੁਰਦੀ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਉਣ ਵਿੱਚ ਕਾਮਯਾਬ ਹੁੰਦੀ ਹੈ। ਖ਼ਾਸ ਤੌਰ 'ਤੇ ਦਲਜੀਤ ਵੱਲੋਂ ਬੋਲੇ ਅੰਗਰੇਜ਼ੀ ਦੇ ਗ਼ਲਤ ਸ਼ਬਦਾਂ ਨੇ ਫ਼ਿਲਮ ਵਿੱਚ ਖ਼ੂਬ ਰੰਗ ਬੰਨ੍ਹਿਆ ਹੈ। ਵੈਨਕੂਵਰ ਪਹੁੰਚ ਕੇ ਜਿੱਥੇ ਕੈਨੇਡਾ ਵਿੱਚ ਬੇਰੁਜ਼ਗਾਰੀ ਨੂੰ ਨੰਗੇ ਕੀਤਾ ਗਿਆ ਹੈ, ਉਥੇ ਪੰਜਾਬੀ ਮੁੰਡਿਆਂ ਦੀ ਉਥੇ ਪੱਕੇ ਹੋਣ ਦੀ ਖ਼ਾਹਿਸ਼ ਨੂੰ ਬਾਖ਼ੂਬੀ ਦਰਸ਼ਕਾਂ ਸਾਹਮਣੇ ਰੱਖਣ ਵਿੱਚ ਕਾਮਯਾਬ ਹੁੰਦੀ ਹੈ ਇਹ ਫ਼ਿਲਮ।
ਵੈਨਕੂਵਰ ਵਿਖੇ ਦੋ ਹੋਰ ਕਾਮੇਡੀਅਨ ਦਲਜੀਤ ਅਤੇ ਨੀਰੂ ਦਾ ਸਾਥ ਦਿੰਦੇ ਹਨ। ਇਹ ਹਨ 'ਆਪਣਾ ਚੁੱਲ੍ਹਾ' ਰੈਸਟੋਰੈਂਟ ਦੇ ਮਾਲਕ ਜਸਵਿੰਦਰ ਭੱਲਾ ਅਤੇ ਉਪਾਸਨਾ ਸਿੰਘ। ਹਾਸੇ ਅਤੇ ਵਿਅੰਗ ਭਰਪੂਰ ਇਸ ਫ਼ਿਲਮ ਨੇ ਪੰਜਾਬੀਆਂ ਦੀ ਕੈਨੇਡਾ ਵਿੱਚ ਪੱਕੇ ਹੋਣ ਦੀ ਲਾਲਸਾ ਪੂਰੀ ਕਰਨ ਲਈ ਕੀਤੇ ਜਾ ਰਹੇ ਅਨੈਤਿਕ ਕੰਮਾਂ ਅਤੇ ਗ਼ਲਤ ਢੰਗਾਂ ਨੂੰ ਉਜਾਗਰ ਕੀਤਾ ਹੈ। ਗ਼ਲਤ ਅੰਗਰੇਜ਼ੀ ਦੇ ਅੱਖਰਾਂ ਦਾ ਉਚਾਰਣ ਅਤੇ ਡੂਮਣਾ, ਡੰਗਰ ਅਤੇ ਚੰਡੀਗੜ੍ਹ, ਢਹਿਜੂ ਵਰਗੇ ਲਫ਼ਜ਼ਾਂ ਨਾਲ ਹਾਸਾ ਪੈਦਾ ਕੀਤਾ ਗਿਆ ਹੈ। ਹਾਲਾਂਕਿ ਫ਼ੇਸਬੁੱਕ 'ਤੇ ਡੰਗਰ ਸ਼ਬਦ ਉੱਪਰ ਕੁੱਝ ਲੋਕਾਂ ਨੇ ਵਿਵਾਦ ਖੜ੍ਹਾ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਫ਼ਿਲਮ ਦੇ 7 ਗੀਤਾਂ ਵਿੱਚੋਂ ਪੰਜ ਗੀਤ ਦਿਲਜੀਤ ਨੇ ਗਾਏ ਹਨ। 'ਪੂਜਾ ਕਿਵੇਂ ਮੈਂ ਕੀ ਕਰਦੀ ਸੀ' ਅਤੇ 'ਹਾਈ ਫ਼ਾਈ ਜੂਲੀਅਟ' ਨੌਜਵਾਨਾਂ ਦੀ ਜ਼ੁਬਾਨ 'ਤੇ ਹਨ। ਬਿਜ਼ਨਸ ਦੇ ਪੱਖੋਂ ਇਹ ਫ਼ਿਲਮ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਬਰਤਾਨੀਆ ਵਿੱਚ ਬਹੁਤ ਹਿੱਟ ਰਹੀ ਹੈ। 29 ਜੂਨ 2012 ਨੂੰ ਰਿਲੀਜ਼ ਹੋਈ ਇਸ ਫ਼ਿਲਮ ਦੇ ਸਾਰੇ ਸ਼ੋਅ ਹਾਊਸ ਫ਼ੁੱਲ ਜਾ ਰਹੇ ਹਨ। ਇਸ ਫ਼ਿਲਮ ਦੀ ਸਫ਼ਲਤਾ ਦਾ ਰਾਜ਼ ਇਸ ਦੇ ਸਾਫ਼ ਸੁਥਰੇ ਸੰਵਾਦ ਹਨ ਜੋ ਧੀਰਜ ਰਤਨ ਨੇ ਲਿਖੇ ਹਨ। ਦਲਜੀਤ ਇਸ ਵਿੱਚ ਐਕਟਿੰਗ ਪੱਖੋਂ ਬਹੁਤ ਸੁਭਾਵਿਕ ਨਜ਼ਰ ਆ ਰਿਹਾ ਹੈ। ਸੱਚਮੁਚ ਹੀ ਇਸ ਗਾਇਕ ਨੇ ਐਕਟਿੰਗ ਵਿੱਚ ਵੀ ਆਪਣਾ ਲੋਹਾ ਮਨਵਾ ਲਿਆ ਹੈ। 'ਯਾਰ ਅਣਮੁੱਲੇ' ਵਰਗੀ ਸਫ਼ਲ ਫ਼ਿਲਮ ਦੀ ਨਿਰਦੇਸ਼ਨਾ ਕਰਨ ਤੋਂ ਬਾਅਦ ਅਨੁਰਾਗ ਸਿੰਘ ਦੀ ਡਾਇਰੈਕਸ਼ਨ ਵਿੱਚ ਹੋਰ ਵੀ ਨਿਖ਼ਾਰ ਆਇਆ ਹੈ। ਗਰੇਵਾਲਜ਼ ਸਾਇਨ ਐਂਡ ਸਪੀਡ ਰਿਕਾਰਡਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੇ ਨਿਰਮਾਤਾ ਦਰਸ਼ਨ ਪਾਲ ਸਿੰਘ ਗਰੇਵਾਲ ਅਤੇ ਗੁਨਬੀਰ ਸਿੰਘ ਸਿੱਧੂ ਹਨ 'ਜੱਟ ਐਂਡ ਜੂਲੀਅਟ' ਫ਼ਿਲਮ ਆਉਣ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਇੱਕ ਚੰਗੀ ਫ਼ਿਲਮ ਦਾ ਵਾਧਾ ਹੋਇਆ ਹੈ ਜੋ ਖਰੈਤੀ ਭੈਂਗੇ ਅਤੇ ਮਿਹਰ ਮਿੱਤਲ ਦੀ ਦੋਹਰੇ ਅਰਥਾਂ ਦੀ ਕਾਮੇਡੀ ਤੋਂ ਪੰਜਾਬੀ ਫ਼ਿਲਮਾਂ ਨੂੰ ਨਿਜਾਤ ਦਿਵਾਉਂਦੀ ਹੋਈ ਸਾਫ਼ ਸੁਥਰੀ ਅਤੇ ਅਰਥ ਭਰਪੂਰ ਕਾਮੇਡੀ ਵੱਲ ਇੱਕ ਸਾਰਥਕ ਕਦਮ ਹੈ। ਇਸ ਦਾ ਸਵਾਗਤ ਕਰਨਾ ਬਣਦਾ ਹੈ, ਜਿੱਥੇ ਫ਼ਿਲਮ ਦੇ ਨਿਰਮਾਤਾ, ਨਿਰਦੇਸ਼ਕ ਅਤੇ ਕਲਾਕਾਰਾਂ ਨੂੰ ਸ਼ਾਬਾਸ਼ ਦੇਣੀ ਬਣਦੀ ਹੈ, ਉਥੇ ਪੰਜਾਬੀ ਦਰਸ਼ਕਾਂ ਦੀ ਚੰਗੀ ਫ਼ਿਲਮ ਨੂੰ ਹੁੰਗਾਰਾ ਦੇਣ ਲਈ ਪ੍ਰਸ਼ੰਸਾ ਕਰਨੀ ਵੀ ਬਣਦੀ ਹੈ।

Comments (0)

Write comment

smaller | bigger

busy
You are here:   Homeਲੜੀਵਾਰਹਾਸ਼ੀਏ ਦੇ ਆਰ-ਪਾਰ'ਜੱਟ ਐਂਡ ਜੂਲੀਅਟ' ਇੱਕ ਅਰਥ ਭਰਪੂਰ ਕਾਮੇਡੀ ਫ਼ਿਲਮ

Currency Converter

Amount:
From:
To:


Gurbani Radio


Gurbani - Sri Harmandir Sahib