Thursday, 02 August 2012 06:52
Print PDF

'ਮੈਂ ਕੈਨੇਡਾ ਤੋਂ ਗੁਰਦਰਸ਼ਨ ਬਾਦਲ ਬੋਲ ਰਿਹਾਂ'
'ਕੌਣ, ਗੁਰਦਾਸ ਬਾਦਲ?' ਮੈਂ ਹੱਸਦੇ ਸਵਾਲ ਕਰਦਾ ਹਾਂ।
'ਗੁਰਦਾਸ ਬਾਦਲ ਨਹੀਂ, ਸਰੀ ਤੋਂ ਗੁਰਦਰਸ਼ਨ ਬਾਦਲ, ਕਵੀ ਗੁਰਦਰਸ਼ਨ ਬਾਦਲ, ਵਾਲੀਆ ਸਾਹਿਬ,' ਗੁਰਦਰਸ਼ਨ ਬਾਦਲ ਦਾ ਜਵਾਬ ਸੀ।
''ਤੁਸੀਂ ਕੈਨੇਡਾ ਆਏ ਪਰ ਆਪਣੀ ਮੁਲਾਕਾਤ ਨਹੀਂ ਹੋ ਸਕੀ। ਉਂਝ ਮੈਂ ਤੁਹਾਨੂੰ ਅਖ਼ਬਾਰਾਂ ਵਿੱਚ ਪੜ੍ਹਦਾ ਰਹਿੰਦਾ ਹਾਂ। ਮੈਨੂੰ ਵੀ ਲਿਖਣ ਦਾ ਸ਼ੌਂਕ ਹੈ। ਮੇਰੇ 10 ਕਾਵਿ ਸੰਗ੍ਰਹਿ ਛੱਪ ਚੁੱਕੇ ਹਨ। 'ਜਮੀਂ ਨਗ਼ਮੇ' 1965 ਵਿੱਚ ਪ੍ਰਕਾਸ਼ਿਤ ਹੋਇਆ ਸੀ। ਫ਼ਿਰ 27 ਵਰ੍ਹੇ ਦੀ ਚੁੱਪ ਤੋਂ ਬਾਅਦ 1992 ਵਿਚ 'ਗੰਦਲਾਂ', ਫ਼ਿਰ 2000 ਵਿੱਚ 'ਕਿਰਚਾਂ,' ਉਸ ਤੋਂ ਬਾਅਦ ਗੀਤਾਂ, ਨਜ਼ਮਾਂ ਅਤੇ ਗ਼ਜ਼ਲਾਂ ਦੇ ਕਈ ਸੰਗ੍ਰਹਿ ਛਪੇ। ਹੁਣ 'ਅੰਮੜੀ ਦਾ ਵਿਹੜਾ' ਛਾਪਿਆ ਹੈ। ਮੈਂ 10-15 ਕਾਪੀਆਂ ਭੇਜ ਰਿਹਾਂ, ਜਿਹਨਾਂ ਨੂੰ ਵੀ ਠੀਕ ਸਮਝੋ ਦੇ ਦੇਣਾ," ਗੁਰਦਰਸ਼ਨ ਬਾਦਲ ਫ਼ੋਨ ਤੇ ਦੱਸ ਰਿਹਾ ਸੀ। ਫ਼ਿਰ ਕੁੱਝ ਦਿਨਾਂ ਬਾਅਦ ਮੇਰੇ ਘਰ 'ਅੰਮੜੀ ਦਾ ਵਿਹੜਾ' ਕਾਵਿ ਸੰਗ੍ਰਹਿ ਦੀਆਂ 15 ਕਾਪੀਆਂ ਪਹੁੰਚ ਗਈਆਂ।
'ਕਿਤਾਬਾਂ ਪਹੁੰਚ ਗਈਆਂ?' ਗੁਰਦਰਸ਼ਨ ਬਾਦਲ ਦਾ ਫ਼ਿਰ ਫ਼ੋਨ ਆਇਆ।
'ਹਾਂ, ਜੀ ਪਹੁੰਚ ਗਈਆਂ।' ਮੈਂ ਜਵਾਬ ਦਿੱਤਾ।
'ਪੜ੍ਹ ਕੇ ਕੁੱਝ ਲਿਖਣਾ ਜ਼ਰੂਰ,' ਬਾਦਲ ਦਾ ਕਹਿਣਾ ਸੀ
'ਜ਼ਰੂਰ,' ਮੈਂ ਕਿਹਾ।
ਮੈਂ ਲਿਖਣ ਵਾਲੀ ਗੱਲ ਕਹਿ ਤਾਂ ਦਿੱਤੀ ਪਰ ਕੰਮਾਂ ਵਿੱਚ ਰੁੱਝੇ ਹੋਣ ਕਰ ਕੇ ਆਪਣਾ ਵਾਅਦਾ ਪੂਰਾ ਨਾ ਕਰ ਸਕਿਆ। ਫ਼ਿਰ ਇਕ ਦਿਨ 'ਅੰਮੜੀ ਦਾ ਵਿਹੜਾ' ਲਿਖਣ ਦੇ ਇਰਾਦੇ ਨਾਲ ਪੜ੍ਹਨੀ ਸ਼ੁਰੂ ਕੀਤੀ। ਕਵੀ ਬਾਦਲ ਨੇ ਇਸ ਕਾਵਿ ਸ੍ਰੰਗਹਿ ਦੀ ਪਹਿਲੀ ਕਵਿਤਾ 'ਅੰਮੜੀ ਦਾ ਵਿਹੜਾ' ਵਿੱਚ ਸਿਰਜਨਾਤਮਕ ਪਲਾਂ ਦਾ ਜ਼ਿਕਰ ਜਿਸ ਦਿਲਚਸਪ ਢੰਗ ਨਾਲ ਕੀਤਾ ਕਿ ਮੈਂ ਸਾਰੀ ਪੁਸਤਕ ਇਕੋ ਸਾਹੇ ਪੜ੍ਹ ਗਿਆ। ਬਾਦਲ ਲਿਖਦਾ ਹੈ, 'ਮੇਰੀ ਛੋਟੀ ਭੈਣ ਸੁਰਿੰਦਰ ਕੌਰ ਵਿਹੜੇ ਵਿੱਚ ਬੈਠੀ ਆਪਣੇ ਦਾਜ ਦੀਆਂ ਚਾਦਰਾਂ ਉੱਤੇ ਕਸੀਦਾ ਕੱਢ ਰਹੀ ਸੀ ਤੇ ਨਾਲ ਹੀ ਆਪੇ ਵਿੱਚ ਖੋਈ ਹੋਈ ਕੋਈ ਗੀਤ ਵੀ ਗੁਣਗੁਣਾ ਰਹੀ ਸੀ, ਜਿਸਦਾ ਭਾਵ ਸੀ ਕਿ ਹੋਰ ਥੋੜ੍ਹੇ ਚਿਰ ਤੀਕ ਮਾਂ ਦਾ ਇਹ ਵਿਹੜਾ ਉਸ ਲਈ ਪਰਾਇਆ ਹੋ ਜਾਵੇਗਾ। ਇਹ ਸੁਣਦਿਆਂ ਸਾਰ ਹੀ ਇਕ ਧੀ ਦੇ ਕਿਸੇ ਦੇ ਵਿਹੜੇ ਤੋਂ ਵਿਛੋੜਾ ਪੈਣ ਦੀ ਕਹਾਣੀ ਕਿਸੇ ਫ਼ਿਲਮ ਵਾਂਗ ਦਿਮਾਗ ਵਿੱਚ ਘੁੰਮ ਗਈ ਅਤੇ ਅਗਲੇ ਕੁੱਝ ਘੰਟਿਆਂ ਵਿੱਚ ਹੀ ਮਾਂ ਦਾ ਇਹ ਵਿਹੜਾ 'ਅੰਮੜੀ ਦਾ ਵਿਹੜਾ' ਬਣ ਕੇ ਕਾਗ਼ਜ਼ਾਂ ਉੱਤੇ ਕਵਿਤਾ ਦੇ ਰੂਪ ਵਿੱਚ ਪ੍ਰਗਟ ਹੋ ਗਿਆ।' ਗੁਰਦਰਸ਼ਨ ਬਾਦਲ ਨੇ ਇਸ ਕਵਿਤਾ ਨੂੰ 21 ਜੂਨ 1965 ਨੂੰ ਲਿਖਿਆ ਸੀ। ਉਹ ਲਿਖਦਾ ਹੈ :
'ਅੰਮੜੀ ਦੇ ਵਿਹੜੇ ਨੀ, ਕਈ ਝਗੜੇ-ਝੇੜੇ ਨੀ,
ਝਗੜੇ ਵੀ ਕਰਦੀ ਸਾਂ, ਝਿੜਕਾਂ ਵੀ ਜਰਦੀ ਸਾਂ,
ਪਾਣੀ ਥਾਂ ਦੁੱਧ ਮਿਲੇ, ਕੰਮੋਂ ਨਾ ਸ਼ੁੱਧ ਮਿਲੇ,
ਤਾਂ ਵੀ ਸੌਖੀ ਸਾਂ, ਹੁੰਦੀ ਨਾ ਔਖੀ ਸਾਂ।'
ਇਉਂ ਇਸ ਲੰਮੀ ਕਵਿਤਾ ਵਿੱਚ ਮਾਂ ਦੇ ਵਿਹੜੇ ਵਿੱਚ ਮਾਣ ਰਹੇ ਸੁਖ ਦਾ ਜ਼ਿਕਰ ਕਰਦੀ ਹੋਈ ਧੀ ਆਪਣੇ ਸਹੁਰੇ ਘਰ ਚਲੀ ਜਾਂਦੀ ਹੈ। ਉਸ ਘਰਬਾਰ ਵਿੱਚ ਉਸੇ ਕੁੜੀ ਦੇ ਜਜ਼ਬਾਤ ਬਾਦਲ ਨੇ ਇਉਂ ਪ੍ਰਗਟ ਕੀਤੇ ਹਨ:
ਮੈਂ ਸੱਜ-ਵਿਆਈ ਨੀ, ਸਹੁਰੇ ਘਰ ਆਈ ਨੀ,
ਕੁੱਝ ਬੋਲ ਨਾ ਸਕਾਂ ਨੀ, ਦਿਲ ਖੋਲ੍ਹ ਨਾ ਸਕਾਂ ਨੀ,
ਉਹ ਮੌਜ-ਬਹਾਰਾਂ ਨੀ, ਉਹ ਬਾਕੀਆਂ ਨਾਰਾਂ ਨੀ,
ਕੁੜੀਆਂ ਦਾ ਝੁਰਮਟ ਨੀ, ਉਹ ਉਡਦੀਆਂ ਡਾਰਾਂ ਨੀ,
ਮੁੜ ਚੇਤੇ ਆਉਂਦਾ ਨੀ, ਅੰਮੜੀ ਦਾ ਵਿਹੜਾ ਨੀ,
ਸੀ ਜਿਹੜਾ ਉਥੇ ਨਹੀਂ, ਉਹ ਸੁਖ ਕਿਹੜਾ ਨੀ,
ਉਹ ਸੁੱਖ ਦਾ ਸੋਮਾ ਨੀ, ਹੁਣ ਕਿੱਥੋਂ ਲੱਭਾਂ ਨੀ।
ਇਹ ਕਵਿਤਾ ਪੜ੍ਹ ਕੇ ਮਾਂ ਦੇ ਸਤਿਕਾਰ ਵਿੱਚ ਸਿਰ ਆਪਣੇ ਆਪ ਹੀ ਝੁੱਕ ਜਾਂਦਾ ਹੈ। ਮੈਨੂੰ ਉਹ ਅਖੌਤ ਯਾਦ ਆਈ, ਜਿਸ ਵਿੱਚ ਕਿਹਾ ਗਿਆ ਹੈ ਕਿ ਰੱਬ ਹਰ ਥਾਂ ਨਹੀਂ ਪਹੁੰਚ ਸਕਦਾ, ਇਸੇ ਲਈ ਉਸ ਨੇ ਮਾਵਾਂ ਬਣਾਈਆਂ ਹਨ ਅਤੇ ਨਾਲ ਹੀ ਪੰਜਾਬੀ ਦਾ ਪ੍ਰਸਿੱਧ ਸ਼ਾਇਰ ਪ੍ਰੋ. ਮੋਹਨ ਸਿੰਘ ਯਾਦ ਆ ਗਿਆ ਜੋ 'ਮਾਂ' ਬਾਰੇ ਲਿਖਦਾ ਹੈ:
'ਮਾਂ ਵਰਗਾ ਘਣਛਾਵਾਂ ਬੂਟਾ, ਮੈਨੂੰ ਨਜ਼ਰ ਨਾ ਆਏ
ਲੈ ਕੇ ਜਿਸ ਤੋਂ ਛਾਂ ਉਧਾਰੀ, ਰੱਬ ਨੇ ਸੁਰਗ ਬਣਾਏ''
ਇਸ ਕਾਵਿ ਸੰਗ੍ਰਹਿ ਦੀ ਦੂਜੀ ਕਵਿਤਾ ਮਾਂ ਬੋਲੀ ਬਾਰੇ 'ਮਾਂ ਪੰਜਾਬੀਏ' ਹੈ। ਇਸ ਵਿੱਚ ਕਵੀ ਨੇ ਜਿੱਥੇ ਪੰਜਾਬੀ ਮਾਂ ਦੀ ਖ਼ੈਰ ਮੰਗੀ ਹੈ, ਉਥੇ ਪੰਜਾਬੀ ਦੇ ਵਿਰੋਧੀਆਂ ਬਾਰੇ ਵੀ ਸੁਚੇਤ ਕੀਤਾ ਹੈ। ਉਸ ਨੂੰ ਆਸ ਹੈ ਕਿ ਪੰਜਾਬੀ ਮਾਂ ਬੋਲੀ ਦਾ ਵਿਰੋਧ ਕਰਨ ਵਾਲੇ ਜ਼ਿਆਦਾ ਚਿਰ ਪੰਜਾਬੀ ਪਿਆਰਿਆਂ ਦੇ ਸਾਹਮਣੇ ਨਹੀਂ ਖੜ੍ਹ ਸਕਣਗੇ ਅਤੇ ਪੰਜਾਬੀ ਪੂਰੇ ਵਿਸ਼ਵ ਵਿੱਚ ਮਾਣ ਸਤਿਕਾਰ ਮਾਣੇਗੀ। ਇਸ ਪਿੱਛੇ ਕਵੀ ਦਾ ਤਰਕ ਹੈ ਸਾਰੇ ਜੱਗ ਵਿੱਚ ਪੰਜਾਬੀ ਬੋਲਣ ਵਾਲੇ ਫ਼ੈਲ ਗਏ ਹਨ।
ਤੈਨੂੰ ਚਾਹੁਣ ਵਾਲੇ ਅਜੇ ਜੱਗ 'ਤੇ ਬੜੇ,
ਵੈਰੀ ਤੇਰੇ ਜਾਣ ਲੈ ਤੂੰ, ਲੜੇ ਕਿ ਲੜੇ
ਪੈਂਦੇ ਰਹਿਣ ਭਾਵੇਂ ਜਿੰਨੇ ਜਾਣਗੇ ਗੜੇ,
ਤੇਰੇ ਤਾਜ ਵਿੱਚ ਹੀਰੇ ਜਾਣਗੇ ਜੜੇ।
ਪੰਜਾਬੀ ਮਾਂ ਦੇ ਪਿਆਰ ਤੋਂ ਇਲਾਵਾ ਦੇਸ਼ ਪਿਆਰ ਦੀਆਂ ਕਵਿਤਾਵਾਂ ਵੀ ਇਸ ਪੁਸਤਕ ਵਿੱਚ ਸ਼ਾਮਲ ਹਨ। ਇਸ ਸੰਦਰਭ ਵਿੱਚ 'ਮੇਰਾ ਭਾਰਤ,' 'ਸ਼ਰਧਾਂਜਲੀ' ਅਤੇ 'ਹਲੂਣਾ' ਆਦਿ ਬਾਰੇ ਚਰਚਾ ਬੁਲੰਦ ਕਰ ਰਿਹਾ ਹੈ ਗੁਰਦਰਸ਼ਨ ਬਾਦਲ। 'ਕੋਇਲੇ ਚੁਗਦੀ ਕੁੜੀ' ਦੀ ਦਾਸਤਾਂ ਨੂੰ ਬਿਆਨ ਕਰਦਾ ਹੋਇਆ ਸਾਡੇ ਬਿਮਾਰ ਅਤੇ ਗ਼ਰੀਬੀ ਨਾਲ ਜੂਝ ਰਹੇ ਲੋਕਾਂ ਦੇ ਦਰਦਾਂ ਨੂੰ ਜ਼ੁਬਾਨ ਦਿੰਦਾ ਨਜ਼ਰੀ ਪੈਂਦਾ ਹੈ ਸ਼ਾਇਰ ਬਾਦਲ। ਗੁਰਦਰਸ਼ਨ ਬਾਦਲ ਮਿਥਿਹਾਸਕ ਅਤੇ ਇਤਿਹਾਸਕ ਹਵਾਲਿਆਂ ਨਾਲ ਪਾਠਕ ਦਾ ਮਨ ਬਦਲਣ ਦੀ ਕੋਸ਼ਿਸ਼ ਕਰਦਾ ਹੈ।
'ਅੰਮੜੀ ਦਾ ਵਿਹੜਾ' ਵਿੱਚ ਕੁੱਲ 41 ਕਵਿਤਾਵਾਂ ਅਤੇ ਗੀਤ ਸ਼ਾਮਲ ਹਨ। ਬਾਦਲ ਦੀਆਂ ਨਜ਼ਮਾਂ ਵਿੱਚ ਵਿਸ਼ੇ ਦੀ ਵਿਭਿੰਨਤਾ ਹੈ। ਇਨ੍ਹਾਂ ਵਿੱਚ ਮੁਹੱਬਤ ਦੀ ਤੜਪ ਹੈ। ਪ੍ਰੀਤਮ ਦਾ ਪਿਆਰ ਹੈ, ਇਸ਼ਕ
ਹਕੀਕੀ ਹੈ, ਮਹਿਬੂਬ ਨੂੰ ਨਿਹੋਰਾ ਹੈ ਅਤੇ ਹੁਸਨ ਦੀ ਤਾਰੀਫ਼ ਹੈ। ਬਾਦਲ ਦੀ ਕਲਮ ਸਮਾਜਿਕ ਮਸਲਿਆਂ ਦੇ ਹੱਲ ਤਲਾਸ਼ਣ ਲਈ ਯਤਨਸ਼ੀਲ ਹੈ। ਕਵੀ ਬਾਦਲ ਸਮਾਜਿਕ ਮਸਲਿਆਂ ਨੂੰ ਸੁਲਝਾਉਣ ਹਿੱਤ ਧਾਰਮਿਕ ਉਪਦੇਸ਼ ਵੀ ਆਪਣੀਆਂ ਕਵਿਤਾਵਾਂ ਵਿੱਚ ਦੇ ਰਿਹਾ ਹੈ। ਆਧੁਨਿਕ ਦੌਰ ਦੀ ਖੁੱਲ੍ਹੀ ਕਵਿਤਾ ਦੇ ਮੁਕਾਬਲੇ ਗੁਰਦਰਸ਼ਨ ਬਾਦਲ ਛੰਦਬੱਧ ਕਵਿਤਾ ਨੂੰ ਤਰਜੀਹ ਦਿੰਦਾ ਹੈ। ਇਸ ਸਬੰਧੀ ਉਹ ਪਾਠਕਾਂ ਨੂੰ ਸੰਬੋਧਨ ਹੋ ਕੇ ਕਹਿ ਰਿਹਾ ਹੈ:
''ਉਸਤਾਦੀ-ਸ਼ਾਗ਼ਿਰਦੀ ਦਾ ਮਾਹੌਲ ਖ਼ਤਮ ਹੋ ਜਾਣ ਕਰ ਕੇ ਅੱਜਕਲ੍ਹ ਬਹੁਤ ਕੁੱਝ ਅਜਿਹਾ ਛੱਪ ਰਿਹਾ ਹੈ, ਜੋ ਕਿ ਨਹੀਂ ਛੱਪਣਾ ਚਾਹੀਦਾ। ਖ਼ਾਸ ਕਰ ਸਿਰ ਖਿੰਡੀ ਕਵਿਤਾ ਦੇ ਨਾਮ ਥੱਲੇ। ਮੇਰੀਆਂ ਇਹ ਛੰਦਬੱਧ ਨਜ਼ਮਾਂ ਅੱਜ ਦੇ ਪਾਠਕ ਨੂੰ ਇਹ ਸੋਚਣ ਲਈ ਜ਼ਰੂਰ ਮਜ਼ਬੂਰ ਕਰਨਗੀਆਂ ਕਿ ਕਿਸ ਤਰ੍ਹਾਂ ਦੀ ਕਵਿਤਾ ਪੜ੍ਹਨੀ ਚਾਹੀਦੀ ਹੈ। ਸਿਰ ਖਿੰਡੀ ਜਾਂ ਛੰਦਬੱਧ? ਅਰਥਾਂ ਵਾਲੀ ਜਾਂ ਨਿਰਅਰਥਕ। ਸੋ ਹੋ ਸਕਦਾ ਹੈ ਮੇਰੀ ਇਹ ਕਿਤਾਬ ਉਸ ਬੀਤੇ ਸਮੇਂ ਦੀਆਂ ਯਾਦਾਂ ਨੂੰ, ਜਦੋਂ ਲੋਕ ਸ਼ਾਇਰਾਂ ਨੂੰ ਸੁਣਨ ਲਈ ਸਾਰੀ-ਸਾਰੀ ਰਾਤ ਜਾਗਿਆ ਕਰਦੇ ਸਨ, ਵਾਪਸ ਲਿਆਉਣ ਵਿੱਚ ਸਹਾਈ ਹੋਵੇ ਤੇ ਪਹਿਲ ਵੀ ਕਰੇ। ਗੁਰਦਰਸ਼ਨ ਬਾਦਲ ਦੀ ਗੱਲ ਵਿੱਚ ਕਿੰਨਾ ਕੁ ਦਮ ਹੈ, ਇਹ ਤਾਂ ਸਮਾਂ ਹੀ ਦੱਸੇਗਾ, ਫ਼ਿਲਹਾਲ ਤੁਹਾਨੂੰ ਇਹ ਕਿਤਾਬ ਦੀ ਸਲਾਹ ਜ਼ਰੂਰ ਦਿੰਦਾ ਹਾਂ ਤਾਂ ਕਿ ਤੁਸੀਂ ਵੀ ਆਪਣੀ ਰਾਏ ਬਣਾ ਸਕੋ।
ਮੂਲਵਾਦ ਅਤੇ ਧਰਮ
ਮੈਂ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਾਈਸ ਚਾਂਸਲਰ ਦੇ ਦਫ਼ਤਰ ਵਿੱਚੋਂ ਬਾਹਰ ਨਿਕਲਿਆ ਹੀ ਸੀ ਕਿ ਮੇਰੇ ਨਾਲ ਜਾ ਰਹੇ ਪਾਕਿਸਤਾਨੀ ਨਿਊਜ਼ ਏਜੰਸੀ ਦੇ ਅਫ਼ਸਰ ਜਨਾਬ ਵਕਾਰ ਚੌਧਰੀ ਨੇ ਇਕ ਮਿੰਟ ਰੁਕਣ ਲਈ ਕਿਹਾ। ਮੈਂ ਵੇਖਿਆ ਕਿ ਇਕ ਖ਼ੂਬਸੂਰਤ ਮੁਟਿਆਰ ਸਾਡੇ ਵੱਲ ਆ ਰਹੀ ਸੀ।
''ਇਹ ਨੇ ਡਾ. ਜ਼ਰਕਾ ਅਲੀ, ਯੂਨੀਵਰਸਿਟੀ ਵਿੱਚ ਪੱਤਰਕਾਰੀ ਦੇ ਲੈਕਚਰਾਰ ਹਨ," ਵਕਾਰ ਚੌਧਰੀ ਨੇ ਜਾਣ ਪਛਾਣ ਕਰਵਾਈ।
ਪੱਛਮੀ ਪਹਿਰਾਵੇ ਵਿੱਚ ਮੁਸਕਰਾਉਂਦੀ ਹੋਈ ਜ਼ਰਕਾ ਅਲੀ ਹੋਰ ਵੀ ਖ਼ੂਬਸੂਰਤ ਲੱਗ ਰਹੀ ਸੀ। ਇੱਧਰ ਉਧਰ ਦੀਆਂ ਗੱਲਾਂ ਤੋਂ ਬਾਅਦ ਮੈਂ ਉਸ ਨੂੰ ਪਟਿਆਲੇ ਆਉਣ ਦਾ ਸੱਦਾ ਦਿੱਤਾ, ਜੋ ਉਸ ਨੇ ਤੁਰੰਤ ਪ੍ਰਵਾਨ ਕਰ ਲਿਆ। ਨਾ ਸੱਦਾ ਰਸਮੀ ਸੀ ਅਤੇ ਨਾ ਹੀ ਉਸ ਦੀ ਪ੍ਰਵਾਨਗੀ ਰਸਮੀ ਸੀ। ਮੇਰੇ ਲਾਹੌਰ ਤੋਂ ਵਾਪਸ ਆਉਣ ਦੇ ਦੋ ਮਹੀਨੇ ਬਾਅਦ ਹੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਆ ਗਈ ਸੀ। ਜਿੰਨੇ ਦਿਨ ਵੀ ਉਹ ਪਟਿਆਲੇ ਰਹੀ ਉਸ ਨੇ ਜੀਨਸ, ਕੈਪਰੀ ਅਤੇ ਟਾਪ ਪਾਉਣ ਨੂੰ ਤਰਜ਼ੀਹ ਦਿੱਤੀ। ਇਕ ਦਿਨ ਪੰਜਾਬ ਕਹਾਣੀਕਾਰ ਗੁਲਜ਼ਾਰ ਸਿੰਘ ਸੰਧੂ ਨੇ ਉਸ ਨੂੰ ਫਤਿਹਗੜ੍ਹ ਸਾਹਿਬ ਦਰਗ਼ਾਹ 'ਤੇ ਜਾਣ ਲਈ ਸੁਲਾਹ ਮਾਰੀ ਤਾਂ ਉਹ ਕਹਿਣ ਲੱਗੀ ਕਿ ਡਾ. ਵਾਲੀਆ ਨੂੰ ਪੁੱਛ ਲਵੋ, ਮੈਂ ਉਹਨਾਂ ਦੀ ਮਹਿਮਾਨ ਹਾਂ। ਜੇ ਉਹ ਆਗਿਆ ਦਿੰਦੇ ਹਨ ਤਾਂ ਹੀ ਚੱਲ ਸਕਾਂਗੀ।
''ਵਾਲੀਆ, ਯਾਰ ਇਸ ਨੂੰ ਦਰਗਾਹ ਦੀ ਸੈਰ ਕਰਵਾ ਲਿਆਵਾਂ, ਤੂੰ ਤਾਂ ਇੱਥੇ ਸੈਮੀਨਾਰ ਵਿਚ ਬਿਜ਼ੀ ਐਂ,'' ਗੁਲਜ਼ਾਰ ਸੰਧੂ ਕਹਿਣ ਲੱਗਾ।
''ਜ਼ਰੂਰ" ਮੈਂ ਕਿਹਾ।
ਬੱਸ ਉਸ ਦਿਨ ਹੀ ਉਸ ਨੇ ਸਲਵਾਰ ਕਮੀਜ਼ ਪਾਈ ਸੀ। ਅੱਜ ਇੰਨੇ ਸਾਲਾਂ ਬਾਅਦ ਮੈਨੂੰ ਡਾ. ਜ਼ਰਕਾ ਅਲੀ ਇਸ ਕਰ ਕੇ ਯਾਦ ਆ ਰਹੀ ਸੀ ਕਿਉਂਕਿ ਅੱਜ ਮੈਂ ਲਾਹੌਰ ਦੀ ਜੋ ਖ਼ਬਰ ਪੜ੍ਹੀ ਸੀ, ਉਸ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸੀ ਕਿ ਅੱਜ ਦੇ ਵਿਸ਼ਵੀਕਰਨ ਦੇ ਯੁੱਗ ਵਿਚ ਵੀ ਕਿਸੇ ਮੁਟਿਆਰ ਨੂੰ ਸਿਰਫ਼ ਇਸ ਕਰ ਕੇ ਗੋਲੀ ਮਾਰ ਦਿੱਤੀ ਜਾਵੇ ਕਿ ਉਸ ਨੇ ਜੀਨਸ ਕਿਉਂ ਪਹਿਨੀ ਹੈ। ਜੀ, ਹਾਂ ਇਹ ਸੱਚ ਹੈ ਕਿ ਲਾਹੌਰ ਵਿਖੇ ਪੰਜਾਬ ਪੁਲਿਸ ਦੇ ਸਿਪਾਹੀ ਅਸਦ ਅਲੀ ਨੇ ਆਪਣੀ ਸਕੀ ਭੈਣ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਉਸ ਕੁੜੀ ਦਾ ਕਸੂਰ ਸਿਰਫ਼ ਐਨਾ ਸੀ ਕਿ ਉਸ ਨੇ ਭਰਾ ਦੇ ਰੋਕਣ ਦੇ ਬਾਵਜੂਦ ਜੀਨਸ ਪਹਿਨੀ ਸੀ। ਇਸਲਾਮ ਵਿੱਚ ਔਰਤਾਂ ਲਈ ਜੀਨਸ ਅਤੇ ਪੈਂਟ ਜਾਂ ਅਜਿਹੇ ਕੱਪੜੇ ਜਿਸ ਨਾਲ ਜਿਸਮ ਦੇ ਅੰਗ ਨਜ਼ਰ ਆਉਂਦੇ ਹੋਣ ਪਹਿਨਣਾ ਮਨ੍ਹਾ ਹੈ। ਧਾਰਮਿਕ ਮੂਲਵਾਦੀ ਕੁੜੀਆਂ ਨੂੰ ਅਜਿਹੇ ਕੱਪੜੇ ਪਹਿਨਣ ਤੋਂ ਰੋਕਦੇ ਹਨ। ਇਸ ਦੇ ਬਾਵਜੂਦ ਲਾਹੌਰ ਯੂਨੀਵਰਸਿਟੀ ਵਿੱਚ ਮੈਂ ਵੇਖਿਆ ਕਿ ਕਾਫੀ ਗਿਣਤੀ ਵਿੱਚ ਕੁੜੀਆਂ ਮਾਡਰਨ ਅਤੇ ਪੱਛਮੀ ਪਹਿਰਾਵੇ ਨੂੰ ਤਰਜ਼ੀਹ ਦਿੰਦੀਆਂ ਹਨ। ਇਹ ਗੱਲ ਵੱਖਰੀ ਹੈ ਕਿ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਬੁਰਕਾ ਪਾ ਕੇ ਵੀ ਆਉਂਦੀਆਂ ਹਨ। ਮੈਨੂੰ ਉਸ ਵੇਲੇ ਹੈਰਾਨੀ ਹੋਈ ਜਦੋਂ ਇਕ ਰੇਡੀਓ ਟਾਕ ਤੋਂ ਬਾਅਦ ਮੇਰੇ ਨਾਲ ਚਾਰ ਬੁਰਕਾ ਪਹਿਨੀ ਕੁੜੀਆਂ ਨੇ ਤਸਵੀਰ ਖਿਚਵਾਈ ਸੀ।
ਅੱਜ ਜਦੋਂ ਲਾਹੌਰ ਦੀ ਇਸ ਖ਼ਬਰ ਤੋਂ ਬਾਅਦ ਮੈਨੁੰ ਸੰਗਰੂਰ ਦੀ ਖ਼ਬਰ ਸੁਣਨ ਨੂੰ ਮਿਲੀ ਕਿ ਉਥੇ ਸ੍ਰੀ ਰਾਮ ਸੈਨਾ ਅਤੇ ਹਿੰਦੂ ਜਨ ਜਾਗਰਣ ਦੇ ਕਾਰਕੁੰਨਾਂ ਨੇ ਇਕ ਕਲੱਬ ਵਿੱਚ ਪਾਰਟੀ ਕਰ ਰਹੀਆਂ ਕੁੜੀਆਂ ਦੀ ਇਸ ਲਈ ਮਾਰ ਕੁਟਾਈ ਕੀਤੀ ਕਿਉਂਕਿ ਉਨ੍ਹਾਂ ਨੇ ਜੀਨਸ ਪਹਿਨੀਆਂ ਹੋਈਆਂ ਸਨ ਅਤੇ ਉਹ ਪੱਛਮੀ ਧੁਨਾਂ 'ਤੇ ਨਾਚ ਕਰ ਰਹੀਆਂ ਸਨ। ਇਹਨਾਂ ਖ਼ਬਰਾਂ ਨੂੰ ਸੁਣਨ ਅਤੇ ਪੜ੍ਹਨ ਤੋਂ ਬਾਅਦ ਮੇਰੇ ਮਨ ਵਿਚ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਮੂਲਵਾਦ ਬਾਰੇ ਅਨੇਕਾਂ ਪ੍ਰਸ਼ਨ ਉਭਰ ਆਏ। ਉਹਨਾਂ ਵਿੱਚ ਇਕ ਪ੍ਰਸ਼ਨ ਇਹ ਵੀ ਸੀ ਕਿ ਕੀ ਮੂਲਵਾਦ ਦਾ ਵੀ ਕੋਈ ਧਰਮ ਹੁੰਦਾ ਹੈ?

Comments (0)

Write comment

smaller | bigger

busy
You are here:   Homeਲੜੀਵਾਰਹਾਸ਼ੀਏ ਦੇ ਆਰ-ਪਾਰਪਰਵਾਸੀ ਕਵੀ ਗੁਰਦਰਸ਼ਨ ਬਾਦਲ ਦਾ ਕਾਵਿ-ਸੰਗ੍ਰਹਿ 'ਅੰਮੜੀ ਦਾ ਵਿਹੜਾ'

Currency Converter

Amount:
From:
To:


Gurbani Radio


Gurbani - Sri Harmandir Sahib