
ਜਸਟਿਸ ਮਾਰਕੰਡੇ ਕਾਟਜੂ ਅੱਜਕਲ੍ਹ ਪ੍ਰੈਸ ਕੌਂਸਲ ਆਫ ਇੰਡੀਆ ਦੇ ਚੇਅਰਮੈਨ ਹਨ। ਲਖਨਊ ਵਿਚ ਰਹਿ ਰਹੇ ਕਸ਼ਮੀਰੀ ਪੰਡਤਾਂ ਦੇ ਪਰਿਵਾਰ ਨਾਲ ਸਬੰਧਤ ਜਸਟਿਸ ਕਾਟਜੂ ਇਲਾਹਾਬਾਦ, ਦਿੱਲੀ ਅਤੇ ਮਦਰਾਸ ਹਾਈਕੋਰਟ ਦੇ ਚੀਫ ਜਸਟਿਸ ਰਹਿਣ ਤੋਂ ਇਲਾਵਾ ਸੁਪਰੀਮ ਕੋਰਟ ਦੇ ਜੱਜ ਰਹੇ। ਉਹਨਾਂ ਦੇ ਦਾਦਾ ਜੀ ਡਾ. ਕੇ. ਐਨ. ਕਾਟਜੂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਪੱਛਮੀ ਬੰਗਾਲ ਅਤੇ ਉੜੀਸਾ ਦਾ ਗਵਰਨਰ ਰਹੇ। ਡਾ. ਕੇ. ਐਸ. ਕਾਟਜੂ ਕੇਂਦਰ ਵਿਚ ਕਾਨੂੰਨ, ਗ੍ਰਹਿ ਅਤੇ ਰੱਖਿਆ ਮੰਤਰੀ ਵੀ ਰਹੇ। ਜਸਟਿਸ ਮਾਰਕੰਡੇ ਕਾਟਜੂ ਪ੍ਰੈਸ ਕੌਂਸਲ ਆਫ ਇੰਡੀਆ ਦੇ ਚੇਅਰਮੈਨ ਦੇ ਤੌਰ ਤੇ ਮੀਡੀਆ ਉਪਰ ਲਗਾਮ ਕਸਣ ਲਈ ਲਗਾਤਾਰ ਯਤਨ ਕਰ ਰਹੇ ਹਨ। ਪਿਛਲੇ ਦਿਨੀਂ ਗਲੋਬਲ ਪੰਜਾਬ ਫਾਊਂਡੇਸ਼ਨ ਦੇ ਸੱਦੇ 'ਤੇ ਉਹ ਪਟਿਆਲੇ ਸਨ। ਫਾਊਂਡੇਸ਼ਨ ਦੇ ਚੇਅਰਮੈਨ ਡਾ. ਹਰਜਿੰਦਰ ਵਾਲੀਆ ਨਾਲ ਹੋਈ ਉਹਨਾਂ ਦੀ ਮੁਲਾਕਾਤ ਨੂੰ ਦੋ ਹਿੱਸਿਆਂ ਵਿਚ ਛਾਪਿਆ ਜਾ ਰਿਹਾ ਹੈ।
? ਤੁਸੀਂ ਆਪਣੀਆਂ ਬੇਲਾਗ, ਬੇਖੌਫ ਅਤੇ ਬੇਬਾਕ ਟਿੱਪਣੀਆਂ ਕਾਰਨ ਹਮੇਸ਼ਾ ਵਿਵਾਦਾਂ ਵਿਚ ਰਹੇ
ਹੋ। ਤੁਹਾਡੀ ਇਕ ਟਿੱਪਣੀ ਜਿਸ ਵਿਚ ਤੁਸੀਂ ਕਹਿੰਦੇ ਹੋ ਕਿ 'ਹਿੰਦੁਸਤਾਨ ਦੇ 90 ਫੀਸਦੀ ਲੋਕ ਮੂਰਖ ਹਨ' ਲੋਕਾਂ ਨੂੰ ਚੰਗੀ ਨਹੀਂ ਲੱਗੀ।
ਜਸਟਿਸ ਕਾਟਜੂ- ''ਸ਼ਾਇਦ ਮੈਂ ਪ੍ਰੈਂਸਟੇਜ਼ ਘੱਟ ਕਹਿ ਗਿਆ। ਸੱਚੀ ਗੱਲ ਤਾਂ ਇਹ ਹੈ ਕਿ 90 ਫੀਸਦੀ ਤੋਂ ਵੱਧ ਲੋਕ ਭਾਰਤ ਵਿਚ ਬਿਲਕੁਲ ਮੂਰਖ ਹਨ। ਉਹਨਾਂ ਦੀ ਖੋਪੜੀ ਵਿਚ ਜਾਤੀਵਾਦ, ਸੰਪਰਦਾਇਕਤਾ, ਵਹਿਮ ਭਰਮ ਅਤੇ ਕੂੜਾ ਕਰਕਟ ਭਰਿਆ ਹੋਇਆ ਹੈ। ਇਹ ਲੋਕ ਜਦੋਂ ਵੋਟ ਦੇਣ ਜਾਂਦੇ ਹਨ ਤਾਂ ਉਸ ਵੇਲੇ ਉਮੀਦਵਾਰ ਦਾ ਚੰਗਾ ਜਾਂ ਬੁਰਾ ਹੋਣਾ ਦਿਮਾਗ ਵਿਚ ਨਹੀਂ ਰੱਖਦੇ। ਉਮੀਦਵਾਰ ਪੜ੍ਹਿਆ-ਲਿਖਿਆ ਹੈ ਜਾਂ ਨਹੀਂ। ਅਜਿਹਾ ਸੋਚਣ ਦੀ ਬਜਾਏ ਭੇਡ ਬੱਕਰੀਆਂ ਵਾਂਗ ਜਾਤ, ਬਾਦਰੀ ਅਤੇ ਧਰਮ ਦੇ ਨਾਮ 'ਤੇ ਵੋਟ ਪਾਉਂਦੇ ਹਨ। ਇਹ ਕੀ ਸਾਬਤ ਕਰਦਾ ਹੈ? ਮੇਰੀ ਗੱਲ ਨੂੰ ਸਹੀ ਸਾਬਤ ਨਹੀਂ ਕਰਦਾ ਕਿ ਇਹ ਸਭ ਮੂਰਖ ਹਨ। ਪਾਗਲ ਹਨ।
? ਕਾਟਜੂ ਸਾਹਿਬ- ਇਹੀ ਲੋਕ ਹਨ ਜਿਹਨਾਂ ਨੇ ਐਮਰਜੇਂਸੀ ਤੋਂ ਬਾਅਦ ਕਾਂਗਰਸ ਨੂੰ ਬਾਹਰ ਦਾ ਰਸਤਾ ਦਿਖਾਉਂਦੇ ਹੋਏ ਰਾਜ ਸੱਤਾ ਜਨਤਾ ਪਾਰਟੀ ਨੂੰ ਦੇ ਦਿੱਤੀ ਸੀ। ਇਨ੍ਹਾਂ ਲੋਕਾਂ ਨੂੰ ਤੁਸੀਂ ਮੂਰਖ ਅਤੇ ਪਾਗਲ ਕਹਿ ਰਹੇ ਹੋ।
ਜਸਟਿਸ ਕਾਟਜੂ- ''ਐਮਰਜੈਂਸੀ ਤੋਂ ਬਾਅਦ ਕਾਂਗਰਸ ਦੀ ਹਾਰ ਦੇ ਕਈ ਕਾਰਨ ਹਨ, ਪਰ ਕੀ ਮੈਂ ਗਲਤ ਕਹਿ ਰਿਹੈਂ ਕਿ ਇੱਕੋਂ ਦੇ ਆਦਮੀ ਵਿਚ ਜਾਤੀਵਾਦ ਭਰਿਆ ਹੋਇਆ ਹੈ। ਸੰਪਾਦਜਇਕਤਾ, ਵਹਿਮ ਭਰਮ ਅਤੇ ਅੰਧ ਵਿਸ਼ਵਾਸ ਭਰਿਆ ਹੋਇਆ ਹੈ। 90 ਫੀਸਦੀ ਲੋਕ ਜੋਤਿਸ਼ ਅਤੇ ਅਸਟਰੋਲਾਜੀ ਵਿਚ ਵਿਸ਼ਵਾਸ ਰੱਖਦੇ ਹਨ। ਇਨ੍ਹਾਂ ਲੋਕਾਂ ਵਿਚ ਪੱਛੜਾਪਣ ਭਰਿਆ ਹੋਇਆ ਹੈ। ਮੈਂ ਸਿਰਫ ਅਨਪੜ੍ਹ ਲੋਕਾਂ ਦੀ ਹੀ ਗੱਲ ਨਹੀਂ ਕਰਦਾ ਬਲਕਿ ਪੜ੍ਹੇ-ਲਿਖੇ ਲੋਕ ਵੀ ਮੂਰਖ ਹਨ। ਮੈਂ 30 ਸਾਲ ਵਕਾਲਤ ਕੀਤੀ ਹੈ ਵਾਰਾਨਸੀ ਵਿਚ। ਜਦੋਂ ਇਹ ਵਕੀਲ ਵੋਟ ਦੇਣ ਜਾਂਦੇ ਹਨ ਤਾਂ ਪੰਡਤ ਵਕੀਲ ਪੰਡਤ ਨੂੰ ਵੋਟ ਦਿੰਦਾ ਹੈ। ਯਾਦਵ ਵਕੀਲ ਯਾਦਵ ਨੂੰ ਵੋਟ ਦਿੰਦਾ ਹੈ। ਸਭ ਭੇਡ ਬੱਕਰੀਆਂ ਹਨ। ਇਹ ਪੜ੍ਹੇ-ਲਿਖੇ ਲੋਕਾਂ ਦਾ ਹਾਲ ਹੈ। ਕੁਲੀਨ ਵਰਗ ਦਾ।
? ਜਿਸ ਸਮਾਜ ਵਿਚ ਸਿਆਸਤ ਧਰਮ ਅਤੇ ਜਾਤ ਦੇ ਨਾਮ 'ਤੇ ਹੋਵੇਗੀ, ਉਥੇ ਹੋਰ ਕੀ ਤਵੱਕੋਂ ਰੱਖੀ ਜਾ ਸਕਦੀ ਹੈ।
ਜਸਟਿਸ ਕਾਟਜੂ- ਇਹੀ ਤਾਂ ਮੈਂ ਕਹਿ ਰਿਹਾ ਹਾਂ ਕਿ ਤੁਹਾਡੀ ਸਾਰੀ ਸਿਆਸਤ ਤਾਂ ਜਾਤ ਅਤੇ ਧਰਮ ਦੇ ਨਾਮ 'ਤੇ ਚੱਲ ਰਹੀ ਹੈ ਅਤੇ ਕਿਉਂ ਚੱਲ ਰਹੀ ਹੈ ਕਿਉਂਕਿ ਤੁਹਾਡੇ ਲੋਕ ਪਿੱਛੜੇ ਹੋਏ ਹਨ। ਧਰਮ ਜਾਂ ਜਾਤ ਦੇ ਨਾਮ ਤੇ ਵੋਟ ਦਿੰਦੇ ਹਨ। ਭੇਡ ਬੱਕਰੀਆਂ ਹਨ। ਮੈਂ 90 ਫੀਸਦੀ ਘੱਟ ਕਹਿ ਗਿਆ, ਇਸ ਤੋਂ ਜ਼ਿਆਦਾ ਮੂਰਖ ਵੱਸਦੇ ਹਨ ਹਿੰਦੁਸਤਾਨ ਵਿਚ।
? ਅੰਨਾ ਹਜ਼ਾਰੇ ਅਤੇ ਰਾਮ ਦੇਵ ਦੇ ਅੰਦੋਲਨ ਬਾਰੇ ਵੀ ਤੁਸੀਂ ਬੜੀਆਂ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ। ਤੁਸੀਂ ਕਹਿ ਰਹੇ ਹੋ ਕਿ ਜੰਤਰ ਮੰਤਰ ਤੇ ਰਾਮ ਦੇਵ ਦਾ ਕਾਲੇ ਧਨ ਖਿਲਾਫ ਕੀਤਾ ਜਾ ਰਿਹਾ ਅੰਦੋਲਨ ਇਕ ਸਰਕਸ ਹੈ ਜਾਂ ਤੁਸੀਂ ਇਹ ਵੀ ਕਿਹਾ ਸੀ ਕਿ ਅੰਨਾ ਹਜ਼ਾਰੇ ਨੂੰ ਇਕ ਮਹੀਨੇ ਲਈ ਮੀਡੀਆ ਨਜ਼ਰਅੰਦਾਜ਼ ਕਰ ਦੇਵੇ, ਫਿਰ ਦੇਖੋ ਉਸਨੂੰ ਕੌਣ ਪੁੱਛਦਾ ਹੈ। ਲੋਕ ਉਹਨਾਂ ਦਾ ਸਾਥ ਦੇ ਰਹੇ ਹਨ, ਤੁਸੀਂ ਉਹਨਾਂ ਦੇ ਖਿਲਾਫ ਹੋ?
ਜਸਟਿਸ ਕਾਟਜੂ- ਮੈਂ ਕਹਿ ਤਾਂ ਰਿਹਾਂ ਕਿ ਲੋਕ ਤਾਂ ਮੂਰਖ ਹਨ। ਹਿੰਦੁਸਤਾਨ ਦੇ 90 ਫੀਸਦੀ ਤੋਂ ਵੱਧ ਲੋਕ ਪਾਗਲ ਹਨ। ਉਹਨਾਂ ਦੇ ਦਿਮਾਗ ਵਿਚ ਘਾਹ ਫੂਸ ਭਰਿਆ ਹੋਇਆ ਹੈ। ਤਾਂ ਹੀ ਤਾਂ ਉਹ ਅਜਿਹੇ ਲੋਕਾਂ ਨੂੰ ਸਮਰਥਨ ਦੇ ਰਹੇ ਹਨ।
? ਉਹ ਲੋਕ ਜੋ ਭ੍ਰਿਸ਼ਟਾਚਾਰ ਦੇ ਖਿਲਾਫ ਲੜ ਰਹੇ ਹਨ, ਉਹਨਾਂ ਨੂੰ ਵੀ ਤੁਸੀਂ ਮੂਰਖ ਮੰਨਦੇ ਹੋ?
ਜਸਟਿਸ ਕਾਟਜੂ- 'ਕੁਰੱਪਸ਼ਨ ਦੇ ਖਿਲਾਫ ਮੈਂ ਵੀ ਹਾਂ, ਮਗਰ ਕੁਰੱਪਸ਼ਨ ਦੇ ਖਿਲਾਫ ਲੜਾਈ ਇਕ ਸੈਂਟੇਫਿਕ ਢੰਗ ਨਾਲ ਲੜਨੀ ਚਾਹੀਦੀ ਹੈ। ਭਾਰਤ ਮਾਤਾ ਕੀ ਜੈ, ਇਨਕਲਾਬ ਜਿੰਦਾਬਾਦ ਜਾਂ ਫਿਰ ਭੁੱਖ ਹੜਤਾਲ ਕੀ ਅਜਿਹੇ ਡਰਾਮਿਆਂ ਨਾਲ ਕੁਰੱਪਸ਼ਨ ਖਤਮ ਹੋ ਜਾਵੇਗੀ। ਇਹ ਦੋ ਚਾਰ ਦਿਨ ਡਰਾਮਾ ਚੱਲੇਗਾ, ਫਿਰ ਲੋਕ ਆਪਣੇ ਆਪਣੇ ਘਰਾਂ ਵਿਚ ਜਾ ਬੈਠਣਗੇ। ਦਸ ਦਿਨਾਂ ਦੇ ਤਮਾਸ਼ੇ ਤੋਂ ਬਾਅਦ ਸਭ ਆਪੋ ਆਪਣੇ ਘਰ।
? ਅੰਨਾ ਹਜ਼ਾਰੇ ਦੇ ਅੰਦੋਲਨ ਦਾ ਕੋਈ ਅਸਰ ਨਹੀਂ?
ਜਸਟਿਸ ਕਾਟਜੂ- 'ਬਿਲਕੁਲ ਨਹੀਂ'। ਇਹ ਸਭ ਤਮਾਸ਼ਾ ਸੀ। ਜਿਸ ਆਦਮੀ ਦੀ ਸੋਚ ਵਿਗਿਆਨਕ ਨਹੀਂ, ਉਹ ਕੀ ਸਮਾਧਾਨ ਦੇਵੇਗਾ ਕੁਰੱਪਸ਼ਨ ਦਾ। ਜੋ ਆਦਮੀ ਇਹ ਕਹਿੰਦਾ ਹੈ ਕਿ ਸ਼ਰਾਬੀਆਂ ਨੁੰ ਖੰਭੇ ਨਾਲ ਬੰਨ੍ਹ ਕੇ ਉਹਨਾਂ ਨੂੰ ਕੌੜੇ ਮਾਰੇ ਜਾਣ। ਸ਼ਰਾਬ ਹਟਾਉਣ ਦਾ ਇਹ ਸਮਾਧਾਨ ਦੇ ਰਿਹੈ ਉਹ। ਅਜਿਹੇ ਆਦਮੀ ਦੀ ਸੈਂਟੇਫਿਕ ਸਮਝ ਦਾ ਅੰਦਾਜ਼ਾ ਤੁਸੀਂ ਆਪ ਹੀ ਲਾ ਲਵੋ।
? ਕੀ ਅੰਨਾ ਹਜ਼ਾਰੇ ਜਾਂ ਰਾਮਦੇਵ ਦੇ ਪਿੱਛੇ ਕੋਈ ਹੋਰ ਸ਼ਕਤੀਆਂ ਕੰਮ ਕਰ ਰਹੀਆਂ ਹਨ, ਜੋ ਉਹਨਾਂ ਨੂੰ ਵਰਤ ਰਹੀਆਂ ਹਨ?
ਜਸਟਿਸ ਕਾਟਜੂ- ਸੱਚੀ ਗੱਲ ਤਾਂ ਇਹ ਹੈ ਕਿ ਸਾਡੇ ਮੁਲਕ ਵਿਚ ਹਰ ਪੱਧਰ ਤੇ ਇੰਨੀ ਜ਼ਿਆਦਾ ਕੁਰੱਪਸ਼ਨ ਹੈ। ਸਾਰੇ ਲੋਕ ਉਸ ਤੋਂ ਦੁਖੀ ਹਨ। ਇਸ ਤਰ੍ਹਾਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ। ਲੋਕਾਂ ਨੂੰ ਲੱਗਿਆ ਕਿ ਇਹ ਕੁਰੱਪਸ਼ਨ ਖਤਮ ਕਰ ਦੇਣਗੇ, ਪਰ ਉਹਨਾਂ ਕੋਲ ਕੋਈ ਵਿਗਿਆਨਕ ਸਮਾਧਾਨ ਤਾਂ ਹੈ ਨਹੀਂ। ਰਾਮ ਲੀਲਾ ਮੈਦਾਨ ਵਿਚ ਜਾਂ ਜੰਤਰ ਮੰਤਰ ਵਿਚ ਭਾਰਤ ਮਾਤਾ ਦੀ ਜੈ ਨਾਲ ਕਰੁੱਪਸ਼ਨ ਨਹੀਂ ਖਤਮ ਹੋਣੀ। ਇਹ ਤਾਂ ਦਸ ਦਿਨਾਂ ਦੀ ਸਰਕਸ ਹੈ, ਉਸ ਤੋਂ ਬਾਅਦ ਘਰ ਜਾਓ, ਤਮਾਸ਼ਾ ਖਤਮ।
? ਰਾਮਦੇਵ ਦਾ ਵੀ ਸਰਕਸ ਹੈ?
ਜਸਟਿਸ ਕਾਟਜੂ- ਹਾਂ, ਇਹ ਸਰਕਸ ਹੀ ਹੈ। ਹੋਰ ਕੀ।
? ਗਡਕਰੀ ਕੀ ਸਰਕਸ ਵੇਖਣ ਗਿਆ ਜਾਂ ਫਿਰ ਉਹ ਨਚਾਉਣ ਵਾਲਿਆਂ ਵਿਚੋਂ ਹੈ?
ਜਸਟਿਸ ਕਾਟਜੂ- 'ਉਹ ਸਿਆਸੀ ਫਾਇਦਾ ਉਠਾਉਣਾ ਚਾਹੁੰਦੇ ਹਨ। ਇਹ ਸਿਆਸੀ ਲੋਕ ਹਨ। ਇਹਨਾਂ ਨੂੰ ਕੋਈ ਮੁੱਦਾ ਚਾਹੀਦਾ ਹੈ ਅਤੇ ਇਸ ਮੁੱਦੇ ਤੋਂ ਸਿਆਸੀ ਲਾਭ ਉਠਾਉਣਾ ਚਾਹੁੰਦੇ ਹਨ। ਪਰ ਅੰਨਾ ਹਜ਼ਾਰੇ ਅਤੇ ਰਾਮਦੇਵ ਵਰਗੇ ਲੋਕਾਂ ਕੋਲ ਕੋਈ ਸੈਂਟੇਫਿਕ ਸਮਾਧਾਨ ਨਹੀਂ ਹੈ। ਮੈਂ ਇਕ ਆਰਟੀਕਲ ਲਿਖਿਆ ਹੈ ਇੰਡੀਅਨ ਐਕਸਪ੍ਰੈਸ ਵਿਚ। ਮੈਂ ਕੁਰੱਪਸ਼ਨ ਦੇ ਕਾਰਨਾਂ ਦਾ ਵਿਸ਼ਲੇਸ਼ਣ ਕੀਤਾ ਹੈ। ਵੇਖੋ ਕੀ ਹੁੰਦਾ ਹੈ ਕਿ ਫਿਊਡਲ ਸਮਾਜ ਵਿਚ ਮੋਟੇ ਤੌਰ 'ਤੇ ਕੁਰੱਪਸ਼ਨ ਨਹੀਂ ਹੁੰਦੀ। ਉਸ ਵਿਚ ਫਿਊਡਲ ਮਾਡਲ ਕੋਡ ਹੁੰਦਾ ਹੈ। ਫਿਊਡਲ ਸਮਾਜ ਇਕ ਕਿਸਮ ਦਾ ਸਥਿਰ ਸਮਾਜ ਹੁੰਦਾ ਹੈ। ਜਦੋਂ ਅਜਿਹੇ ਸਮਾਜ ਵਿਚ ਸ਼ੁਰੂ ਸ਼ੁਰੂ ਸਨਅਤੀਕਰਨ ਆਉਂਦਾ ਹੈ ਤਾਂ ਸੁਸਾਇਟੀ ਅਸਥਿਰ ਹੋ ਜਾਂਦੀ ਹੈ। ਸਨਅਤੀਕਰਨ ਦੌਰ ਦੇ ਮੁਢਲੇ ਸਮੇਂ ਵਿਚ ਦੋ ਚੀਜ਼ਾਂ ਹੋਣ ਲੱਗਦੀਆਂ ਹਨ। ਇਕ ਤਾਂ ਪੁਰਾਣਾ ਫਿਊਡਲ ਮਾਡਲ ਕੋਰ ਟੁੱਟ ਜਾਂਦਾ ਹੈ ਅਤੇ ਇੰਡੀਸਟਰੀਅਲ ਸੁਸਾਇਟੀ ਵਾਲਾ ਨਵਾਂ ਮਾਡਲ ਕੋਡ (ਸਦਾਚਾਰਕ ਨੀਤੀ) ਉਸ ਸਮੇਂ ਤੱਕ ਬਣਿਆ ਨਹੀਂ ਹੁੰਦਾ। ਨਾ ਪੁਰਾਣਾ ਮਾਡਲ ਕੋਡ ਨਾ ਨਵਾਂ ਮਾਡਲ ਕੋਡ। ਕੋਈ ਆਚਰਣ ਨੀਤੀ ਨਹੀਂ ਹੁੰਦੀ। ਅਜਿਹੇ ਸਮੇਂ ਸਦਾਚਾਰਕ ਨੈਤਿਕਤਾ ਦੀ ਅਣਹੋਂਦ ਵਿਚ ਭ੍ਰਿਸ਼ਟਾਚਾਰ ਦਾ ਫੈਲਣਾ ਸੁਭਾਵਿਕ ਹੁੰਦਾ ਹੈ। ਦੂਸਰੀ ਚੀਜ਼ ਇੰਡੀਟਰੀਅਲ ਈਜੇਸ਼ਨ ਦੇ ਮੁਢਲੇ ਦੌਰ ਵਿਚ ਜੋ ਵਾਪਰਦੀ ਹੈ, ਉਹ ਹੈ ਮਹਿੰਗਾਈ ਦਾ ਵੱਧ ਜਾਣਾ। ਤੁਹਾਡੀ ਤਨਖਾਹ ਤਾਂ ਉਨੀ ਹੀ ਹੈ ਪਰ ਚੀਜ਼ਾਂ ਤੇਜ਼ੀ ਨਾਲ ਮਹਿੰਗੀਆਂ ਹੋ ਜਾਂਦੀਆਂ ਹਨ। ਮਹਿੰਗਾਈ ਇਸ ਲਈ ਵਧਦੀ ਹੈ ਕਿਉਂਕਿ ਦੇਸ਼ ਦੀ ਆਰਥਿਕਤਾ ਵਿਚ ਪੈਸਾ ਵੱਡੀ ਪੱਧਰ 'ਤੇ ਆਉਂਦਾ ਹੈ। ਉਦਯੋਗਪਤੀਆਂ ਨੂੰ ਆਪਣੇ ਨਵੇਂ ਉਦਯੋਗਾਂ ਲਈ ਪੈਸਾ ਚਾਹੀਦਾ ਹੁੰਦਾ ਹੈ। ਉਸ ਮੰਤਵ ਲਈ ਉਹ ਕਰਜ਼ਾ ਲੈਂਦੇ ਹਨ। ਕਰਜ਼ੇ ਦੀ ਮੰਗ ਪੂਰੀ ਕਰਨ ਲਈ ਵੱਡੀ ਪੱਧਰ ਤੇ ਨੋਟ ਛਾਪੇ ਜਾਂਦੇ ਹਨ ਅਤੇ ਮਾਰਕੀਟ ਵਿਚ ਆਉਂਦੇ ਹਨ ਅਤੇ ਇਨਫਲੇਸ਼ਨ ਵਧਦੀ ਹੈ। ਅਜਿਹੇ ਹਾਲਾਤਾਂ ਵਿਚ ਲੋਕਾਂ ਨੂੰ ਆਪਣੇ ਲਾਈਫ ਸਟਾਈਲ ਨੂੰ ਬਣਾਈ ਰੱਖਣ ਲਈ ਵਾਧੂ ਰੁਪਿਆ ਚਾਹੀਦਾ ਹੁੰਦਾ ਹੈ। ਵਾਧੂ ਰੁਪਿਆ ਕਮਾਉਣ ਲਈ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਦਾ ਜਨਮ ਹੁੰਦਾ ਹੈ। ਮੈਂ ਕਰੁੱਪਸ਼ਨ ਨੂੰ ਜਸਟੀਫਾਈ ਨਹੀਂ ਕਰ ਰਿਹਾ। ਪਰ ਮੁਢਲੇ ਦੌਰ ਵਿਚ ਅਜਿਹਾ ਵਾਪਰਨਾ ਸੁਭਾਵਿਕ ਹੁੰਦਾ ਹੈ। ਮੈਂ ਤੁਹਾਨੂੰ ਦੱਸਾਂ ਕਿ 18ਵੀਂ ਸਦੀ ਵਿਚ ਇੰਗਲੈਂਡ ਵਿਚ ਜਦੋਂ ਉਦਯੋਗੀਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ ਤਾਂ ਬਹੁਤ ਭ੍ਰਿਸ਼ਟਾਚਾਰ ਸੀ। ਇੰਗਲੈਂਡ ਦੇ ਪਹਿਲੇ ਪ੍ਰਧਾਨ ਮੰਤਰੀ (1721-42) ਸਰ ਰੋਬਟ ਵਾਰਪੋਲ ਕਹਿੰਦਾ ਸੀ ਕਿ ਮੈਂ ਸਾਰੇ ਐਮ. ਪੀਆਂ ਨੂੰ ਖਰੀਦਦਾ ਹਾਂ। 1768-1772 ਤੱਕ ਪ੍ਰਧਾਨ ਮੰਤਰੀ ਗਰੈਫਟਨ ਵੀ ਬਹੁਤ ਕੁਰੱਪਸ਼ਨ ਕਰਦਾ ਸੀ। 18ਵੀਂ ਸਦੀ ਅਤੇ 19ਵੀਂ ਸਦੀ ਦੇ ਮੁਢਲੇ ਦੌਰ ਵਿਚ ਬਹੁਤ ਭ੍ਰਿਸ਼ਟਾਚਾਰ ਰਿਹਾ ਹੈ। ਇਸੇ ਤਰ੍ਹਾਂ ਉਨੀਵੀਂ ਸਦੀ ਦੇ ਮੁਢਲੇ ਦੌਰ ਵਿਚ ਯੂ. ਐਸ. ਏ. ਵਿਚ ਬਹੁਤ ਭ੍ਰਿਸ਼ਟਾਚਾਰ ਸੀ।
ਇਹ ਜਦੋਂ ਉਦਯੋਗੀਕਰਨ ਦੀ ਪ੍ਰਕਿਰਿਆ ਖਤਮ ਹੋ ਜਾਂਦੀ ਹੈ ਤਾਂ ਸਮਾਜ ਸਥਿਰ ਹੋ ਜਾਂਦਾ ਹੈ ਜਿਵੇਂ ਹੁਣ ਕਨੇਡਾ, ਅਮਰੀਕਾ ਅਤੇ ਕੁਝ ਯੂਰਪੀਨ ਦੇਸ਼ ਹੁਣ ਇੰਡਸਟ੍ਰੀਅਲ ਸਮਾਜ ਬਣ ਚੁੱਕੇ ਹਨ। ਅਜਿਹੇ ਸਮੇਂ ਇੰਡਸਟ੍ਰੀਅਲ ਮਾਡਲ ਕੋਡ ਸਥਾਪਤ ਹੋ ਜਾਂਦਾ ਹੈ। ਹੁਣ ਅਮਰੀਕਾ ਅਤੇ ਕਨੇਡਾ ਵਰਗੇ ਦੇਸ਼ਾਂ ਵਿਚ ਆਮ ਆਦਮੀ ਨੂੰ ਰਿਸ਼ਵਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਜੇ ਤੁਸੀਂ ਟਰੈਫਿਕ ਦਾ ਕਾਨੂੰਨ ਤੋੜ ਦਿੱਤਾ ਹੈ ਤਾਂ ਪੁਲਿਸ ਵਾਲੇ ਨੂੰ ਰਿਸ਼ਵਤ ਨਹੀਂ ਦੇ ਸਕਦੇ। ਅਜਿਹਾ ਕਰਨ ਤੇ ਤੁਹਾਨੂੰ ਇਕ ਹੋਰ ਕੇਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਇੰਡੀਆ ਵਿਚ ਪੁਲਿਸ ਵਾਲੇ ਨੂੰ ਨੋਟ ਫੜਾਓ ਤਾਂ ਉਹ ਖੁਸ਼ੀ ਖੁਸ਼ੀ ਸਵੀਕਾਰ ਕਰ ਲੈਂਦਾ ਹੈ।
ਉਥੇ ਉਤਲੇ ਪੱਧਰ ਤੇ ਕੁਰੱਪਸ਼ਨ ਹੈ, ਜਿਵੇਂ ਕੋਈ ਮਲਟੀਨੈਸ਼ਨਲ ਕੰਪਨੀ ਕੋਈ ਠੇਕਾ ਚਾਹੁੰਦੀ ਹੈ, ਕਿਸੇ ਅੰਡਰ ਡਿਵੈਲਪ ਕੰਟਰੀ ਵਿਚ ਤਾਂ ਅਜਿਹਾ ਕਰਨ ਲਈ ਉਹ ਅੰਡਰ ਡਿਵੈਲਪ ਕੰਟਰੀ ਦੇ ਕਿਸੇ ਮੰਤਰੀ ਜਾਂ ਅਫਸਰ ਨੂੰ ਰਿਸ਼ਵਤ ਦੇ ਦੇਣਗੇ। ਪਰ ਕਾਮਨ ਮੈਨ ਦੇ ਪੱਧਰ ਤੇ ਇਮਾਨਦਾਰੀ ਹੈ। ਤੁਸੀਂ ਅਮਰੀਕਾ, ਕਨੇਡਾ ਜਾਓ ਤਾਂ ਤੁਸੀਂ ਵੇਖੋਗੇ ਕਿ ਜ਼ਿਆਦਾ ਗਿਣਤੀ ਵਿਚ ਲੋਕ ਇਮਾਨਦਾਰ ਹਨ ਅਤੇ ਸੱਚ ਬੋਲਦੇ ਹਨ। ਇਸਦਾ ਕਾਰਨ ਕਿ ਇੱਥੇ ਇਕ ਨਵੀਂ ਮਾਰਲ ਕੋਡ ਬਣ ਗਈ ਪਰ ਸਾਡੇ ਦੇਸ਼ ਵਿਚ ਪੁਰਾਣੀ ਮਾਰਲ ਕੋਡ ਟੁੱਟ ਗਈ ਹੈ ਅਤੇ ਨਵੀਂ ਅਜੇ ਬਣੀ ਨਹੀਂ।
? ਤੁਸੀਂ ਕਦੇ ਕਹਿੰਦੇ ਹੋ ਕਿ ਨਿਤੀਸ਼ ਕੁਮਾਰ ਨੇ ਬਿਹਾਰ ਵਿਚ ਮੀਡੀਆ ਤੇ ਕੰਟਰੋਲ ਕੀਤਾ ਹੋਇਆ ਹੈ। ਕਦੇ ਕਹਿੰਦੇ ਹੋ ਕਿ ਮਮਤਾ ਬੈਨਰਜੀ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ। ਜਸਟਿਸ ਕਾਟਜੂ ਇਕੱਲੇ ਇਕੱਲੇ ਲੀਡਰ ਦੇ ਖਿਲਾਫ ਬੋਲ ਰਿਹਾ ਹੈ। ਆਖਿਰ ਤੁਸੀਂ ਚਾਹੁੰਦੇ ਕੀ ਹੋ?
ਜਸਟਿਸ ਕਾਟਜੂ- 'ਮੇਰਾ ਇਕੋ ਇਕ ਪ੍ਰੋਗਰਾਮ ਹੈ ਕਿ ਮੇਰਾ ਦੇਸ਼ ਤਰੱਕੀ ਕਰੇ। ਪੂਰੀ ਤਰ੍ਹਾਂ ਉਦਯੋਗੀਕਰਨ ਹੋਵੇ ਦੇਸ਼ ਦਾ। ਗਰੀਬੀ ਖਤਮ ਹੋਵੇ, ਬੇਰੁਜ਼ਗਾਰੀ ਖਤਮ ਹੋਵੇ। ਮੈਂ ਚਾਹੁੰਦਾ ਹਾਂ ਕਿ ਲੋਕਾਂ ਨੂੰ ਸਿੱਖਿਆ ਮਿਲੇ। ਮੈਂ ਚਾਹੁੰਦਾ ਹਾਂ ਲੋਕਾਂ ਨੂੰ ਚੰਗੀਆਂ ਸਿਹਤ ਸੁਵਿਧਾਵਾਂ ਮਿਲਣ। ਬੱਸ ਇਸੇ ਨਜ਼ਰੀਏ ਤੋਂ ਮੈਂ ਸਿਆਸੀ ਲੋਕਾਂ ਦੀ ਆਲੋਚਨਾ ਕਰਦਾ ਹਾਂ। ਹੋਰ ਮੇਰਾ ਕੋਈ ਮਕਸਦ ਨਹੀਂ।
(ਮੁਲਾਕਾਤ ਦਾ ਬਾਕੀ ਹਿੱਸਾ ਅਗਲੇ ਹਫਤੇ ਦੇ ਅਜੀਤ ਵੀਕਲੀ ਵਿਚ ਪੜ੍ਹ ਸਕੋਗੇ)