Thursday, 13 September 2012 11:40
Print PDF

ਬੰਦੇ ਦਾ ਤੇ ਘਟਨਾਵਾਂ ਦਾ ਅਨੋਖਾ ਰਿਸ਼ਤਾ ਹੈ। ਘਟਨਾਵਾਂ ਇਸ ਲਈ ਘਟਦੀਆਂ ਹਨ ਕਿ ਬੰਦੇ ਨੂੰ ਹੈਰਾਨ ਕਰਦੀਆਂ ਰਹਿਣ। ਬੰਦਾ ਇਸ ਲਈ ਬਣਿਆ ਹੈ ਕਿ ਉਹਨਾਂ ਘਟਨਾਵਾਂ ਨੂੰ ਦੇਖ ਕੇ ਹੈਰਾਨ ਹੁੰਦਾ ਰਹੇ। ਨਾ ਘਟਨਾਵਾਂ ਘਟਣੋਂ ਹਟਦੀਆਂ ਹਨ ਤੇ ਨਾ ਵਿਚਾਰਾ ਬੰਦਾ ਹੈਰਾਨ ਹੋਣੋਂ ਹਟ ਸਕਦਾ ਹੈ। ਕਈ ਵਾਰ ਕਿਸੇ ਘਟਨਾ ਤੋਂ ਪਹਿਲਾਂ ਬੰਦਾ ਲੱਖਣ ਲਾਉਣ ਲੱਗਦਾ ਹੈ ਕਿ ਜਦੋਂ ਉਹ ਘਟੇਗੀ, ਅੱਗੋਂ ਕੀ ਹੋਵੇਗਾ। ਬੰਦੇ ਨੂੰ ਮਾਣ ਹੈ ਕਿ ਰੱਬ ਨੇ ਉਹਨੂੰ ਬੁੱਧੀ ਦਿੱਤੀ ਹੀ ਇਸ ਕਰਕੇ ਹੈ ਤਾਂ ਜੋ ਉਹ ਅਜਿਹੇ ਲੱਖਣ ਠੀਕ ਠੀਕ ਲਾ ਸਕੇ। ਰੱਬ ਹੱਸਦਾ ਹੈ ਕਿ ਬੁੱਧੀ ਤਾਂ ਤੈਨੂੰ ਮੈਂ ਵੀ ਮੁੱਠੀ ਘੁੱਟ ਕੇ ਦਿੱਤੀ ਹੈ, ਦੇਖਾਂ ਤੇਰੇ ਲੱਖਣ ਦਾ ਕੀ ਬਣਦਾ ਹੈ! ਤੇ ਰੱਬ ਨੇ ਤਾਂ ਆਪਣੇ ਬਾਰੇ ਪ੍ਰਚਾਰ ਕਰ ਕੇ ਇਹ ਵੀ ਮਸ਼ਹੂਰ ਕਰ ਛੱਡਿਆ ਹੈ ਕਿ ਉਹਦੀਆਂ ਉਹ ਹੀ ਜਾਣੇ!
 2014 ਵਿੱਚ, ਤੇ ਜੇ ਉਸ ਤੋਂ ਪਹਿਲਾਂ ਸੰਭਵ ਹੋਵੇ ਤਾਂ ਪਹਿਲਾਂ ਹੀ, ਚਕਰਵਰਤੀ ਸਮਰਾਟ ਬਨਣ ਦੇ ਇਰਾਦੇ ਨਾਲ ਪਿਛਲੇ ਦਿਨੀਂ ਲੋਹ-ਅਸਵਯਾਤਰਾ ਕਰਦੇ ਹੋਏ ਅਡਵਾਨੀ ਜੀ ਅੰਮ੍ਰਿਤਸਰ ਪਹੁੰਚਣ ਵਾਲੇ ਸਨ। ਮੈਂ ਵਿਹਲੇ ਬੰਦਿਆਂ ਵਾਲੇ ਸਾਰੇ ਕੰਮ ਛੱਡ ਕੇ ਇਹਨਾਂ ਗਿਣਤੀਆਂ-ਮਿਣਤੀਆਂ ਵਿੱਚ ਲੱਗ ਗਿਆ ਕਿ ਸਦੀਵੀ ਯਾਤਰੀ ਦੇ ਦਰਬਾਰ ਸਾਹਿਬ ਪਹੁੰਚਣ ਸਮੇਂ ਕੀ ਹੋਵੇਗਾ। ਮੇਰੀ ਇਹ ਜਮ੍ਹਾ-ਘਟਾਓ ਐਵੇਂ ਵਿਹਲੇ ਬੰਦੇ ਦਾ ਰੁਝੇਵਾਂ ਨਹੀਂ ਸੀ ਸਗੋਂ ਇਸ ਦਾ ਨਿੱਗਰ ਆਧਾਰ ਸੀ। ਇੱਕ ਪਾੱਸੇ ਤਾਂ ਅਡਵਾਨੀ ਜੀ ਉਹ ਆਦਮੀ ਹਨ ਜਿਨ੍ਹਾਂ ਨੇ 1984 ਵਿੱਚ ਇੰਦਰਾ ਗਾਂਧੀ ਨੂੰ ਦਰਬਾਰ ਸਾਹਿਬ ਉੱਤੇ ਫ਼ੌਜਾਂ

 ਚਾੜ੍ਹਨ ਲਈ ਉਕਸਾਇਆ ਸੀ। ਇਹ ਗੱਲ ਉਹਨਾਂ ਬਾਰੇ ਕਿਸੇ ਲੂਤੀ-ਲਾਊ ਦੁਸ਼ਮਣ ਨੇ ਨਹੀਂ ਉਡਾਈ ਸਗੋਂ ਸਵੈਜੀਵਨੀ ਵਿੱਚ ਉਹਨਾਂ ਨੇ ਆਪ ਹਿੱਕ ਥਾਪੜ ਕੇ ਬੜੇ ਮਾਣ ਨਾਲ ਦੱਸੀ ਹੈ। ਉਹਨਾਂ ਦੇ ਕਹਿਣ ਦਾ ਭਾਵ ਇਹ ਬਣਦਾ ਹੈ ਕਿ ਜੇ ਉਹ ਨਾ ਉਕਸਾਉਂਦੇ, ਡਰਾਕਲ ਇੰਦਰਾ ਗਾਂਧੀ ਨੇ ਫ਼ੌਜਾਂ ਚਾੜ੍ਹਨ ਦੀ ਹਿੰਮਤ ਹੀ ਨਹੀਂ ਸੀ ਕਰਨੀ। ਦੂਜੇ ਪਾੱਸੇ ਜਦੋਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਆਦਰਯੋਗ ਸ਼੍ਰੀ ਅਵਤਾਰ ਸਿੰਘ ਮੱਕੜ ਜੀ ਨੇ ਕਮੇਟੀ ਦੇ ਪੈਸੇ ਨਾਲ ਅਖ਼ਬਾਰਾਂ ਵਿੱਚ ਛਪਦੇ ਇਸ਼ਤਿਹਾਰਾਂ ਵਿੱਚ ਆਪਣੀ ਸੁੰਦਰ ਮੂਰਤ ਨਾਲ ਆਪਣੇ ਆਪ ਨੂੰ 'ਪੰਥ ਦੀ ਅਜ਼ੀਮ ਹਸਤੀ' ਲਿਖਣਾ ਸ਼ੁਰੂ ਕੀਤਾ ਹੈ, ਮੇਰਾ ਵਿਸ਼ਵਾਸ ਬੱਝ ਗਿਆ ਹੈ ਕਿ ਉਹ ਗੁਰਧਾਮਾਂ ਵੱਲ ਉਂਗਲ ਕਰਨ ਵਾਲੇ ਕਿਸੇ ਵੀ ਬੰਦੇ ਨੂੰ ਬਖ਼ਸ਼ਣਗੇ ਨਹੀਂ। ਇਉਂ ਮੇਰੇ ਵਿਹਲੇ ਮਨ ਨੂੰ ਇਹ ਸੋਚਦੇ ਰਹਿਣ ਦਾ ਰੁਝੇਵਾਂ ਮਿਲ ਗਿਆ ਕਿ ਜਦੋਂ ਮੱਕੜ ਜੀ ਦੀ ਕਮੇਟੀ ਅਤੇ ਅਡਵਾਨੀ ਜੀ ਦਾ ਆਹਮਣਾ-ਸਾਹਮਣਾ ਹੋਇਆ, ਉਸ ਪਲ ਹੋਵੇਗਾ ਕੀ? ਸਿਕੰਦਰ ਕੀ ਆਖੇਗਾ ਤੇ ਪੋਰਸ ਕੀ ਜਵਾਬ ਦੇਵੇਗਾ?
 ਇਕ ਸਾਡੇ ਸਿਮਰਨਜੀਤ ਸਿੰਘ ਮਾਨ ਜੀ ਹਨ। ਜਨਤਾ ਨੇ ਵਾਰ ਵਾਰ ਉਹਨਾਂ ਨੂੰ ਵਿਧਾਇਕ ਜਾਂ ਸਾਂਸਦ ਨਾ ਬਣਾ ਕੇ ਇਹ ਪੰਥਕ ਫ਼ਰਜ਼ ਪੱਕੇ ਤੌਰ ਉੱਤੇ ਸੌਂਪ ਛੱਡਿਆ ਹੈ ਕਿ ਉਹ ਆਪਣੇ ਤਰੀਕੇ ਨਾਲ ਪੰਥ ਦੀ ਆਨ-ਸ਼ਾਨ ਉੱਚੀ ਕਰਦੇ ਰਹਿਣ। ਮੱਕੜ ਜੀ ਦਾ ਕਿਤਾਬਾਂ ਨਾਲ, ਖ਼ਾਸ ਕਰ ਕੇ ਅੰਗਰੇਜ਼ੀ ਦੀਆਂ ਕਿਤਾਬਾਂ ਨਾਲ ਕਿੰਨਾ ਕੁ ਵਾਹ ਹੋਵੇਗਾ, ਇਹ ਅੰਦਾਜ਼ਾ ਲਾਉਣ ਲਈ ਬਹੁਤੀ ਸਿਆਣਪ ਦੀ ਲੋੜ ਨਹੀਂ। ਪਰ ਮਾਨ ਸਾਹਿਬ ਤਾਂ ਆਈ. ਪੀ. ਐੱਸ. ਅਧਿਕਾਰੀ ਰਹੇ ਹਨ, ਪੜ੍ਹੇ-ਲਿਖੇ ਹਨ। ਉਹਨਾਂ ਨੇ ਅਡਵਾਨੀ ਜੀ ਦੀ ਸਵੈਜੀਵਨੀ ਪੜ੍ਹੀ ਤੇ ਦਰਬਾਰ ਸਾਹਿਬ ਉਹਦੇ ਪਹੁੰਚਣ ਸਮੇਂ ਰੋਸ ਪ੍ਰਗਟ ਕਰਨ ਦਾ ਐਲਾਨ ਕਰ ਦਿੱਤਾ। ਉਹਨਾਂ ਦੇ ਐਲਾਨ ਉੱਤੇ ਤਾਂ ਭਰੋਸਾ ਕਰਨਾ ਹੀ ਪੈਣਾ ਸੀ ਕਿਉਂਕਿ, ਸੁਣਿਆ ਹੈ, ਅਡਵਾਨੀ ਜੀ ਦੇ ਪੰਜਾਬ ਵਿੱਚ ਦਾਖ਼ਲ ਹੁੰਦਿਆਂ ਹੀ ਮਾਨ ਜੀ ਦੇ ਇੱਕ ਯੋਧੇ ਨੇ ਸਾਧੂ ਦਾ ਭੇਖ ਧਾਰ ਕੇ ਕਮੰਡਲ ਵਿੱਚ ਰੱਖੇ ਹੋਏ ਆਂਡਿਆਂ ਦੀ ਬਰਖਾ ਉਹਨਾਂ ਦੇ ਰਥ ਉੱਤੇ ਕਰ ਦਿੱਤੀ ਸੀ। ਮੈਨੂੰ ਫ਼ੇਰ ਵਿਹਲਿਆਂ ਵਾਲੇ ਸਾਰੇ ਕੰਮ ਛੱਡ ਕੇ ਲੱਖਣ ਲਾਉਣ ਲਈ ਬੈਠਣਾ ਪੈ ਗਿਆ। ਮਾਨ ਸਾਹਿਬ ਜਿਸ ਮੁੱਦੇ ਨੂੰ ਲੈ ਕੇ ਇਹ ਰੋਸ ਕਰ ਰਹੇ ਸਨ, ਪੰਥ ਦੀ ਅਜ਼ੀਮ ਹਸਤੀ ਤੇ ਉਹਨਾਂ ਦੀ ਅਗਵਾਈ ਵਾਲੀ ਕਮੇਟੀ ਵਾਸਤੇ ਉਸ ਮੁੱਦੇ ਦਾ ਵਿਰੋਧ ਕਰਨਾ ਸੰਭਵ ਨਹੀਂ ਸੀ ਹੋਣਾ। ਕੋਈ ਦਰਬਾਰ ਸਾਹਿਬ ਦੀ ਨਿਰਾਦਰੀ ਕਰਾਉਣ ਦਾ ਭਾਗੀ ਹੋਣ ਬਾਰੇ ਹਿੱਕ ਥਾਪੜੇ ਤਾਂ ਉਹਦਾ ਵਿਰੋਧ ਕਰਨ ਵਾਲੇ ਦਾ ਸਾਥ ਕਿਹੜਾ ਸਿੱਖ ਨਹੀਂ ਦੇਵੇਗਾ, ਭਾਵੇਂ ਉਹ ਮੱਕੜ ਜੀ ਹੀ ਕਿਉਂ ਨਾ ਹੋਣ! ਪਰ ਮੱਕੜ ਜੀ ਦੀ ਮਜਬੂਰੀ ਇਹ ਹੈ ਕਿ ਮਾਨ ਜੀ ਦਾ ਮੁੱਦਾ ਕਿੰਨਾ ਵੀ ਠੀਕ ਕਿਉਂ ਨਾ ਹੋਵੇ, ਉਹ ਉਸ ਨੂੰ ਠੀਕ ਨਹੀਂ ਕਹਿ ਸਕਦੇ। ਇਉਂ ਪੂਰੀ ਨਜ਼ਰ ਮੱਕੜ ਜੀ ਉੱਤੇ ਟਿਕ ਗਈ ਕਿ ਦੇਖੀਏ, ਉਹ ਅਡਵਾਨੀ ਜੀ ਨਾਲ ਕੀ ਵਿਹਾਰ ਕਰਨਗੇ ਤੇ ਮਾਨ ਸਾਹਿਬ ਨਾਲ ਕਿਵੇਂ ਨਿੱਬੜਨਗੇ!
ਰੱਬ ਨੇ ਅਜਿਹੀ ਹਾਲਤ ਬਣਾ ਦਿੱਤੀ ਕਿ ਇਹ ਸਭ ਵਾਪਰਨ ਤੋਂ ਪਹਿਲੀ ਰਾਤ ਜਦੋਂ ਸਦੀਵੀ ਯਾਤਰੀ, ਸਿੱਖਾਂ ਦੀ ਅਜ਼ੀਮ ਹਸਤੀ ਅਤੇ ਸਦੀਵੀ ਰੋਸਕਾਰ, ਤਿੰਨੇ ਆਪਣੇ ਅਗਲੇ ਦਿਨ ਬਾਰੇ ਨਿਰਣਾ ਕਰ ਕੇ ਬੇਫ਼ਿਕਰ ਘੂਕ ਸੁੱਤੇ ਰਹੇ, ਮੈਂ ਵਿਚਾਰਾ ਉਹਨਾਂ ਤਿੰਨਾਂ ਦੀ ਤਿਕੋਣ ਵਿੱਚ ਘਿਰਿਆ ਸਾਰੀ ਰਾਤ ਜਾਗਦਾ, ਪਿੰਡਾ ਖ਼ੁਰਕਦਾ, ਬੇਚੈਨ ਉੱਸਲਵੱਟੇ ਲੈਂਦਾ ਰਿਹਾ। ਆਖ਼ਰ ਸਵੇਰ ਹੁੰਦੀ ਤੱਕ ਮੈਂ ਥੱਕ-ਹਾਰ ਕੇ ਲੱਖਣ ਲਾਉਣਾ ਹੀ ਛੱਡ ਦਿੱਤਾ ਕਿ ਦੇਖੀ ਜਾਊਗੀ ਜੋ ਰੱਬ ਅਤੇ ਇਹ ਤਿੰਨੇ ਰਲ ਕੇ ਕਰਨਗੇ! ਉਹਨਾਂ ਤਿੰਨਾਂ ਨੂੰ ਤਾਂ ਮੇਰੀ ਦਸ਼ਾ, ਅਰਥਾਤ ਦੁਰਦਸ਼ਾ ਦਾ ਪਤਾ ਕਿਥੋਂ ਹੋਣਾ ਸੀ ਪਰ ਰੱਬ ਜ਼ਰੂਰ ਹੱਸਿਆ ਹੋਵੇਗਾ ਕਿ ਲਾ ਲਿਆ ਮੇਰੇ ਭਾਣੇ ਦਾ ਲੱਖਣ! ਪੰਥ ਦੀ ਅਜ਼ੀਮ ਹਸਤੀ ਦੀ ਪ੍ਰਧਾਨਗੀ ਵਾਲੀ ਕਮੇਟੀ ਨੇ ਮੇਰੇ ਸਭ ਲੱਖਣਾਂ ਦੇ ਉਲਟ ਜੋ ਕੀਤੀ, ਉਸ ਨਾਲ ਮੈਂ ਆਪਣੇ ਆਪ ਨੂੰ ਹੀ ਮੂਰਖ ਲੱਗਣ ਲੱਗਿਆ। ਮੈਂ ਆਪਣੇ ਆਪ ਉੱਤੇ ਹੱਸਾਂ, ਉਇ ਸਿੱਧਰਿਆ, ਇਹ ਤਾਂ ਸੋਚਦਾ ਕਿ ਮੱਕੜ ਜੀ ਦੀ ਕੁਰਸੀ ਦੇ ਪਾਵੇ ਜਿਨ੍ਹਾਂ ਦੀ ਕਿਰਪਾ-ਦ੍ਰਿਸ਼ਟੀ ਉੱਤੇ ਟਿਕੇ ਹੋਏ ਹਨ, ਅੱਗੋਂ ਉਹਨਾਂ ਦੀ ਕੁਰਸੀ ਦੇ ਪਾਵੇ ਅਡਵਾਨੀ ਜੀ ਦੀ ਕਿਰਪਾ-ਦ੍ਰਿਸ਼ਟੀ ਉੱਤੇ ਟਿਕੇ ਹੋਏ ਹਨ! ਦਰਬਾਰ ਸਾਹਿਬ ਨਾਲ ਅਡਵਾਨੀ ਜੀ ਨੇ ਜੋ ਮਰਜ਼ੀ ਕੀਤੀ-ਕਰਵਾਈ ਹੋਵੇ, ਪੰਥ ਦੀ ਅਜ਼ੀਮ ਹਸਤੀ ਦੀ ਪ੍ਰਧਾਨਗੀ ਵਾਲੀ ਕਮੇਟੀ ਹੁਣ ਅਡਵਾਨੀ ਜੀ ਨਾਲ ਅਜਿਹਾ ਵਰਤਾਉ ਥੋੜ੍ਹੋ ਕਰੇਗੀ ਜੋ ਕੁਰਸੀਧਾਰੀਆਂ ਦੇ ਕਰੋਧ ਦਾ ਕਾਰਨ ਬਣੇ। ਇਉਂ ਅਡਵਾਨੀ ਜੀ ਨੂੰ ਕਮੇਟੀ ਵੱਲੋਂ ਸਿਰੋਪਾ ਦੇ ਦਿੱਤਾ ਗਿਆ ਅਤੇ ਮਾਨ ਸਾਹਿਬ ਦੇ ਸਾਥੀਆਂ ਉੱਤੇ, ਤੂੰ-ਤੂੰ ਮੈਂ-ਮੈਂ ਮਗਰੋਂ, ਮੁਕੱਦਮਾ ਬਣ ਗਿਆ।
 ਮੈਨੂੰ ਫ਼ੇਰ ਵਿਹਲਿਆਂ ਵਾਲੇ ਸਾਰੇ ਕੰਮ ਛੱਡ ਕੇ ਇਹ ਜੋੜ-ਘਟਾਉ ਕਰਨ ਬੈਠਣਾ ਪਿਆ ਕਿ ਮੈਥੋਂ ਇਹ ਲੱਖਣ ਪਹਿਲਾਂ ਕਿਉਂ ਨਾ ਲੱਗ ਸਕਿਆ! ਆਖ਼ਰ ਮੈਂ 'ਦੋਸ਼ ਕੀ ਘੜੇ ਨੂੰ ਦੇਣਾ, ਨਣਦੇ, ਏਵੇਂ ਹੋਣੀ ਸੀ' ਆਖ ਕੇ ਹਉਕਾ ਲਿਆ ਤੇ ਚੁੱਪ ਹੋ ਗਿਆ। ਇਸ ਸਮੇਂ ਮੈਨੂੰ ਅਚਾਨਕ ਸਕੂਲ ਵਿੱਚ ਪੜ੍ਹੀ ਇੱਕ ਕਹਾਣੀ ਚੇਤੇ ਆ ਗਈ। ਕਹਾਣੀ ਤਾਂ ਬਹੁਤ ਲੰਮੀ ਹੈ। ਬਹੁਤ ਥਾਂ ਅਤੇ ਸਮਾਂ ਲਵੇਗੀ। ਇਸ ਕਰ ਕੇ ਉਹਦਾ ਆਪਣੀ ਇਸ ਸਮੇਂ ਦੀ ਵਿਚਾਰ-ਚਰਚਾ ਨਾਲ ਸੰਬੰਧਿਤ ਵਿਚਾਲੇ ਜਿਹੇ ਦਾ ਹਿੱਸਾ ਸੁਣਨਾ-ਸੁਣਾਉਣਾ ਹੀ ਬਹੁਤ ਹੋਵੇਗਾ। ਪੁਰਾਣੇ ਵੇਲਿਆਂ ਦੀ ਗੱਲ ਹੈ, ਅੰਧੇਰ ਨਗਰੀ ਵਿੱਚ ਕੋਈ ਗੁਨਾਹ ਕਰ ਬੈਠੇ ਇੱਕ ਬੰਦੇ ਨੂੰ ਚੌਪਟ ਰਾਜਾ ਦੇ ਪੇਸ਼ ਕੀਤਾ ਗਿਆ। ਉਹ ਬੜੀ ਡੂੰਘੀ ਸੋਚ-ਵਿਚਾਰ ਮਗਰੋਂ ਕਹਿੰਦਾ, ਇਹਨੂੰ ਫ਼ਾਂਸੀ ਲਾ ਦਿਉ! ਕੁਛ ਚਿਰ ਮਗਰੋਂ ਪ੍ਰੇਸ਼ਾਨ ਚਾਕਰ ਭੱਜੇ ਆਏ, ਮਹਾਰਾਜ, ਮਹਾਰਾਜ, ਉਹਦੀ ਧੌਣ ਪਤਲੀ ਹੈ, ਰੱਸੇ ਦੀ ਪੱਕੀ ਬਣੀ ਹੋਈ ਕੁੰਡਲੀ ਵਿੱਚੋਂ ਤਿਲ੍ਹਕ ਜਾਂਦੀ ਹੈ। ਰਾਜਾ ਗੁੱਸੇ ਹੋਇਆ, ਮੂਰਖੋ, ਕੋਈ ਮੋਟੀ ਧੌਣ ਵਾਲਾ ਬੰਦਾ ਲੱਭ ਲਿਆਉ! ਉਹਨਾਂ ਨੇ ਪਤਲੀ ਧੌਣ ਵਾਲਾ ਅਪਰਾਧੀ ਛੱਡ ਦਿੱਤਾ ਅਤੇ ਮਹਿਲ ਸਾਹਮਣਿਉਂ ਲੰਘਿਆ ਜਾਂਦਾ ਇੱਕ ਸਾਧ ਫੜ ਲਿਆਂਦਾ ਜਿਸ ਦੀ ਮੋਟੀ ਧੌਣ ਰੱਸੇ ਦੀ ਕੁੰਡਲੀ ਦੇ ਵਧੀਆ ਮੇਚ ਆ ਗਈ। ਅੱਗੇ ਕੀ ਹੋਇਆ, ਉਹ ਵੱਖਰਾ ਕਿੱਸਾ ਹੈ ਜਿਸ ਦਾ ਅਜੇ ਸਾਡੇ ਕਿੱਸੇ ਨਾਲ ਕੋਈ ਬਹੁਤਾ ਸੰਬੰਧ ਨਹੀਂ ਬਣਦਾ, ਭਵਿੱਖ ਵਿੱਚ ਬਨਣਾ ਜ਼ਰੂਰ ਸੰਭਵ ਹੋ ਸਕਦਾ ਹੈ।
 ਇਸੇ ਪ੍ਰਕਾਰ ਪੰਥ ਦੀ ਅਜ਼ੀਮ ਹਸਤੀ ਦੀ ਪ੍ਰਧਾਨਗੀ ਵਾਲੀ ਕਮੇਟੀ ਦੇ ਰੱਸੇ ਵਿਚੋਂ ਵੀ ਅਡਵਾਨੀ ਜੀ ਦੀ ਧੌਣ ਤਾਂ ਤਿਲ੍ਹਕ ਗਈ ਤੇ ਮਾਨ ਜੀ ਦੇ ਸਾਥੀਆਂ ਦੀ ਧੌਣ ਮੇਚ ਆ ਗਈ। ਇਸ ਵਿੱਚ ਹੈਰਾਨ ਹੋਣ ਵਾਲੀ ਕਿਹੜੀ ਗੱਲ ਹੈ। ਪਾਠਕ ਪਿਆਰਿਓ, ਕਈ ਵਾਰ ਫ਼ੈਸਲੇ ਅਪਰਾਧ ਦੇਖ ਕੇ ਨਹੀਂ ਕੀਤੇ ਜਾਂਦੇ, ਧੌਣ ਦੀ ਮੁਟਾਈ ਦੇਖ ਕੇ ਕੀਤੇ ਜਾਂਦੇ ਹਨ!
 (ਫ਼ੋਨ: 011-65736868)

Comments (0)

Write comment

smaller | bigger

busy
You are here:   Homeਲੜੀਵਾਰਹਾਸ਼ੀਏ ਦੇ ਆਰ-ਪਾਰਅਪਰਾਧ, ਰੱਸਾ ਤੇ ਮੋਟੀ-ਪਤਲੀ ਧੌਣ!

Currency Converter

Amount:
From:
To:


Gurbani Radio


Gurbani - Sri Harmandir Sahib