
ਇਹ ਗੱਲ 1979 ਦੀ ਹੈ। ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੱਤਰਕਾਰੀ ਦੀ ਬੈਚਲਰ ਡਿਗਰੀ ਕਰ ਕੇ ਪੰਜਾਬੀ ਮਾਸਿਕ ਪੱਤਰ 'ਮੰਚ' ਆਰੰਭ ਕਰ ਲਿਆ ਅਤੇ ਪੱਤਰਕਾਰੀ ਦੀ ਮਾਸਟਰ ਡਿਗਰੀ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਦਾਖ਼ਲਾ ਲੈ ਲਿਆ। ਮੰਡੀ ਅਹਿਮਦਗੜ੍ਹ ਇਲਾਕੇ ਲਈ ਮੈਂ ਪੰਜਾਬੀ ਟ੍ਰਿਬਿਊਨ ਦਾ ਪੱਤਰ ਪ੍ਰੇਰਕ ਵੀ ਸੀ। ਮੇਰੀ ਪੰਜਾਬੀ ਯੂਨੀਵਰਸਿਟੀ ਵਿੱਚ ਨੌਕਰੀ ਲੱਗਣ ਤੋਂ ਬਾਅਦ 1985 ਵਿੱਚ ਵਰਿੰਦਰ ਵਾਲੀਆ ਮੇਰੀ ਥਾਂ 'ਤੇ ਆਇਆ ਸੀ ਜੋ ਕਿ ਅੱਜਕਲ੍ਹ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਹੈ। ਇਨ੍ਹਾਂ ਦਿਨਾਂ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭਾਸ਼ਾ, ਸਭਿਆਚਾਰ ਅਤੇ ਪੱਤਰਕਾਰੀ ਵਿਭਾਗ ਵਿੱਚ ਡਾ. ਐਸ. ਦੁਸਾਂਝ, ਡਾ. ਦਲੀਪ ਸਿੰਘ ਦੀਪ, ਸੁਰਜੀਤ ਪਾਤਰ, ਡਾ. ਸਾਧੂ ਸਿੰਘ, ਹਰਚਰਨ ਬੈਂਸ, ਐਸ. ਐਨ. ਸੇਵਕ ਅਤੇ
ਡਾ. ਜਗਦੇਵ ਸਿੰਘ ਵਰਗੇ ਅਧਿਆਪਕ ਸਨ ਅਤੇ ਅੰਗਰੇਜ਼ੀ ਦੇ ਪ੍ਰੋ. ਹਜ਼ਾਰਾ ਸਿੰਘ, ਵਿਭਾਗ ਦੇ ਮੁਖੀ ਸਨ। ਵਿਭਾਗ ਦਾ ਮਾਹੌਲ ਸਿਆਸੀ ਅਤੇ ਸਾਹਿਤਕ ਸੀ। ਮੈਂ ਆਪਣੇ ਮਾਸਿਕ ਪੱਤਰ ਲਈ ਸਿਆਸੀ ਆਰਟੀਕਲ ਡਾ. ਦੁਸਾਂਝ ਤੋਂ ਲੈ ਲੈਂਦਾ ਸੀ ਅਤੇ ਸਾਹਿਤਕ ਡਾ. ਦਲੀਪ ਸਿੰਘ ਦੀਪ ਹੋਰਾਂ ਤੋਂ। ਪਾਤਰ ਸਾਹਿਬ ਦੀਆਂ ਗ਼ਜ਼ਲਾਂ ਵੀ ਛਾਪਣ ਲਈ ਮਿਲ ਜਾਂਦੀਆਂ ਸਨ। 'ਮੰਚ' ਦੀਆਂ ਲਿਖਤਾਂ ਸਬੰਧੀ ਮੈਨੂੰ ਪ੍ਰੋ. ਅਮਰਜੀਤ ਸਿੰਘ ਜੋ ਅਮਰਜੀਤ ਪਰਾਗ ਜਾਂ ਪਲਾਲੀ ਨਾਮ ਥੱਲੇ ਲਿਖਦੇ ਸਨ ਅਤੇ ਡਾ. ਆਤਮ ਹਮਰਾਹੀ ਦਾ ਪੂਰਨ ਸਹਿਯੋਗ ਪ੍ਰਾਪਤ ਸੀ। ਉਂਝ, ਇੱਕ ਮਿਸ਼ਰਤ ਸਾਹਿਤਕ ਪੱਤਰਕਾਰੀ ਵਾਲਾ ਪਰਚਾ ਹੋਣ ਕਾਰਨ 'ਮੰਚ' ਲਈ ਤਰ੍ਹਾਂ ਤਰ੍ਹਾਂ ਦੀਆਂ ਲਿਖਤਾਂ ਮੈਨੂੰ ਡਾਕ ਰਾਹੀਂ ਵੀ ਮਿਲ ਜਾਂਦੀਆਂ ਸਨ ਜਾਂ ਫਿਰ ਕਈ ਨਵੇਂ ਨਵੇਂ ਬਣੇ ਸਾਹਿਤਕਾਰ ਜਾਂ ਲਿਖਾਰੀ ਬਣਨ ਦੇ ਚਾਹਵਾਨ ਸਿੱਧੇ ਹੀ 'ਮੰਚ' ਪ੍ਰੈਸ ਦੇ ਵਿੱਚ ਆ ਧਮਕਦੇ ਸਨ। ਦਹਿਲੀਜ਼ ਰੋਡ ਅਹਿਮਦਗੜ੍ਹ ਵਿਖੇ 'ਮੰਚ' ਪ੍ਰੈਸ, ਜਿੱਥੇ 'ਮੰਚ' ਮਾਸਿਕ ਦਾ ਦਫ਼ਤਰ ਵੀ ਸੀ, ਵਿੱਚ ਦੋਸਤਾਂ ਮਿੱਤਰਾਂ ਤੋਂ ਇਲਾਵਾ ਸਿਆਸੀ ਅਤੇ ਸਾਹਿਤਕ ਮੱਸ ਰੱਖਣ ਵਾਲਿਆਂ ਦੀ ਆਵਾਜਾਈ ਲੱਗੀ ਰਹਿੰਦੀ ਸੀ।
'ਮੈਂ ਮਹੇਸ਼ ਬਟਾਲਵੀ ਹਾਂ। ਮੈਨੂੰ ਸਹਿਤੋਜ ਨੇ ਤੁਹਾਡੇ ਕੋਲ ਭੇਜਿਆ ਹੈ।'' ਇੱਕ ਦਿਨ ਦਫ਼ਤਰ ਵਿੱਚ ਪ੍ਰਵੇਸ਼ ਕਰਦੇ ਸਾਰ ਇੱਕ ਨੌਜਵਾਨ ਨੇ ਕਿਹਾ।
''ਆਓ, ਬੈਠੋ, ਸਵਿਤੋਜ ਤੁਹਾਨੂੰ ਕਿੱਥੇ ਮਿਲ ਗਿਆ?'' ਮੈਂ ਉਸ ਨੂੰ ਪੁੱਛਿਆ। ਪੰਜਾਬੀ ਕਵੀ ਸਵਿਤੋਜ ਪੰਜਾਬੀ ਯੂਨੀਵਰਸਿਟੀ ਵਿੱਚ ਨਾ ਸਿਰਫ਼ ਮੇਰਾ ਜਮਾਤੀ ਸੀ ਬਲਕਿ ਹੋਸਟਲ ਵਿੱਚ ਵੀ ਅਸੀਂ ਇਕੱਠੇ ਹੀ ਰਹਿੰਦੇ ਸਾਂ। ਗੂੜ੍ਹੀ ਦੋਸਤੀ ਸੀ। ਬੜਾ ਰੰਗੀਲਾ ਬੰਦਾ ਸੀ ਉਹ।
''ਇੱਕ ਪ੍ਰੋਗਰਾਮ 'ਤੇ ਮਿਲੇ ਸੀ ਅਤੇ ਆਹ ਉਨ੍ਹਾਂ ਨੇ ਇੱਕ ਚਿੱਠੀ ਵੀ ਭੇਜੀ ਐ, '' ਮਹੇਸ਼ ਬਟਾਲਵੀ ਨੇ ਕਿਹਾ।
ਮੈਂ ਖੋਲ੍ਹ ਕੇ ਚਿੱਠੀ ਪੜ੍ਹੀ, ਜਿਸ ਵਿੱਚ ਉਸ ਨੇ ਆਪਣੇ ਹੀ ਅੰਦਾਜ਼ ਵਿੱਚ ਲਿਖਿਆ ਸੀ: ''ਬੋਤਲ ਮੈਂ ਲੈ ਲਈ ਹੈ। ਗ਼ਜ਼ਲ ਜ਼ਰੂਰ ਛਾਪ ਦੇਣੀ ਭਾਵੇਂ ... '' ਮੈਂ ਚਿੱਠੀ ਦੀ ਇਬਾਰਤ ਪੜ੍ਹ ਕੇ ਹੱਸਣੋਂ ਨਾ ਰਹਿ ਸੱਕਿਆ।
''ਕਿੱਥੇ ਐ ਗ਼ਜ਼ਲ?'' ਮੈਂ ਉਸ ਨੌਜਵਾਨ ਨੂੰ ਪੁੱਛਿਆ। ਉਸ ਨੇ ਇੱਕ ਦੀ ਬਜਾਏ ਤਿੰਨ ਚਾਰ ਗ਼ਜ਼ਲਾਂ ਮੈਨੂੰ ਫੜਾ ਦਿੱਤੀਆਂ। ਭਾਵੇਂ ਕਿ ਮੈਨੂੰ ਗ਼ਜ਼ਲ ਦੀ ਪੂਰੀ ਸਮਝ ਨਹੀਂ ਸੀ ਪਰ ਫ਼ਿਰ ਵੀ ਮੈਨੂੰ ਇਹ ਗੱਲ ਸਮਝਣ ਵਿੱਚ ਪਲ ਵੀ ਨਹੀਂ ਲੱਗਿਆ ਕਿ ਉਹ ਗ਼ਜ਼ਲਾਂ ਇੰਨੀਆਂ ਕੱਚ ਘਰੜ ਸਨ ਕਿ ਛਪਣਯੋਗ ਉੱਕਾ ਹੀ ਨਹੀਂ ਸਨ। ਸ਼ਾਇਦ ਇਸੇ ਕਰ ਕੇ ਉਹ ਸਵਿਤੋਜ ਦੀ ਸਿਫਾਰਸ਼ ਲੈ ਕੇ ਆਇਆ ਸੀ। ਮੈਂ ਸੰਪਾਦਕੀ ਜੁਗਤ ਵਰਤਦੇ ਹੋਏ ਉਹਨਾਂ ਵਿੱਚੋਂ ਇੱਕ ਗ਼ਜ਼ਲ ਨੂੰ 'ਉਭਰਦੀਆਂ ਕਲਮਾਂ' ਸਿਰਲੇਖ ਦੇ ਕੇ ਛਾਪ ਦਿੱਤਾ। ਆਖ਼ਿਰ, ਮੇਰਾ ਮਿੱਤਰ ਇਵਜ਼ਾਨਾ ਜੋ ਵਸੂਲ ਕਰ ਚੁੱਕਾ ਸੀ। ਉਸ ਤੋਂ ਬਾਅਦ ਵੀ ਮਹੇਸ਼ ਨੇ ਕਈ ਗਜ਼ਲਾਂ ਭੇਜੀਆਂ ਪਰ ਮੈਂ ਛਾਪਣ ਦਾ ਹੀਆ ਨਹੀਂ ਕਰ ਸਕਿਆ। ਇੱਕ ਦਿਨ ਯੂਨੀਵਰਸਿਟੀ ਦੇ ਵਿਭਾਗ ਵਿੱਚ ਮੈਂ ਪਾਤਰ ਸਾਹਿਬ ਤੋਂ ਉਨ੍ਹਾਂ ਦੀ ਕੋਈ ਨਵੀਂ ਗ਼ਜ਼ਲ ਲੈਣ ਗਿਆ ਤਾਂ ਪਾਤਰ ਸਾਹਿਬ ਨੇ ਆਪਣੀ ਗ਼ਜ਼ਲ ਫੜਾਉਣ ਦੇ ਨਾਲ ਨਾਲ ਇੱਕ ਗ਼ਜ਼ਲ ਮਹੇਸ਼ ਦੀ ਵੀ ਫੜਾ ਦਿੱਤੀ।
''ਹਰਜਿੰਦਰ, ਯਾਰ ਇਹਨੂੰ ਵੀ ਛਾਪ ਦੇਈਂ, ਮੈਂ ਵੇਖ ਲਈ ਹੈ।'' ਇਉਂ ਉਸ ਦੀ ਦੂਜੀ ਗ਼ਜ਼ਲ 'ਮੰਚ' ਦਾ ਸ਼ਿੰਗਾਰ ਬਣੀ ਸੀ। ਹੌਲੀ ਹੌਲੀ ਉਸ ਦਾ ਆਉਣ ਜਾਣ ਵੱਧ ਗਿਆ। ਇੱਕ ਦਿਨ ਉਹ ਆਪਣੀ ਗ਼ਜ਼ਲਾਂ ਦੀ ਪੁਸਤਕ ਲੈ ਕੇ ਹਾਜ਼ਰ ਹੋ ਗਿਆ ਅਤੇ ਨਾਲ ਉਸ ਗ਼ਜ਼ਲ ਸੰਗ੍ਰਹਿ ਦੀ 'ਘੁੰਡ-ਚੁਕਾਈ' ਦੀ ਰਸਮ ਦਾ ਸੱਦਾ ਪੱਤਰ ਵੀ ਸੀ। 'ਘੁੰਢ-ਚੁਕਾਈ' ਸਮਾਰੋਹ ਮਲੌਦ ਦੇ ਸਰਕਾਰੀ ਸਕੂਲ ਵਿੱਚ ਰੱਖਿਆ ਗਿਆ ਸੀ, ਜਿਸ ਦੀ ਪ੍ਰਧਾਨਗੀ ਸੁਰਜੀਤ ਰਾਮਪੁਰੀ ਨੇ ਕਰਨੀ ਸੀ।
ਨਿਸ਼ਚਿਤ ਦਿਨ ਪ੍ਰੋ. ਅਮਰਜੀਤ ਪਰਾਗ ਅਤੇ ਮੈਂ ਸਮੇਂ ਸਿਰ ਸਮਾਗਮ ਵਾਲੇ ਸਥਾਨ 'ਤੇ ਪਹੁੰਚ ਗਏ। ਸਾਡੇ ਜਾਂਦਿਆਂ ਨੂੰ ਸੁਰਜੀਤ ਰਾਮਪੁਰੀ, ਕਰਤਾਰ ਸਿੰਘ ਪੰਛੀ ਅਤੇ ਸੱਜਣ ਗਰੇਵਾਲ ਆਦਿ 25-30 ਲੇਖਕ, ਸਾਹਿਤਕਾਰ ਅਤੇ ਮਹੇਸ਼ ਦੇ ਦੋਸਤ ਮਿੱਤਰ ਉਥੇ ਬੈਠੇ ਗੱਪ-ਸ਼ੱਪ ਮਾਰ ਰਹੇ ਸਨ। ਚਾਹ, ਬਰਫ਼ੀ ਅਤੇ ਬਰੈਡ ਪਕੌੜੇ ਦਾ ਲੰਗਰ ਚੱਲ ਰਿਹਾ ਸੀ। ਚਾਹ ਤੋਂ ਬਾਅਦ ਸਟੇਜ ਦੀ ਕਾਰਵਾਈ ਸ਼ੁਰੂ ਹੋਈ। ਸਭ ਤੋਂ ਪਹਿਲਾਂ ਗ਼ਜ਼ਲ ਸੰਗ੍ਰਹਿ ਰਿਲੀਜ਼ ਕੀਤਾ ਗਿਆ ਅਤੇ ਫੋਟੋਆਂ ਖਿੱਚੀਆਂ ਗਈਆਂ। ਉਸ ਤੋਂ ਬਾਅਦ ਮਹੇਸ਼ ਦੀ ਕਿਤਾਬ ਅਤੇ ਉਸ ਦੀ ਲੇਖਣੀ ਬਾਰੇ ਭਾਸ਼ਣ ਸ਼ੁਰੂ ਹੋਏ। ਬੁਲਾਰਿਆਂ ਨੇ ਮਹੇਸ਼ ਨੂੰ ਵਧਾਈਆਂ ਦਿੱਤੀਆਂ ਅਤੇ ਹੋਰ ਵਧੀਆ ਲਿਖਣ ਲਈ ਸ਼ੁਭ ਇੱਛਾਵਾਂ ਭੇਟ ਕੀਤੀਆਂ। ਮੈਂ ਸੋਚ ਰਿਹਾ ਸੀ ਕਿ ਸੁਰਜੀਤ ਰਾਮਪੁਰੀ ਇੱਕ ਸਿਖਾਂਦਰੂ ਲੇਖਕ ਦੀ ਲੇਖਣੀ ਬਾਰੇ ਕਿਸ ਕਿਸਮ ਦੀ ਟਿੱਪਣੀ ਕਰੇਗਾ। ਮੈਨੂੰ ਜ਼ਿਆਦਾ ਸੋਚਣਾ ਨਹੀਂ ਪਿਆ ਜਦੋਂ ਰਾਮਪੁਰੀ ਉਠਿਆ ਅਤੇ ਕਹਿਣ ਲੱਗਾ:
''ਮੈਨੂੰ ਮਹੇਸ਼ ਦੀ ਕਿਤਾਬ ਜਾਰੀ ਕਰ ਕੇ ਬਹੁਤ ਖੁਸ਼ੀ ਹੈ, ਇਸ ਨੇ ਤਾਂ ਮੈਨੂੰ ਆਪਣੀ ਜਵਾਨੀ ਦੇ ਦਿਨ ਯਾਦ ਕਰਵਾ ਦਿੱਤੇ ਹਨ। ਮੈਂ ਵੀ ਇਸੇ ਉਮਰ ਵਿੱਚ ਲਿਖਣਾ ਸ਼ੁਰੂ ਕੀਤਾ ਸੀ, ਜ਼ਰਾ ਤੁਸੀਂ ਵੀ ਸੁਣੋ:
ਮੈਂ ਦਰਦ ਕਹਾਣੀ ਰਾਤਾਂ ਦੀ, ਮੈਨੂੰ ਕੋਈ ਸਵੇਰਾ ਕੀ ਜਾਣੇ. .
ਮੈਂ ਰਾਮਪੁਰੀ ਦੀ ਅਦਾ 'ਤੇ ਅਸ਼ ਅਸ਼ ਕਰ ਉੱਠਿਆ, ਨਾ ਉਸ ਨੇ ਝੂਠ ਬੋਲਿਆ, ਨਾ ਹੀ ਕੋਈ ਐਸੀ ਗੱਲ ਕੀਤੀ, ਜਿਸ ਨਾਲ ਮਹੇਸ਼ ਵਰਗੇ ਨਵੇਂ ਨੌਜਵਾਨ ਗਜ਼ਲਗੋ ਦਾ ਦਿਲ ਦੁਖਦਾ। ਰਾਮਪੁਰੀ ਤੋਂ ਬਾਅਦ ਪ੍ਰੋ. ਅਮਰਜੀਤ ਪਰਾਗ ਦਾ ਨਾਮ ਬੋਲਿਆ ਗਿਆ। ਅਮਰਜੀਤ ਨੇ ਹਮੇਸ਼ਾਂ ਦੀ ਤਰ੍ਹਾਂ ਪ੍ਰਸ਼ੰਸਾ ਦੇ ਪੁਲ, ਅਜਿਹੇ ਪੁਲ ਬੰਨ੍ਹੇ ਕਿ ਉਹ ਬਾਗ਼ੋ ਬਾਗ਼ ਹੋ ਗਿਆ। ਇਉਂ ਵਾਰੀ ਵਾਰੀ ਸਾਰੇ ਬੁਲਾਰੇ ਆਪਣੀ ਆਪਣੀ ਗੱਲ ਕਹਿ ਗਏ। ਸਮਾਗਮ ਸਫ਼ਲ ਰਿਹਾ। ਮਹੇਸ਼ ਬਹੁਤ ਖ਼ੁਸ਼ ਸੀ। ਸੁਰਿੰਦਰ ਰਾਮਪੁਰੀ, ਪਰਾਗ ਸਾਹਿਬ ਅਤੇ ਤਿੰਨ ਚਾਰ ਹੋਰ ਮਿੱਤਰਾਂ ਲਈ ਉਹ ਰਾਤ ਦੀ ਮਹਿਫ਼ਲ ਦਾ ਪ੍ਰਬੰਧ ਕਰ ਕੇ ਮਹੇਸ਼ ਆਪ ਖ਼ਿਮਾ ਮੰਗ ਕੇ ਚਲਾ ਗਿਆ।
ਇੱਧਰ ਉਧਰ ਦੀਆਂ ਗੱਲਾਂ ਤੋਂ ਬਾਅਦ ਮਹਿਫ਼ਲ ਜਦੋਂ ਦੂਜੇ ਤੀਜੇ ਦੌਰ ਵਿੱਚ ਦਾਖ਼ਲ ਹੋਈ ਤਾਂ ਸਮਾਗਮ ਦੀ ਗੱਲ ਚੱਲ ਪਈ। ਨਵੇਂ ਲੇਖਕਾਂ ਬਾਰੇ ਚਰਚਾ ਹੋਣ ਲੱਗੀ। ਕੋਈ ਕਹਿ ਰਿਹਾ ਸੀ ਕਿ ਨਵੇਂ ਲੇਖਕ ਬਿਨਾਂ ਮਿਹਨਤ ਤੋਂ ਸਥਾਪਤ ਹੋਣਾ ਚਾਹੁੰਦੇ ਹਨ। ਇੱਕ ਦਾ ਵਿਚਾਰ ਸੀ ਪੈਸੇ ਖ਼ਰਚ ਕੇ ਅਤੇ ਸਮਾਗਮ ਕਰ ਕੇ ਵੀ ਕੋਈ ਸ਼ਾਇਰ ਬਣਿਆ ਐ ਭਲਾ।
''ਸ਼ਾਇਰ ਬਣੇ ਜਾਂ ਨਾ ਬਣੇ ਅਸੀਂ ਤਾਂ ਪੰਜਾਬ ਅਤੇ ਪੰਜਾਬੀ ਮਾਂ ਦੀ ਸੇਵਾ ਕਰਨ ਆਏ ਹਾਂ।'' ਪਰਾਗ ਨੇ ਬਿਆਨ ਦਾਗ਼ਿਆ।
''ਆਹ, ਪੰਜਾਬੀ ਮਾਂ ਦੀ ਸੇਵਾ ਕਰ ਰਹੇ ਹੋ? ਕਿਤਾਬ ਤੁਸੀਂ ਪੜ੍ਹੀ ਨੀ, ਦੱਬ ਕੇ ਤੁਸੀਂ ਪ੍ਰਸੰਸਾ ਕੀਤੀ। ਤੁਹਾਨੂੰ ਪਤਾ ਵੀ ਐ ਉਹ ਕਿਸ ਤਰ੍ਹਾਂ ਦਾ ਲਿਖਦੈ? ਫ਼ਿਰ ਤੁਸੀਂ ਕਹਿਣੈ ਕਿ ਅਸੀਂ ਪੰਜਾਬ ਅਤੇ ਪੰਜਾਬੀ ਮਾਂ ਦੀ ਸੇਵਾ ਕਰ ਰਹੇ ਹਾਂ, '' ਰਾਮਪੁਰੀ ਜਾਂ ਤਾਂ ਪਰਾਗ ਵੱਲੋਂ ਮਹੇਸ਼ ਦੀ ਕੀਤੀ ਪ੍ਰਸ਼ੰਸਾ 'ਤੇ ਦੁਖੀ ਸੀ ਜਾਂ ਥੋੜ੍ਹਾ ਸਰੂਰ ਵਿੱਚ ਆ ਗਿਆ ਸੀ ਪਰ ਉਸ ਦਾ ਲਹਿਜਾ ਸਖ਼ਤ ਅਤੇ ਵਿਅੰਗਮਈ ਜ਼ਰੂਰ ਹੋ ਗਿਆ ਸੀ।
''ਜਿੱਥੋਂ ਤੱਕ ਤਾਂ ਬਿਨਾਂ ਕਿਤਾਬ ਪੜ੍ਹੇ ਪ੍ਰਸ਼ੰਸਾ ਕਰਨ ਦਾ ਸਵਾਲ ਹੈ, ਉਸ ਦਾ ਜਵਾਬ ਤਾਂ ਰਾਮਪੁਰੀ ਸਾਹਿਬ ਇਹ ਹੈ ਕਿ ਆਨੰਦਾਂ (ਅਨੰਦ ਕਾਰਜ) 'ਤੇ ਬੈਠੀ ਬੀਬੀ ਨੂੰ ਸਿੱਖਿਆ ਦੇਣ ਲਈ ਜ਼ਰੂਰੀ ਨਹੀਂ ਹੁੰਦਾ ਕਿ ਉਸ ਦੇ ਸੁਭਾਅ ਜਾਂ ਆਦਤਾਂ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ ਜਾਵੇ। ਉਸ ਨੂੰ ਤਾਂ ਇਹ ਕਹਿਣਾ ਹੁੰਦਾ ਹੈ ਕਿ ਭਾਈ ਤੂੰ ਪਤੀ ਦਾ ਕਹਿਣਾ ਮੰਨੀ ਅਤੇ ਵੱਡਿਆਂ ਦਾ ਸਤਿਕਾਰ ਕਰੀਂ। ਮੈਂ ਵੀ ਥਾ ਇਹੀ ਕਿਹਾ ਕਿ ਭਾਈ ਆਪਣੀਆਂ ਲਿਖਤਾਂ ਵਿੱਚ ਲੋਕਾਂ ਦੇ ਦੁੱਖਾਂ ਦਰਦਾਂ ਦੀ ਗੱਲ ਕਰੀਂ। ਕੋਈ ਅਜਿਹੀ ਲਿਖਤ ਨਾ ਲਿਖੀਂ, ਜਿਹੜੀ ਲੋਕਾਂ ਵਿੱਚ ਨਫ਼ਰਤ ਪੈਦਾ ਕਰੇ। ਭਲਾ ਇਹ ਗੱਲ ਕਹਿਣ ਲਈ ਕਿਤਾਬ ਪੜ੍ਹਨ ਦੀ ਕੀ ਲੋੜ ਸੀ?'' ਪਰਾਗ ਨੇ ਬੜੇ ਤਰਕ ਨਾਲ ਆਪਣਾ ਪੱਖ ਪੇਸ਼ ਕੀਤਾ।
''ਹਾਂ, ਜਿੱਥੋਂ ਤੱਕ ਪੰਜਾਬੀ ਮਾਂ ਦੀ ਸੇਵਾ ਦੀ ਗੱਲ ਹੈ, ਉਸ ਬਾਰੇ ਮੇਰੀ ਦਲੀਲ ਹੈ ਕਿ ਮੰਨਿਆ ਕਿ ਇਸ ਨੂੰ ਲਿਖਣਾ ਨਹੀਂ ਆਉਂਦਾ, ਪਰ ਅੱਜ ਦੇ ਮਾਹੌਲ ਵਿੱਚ ਇੱਕ ਹਿੰਦੂਆਂ ਦਾ ਮੁੰਡਾ ਪੰਜਾਬੀ ਵਿੱਚ ਲਿਖ ਰਿਹੈ। ਦੂਜਾ, ਇਸ ਕੋਲ ਪੈਸੇ ਐ। ਤੀਜਾ, ਇਸ ਕੋਲ ਵਕਤ ਵੀ ਹੈ ਅਤੇ ਤਾਕਤ ਵੀ। ਹੁਣ ਇਹ ਆਪਣੀਆਂ ਇਹ ਸਾਰੀਆਂ ਖ਼ੂਬੀਆਂ ਪੰਜਾਬੀ ਵਿੱਚ ਲਿਖਣ 'ਤੇ ਲਾ ਰਿਹੈ। ਕੰਪੋਜ਼ਟਰ ਨੇ ਕਿਤਾਬ ਕੰਪੋਜ਼ ਕੀਤੀ। ਛਾਪਣ ਵਾਲੇ ਨੇ ਛਾਪੀ। ਬਾਈਂਡਰ ਨੇ ਜਿਲਦ ਬੰਨ੍ਹੀ। ਕਿੰਨੇ ਬੰਦਿਆਂ ਨੂੰ ਰੁਜ਼ਗਾਰ ਮਿਲਿਆ। ਜੇ ਇਹ ਇਸ ਪਾਸੇ ਨਾ ਲੱਗਿਆ ਹੁੰਦਾ ਤਾਂ ਹੋ ਸਕਦਾ ਸੀ ਇਹ ਹਿੰਦੂ ਸੁਰੱਖਿਆ ਸੰਮਤੀ ਦਾ ਮੈਂਬਰ ਹੁੰਦਾ। ਇਹੀ ਪੈਸਾ ਫ਼ਿਜ਼ੂਲ ਖ਼ਰੀਦਣ 'ਤੇ ਲਾਉਂਦਾ। ਅੱਗ ਵਿੱਚ ਝੁਲਸ ਰਹੇ (ਉਸ ਸਮੇਂ ਪੰਜਾਬ ਸਮੱਸਿਆ ਸ਼ੁਰੂ ਹੋ ਚੁੱਕੀ ਸੀ) ਪੰਜਾਬ ਵਿੱਚ ਹੋਰ ਲਾਂਬੂ ਲਾਉਂਦਾ। ਜੇ ਸਾਡੀ ਥੋੜ੍ਹੀ ਜਿਹੀ ਪ੍ਰਸ਼ੰਸਾ ਨਾਲ ਉਹ ਲਿਖਣ ਪਾਸੇ ਪਿਆ ਹੋਇਐ ਤਾਂ ਚੰਗਾ ਹੀ ਹੈ। ਕਿਉਂ, ਇਉਂ ਕਰ ਕੇ ਅਸੀਂ ਪੰਜਾਬੀ ਮਾਂ ਦੀ ਸੇਵਾ ਨਹੀਂ ਕਰ ਰਹੇ?'' ਪਰਾਗ ਦੀ ਇਹ ਦਲੀਲ ਸੁਣ ਕੇ ਸੁਰਜੀਤ ਰਾਮਪੁਰੀ ਅਤੇ ਹੋਰ ਸਾਥੀ ਉੱਚੀ ਉੱਚੀ ਹੱਸਣ ਲੱਗੇ ਅਤੇ ਮਹਿਫ਼ਲ ਦਾ ਰੰਗ ਹੋਰ ਵੀ ਰੰਗੀਨ ਹੋ ਗਿਆ।