Thursday, 19 July 2012 06:29
Print PDF

ਅਣਮੰਨੇ ਦਿਲ ਨਾਲ ਕੈਨੇਡਾ ਵਿਚ ਵੱਸ ਰਹੇ ਸੁਖਪਾਲ ਸੋਹੀ ਨੂੰ ਮੈਂ ਪਹਿਲੀ ਵਾਰ 1974 ਵਿਚ ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਮਿਲਿਆ ਸੀ। ਪੰਜਾਬੀ ਸਾਹਿਤ ਸਭਾ ਦਾ ਸਕੱਤਰ ਹੋਣ ਕਾਰਨ ਅਤੇ ਪੰਜਾਬੀ ਸਾਹਿਤ ਦਾ ਵਿਦਿਆਰਥੀ ਹੋਣ ਕਾਰਨ ਮੈਂ ਕਾਲਜ ਵਿਚ ਹੋ ਰਹੇ ਕਵੀ ਦਰਬਾਰ ਦੀ ਸਟੇਜ ਸਕੱਤਰੀ ਦਾ ਫਰਜ਼ ਨਿਭਾਅ ਰਿਹਾ ਸੀ ਅਤੇ ਉਹਨਾਂ ਦਿਨਾਂ ਵਿਚ ਸ਼ਾਇਰੀ ਨਾਲ ਮੁਹੱਬਤ ਦਾ ਰਿਸ਼ਤਾ ਜੋੜ ਰਿਹਾ ਸੁਖਪਾਲ ਸੋਹੀ ਮੇਰੇ ਕੋਲ ਆਇਆ ਸੀ। ਉਸ ਸਮੇਂ ਕਾਲਜ ਦੇ ਵਿਦਿਆਰਥੀਆਂ ਵਿਚ ਉਸਦਾ ਲਿਖਿਆ ਗੀਤ:
ਉਠ ਕੇ ਵਕੀਲ ਕਰ ਲੈ, ਤੇਰੇ ਯਾਰ ਦੇ ਛਣਕਦੀ ਬੇੜੀ- ਬੜਾ ਮਕਬੂਲ ਹੋ ਚੁੱਕਿਆ ਸੀ। ਹਮਦਰਦ ਦਾ ਸੰਪਾਦਕ ਅਮਰ ਸਿੰਘ ਭੁੱਲਰ ਵੀ ਉਸ ਸਮੇਂ ਪੀ. ਐਸ. ਯੂ. ਦੇ ਨੇਤਾ ਵਜੋਂ ਕਾਲਜ ਵਿਚ ਸਰਗਰਮ ਸੀ। ਖ਼ੈਰ, ਉਹਨਾਂ ਦਿਨਾਂ ਤੋਂ ਬਾਅਦ ਇਹ ਈਸੀ ਵਾਲਾ ਸੁਖਪਾਲ ਮੈਨੂੰ ਮੁੜ 2007 ਵਿਚ ਪਟਿਆਲੇ ਮਿਲਿਆ ਅਤੇ ਉਸਨੇ ਦੱਸਿਆ ਕਿ ਪਟਿਆਲੇ ਰਹਿ ਕੇ ਜਿੱਥੇ ਉਹ ਬੱਚਿਆਂ ਨੂੰ ਪੜ੍ਹਾ ਰਿਹਾ ਹੈ, ਉਥੇ ਸ਼ਾਇਰੀ ਨਾਲ ਇਸ਼ਕ

 ਵੀ ਨਿਭਾਅ ਰਿਹਾ ਹੈ। ਉਹ ਆਪਣੇ ਨਵੇਂ ਕਾਵਿ ਸੰਗ੍ਰਹਿ ਦੇ ਖਰੜੇ ਨੂੰ ਲੈ ਕੇ ਮੈਨੂੰ ਯੂਨੀਵਰਸਿਟੀ ਆ ਮਿਲਿਆ ਅਤੇ ਕਹਿਣ ਲੱਗਾ ''ਇਸ ਨੂੰ ਪੜ੍ਹ ਅਤੇ ਜਿਵੇਂ ਵੀ ਲੱਗਦਾ ਹੈ ਇਸ ਬਾਰੇ ਲਿਖ, ਮੈਂ ਉਸਨੂੰ ਮੁੱਖ ਬੰਦ ਦੇ ਤੌਰ 'ਤੇ ਦੇਣਾ ਹੈ।''
ਦੋਸਤੀ ਦੇ ਦਾਅਵੇ ਨੂੰ ਭਲਾ ਕਿਵੇਂ ਇਨਕਾਰ ਕੀਤਾ ਜਾ ਸਕਦਾ ਹੈ। ਉਂਝ ਵੀ ਉਸਦੀ ਸ਼ਾਇਰੀ ਮੈਨੂੰ ਆਪਣੇ ਜਵਾਨੀ ਦੇ ਦਿਨਾਂ ਨੂੰ ਯਾਦ ਕਰਵਾ ਗਈ ਸੀ। ਸੋ, ਮੈਂ 'ਕੋਹਿਨੂਰ' ਦਾ ਮੁੱਖਬੰਦ ਲਿਖ ਉਸਨੂੰ ਫ਼ੋਨ ਕਰ ਦਿੱਤਾ। ਇਉਂ ਸਾਡੀਆਂ ਮੁਲਾਕਾਤਾਂ ਦਾ ਸਿਲਸਿਲਾ ਮੁੜ ਸ਼ੁਰੂ ਹੋ ਗਿਆ।
ਸੁਖਪਾਲ ਸੋਹੀ ਨੇ ਸਿਸਕਦੇ ਸਾਜ਼ 'ਕੋਹਿਨੂਰ' ਅਤੇ ਸੰਦਲੀ ਬੂਹੇ' ਤੋਂ ਬਾਅਦ ਜੂਨ 2012 ਵਿਚ ਮੇਰੇ ਹੱਥ ਆਪਣੀ ਨਵੀਂ ਕਾਵਿ ਪੁਸਤਕ 'ਸੱਜਣ ਮੇਰੇ ਰੰਗਲੇ' ਆ ਫੜਾਈ। ਇਹ ਤੈਥੋਂ ਰਿਲੀਜ਼ ਕਰਵਾਉਣੀ ਹੈ। ਤੂੰ ਆਪ ਕਰਨੀ ਹੈ ਜਾਂ ਕਿਸੇ ਹੋਰ ਤੋਂ। ਇਹ ਤੂੰ ਦੇਖਣਾ ਹੈ।'' ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਨੂੰ ਬੇਨਤੀ ਕੀਤੀ ਅਤੇ ਉਹ ਇਕਦਮ ਮੰਨ ਗਏ ਅਤੇ ਅਸੀਂ ਇਹ ਕਿਤਾਬ ਰਿਲੀਜ਼ ਕਰ ਦਿੱਤੀ।
'ਸੱਜਣ ਮੇਰੇ ਰੰਗਲੇ' ਬਾਰੇ ਸੋਹੀ ਕਹਿੰਦਾ ਹੈ 'ਮੇਰੇ ਕੋਲ ਤਾਂ ਮੁੱਠੀ ਕੁ ਅੱਖਰ ਹਨ ਅਤੇ ਇਨ੍ਹਾਂ ਦੀ ਜੋ ਵੀ ਵਰਤੋਂ ਕੀਤੀ ਗਈ ਹੈ, ਉਸ ਵਿਚ ਮੇਰਾ ਕੁਝ ਵੀ ਨਹੀ ਹੈ, ਸਭ ਉਸ ਪਰਮ ਸ਼ਕਤੀ ਦੀਆਂ ਦਾਤਾਂ ਹਨ, ਜੋ ਮੈਂ ਪਾਠਕਾਂ ਨਾਲ ਸਾਂਝੀਆਂ ਕਰ ਰਿਹਾ ਹਾਂ। ਜਦੋਂ ਵੀ ਆਪਣੀ ਗੱਲ ਕਹਿਣ ਦਾ ਹੌਲ ਉਠਦਾ ਹੈ, ਉਹ ਕਵਿਤਾ ਦਾ ਰੂਪ ਲੈ ਲੈਂਦਾ ਹੈ। ਪ੍ਰੀਤਮ ਸਿੰਘ ਰਾਹੀ ਨੇ ਠੀਕ ਹੀ ਕਿਹਾ ਹੈ-
''ਖਾਂਦੇ ਰਹਿਣ ਉਬਾਲੇ ਅੱਖਰ, ਜਾਂਦੇ ਨਹੀਂ ਸੰਭਾਲੇ ਅੱਖਰ
ਜਦੋਂ ਉਸ ਕੋਲੋਂ ਅੱਖਰ ਸੰਭਾਲੇ ਨਹੀਂ ਜਾਂਦੇ ਤਾਂ ਕਵਿਤਾ ਦਾ ਰੂਪ ਧਾਰਨ  ਕਰ ਸੱਜਣ ਦੀ ਯਾਦ ਨੂੰ ਸਲਾਮ ਕਰਨ ਲੱਗਦੇ ਹਨ:
''ਸੱਜਣ ਮੇਰੇ ਰੰਗਲੇ, ਨਿੱਤ ਕੋਈ ਰੰਗ ਵਿਖਾਣ
ਬੁੱਲ੍ਹੇ ਸ਼ਾਹ ਜਿਹੀ ਸਾਦਗੀ, ਵਾਰਸ ਜੇਹੇ ਵਿਖਿਆਨ।
ਹੁਸਨ ਕਰੇ ਅਠਖੇਲੀਆਂ
ਜੋਬਨ ਅੱਲੜ ਵਰੇਸ
ਚੰਨ ਚਿਹਰੇ ਤੇ ਤਾਜ਼ਗੀ
ਜਿਵੇਂ ਕੋਈ ਰੂਹ ਦਸਵੇਸ।
ਸੱਚਾ ਇਸ਼ਕ ਬੰਦੇ ਨੂੰ ਫਕੀਰ ਬਣਾ ਦਿੰਦਾ ਹੈ ਜਾਂ ਇਉਂ ਵੀ ਕਹਿ ਸਕਦੇ ਹਾਂ ਕਿ ਦਰਵੇਸ਼ ਰੂਹਾਂ ਹੀ ਸੱਚੇ ਇਸ਼ਕ ਦੀ ਪਾਉੜੀ ਚੜ੍ਹ ਸਕਦੀਆਂ ਹਨ। ਆਪਣੀ ਇਸ ਚੌਥੀ ਕਾਵਿ ਪੁਸਤਕ ਵਿਚ ਸ਼ਾਇਰ ਸੋਹੀ ਪਾਕ-ਮੁਹੱਬਤ ਦੀ ਬਾਤ ਪਾ ਰਿਹਾ ਹੈ।
ਮਿਲ ਗਿਆ ਮੁਰਸ਼ਿਦ ਇਸ਼ਕ ਦਾ
ਜਿਸਦੀ ਸੀ ਮੈਨੂੰ ਤਾਂਘ
ਮਸਤੀ ਉਸਦੇ ਇਸ਼ਕ ਦੀ,
'ਸੋਹੀ' ਮਾਣਦੇ ਫ਼ੱਕਰਾਂ ਵਾਂਗ
ਕਵਿਤਰੀ ਮਧੂਬਾਲਾ ਵੀ ਸੁਖਪਾਲ ਸੋਹੀ ਦੇ ਕਾਵਿ ਸਫ਼ਰ ਤੇ ਅਜਿਹੀ ਟਿੱਪਣੀ ਕਰ ਹੀ ਹੈ। ਕਵੀ ਮਨ ਦਾ ਦਰਦ ਜੋ 'ਸਿਸਕਦੇ ਸਾਜ਼' ਤੋਂ ਆਰੰਭ ਹੋਇਆ, ਉਸਨੇ 'ਸੱਜਣ ਮੇਰੇ ਰੰਗਲੇ' ਵਿਚ ਨਵਾਂ ਰੂਪ ਧਾਰ ਲਿਆ ਹੈ, ਹੁਣ ਉਹ ਇਸ਼ਕ ਮਿਜਾਜ਼ੀ ਵਿਚ ਤੜਪਣ ਵਾਲਾ ਨਹੀਂ ਰਿਹਾ, ਜ਼ਿੰਦਗੀ ਦੇ ਵੱਖੋ ਵੱਖਰੇ ਰੰਗਾਂ ਨੂੰ ਵੇਖ ਚੁੱਕਿਆ, ਹੰਢਾ ਚੁੱਕਿਆ ਉਹ ਇਸ਼ਕ-ਹਕੀਕੀ ਵੱਲ ਤੁਰ ਪਿਆ ਹੈ।
ਆਪਣੇ ਦਿਲ ਦੀ ਗੱਲ ਕਰਦਾ ਹੋਇਆ ਸੁਖਪਾਲ ਸੋਹੀ 'ਰੂਹ ਤੇ ਜਿਸਮ' ਵਿਚ ਲਿਖਦਾ ਹੈ:
ਮੈਂ ਤਾਂ ਸੁੱਚੇ ਹਰਫ ਹੰਢਾਉਣੇ ਚਾਹੁੰਦਾ ਸਾਂ,
ਪਰ ਉਹ ਗੰਧਲੇ ਪਾਣੀਆਂ ਦੇ ਹੱਕਦਾਰ ਬਣੇ।
ਖ਼ਾਹਿਸ਼ ਮੇਰੀ ਸੀ ਗੀਤ ਕੋਈ ਮੇਰਾ ਅਮਰ ਹੋਏ,
ਪਰ ਉਹ ਕੱਚੀਆਂ ਨਜ਼ਮਾਂ ਦੇ ਵਫ਼ਾਦਾਰ ਬਣੇ।
ਇਕ ਚੰਗਾ ਸ਼ਾਇਰ ਆਪਣੇ ਆਲੇ ਦੁਆਲੇ ਤੋਂ ਕਦੇ ਵੀ ਅਭਿੱਜ ਨਹੀਂ ਰਹਿੰਦਾ। ਸਮਾਜ ਵਿਚ ਜੋ ਵੀ ਕੁਝ ਵਾਪਰ ਰਿਹਾ ਹੁੰਦਾ ਹੈ, ਉਸਦਾ ਅਸਰ ਸ਼ਾਇਰ ਤੇ ਪੈਣਾ ਸੁਭਾਵਿਕ ਹੁੰਦਾ ਹੈ। ਸਾਡਾ ਸਮਾਜ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕਿਆ ਹੈ। ਸਿਆਸੀ ਨੇਤਾਵਾਂ, ਅਫ਼ਸਰਸ਼ਾਹੀ ਅਤੇ ਸੱਤਾ ਦੇ ਦਲਾਲ ਦੇਸ਼ ਨੂੰ ਲੁੱਟ-ਲੁੱਟ ਖਾ ਰਹੇ ਹਨ। ਬੇਈਮਾਨੀ ਸਮਾਜ ਦੇ ਖੂਨ ਵਿਚ ਰਲ ਗਈ ਹੈ। ਕਵੀ ਮਨ ਇਨ੍ਹਾਂ ਗੱਲਾਂ ਤੋਂ ਪੀੜਤ ਹੈ:
ਇਨ੍ਹਾਂ ਨਾਨਕ ਬਾਣੀ ਦਾ ਮੁੱਲ ਵੱਟਿਆ
ਵੇਚਿਆ ਦਸਮ ਪਿਤਾ ਦੀ ਕੁਰਬਾਨੀ ਨੂੰ
ਇਨ੍ਹਾਂ 'ਭਗਤ' 'ਸਰਾਭੇ' ਦਾ ਨਾਂ ਲੈ ਕੇ,
ਦਿੱਤੇ ਰੁਤਬੇ ਨੇ ਸਾਰੀ ਬੇਈਮਾਨੀ ਨੂੰ
ਪੂੰਜੀ ਘਰ ਦੀ ਵਿਦੇਸ਼ੀ ਖਾਤਿਆਂ ਵਿਚ
ਇਨ੍ਹਾਂ ਆਪਣੇ ਹੀ ਸੂਰਜ ਤੇ ਚੰਦ ਖਾ ਲਏ।
ਅਠਤਾਲੀ ਕਵਿਤਾਵਾਂ ਨਾਲ ਭਰਪੂਰ ਸੁਖਪਾਲ ਸੋਹੀ ਦਾ ਇਹ ਕਾਵਿ-ਸੰਗ੍ਰਹਿ ਰੂਹ ਤੇ ਜਿਸਮ, ਪਿਆਰ, ਮੁਹੱਬਤ, ਤਾਅਨੇ, ਮਿਹਣੇ, ਵਤਨ ਪਿਆਰ, ਪੰਜਾਬੀ ਪਿਆਰ, ਤਰਲੇ, ਗਿਲੇ, ਸ਼ਿਕਵੇ, ਹੂਕ, ਸਦਮੇ, ਗ਼ਮ, ਹੰਝੂ, ਸੁਨੇਹੇ, ਪੈਗਾਮ, ਦੀਵੇ, ਅੰਗਿਆਰ, ਪੱਥਰ ਅਤੇ ਭਗਵਾਨ ਦੀ ਗੱਲ ਕਰਦਾ ਹੈ। ਸੋਹੀ ਦੀ ਭਾਸ਼ਾ ਪੰਜਾਬੀ ਜਨ ਜੀਵਨ ਵਿਚੋਂ ਲਈ ਹੋਈ ਸਰਲ ਭਾਸ਼ਾ ਹੈ। ਉਸਨੂੰ ਸਧਾਰਨ ਬੋਲੀ ਨਾਲ ਦਿਲ ਦੇ ਵਲਵਲਿਆਂ ਨੂੰ ਪ੍ਰਗਟਾਉਣ ਦੀ ਕਲਾ ਆਉਂਦੀ ਹੈ। ਜਿੱਥੇ ਕਿਤੇ ਵੀ ਲੋੜ ਪਈ ਸੋਹੀ ਨੇ ਉਰਦੂ ਅਤੇ ਹਿੰਦੀ ਦੇ ਸ਼ਬਦਾਂ ਨੂੰ ਵੀ ਬਾਖ਼ੂਬੀ ਵਰਤਿਆ ਹੈ।  ਸੁਖਪਾਲ ਸੋਹੀ ਬਾਰੇ ਡਾ. ਭਗਵੰਤ ਸਿੰਘ ਵੱਲੋਂ ਕੀਤੀ ਗਈ ਟਿੱਪਣੀ ਵੀ ਤੁਹਾਡੇ ਨਾਲ ਸਾਂਝੀ ਕਰਦਾ ਹਾਂ।
ਸੁਖਪਾਲ ਸੋਹੀ ਖ਼ੂਬਸੂਰਤ ਜ਼ਿੰਦਗੀ ਨੂੰ ਮਾਨਣ ਦਾ ਅਭਿਲਾਸ਼ੀ ਹੈ। ਉਸ ਅੰਦਰ ਇਕ ਬੇਚੈਨੀ ਹੈ ਜੋ ਉਸਨੂੰ ਟਿਕਣ ਨਹੀਂ ਦਿੰਦੀ। ਇਹ ਉਪਰਾਮਤਾ ਉਸਦੀਆਂ ਨਜ਼ਮਾਂ ਅਤੇ ਗੀਤਾਂ ਵਿਚੋਂ ਵੀ ਸਹਿਜ ਰੂਪ ਵਿਚ ਪ੍ਰਗਟ ਹੁੰਦੀ ਹੈ। ਸੰਭਵ ਹੈ ਕਿ ਉਸਦੇ ਦਿਲ ਨੂੰ ਠੇਸ ਪੁੱਜੀ ਹੋਵੇ, ਜਿਸਦੇ ਇਲਾਜ ਲਈ ਉਸਨੇ ਕਾਵਿ ਸਿਰਜਣਾ ਦਾ ਮਾਰਗ ਅਪਣਾਇਆ। ਉਸਦਾ ਹਾਸਲ ਪੱਖ ਇਹ ਹੈ ਕਿ ਦਿਲ ਦੀ ਗਹਿਰੀ ਚੋਟ ਖਾ ਕੇ ਵੀ ਉਹ ਅੰਤਰਮੁਖੀ, ਸਵੈ-ਕੇਂਦਰਿਤ ਅਤੇ ਨਿਰਾਸ਼ਤਾ ਦੀ ਖੱਡ ਵਿਚ ਨਹੀਂ ਗਿਰਿਆ ਸਗੋਂ ਮਜ਼ਬੂਤ ਹੁੰਦਾ ਹੋਇਆ ਜੀਵਨ ਮੁਖੀ ਅਤੇ ਬਾਹਰਮੁਖੀ ਹੋ ਨਿੱਬੜਦਾ ਹੈ। ਸੁਖਪਾਲ ਸੋਹੀ ਸੰਬੋਧਨੀ ਸੰਕਟ ਤੋਂ ਮੁਕਤ ਹੈ। ਉਹ ਬਹੁਤ ਦਲੇਰੀ ਨਾਲ ਸੰਬੋਧਿਤ ਹੁੰਦਾ ਹੈ। ਉਹ ਫਿਰਕਾਪ੍ਰਸਤਾਂ, ਸੰਕੀਰਣਵਾਦੀਆਂ, ਭ੍ਰਿਸ਼ਟਾਚਾਰੀਆਂ, ਚੋਰ ਬਾਜ਼ਾਰੀਆਂ ਨੂੰ ਸ਼ਿੱਦਤ ਨਾਲ ਸੰਬੋਧਨ ਕਰਦਾ ਹੈ। ਉਸਦਾ ਢੰਗ ਵੀ ਵਿਲੱਖਣ ਹੈ।
ਇਸ ਕਿਤਾਬ ਵਿਚ ਸੁਖਪਾਲ ਸੋਹੀ ਪ੍ਰੋ. ਪੂਰਨ ਸਿੰਘ ਤੋਂ ਕਾਫੀ ਪ੍ਰਭਾਵਿਤ ਨਜ਼ਰੀ ਆਉਂਦਾ ਪੰਜਾਬ ਦੀ ਬਾਤ ਪਾਉਂਦਾ ਹੈ:
ਤਾਰਿਆਂ ਵਰਗੀ ਤੱਕਣੀ
ਜੋਬਨ ਖਿੜੇ ਗੁਲਾਬ ਜੇਹਾ
ਦਿਲ ਦਰਿਆ ਤੇਰਾ ਸੱਜਣ ਉਏ
ਮੇਰੇ ਵਤਨ 'ਪੰਜਾਬ' ਜੇਹਾ
ਸ਼ਾਇਰ ਸੋਹੀ ਨੇ ਇਸ ਕਾਵਿ-ਪੁਸਤਕ ਦੇ ਸਮਰਪਣ ਵਿਚ ਵੀ ਪੰਜਾਬੀ ਪਿਆਰ ਦੀ ਗੱਲ ਕੀਤੀ ਹੈ। ਪਹਿਲੇ ਪੰਨੇ ਤੇ ਸ਼ਾਇਰ ਲਿਖਦਾ ਹੈ:
''ਪੀਰਾਂ, ਫਕੀਰਾਂ ਤੇ ਪੈਗੰਬਰਾਂ ਦੀ ਵਰੋਸਾਈ
ਹੋਈ ਪੰਜਾਬ ਦੀ ਪਾਕ ਤੇ ਜ਼ਰਖੇਜ਼ ਧਰਤ ਨੂੰ''
ਮੈਂ ਆਪਣੇ ਮਿੱਤਰ ਸੋਹੀ ਦੀ ਇਹ ਚੌਥੀ ਕਾਵਿ ਪੁਸਤਕ 'ਸੱਜਣ ਮੇਰੇ ਰੰਗੁਲੇ' ਨੂੰ ਖ਼ੁਸ਼ਆਮਦੀਦ ਕਹਿੰਦਾ ਹਾਂ।

Comments (0)

Write comment

smaller | bigger

busy
You are here:   Homeਲੜੀਵਾਰਹਾਸ਼ੀਏ ਦੇ ਆਰ-ਪਾਰਪਰਵਾਸੀ ਸ਼ਾਇਰ ਸੁਖਪਾਲ ਸੋਹੀ ਦੀ 'ਸੱਜਣ ਮੇਰੇ ਰੰਗਲੇ' ਨੂੰ ਖੁਸ਼ਆਮਦੀਦ

Currency Converter

Amount:
From:
To:


Gurbani Radio


Gurbani - Sri Harmandir Sahib