
ਹੱਸਣਾ, ਖੇਡਣਾ, ਨੱਚਣਾ ਅਤੇ ਗਾਉਣਾ ਪੰਜਾਬੀਆਂ ਦਾ ਸੁਭਾਅ ਹੈ। ਇਸੇ ਕਰਕੇ ਪੰਜਾਬੀਆਂ ਨੂੰ ਕਾਮੇਡੀ ਫਿਲਮਾਂ ਬਹੁਤ ਪਸੰਦ ਹਨ ਅਤੇ ਕਮੇਡੀਅਨ ਜਾਂ ਹਾਸ ਕਲਾਕਾਰ ਵੀ। ਜੱਟ ਐਂਡ ਜੂਲੀਅਟ ਤੋਂ ਹੁਣ 'ਕੈਰੀ ਆਨ ਜੱਟਾ' ਦੇ ਚਰਚੇ ਹਨ। ਨਿਰਮਾਤਾ ਰੁਪਿੰਦਰ ਸਿੰਘ ਗਰੇਵਾਲ ਉਰਫ ਗਿੱਪੀ ਗਰੇਵਾਲ ਵੱਲੋਂ ਬਣਾਈ 'ਕੈਰੀ ਆਨ ਜੱਟਾ' ਵਿਚ ਜਸਵਿੰਦਰ ਭੱਲਾ, ਬੀਨੂ ਢਿੱਲੋਂ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਬੀ. ਐਨ. ਸ਼ਰਮਾ ਅਤੇ ਇਕ ਦੋ ਹੋਰ ਹਾਸ ਕਲਾਕਾਰਾਂ ਦੇ ਨਾਲ ਨਾਲ ਗਿੱਪੀ ਗਰੇਵਾਲ ਖ਼ੁਦ ਵਧੀਆ ਕਾਮੇਡੀਅਨ ਦੇ ਤੌਰ 'ਤੇ ਉਭਰਨ ਦੀ ਕੋਸ਼ਿਸ਼ ਕਰ ਰਿਹਾ ਜਾਪਦਾ ਹੈ। 'ਜੱਟ ਐਂਡ ਜੂਲੀਅਟ' ਵਿਚ ਵੀ ਗਾਇਕ ਦਲਜੀਤ ਦੁਸਾਂਝ ਦੇ ਨਾਲ ਜਸਵਿੰਦਰ ਭੱਲਾ, ਰਾਣਾ ਰਣਬੀਰ ਅਤੇ ਬੀ. ਐਨ. ਸ਼ਰਮਾ ਆਦਿ ਸਨ। ਟਿਕਟ ਖਿੜਕੀ ਤੇ ਹਾਊਸ ਫੁੱਲ ਦੇ ਫੱਟੇ 'ਜੱਟ ਐਂਡ ਜੂਲੀਅਟ' ਦੇ ਵੀ ਲੱਗੇ ਹੋਏ ਸਨ ਅਤੇ 'ਕੈਰੀ ਆਨ ਜੱਟਾ' ਵੀ ਉਸੇ ਰਾਹ ਚੱਲ
ਰਹੀ ਹੈ। ਦੋਵਾਂ ਵਿਚੋਂ ਕਿਹੜੀ ਜ਼ਿਆਦਾ ਵਧੀਆ ਹੈ, ਇਹ ਸਵਾਲ ਪੰਜਾਬੀ ਦਰਸ਼ਕ ਅਕਸਰ ਇਕ ਦੂਜੇ ਨੂੰ ਪੁੱਛਦੇ ਨਜ਼ਰੀ ਪੈਂਦੇ ਹਨ।
ਗੁਰਫਤਿਹ ਫਿਲਮਜ਼ ਐਂਡ ਗਿੱਪੀ ਗਰੇਵਾਲ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਹ ਫ਼ਿਲਮ 27 ਜੁਲਾਈ 2012 ਨੂੰ ਰਿਲੀਜ਼ ਹੋਈ। ਰਿਲੀਜ਼ ਦੇ ਪਹਿਲੇ ਦਿਨ ਉਤਰੀ ਭਾਰਤ ਵਿਚ ਕੈਰੀ ਆਨ ਜੱਟਾ ਨੇ 61 ਲੱਖ ਰੁਪਏ ਕਮਾਏ ਅਤੇ ਪਹਿਲੇ ਹਫਤੇ ਵਿਚ ਇਸਨੇ ਕੁੱਲ 2 ਕਰੋੜ ਅਤੇ ਪੰਜ ਲੱਖ ਦਾ ਬਿਜ਼ਨਸ ਕੀਤਾ। ਪਹਿਲੇ ਦਿਨ ਕੈਰੀ ਆਨ ਜੱਟਾ ਦੀਆਂ 61 ਲੱਖ ਦੀਆਂ ਟਿਕਟਾਂ ਵਿਕੀਆਂ ਜਦੋਂ ਕਿ ਗਿੱਪੀ ਗਰੇਵਾਲ 'ਦੀ ਮਿਰਜ਼ਾ ਆਨਟੋਲਡ ਸਟੋਰੀ' ਨੇ ਪਹਿਲੇ ਦਿਨ 60 ਲੱਖ ਰੁਪਏ ਕਮਾਏ ਸਨ ਅਤੇ ਫਿਲਮੀ ਪੰਡਤਾਂ ਦੀ ਨਜ਼ਰ ਵਿਚ ਪੰਜਾਬੀ ਸਿਨੇਮਾ ਲਈ ਉਹ ਦਿਨ ਸ਼ੁਭ ਸ਼ਗਨ ਮੰਨਿਆ ਗਿਆ ਸੀ। ਬਿਜ਼ਨਸ ਪੱਖੋਂ 'ਕੈਰੀ ਆਨ ਜੱਟਾ' ਅਜੇ 'ਜੱਟ ਐਂਡ ਜੂਲੀਅਟ' ਨੂੰ ਮਾਤ ਨਹੀਂ ਪਾ ਸਕੀ। ਉਂਝ ਇਹ 2 ਜਨਵਰੀ 1982 ਨੂੰ ਜਨਮੇ ਗਿੱਪੀ ਗਰੇਵਾਲ ਲਈ ਵੱਡੀ ਖੁਸ਼ੀ ਦਾ ਸੁਨੇਹਾ ਲੈ ਕੇ ਆਈ ਹੈ। ਹੁਣ 30 ਵਰ੍ਹਿਆਂ ਦਾ ਭੰਗੜਾ ਨਚਾਰ ਗਿੱਪੀ ਗਰੇਵਾਲ ਗਾਇਕੀ ਨਾਲ ਫਿਲਮ ਲਾਈਨ ਵਿਚ ਪੈਰ ਜਮਾਉਣ ਵਿਚ ਕਾਮਯਾਬ ਹੋ ਗਿਆ ਹੈ।
ਗਿੱਪੀ ਨੇ ਆਪਣਾ ਫਿਲਮੀ ਕੈਰੀਅਰ 2010 ਵਿਚ 'ਮੇਲ ਕਰਾਦੇ ਰੱਬਾ' ਰਾਹੀਂ ਸ਼ੁਰੂ ਕੀਤਾ ਸੀ। ਜਿਸ ਵਿਚ ਉਹ ਜਿੰਮੀ ਗਰੇਵਾਲ ਅਤੇ ਨੀਰੂ ਬਾਜਵਾ ਨਾਲ ਲੀਡ ਰੋਲ ਵਿਚ ਸੀ। ਉਸ ਤੋਂ ਬਾਅਦ ਉਹ ਦਲਜੀਤ ਦੁਸਾਂਝ ਨਾਲ 'ਜਿਨ੍ਹੇ ਮੇਰਾ ਦਿਲ ਲੁੱਟਿਆ' ਵਿਚ ਆਇਆ। ਅਪ੍ਰੈਲ 2012 ਵਿਚ ਰਿਲੀਜ਼ ਹੋਈ ਮਿਰਜ਼ਾ ਦੀ ਅਨਟੋਲਡ ਸਟੋਰੀ ਗਿੱਪੀ ਗਰੇਵਾਲ ਲਈ ਸਫਲਤਾ ਦਾ ਇਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਈ। ਗਿੱਪੀ ਗਰੇਵਾਲ ਦੇ ਸਿਤਾਰੇ ਅੱਜਕਲ੍ਹ ਖ਼ੂਬ ਚਮਕ ਰਹੇ ਹਨ। ਜਿੱਥੇ ਗਾਇਕੀ ਵਿਚ ਸੈਫ਼ ਅਲੀ ਖਾਂ ਅਤੇ ਦੀਪਿਕਾ ਦੀ 'ਕਾਕਟੇਲ' ਨੇ ਉਸਨੂੰ ਬਾਲੀਵੁੱਡ ਦਾ ਪਿੱਠਵਰਤੀ ਗਾਇਕ ਬਣਾ ਦਿੱਤਾ ਅਤੇ ਉਸਦੀ ਅੰਗਰੇਜ਼ੀ ਬੀਟ ਗ਼ੈਰ ਪੰਜਾਬੀਆਂ ਨੂੰ ਪਸੰਦ ਆਈ, ਉਥੇ 'ਕੈਰੀ ਆਨ ਜੱਟਾ' ਨੇ ਉਸਨੂੰ ਕਮੇਡੀਅਨ ਅਤੇ ਫ਼ਿਲਮ ਨਿਰਮਾਤਾ ਦੇ ਤੌਰ 'ਤੇ ਸਥਾਪਤ ਕਰ ਦਿੱਤਾ। ਹੁਣ ਉਹ ਮਿਸ ਇੰਡੀਆ ਯੂਨੀਵਰਸ ਸਿਮਰਨ ਮੁੰਡੀ, ਜੈਜੀ ਬੈਂਸ ਨਾ 'ਵੈਸਟ ਆਫ਼ ਲੱਕ' ਵਿਚ ਨਜ਼ਰ ਆਵੇਗਾ।
ਨਿਰਦੇਸ਼ਕ ਸਮੀਪ ਕੰਗ ਦੀ ਫਿਲਮ 'ਕੈਰੀ ਆਨ ਜੱਟਾ' ਇਕ ਸਿਚੁਏਸ਼ਨਲ ਕਾਮੇਡੀ ਹੈ। ਗਿੱਪੀ ਗਰੇਵਾਲ ਪਹਿਲੀ ਨਜ਼ਰੇ ਮਾਹੀ ਗਿੱਲ ਨੂੰ ਦਿਲ ਦੇ ਬੈਠਦਾ ਹੈ। ਮਾਪਿਆਂ ਤੋਂ ਬਿਨਾਂ ਪਲੀ ਵੱਡੀ ਹੋਈ ਮਾਹੀ ਗਿੱਲ ਨੂੰ ਪਾਉਣ ਲਈ ਉਹ ਯਤੀਮ ਹੋਣ ਦਾ ਨਾਟਕ ਕਰਦਾ ਹੈ। ਮਾਹੀ ਦੀ ਭੂਆ ਦਾ ਮੁੰਡਾ ਮਾਹੀ ਦੀ ਕੋਰਟ ਮੈਰਿਜ ਜੱਸ (ਗਿੱਪੀ ਗਰੇਵਾਲ) ਨਾਲ ਕਰਵਾ ਦਿੰਦਾ ਹੈ। ਜੱਜ ਆਪਣੇ ਪਿਤਾ ਐਡਵੋਕੇਟ ਢਿੱਲੋਂ (ਜਸਵਿੰਦਰ ਭੱਲਾ) ਅਤੇ ਵੱਡੇ ਭਰਾ ਗੋਲਡੀ (ਬਿਨੂ ਢਿੱਲੋਂ) ਨਾਲ ਸ਼ਹਿਰ ਵਿਚ ਇਕ ਵੱਡੀ ਕੋਠੀ ਵਿਚ ਰਹਿੰਦਾ ਹੈ। ਪ੍ਰਸਥਿਤੀਆਂ ਮਾਹੀ ਨੂੰ ਐਡਵੋਕੇਟ ਢਿੱਲੋਂ ਦਾ ਕਿਰਾਏਦਾਰ ਬਣਾ ਦਿੰਦੀਆਂ ਹਨ। ਜੱਸ ਅਤੇ ਮਾਹੀ ਐਡਵੋਕੇਟ ਢਿੱਲੋਂ ਦੇ ਘਰ ਕਿਰਾਏ ਉਤੇ ਰਹਿਣ ਲੱਗਦੇ ਹਨ। ਜੱਸ ਆਪਣੇ ਪਿਓ (ਗੁਰਪ੍ਰੀਤ ਘੁੱਗੀ) ਨੂੰ ਮਾਹੀ ਦਾ ਘਰ ਵਾਲਾ ਦੱਸਦਾ ਹੈ। ਉਧਰ ਘੁੱਗੀ ਜੋ ਪ੍ਰੀਤ ਕੌਰ (ਖੁਸ਼ਬੂ ਗਰੇਵਾਲ) ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਪਰ ਉਸਦਾ ਬਾਪ ਜਥੇਦਾਰ ਸਿਕੰਦਰ ਸਿੰਘ ਟਿਵਾਣਾ (ਬੀ. ਐਲ. ਸ਼ਰਮਾ) ਉਸਦੇ ਰਸਤੇ ਵਿਚ ਰੋੜਾ ਹੈ। ਪ੍ਰੀਤ ਅਤੇ ਹਨੀ ਵੀ ਕੋਰਟ ਮੈਰਿਜ ਕਰਵਾਉਣ ਲਈ ਮਜਬੂਰ ਹੁੰਦੇ ਹਨ। ਆਪਣੇ ਮਾਪਿਆਂ ਨੂੰ ਆਪਣੀ ਕੋਰਟ ਮੈਰਿਜ ਦੀ ਗੱਲ ਦੱਸ ਦਿੰਦੀ ਹੈ ਜੋ ਉਸਨੂੰ ਐਡਵੋਕੇਟ ਢਿੱਲੋਂ ਦੇ ਘਰ ਛੱਡ ਜਾਂਦੇ ਹਨ ਕਿਉਂਕਿ ਪ੍ਰੀਤ (ਖ਼ੁਸ਼ਬੂ) ਦਾ ਪਿਓ ਹਨੀ (ਘੁੱਗੀ) ਨੂੰ ਐਡਵੋਕੇਟ ਢਿੱਲੋਂ ਦਾ ਮੁੰਡਾ ਸਮਝ ਲੈਂਦਾ ਹੈ। ਜੱਸ ਵੱਲੋਂ ਬੋਲਿਆ ਇਕ ਝੂਠ ਸਾਰੀ ਫ਼ਿਲਮ ਨੂੰ ਝੂਠ ਨਾਲ ਭਰ ਕੇ ਇਸਨੂੰ ਹਾਸ ਭਰਪੂਰ ਬਣਾ ਦਿੰਦਾ ਹੈ। ਹਾਸਮਈ ਫਿਲਮਾਂ ਵਾਂਗ ਇਸਦਾ ਅੰਤ ਵੀ ਸੁਖਾਂਤ ਭਰਪੂਰ ਹੀ ਹੈ। ਕਹਾਣੀ ਦੇ ਨਾਲ ਨਾਲ ਪਾਤਰਾਂ ਵੱਲੋਂ ਬੋਲੇ ਸੰਵਾਦਾਂ ਰਾਹੀਂ ਵੀ ਇੰਨਾ ਕੁ ਹਾਸਾ ਪੈਦਾ ਹੁੰਦਾ ਹੈ ਕਿ ਦਰਸ਼ਕ ਟਿਕ ਕੇ ਆਪਣੀ ਸੀਟ 'ਤੇ ਨਹੀਂ ਬੈਠ ਸਕਦੇ। ਜਸਵਿੰਦਰ ਭੱਲਾ ਦੇ ਡਾਇਲਾਗ 'ਢਿੱਲੋਂ ਨੇ 'ਐਵੇਂ ਨਹੀਂ ਕਾਲਾ ਕੋਟ ਪਾਇਆ' ਜਾਂ 'ਗੰਦੀ ਲਾਦ ਨਾ ਮਜ਼ਾ ਨਾ ਸਵਾਦ' ਆਦਿ ਆਪ ਮੁਹਾਰੇ ਦਰਸ਼ਕਾਂ ਦੇ ਮੂੰਹੀਂ ਚੜ੍ਹ ਜਾਂਦੇ ਹਨ।
ਐਡਵੋਕੇਟ ਢਿੱਲੋਂ ਦੇ ਕਿਰਦਾਰ ਨੂੰ ਨਿਭਾਉਣ ਵਾਲਾ ਜਸਵਿੰਦਰ ਭੱਲਾ ਅੱਜ ਪੰਜਾਬੀ ਕਾਮੇਡੀ ਵਿਚ ਆਪਣਾ ਇਕ ਵੱਖਰਾ ਸਥਾਨ ਰੱਖਦਾ ਹੈ। 14 ਮਈ 1948 ਵਿਚ ਲੁਧਿਆਣੇ ਦੇ ਸ਼ਹਿਰ ਦੋਰਾਹੇ ਵਿਚ ਪੈਦਾ ਹੋਇਆ 64 ਵਰ੍ਹਿਆਂ ਦਾ ਭੱਲਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਰਿਹਾ ਹੈ ਅਤੇ ਚਾਚਾ ਚਤੁਰ ਸਿੰਘ ਬਣ ਕੇ 1998 ਤੋਂ ਪੰਜਾਬੀਆਂ ਨੂੰ
'ਛਣਕਾਟਾ' ਨਾਮ ਦੀ ਵਿਅੰਗ ਮਈ ਐਲਬਮ ਹਰ ਵਰ੍ਹੇ ਦੇ ਰਿਹਾ ਹੈ। 'ਜੱਟ ਐਂਡ ਜੂਲੀਅਟ' ਵਾਂਗ ਇਸ ਫਿਲਮ ਵਿਚ ਵੀ ਚੰਗੀ ਵਾਹ ਵਾਹ ਖੱਟ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਦੀ ਸਿਖਲਾਈ ਲੈ ਕੇ ਨਿਕਲਿਆ ਧੂਰੀ ਵਾਲਾ ਬੀਨੂ ਢਿੱਲੋਂ ਗੋਲਡੀ ਦੇ ਰੂਪ ਵਿਚ ਚੰਗਾ ਰਿਹਾ। ਚਾਚਾ ਰੌਣਕੀ ਰਾਮ (ਬਲਵਿੰਦਰ ਵਿੱਕੀ) ਦਾ ਚੇਲਾ 41 ਵਰ੍ਹਿਆਂ ਦਾ ਗੁਰਪ੍ਰੀਤ ਘੁੱਗੀ ਇਸ ਫਿਲਮ ਵਿਚ ਗਿੱਪੀ ਗਰੇਵਾਲ ਦੇ ਦੋਸਤ ਦੇ ਰੂਪ ਵਿਚ ਬੜੀ ਸੁਭਾਵਿਕ ਜਿਹੀ ਐਕਟਿੰਗ ਕਰਦਾ ਨਜ਼ਰੀ ਪੈਂਦਾ ਹੈ। ਦੂਰਦਰਸ਼ਨ ਜਲੰਧਰ ਦੀ ਦੇਣ ਅਤੇ ਦੀ ਗਰੇਟ ਇੰਡੀਅਨ ਲਾਫਟਰ ਚੈਲੰਜ ਰਾਹੀਂ ਨਾਮ ਬਣਾਉਣ ਤੋਂ ਬਾਅਦ ਗੁਰਪ੍ਰੀਤ ਹੁਣ ਫ਼ਿਲਮ ਜਗਤ ਵਿਚ ਵੀ ਚੰਗਾ ਚੱਲ ਨਿਕਲਿਆ ਹੈ। 'ਕੈਰੀ ਆਨ ਜੱਟਾ' ਤੋਂ ਪਹਿਲਾਂ ਉਸਦੇ ਖਾਤੇ ਵਿਚ 'ਨਮਸਤੇ ਲੰਡਨ, ਰੇਸ, ਅਸਾਨੂੰ ਮਾਣ ਵਤਨਾਂ ਦਾ, ਯਾਰਾਂ ਨਾਲ ਬਹਾਰਾਂ ਅਤੇ ਮੁੰਡੇ ਯੂ. ਕੇ. ਦੇ' ਆਦਿ ਫ਼ਿਲਮਾਂ ਸਨ।
'ਕੈਰੀ ਆਨ ਜੱਟਾ' ਦੀ ਹੀਰੋਇਨ 19 ਦਸੰਬਰ 1975 ਵਿਚ ਚੰਡੀਗੜ੍ਹ ਵਿਖੇ ਪੈਦਾ ਹੋਈ ਰਿੰਪੀ ਕੌਰ ਗਿੱਲ ਉਰਫ਼ ਮਾਹੀ ਗਿੱਲ ਹਿੰਦੀ ਫਿਲਮਾਂ ਦੀ ਚਰਚਿਤ ਹੀਰੋਇਨ ਹੈ। ਇਹ ਉਹੀ ਮਾਹੀ ਗਿੱਲ ਹੈ ਜਿਸਨੂੰ ਅਨੁਰਾਗ ਕੈਸਅਪ ਦੀ ਫ਼ਿਲਮ ਦੇਵ ਡੀ ਵਿਚ ਪਾਰੋ ਦੀ ਭੂਮਿਕਾ ਕਰਨ ਬਦਲੇ 2010 ਦਾ ਫ਼ਿਲਮ ਫੇਅਰ ਐਵਾਰਡ ਦਿੱਤਾ ਗਿਆ ਸੀ। 36 ਵਰ੍ਹਿਆਂ ਦੀ ਮਾਹੀ ਗਿੱਲ ਨੇ 'ਕੈਰੀ ਆਨ ਜੱਟਾ' ਵਿਚ ਪ੍ਰਸ਼ੰਸਾਯੋਗ ਅਭਿਨੈ ਕੀਤਾ ਹੈ। ਗੁਰਪ੍ਰੀਤ ਘੁੱਗੀ ਦੀ ਪ੍ਰੇਮਿਕਾ ਦਾ ਰੋਲ ਕਰਨ ਵਾਲੀ ਖ਼ੁਸ਼ਬੂ ਗਰੇਵਾਲ ਵੀ ਚੰਗੀ ਰਹੀ ਹੈ।
'ਕੈਰੀ ਆਨ ਜੱਟਾ' ਵਿਚ 'ਜੱਟ ਐਂਡ ਜੂਲੀਅਟ' ਦੀ ਪਿਓ-ਪੁੱਤ ਦੀ ਜੋੜੀ ਬੀ. ਐਨ. ਸ਼ਰਮਾ ਅਤੇ ਰਾਣਾ ਰਣਬੀਰ ਨੂੰ ਇਸ ਫਿਲਮ ਵਿਚ ਕਰਨ ਲਈ ਜ਼ਿਆਦਾ ਨਹੀਂ ਦਿੱਤਾ ਗਿਆ। ਬੀ. ਐਨ. ਸ਼ਰਮਾ ਥਾਣੇਦਾਰ ਟਿਵਾਣਾ ਦੇ ਕਿਰਦਾਰ ਵਿਚ ਦਰਸ਼ਕਾਂ ਨੂੰ ਹਸਾਉਣ ਵਿਚ ਕਾਮਯਾਬ ਰਿਹਾ। ਰਾਣਾ ਰਣਬੀਰ ਦਾ ਕਿਰਦਾਰ ਇਉਂ ਲੱਗਦਾ ਹੈ ਜਿਵੇਂ ਜ਼ਬਰਦਸਤੀ ਪਾਇਆ ਗਿਆ ਹੁੰਦਾ ਹੈ। ਉਸਦੇ ਕਿਰਦਾਰ ਦਾ ਫਿਲਮ ਦੀ ਕਹਾਣੀ ਨਾਲ ਕੋਈ ਲੈਣ ਦੇਣ ਨਹੀਂ ਹੈ।
ਗਾਇਕ ਗਿੱਪੀ ਗਰੇਵਾਲ ਦੀ ਇਸ ਫਿਲਮ ਦੇ ਗਾਣਿਆਂ ਵਿਚ ਗਾਇਕ ਦੇ ਰੂਪ ਵਿਚ ਗਿੱਪੀ ਦੀ ਆਵਾਜ਼ ਦਾ ਹੋਣਾ ਸੁਭਾਵਿਕ ਹੀ ਸੀ। ਫਿਲਮ ਦੇ 10 ਗਾਣਿਆਂ ਵਿਚੋਂ 9 ਵਿਚ ਗਿੱਪੀ ਗਰੇਵਾਲ ਦੀ ਆਵਾਜ਼ ਹੈ। 'ਉਡਾਈ ਜਾ' ਗਾਣੇ ਵਿਚ ਉਸਦਾ ਸਾਥ ਗੁਰਤੇਜ ਅਖ਼ਤਰ ਅਤੇ ਵੀਟ ਬਲਜੀਤ ਨੇ ਦਿੱਤਾ ਹੈ। 'ਰਾਖੀ ਕਰਦੇ ਕਣਕਾਂ' ਦੀ ਵਿਚ ਗਿੱਪੀ ਵਿਚ ਗੁਰਤੇਜ ਅਖ਼ਤਰ ਹੈ। 'ਰੌਲਾ ਪੈ ਗਿਆ' ਵਿਚ ਗਿੱਪੀ ਦਾ ਸਾਥ ਸੁਨਿਧੀ ਚੌਹਾਨ ਨੇ ਦਿੱਤਾ ਹੈ। 'ਇਕ ਮਾਣ ਇਕੱਲੇ' ਸੁਨਿਧੀ ਚੌਹਾਨ ਦੀ ਆਵਾਜ਼ ਵਿਚ ਹੈ। ਸੰਗੀਤ ਜਤਿੰਦਰ ਸ਼ਾਹ ਦਾ ਹੈ। ਫ਼ਿਲਮ ਦੇ ਸੰਗੀਤ ਵਿਚ ਲੋਕ ਸੰਗੀਤ ਦੇ ਰੰਗਾਂ ਦੇ ਨਾਲ ਨਾਲ ਲੋਕ ਨਾਚਾਂ ਦਾ ਸੰਵਾਦ ਵੀ ਦਰਸ਼ਕ ਮਾਣ ਸਕਦੇ ਹਨ।
ਇਸ ਫਿਲਮ ਨੂੰ ਨਿਰਦੇਸ਼ਨ ਦੇਣ ਵਾਲੇ ਸਮੀਪ ਕੰਗ ਨੇ ਹੀ ਲਿਖਿਆ ਹੈ। ਸਮੀਪ ਕੰਗ ਦੀ ਇਸ ਕਹਾਣੀ ਦਾ ਸਕਰੀਨ ਪਲੇਅ ਨਰੇਸ਼ ਕਥੂਰੀਆ ਰਾਹੀਂ ਲਿਖਿਆ ਗਿਆ ਹੈ। ਭਾਵੇਂ ਇਹ ਫ਼ਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੀ ਹੈ ਅਤੇ ਦਰਸ਼ਕ ਹਰ ਸੰਵਾਦ ਤੇ ਹੱਸਣ ਲਈ ਮਜਬੂਰ ਹੁੰਦਾ ਹੈ ਪਰ 'ਜੱਟ ਐਂਡ ਜੂਲੀਅਟ' ਵਾਂਗ ਕੋਈ ਅਰਥ ਭਰਪੂਰ ਸੁਨੇਹਾ ਇਸ ਫ਼ਿਲਮ ਵਿਚ ਨਹੀਂ ਹੈ। ਇਹ ਫ਼ਿਲਮ ਇਕ ਸਫਲ ਕਾਮੇਡੀ ਹੈ ਅਤੇ 'ਜੱਟ ਐਂਡ ਜੂਲੀਅਟ' ਇਕ ਅਰਥ ਭਰਪੂਰ ਸਫਲ ਕਾਮੇਡੀ ਹੈ। ਜਿਵੇਂ ਚੁਟਕਲੇ ਅਤੇ ਵਿਅੰਗ ਵਿਚ ਫਰਕ ਹੁੰਦਾ ਹੈ, ਉਸੇ ਤਰ੍ਹਾਂ ਹਾਸਮਈ ਫਿਲਮ ਅਤੇ ਅਰਥ ਭਰਪੂਰ ਸੁਨੇਹਾ ਦੇਣ ਵਾਲੀ ਹਾਸਮਈ ਫ਼ਿਲਮ ਵਿਚ ਹੁੰਦਾ ਹੈ। 'ਜੱਟ ਐਂਡ ਜੂਲੀਅਟ' ਕਨੇਡਾ ਵਿਚ ਜਾ ਰਹੇ ਵਿਦਿਆਰਥੀਆਂ ਨੂੰ ਉਥੋਂ ਦੀ ਬੇਰੁਜ਼ਗਾਰੀ ਅਤੇ ਜੀਵਨ ਦੀਆਂ ਦੁਸ਼ਵਾਰੀਆਂ ਬਾਰੇ ਦੱਸਦੀ ਹੋਈ ਹਸਾਉਂਦੀ ਹੈ। 'ਕੈਰੀ ਆਨ ਜੱਟਾ' ਸਿਰਫ਼ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ। ਦਲਜੀਤ ਦੁਸਾਂਝ ਐਕਟਿੰਗ ਦੇ ਪੱਖੋਂ ਅਜੇ ਗਿੱਪੀ ਗਰੇਵਾਲ ਤੋਂ ਵੱਧ ਨੰਬਰ ਲੈ ਰਿਹਾ ਹੈ। ਮਾਹੀ ਗਿੱਲ ਸੱਚਮੁਚ ਹੀ ਪੰਜਾਬੀ ਫਿਲਮਾਂ ਲਈ ਸ਼ੁਭ ਸ਼ਗਨ ਬਣ ਸਕਦੀ ਹੈ। ਹਾਲਾਂਕਿ ਉਹ ਅਜੇ ਖੂਬਸੂਰਤ ਹੀਰੋਇਨ ਹੀ ਲੱਗਦੀ ਹੈ ਪਰ 36 ਵਰ੍ਹਿਆਂ ਦੀ ਮਾਹੀ ਕਿੰਨਾ ਕੁ ਫਿਰ ਹੀਰੋਇਨ ਆ ਸਕੇਗੀ। ਇਹ ਤਾਂ ਸਮਾਂ ਹੀ ਦੱਸੇਗਾ। ਬਾਕਸ ਆਫਿਸ ਤੇ 'ਕੈਰੀ ਆਨ ਜੱਟਾ' ਚੰਗੀ ਕਮਾਈ ਕਰ ਰਹੀ ਹੈ ਪਰ ਕੀ ਇਹ 'ਜੱਟ ਐਂਡ ਜੂਲੀਅਟ' ਨਾਲੋਂ ਵੱਧ ਕਮਾਈ ਕਰੇਗੀ? ਇਹ ਵੀ ਸਮਾਂ ਹੀ ਦੱਸੇਗਾ। ਹਾਲ ਦੀ ਘੜੀ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਦੇ ਦੋਵੇਂ ਨੌਜਵਾਨ ਗਾਇਕਾਂ ਦੀਆਂ ਫਿਲਮਾਂ ਵਿਸ਼ਵ ਭਰ ਵਿਚ ਫੈਲੇ ਪੰਜਾਬੀਆਂ ਦਾ ਖੂਬ ਮਨੋਰੰਜਨ ਕਰ ਰਹੀਆਂ ਹਨ।