Thursday, 13 September 2012 11:43
Print PDF

ਇਧਰ ਉਧਰ ਕੀ ਬਾਤ ਨਾ ਕਰ
ਯੇਹ ਬਤਾ ਕਾਫ਼ਿਲਾ ਕੈਸੇ ਲੁਟਾ
ਹਮੇਂ ਰਾਹਜ਼ਨੋਂ ਸੇ ਗਰਜ਼ ਨਹੀਂ
ਤੇਰੀ ਰਹਿਨੁਮਾਈ ਕਾ ਸਵਾਲ ਹੈ
- ਡਾ. ਹਰਜਿੰਦਰ ਵਾਲੀਆ
ਜਨਤਾ ਨੂੰ ਇੱਧਰ ਉਧਰ ਦੀਆਂ ਗੱਲਾਂ ਵਿੱਚ ਨਾ ਉਲਝਾ, ਦਲੀਲਬਾਜ਼ੀ ਬੰਦ ਕਰ ਅਤੇ ਤਰਕ ਦੀਆਂ ਤੰਦਾਂ ਨਾਲ ਆਪਣੇ ਲੋਕਾਂ ਦੀ ਓਟ ਨਾ ਬਣ। ਅਸੀਂ ਪੁੱਛ ਰਹੇ ਹਾਂ ਕਿ ਆਖ਼ਿਰ ਇਹ ਮਾਜਰਾ ਕੀ ਹੈ। 'ਕੋਲੇ' ਦੀ ਦਲਾਲੀ ਵਿੱਚ ਮੂੰਹ ਕਾਲਾ' ਅਖਾਣ ਸੱਚ ਹੋ ਗਿਆ ਹੈ। ਪਰ ਇੱਥੇ ਮੂੰਹ ਸਭ ਦਾ ਕਾਲਾ ਹੈ। ਕੋਈ ਹਰਿਆ ਬੂਟ ਨਹੀਂ ਬਚਿਆ ਇੱਕੇ। ਸਾਰੀਆਂ ਪਾਰਟੀਆਂ ਨੇਤਾ ਇੱਕੋ ਹਮਾਮ ਵਿੱਚ ਨੰਗੇ ਹਨ।
ਸਾਡੇ ਯਾਰ ਸਾਥੋਂ ਵੀ ਸਿਰਲੱਥ
ਸਾਡੇ ਤੇੜ ਲੰਗੋਟੀ ਸੀ
ਉਨ੍ਹਾਂ ਦੇ ਅੱਗੇ ਪਿੱਛੇ ਹੱਥ
ਤੁਸੀਂ ਲੰਗੋਟੀ ਵਾਲੇ ਹੋ ਜਾਂ ਅੱਗੇ ਪਿੱਛੇ ਹੱਥਾਂ ਵਾਲੇ, ਤੁਸੀਂ ਇੱਕ ਗੱਲ ਕੰਨ ਖੋਲ੍ਹ ਕੇ ਸੁਣ ਲਵੋ ਜਨਤਾ ਜਵਾਬ ਮੰਗ ਰਹੀ ਹੈ। ਤੁਸੀਂ ਕੇਂਦਰ ਵਿੱਚ ਹੋ ਜਾਂ ਰਾਜ ਵਿੱਚ। ਤੁਸੀਂ ਕਾਂਗਰਸ ਵਿੱਚ ਹੋ ਜਾਂ ਭਾਰਤੀ ਜਨਤਾ ਪਾਰਟੀ ਵਿੱਚ, ਤੁਸੀਂ ਬਹੁਜਨ ਸਮਾਜ ਪਾਰਟੀ ਦੇ ਹੋ ਜਾਂ ਸਮਾਜਵਾਦੀ

ਪਾਰਟੀ ਦੇ, ਤੁਸੀਂ ਤ੍ਰਿਣਾਮੂਲ ਦੇ ਹੋ ਜਾਂ ਜਨਤਾ ਦਲ ਦੇ, ਤੁਸੀਂ ਸ਼ਿਵ ਸੈਨਾ ਦੇ ਹੋ ਜਾਂ ਅਕਾਲੀ ਦਲ ਦੇ, ਤੁਸੀਂ ਖੱਬੇ ਪੱਖੀ ਹੋ ਜਾਂ ਸੱਜੇ ਪੱਖੀ। ਕੋਈ ਫ਼ਰਕ ਨਹੀਂ ਪੈਂਦਾ, ਹਿੰਦੁਸਤਾਨ ਦੇ ਲੋਕਾਂ ਦੀਆਂ ਨਜ਼ਰਾਂ ਵਿੱਚ ਸਿਆਸੀ ਲੋਕਾਂ ਦਾ ਅਕਸ ਬੁਰੀ ਤਰ੍ਹਾਂ ਡਿੱਗ ਚੁੱਕਾ ਹੈ। ਹਰ ਪਾਰਟੀ ਵਿੱਚ ਸਾਧੂ ਯਾਦਵ ਹਨ, ਗੁਪਾਲ ਕਾਂਡਾ ਹਨ, ਚੰਦਰਮੋਹਨ ਹਨ, ਕੇ. ਰਾਜੇ ਹਨ ਅਤੇ ਕਲਮਾਡੀ ਹਨ। ਤੁਸੀਂ ਵੋਟਾਂ ਖ਼ਰੀਦ ਕੇ, ਲੋਕਾਂ ਨੂੰ ਡਰਾ ਕੇ ਜਾਂ ਭੁਚਲਾ ਕੇ ਜੇ ਜਿੱਤ ਗਏ ਹੋ ਤਾਂ ਕੀ ਦੇਸ਼ ਨੂੰ ਦੋਵੇਂ ਹੱਥਾਂ ਨਾਲ ਲੁੱਟਣ ਦਾ ਠੇਕਾ ਲੈ ਲਿਆ ਹੈ? ਦੇਸ਼ ਦੀ ਅੱਸੀ ਕਰੋੜ ਜਨਤਾ ਰੋਟੀ, ਕੱਪੜੇ ਅਤੇ ਮਕਾਨ ਨੂੰ ਤਰਸ ਰਹੀ ਹੈ। ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। 27 ਰੁਪਏ ਰੋਜ਼ਾਨਾ ਕਮਾਉਣਵਾਲਾ ਗ਼ਰੀਬ ਨਹੀਂ ਤੁਹਾਡੀ ਨਿਗ਼ਾਹ ਵਿੱਚ। ਕੈਸਾ ਇਨਸਾਫ਼ ਹੈ ਇਹ?'' ਬਾਬਾ ਪੰਜਾਬ ਸਿੰਘ ਅੱਜ ਪੂਰੇ ਜਲੌਅ ਵਿੱਚ ਪ੍ਰਵਚਨ ਕਰ ਰਿਹਾ ਸੀ।
''ਆਹ ਤਾਂ ਸਾਨੂੰ ਵੀ ਪਤੈ ਕਿ ਸਾਨੂੰ ਲੁੱਟਿਆ ਜਾ ਰਿਹੈ, ਕੁੱਟਿਆ ਜਾ ਰਿਹੈ, ਵਡਿਆਇਆ ਜਾ ਰਿਹੈ, ਧਮਕਾਇਆ ਜਾ ਰਿਹੈ, ਫੁਸਲਾਇਆ ਜਾ ਰਿਹੈ ਪਰ ਬਾਬਾ ਜੀ ਇਸ ਦਾ ਕੋਈ ਇਲਾਜ ਵੀ ਤਾਂ ਦੱਸੋ।"
''ਮੰਨਿਆ ਕਿ ਹਾਲਾਤ ਬਹੁਤ ਨਾਸਾਜ਼ਗਾਰ ਨੇ। ਮੰਨਿਆ ਕਿ ਮਹਿੰਗਾਈ ਨੇ ਲੱਕ ਤੋੜ ਰੱਖਿਆ ਹੈ, ਮੰਨਿਆ ਕਿ ਕੋਠੇ ਜਿੱਡੀ ਹੋਈ ਧੀ ਦੇ ਹੱਥ ਪੀਲੇ ਕਰਨ ਲਈ ਖੀਸੇ ਵਿੱਚ ਪੈਸੇ ਨਹੀਂ। ਮੰਨਿਆ ਕਿ ਪਿਛਲੇ ਵਰ੍ਹੇ ਨਾਲੋਂ ਕਰਜ਼ਾ ਦੁੱਗਣਾ ਹੋ ਚੱਲਿਆ। ਮੰਨਿਆ ਕਿ ਨੌਕਰੀ ਮਿਲਣੀ ਨਾਮੁਮਕਿਨ ਹੈ ਪਰ ਢੇਰੀ ਢਾਹ ਕੇ ਬਹਿ ਜਾਣਾ ਵੀ ਖਾਲਸੇ ਦਾ ਕੰਮ ਨਹੀਂ। ਮੈਂ ਕੋਈ ਵਿਚਾਰਧਾਰਾ ਬਾਰੇ ਲੈਕਚਰ ਨਹੀਂ ਕਰਨਾ, ਨਾ ਹੀ ਮਾਉਂਵਾਦੀਆਂ ਵਾਂਗ ਬੰਦੂਕ ਦੀ ਗੱਲ ਕਰਨੀ ਐ। ਪਰ ਜੇ ਤੁਸੀਂ ਚਾਹੁੰਦੇ ਹੋ ਕਿ ਭ੍ਰਿਸ਼ਟ ਲੀਡਰ ਤੁਹਾਡੇ 'ਤੇ ਰਾਜ ਨਾ ਕਰਨ, ਜੇ ਤੁਸੀਂ ਚਾਹੁੰਦੇ ਹੋ ਕਿ ਕੋਰੇ ਅਨਪੜ੍ਹ, ਗੁੰਡੇ ਅਤੇ ਬਦਮਾਸ਼ ਸਰਕਾਰਾਂ ਦਾ ਹਿੱਸਾ ਨਾ ਬਣਨ ਤਾਂ ਸਿਆਸਤ ਵਿੱਚ ਹਿੱਸਾ ਜ਼ਰੂਰ ਲਵੋ। ਮੰਨਿਆ ਕਿ ਅੱਜ ਸਿਆਸਤ ਪੈਸੇ ਵਾਲਿਆਂ ਦੀ ਹੈ। ਮੰਨਿਆ ਕਿ ਅੱਜ ਸਿਆਸਤ ਗੁੰਡਿਆਂ ਦੀ ਹੈ ਪਰ ਇਸ ਤਰ੍ਹਾਂ ਮੈਦਾਨ ਖਾਲੀ ਛੱਡ ਦੇਣਾ ਵੀ ਸੂਰਮਗਤੀ ਨਹੀਂ। ਸਿਆਸਤ ਕਰੋ ਅਤੇ ਲੋਕਾਂ ਨੂੰ ਸਿਆਸੀ ਤੌਰ ਤੇ ਜਾਗਰੁਕ ਕਰੋ। ਗ਼ਰੀਬ ਲੋਕਾਂ ਨੂੰ ਦੱਸੋ ਕਿ ਵੋਟ ਵੇਚਣ ਦਾ ਮਤਲਬ ਪੰਜ ਵਰ੍ਹਿਆਂ ਲਈ ਲੁੱਟ ਦਾ ਲਾਇਸੈਂਸ ਦੇਣਾ ਹੁੰਦਾ ਹੈ। ਜਦੋਂ ਪੜ੍ਹੇ ਲਿਖੇ ਨੌਜਵਾਨ ਸਿਆਸੀ ਸਰਗਰਮੀਆਂ ਵਿੱਚ ਹਿੱਸਾ ਲੈਣਗੇ ਤਾਂ ਨਿਸ਼ਚਿਤ ਤੌਰ 'ਤੇ ਲੁੱਟ ਨੂੰ ਵੀ ਠਲ੍ਹ ਪਵੇਗੀ। ਅਤੇ ਪੜ੍ਹੇ ਲਿਖੇ ਅਤੇ ਸਿਆਸੀ ਤੌਰ ਤੇ ਸਮਰੱਥ ਲੋਕ ਸਿਆਸਤ ਵਿੱਚ ਆਉਣਗੇ। ਬਈ, ਜਵਾਨੋ ਮੇਰੀ ਗੱਲ ਮੰਨੋ ਤਾਂ ਵੱਧ ਚੜ੍ਹ ਕੇ ਸਿਆਸਤ ਵਿੱਚ ਹਿੱਸਾ ਲਓ। ਉਹ ਵਕਤ ਆਉਣ ਵਾਲਾ ਹੈ ਜਦੋਂ ਤੁਹਾਡੀ ਪੁੱਛ ਪੜਤਾਲ ਹੋਵੇਗੀ। ਪੜ੍ਹੇ ਲਿਖੇ ਲੋਕ ਸਿਆਸੀ ਗੱਡੀ ਦੇ ਸਵਾਰ ਬਣਨਗੇ। ਮੰਨਿਆ ਅਜੇ ਹਾਲਾਤ ਠੀਕ ਨਹੀਂ। ਬਕੌਲ ਪਾਤਰ:
ਜੇ ਆਈ ਏ ਪੱਤਝੜ ਤਾਂ ਫ਼ੇਰ ਕੀ ਏ
ਤੂੰ ਅਗਲੀ ਰੁੱਤ 'ਚ ਯਕੀਨ ਰੱਖੀਂ
ਮੈਂ ਲੱਭ ਕੇ ਕਿਤਿਉਂ ਲਿਆਉਨਾਂ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ
''ਬਾਬਾ ਜੀ, ਛੱਡੋ ਸਿਆਸੀ ਗੱਲਾਂ। ਇਹ ਦੱਸੋ ਕਿ ਕੀ ਤੁਸੀਂ ਸ਼ਿਵਾਲੀ ਦੀ ਖ਼ੁਦਕੁਸ਼ੀ ਨੂੰ ਮੀਡੀਆ ਉਤੇ ਲਾਇਆ ਕਲੰਕ ਦੱਸਦੇ ਹੋਏ ਨੌਜਵਾਨਾਂ ਲਈ ਹੋਰ ਖੁੱਲ੍ਹ ਦੀ ਮੰਗ ਕੀਤੀ? ਕੀ ਤੁਸੀਂ ਮੁੰਡੇ ਕੁੜੀਆਂ ਨੂੰ ਖੁੱਲ੍ਹ ਦੇ ਕੇ ਪੰਜਾਬੀਅਤ ਦੀ ਸੇਵਾ ਕਰਨੀ ਚਾਹੁੰਦੇ ਹੋ?" ਸੂਬੇਦਾਰ ਦਾ ਸਵਾਲ ਕਰਨ ਦਾ ਲਹਿਜੇ ਗੁੱਸੇ ਵਾਲਾ ਸੀ।
''ਪੰਜਾਬੀਅਤ ਦੀ ਕਿਹੜੀ ਕਿਤਾਬ ਵਿੱਚ ਲਿੱਖਿਐ ਕਿ ਨੌਜਵਾਨ ਮੁੰਡੇ ਕੁੜੀਆਂ ਨੂੰ ਪੁਲਿਸ ਹੱਥੋਂ ਜ਼ਲੀਲ ਕਰਵਾ ਕੇ ਮਰਵਾਉਣਾ ਹੀ ਪੰਜਾਬੀਅਤ ਹੈ? ਕਿੱਥੇ ਲਿੱਖਿਆ ਕਿ ਇਕੱਠੇ ਪੜ੍ਹਨ ਵਾਲੇ ਮੁੰਡੇ ਕੁੜੀਆਂ ਇਕੋ ਕਾਰ ਵਿੱਚ ਕਿਤੇ ਆ ਜਾ ਨਹੀਂ ਸਕਦੇ? ਕਾਨੂੰਨ ਦੀ ਕਿਹੜੀ ਧਾਰਾ ਉਹਨਾਂ ਨੂੰ ਰੋਕਦੀ ਹੈ?"
''ਮੈਨੂੰ ਹੈਰਾਨੀ ਹੁੰਦੀ ਐ ਤੁਹਾਡੇ ਲੋਕਾਂ ਦੀ ਸੋਚ 'ਤੇ। ਜੇ ਕੁੜੀ ਨੇ ਕਿਸੇ ਦੂਸਰੀ ਜ਼ਾਤ ਦੇ ਮੁੰਡੇ ਨਾਲ ਦੋਸਤੀ ਕਰ ਲਈ ਜਾਂ ਵਿਆਹ ਕਰ ਲਿਆ ਤਾਂ ਤੁਹਾਡੇ ਖ਼ਾਨਦਾਨ ਦੀ ਨੱਕ ਵੱਢੀ ਗਈ। ਕਰ ਦੋ ਕਤਲ। ਮੁੰਡਾ ਕੁੜੀ ਨੂੰ ਅਣਆਈ ਮੌਤ ਦਿਓ ਅਤੇ ਜੇਲ੍ਹ ਵਿੱਚ ਸਾੜੋ। ਮੀਡੀਆ ਸਿਰਫ਼ ਇੰਨਾ ਹੀ ਲਿਖੂ ਕਿ ਅਣਖ ਖ਼ਾਤਰ ਇੱਕ ਹੋਰ ਕਤਲ। ਮੈਂ ਕਹਿਨਾਂ ਭਾਈ ਜਿਸ ਔਲਾਦ ਖ਼ਾਤਰ ਤੁਸੀਂ ਆਪਣਾ ਇਮਾਨ ਵੇਚ ਦੇਂਦੇ ਹੋ, ਰਿਸ਼ਵਤਖ਼ੋਰੀ, ਮਿਲਾਵਟਖ਼ੋਰੀ ਕਰਦੇ ਹੋ, ਝੂਠ ਤੂਫ਼ਾਨ ਬੋਲਦੇ ਹੋ। ਜਿਨ੍ਹਾਂ ਦੀਆਂ ਛੋਟੀਆਂ ਛੋਟੀਆਂ ਖ਼ੁਸ਼ੀਆਂ ਦਾ ਖ਼ਿਆਲ ਰੱਖਦੇ ਹੋ, ਜਦੋਂ ਉਹ ਜ਼ਿੰਦਗੀ ਦੀ ਸਭ ਤੋਂ ਵੱਡੀ ਖ਼ੁਸ਼ੀ ਦਾ ਫ਼ੈਸਲਾ ਲੈਣ ਲੱਗਦੇ ਹਨ ਤਾਂ ਤੁਸੀਂ ਡਾਂਗ ਲੈ ਕੇ ਖੜ੍ਹ ਜਾਂਦੇ ਹੋ। ਮੈਂ ਤਾਂ ਇਸ ਨਜ਼ੱਰੀਏ ਤੋਂ ਕਿਹਾ ਸੀ ਕਿ ਸਮਾਜ ਨੂੰ ਆਪਣਾ ਨਜ਼ੱਰੀਆ ਬਦਲਣਾ ਚਾਹੀਦਾ ਹੈ। ਖ਼ਾਸ ਤੌਰ 'ਤੇ ਨੌਜਵਾਨਾਂ ਪ੍ਰਤੀ। ਸਮਾਜ ਨੂੰ ਦੋਗਲਾਪਣ ਤਿਆਗਣਾ ਚਾਹੀਦਾ ਹੈ। ਅਸੀਂ ਤਾਂ ਗੁਰੂਆਂ ਨੂੰ ਵੀ ਨਹੀਂ ਬਖ਼ਸ਼ਦੇ। ਮੈਂ ਇੱਕ ਵਿਆਹ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਨੰਦ ਕਾਰਜ ਹੋਏ। ਕੁੜੀ ਮੁੰਡੇ ਨੇ ਬਾਹਾਂ ਵਿੱਚ ਬਾਹਾਂ ਪਾ ਕੇ ਡਾਂਸ ਕੀਤਾ। ਪਹਾੜ 'ਤੇ ਜਾ ਕੇ ਹਨੀਮੂਨ ਮਨਾਇਆ। ਪਰ ਬਾਅਦ ਵਿੱਚ ਪਤਾ ਲੱਗਾ ਕਿ ਕਾਕਾ ਜੀ ਤਾਂ ਪਹਿਲਾਂ ਹੀ ਵਿਆਹੇ ਹੋਏ ਸਨ ਅਤੇ ਕੁੜੀ ਨੂੰ ਕੈਨੇਡਾ ਲਿਜਾਣ ਖ਼ਾਤਰ ਇਹ ਵਿਆਹ ਕਰਵਾਇਆ ਸੀ। ਗੁਰੂ ਦੀ ਗਵਾਹੀ ਵੀ ਪਵਾਈ ਸੀ। ਅਸੀਂ ਤਾਂ ਆਪਣੇ ਝੂਠ ਵਿੱਚ ਗੁਰੂ ਸਾਹਿਬਾਨ ਨੂੰ ਵੀ ਸ਼ਾਮਲ ਕਰਨ ਲੱਗੇ ਸ਼ਰਮ ਨਹੀਂ ਕਰਦੇ।"
''ਪਿੱਛੇ ਜਿਹੇ ਇੱਕ ਕੁੜੀ ਅਤੇ ਮੁੰਡੇ ਨੂੰ ਇਸ ਲਈ ਕਤਲ ਕਰ ਦਿੱਤਾ ਗਿਆ ਕਿ ਜੱਟਾਂ ਦੀ ਕੁੜੀ ਨੇ ਰਾਮਗੜ੍ਹੀਆਂ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ ਸੀ। ਕਮਾਲ ਇਹ ਕਿ ਦੋਵੇਂ ਘਰ ਗੁਰਸਿੱਖ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੂਜਦੇ ਸਨ। ਮੈਂ ਕਹਿ ਰਿਹਾਂ ਪੂਜਦੇ ਸਨ, ਮੰਨਦੇ ਸਨ, ਗੁਰਬਾਣੀ ਸੁਣਦੇ ਸਨ, ਗੁਰਬਾਣੀ ਪੜ੍ਹ ਵੀ ਲੈਂਦੇ ਸਨ ਪਰ ਅਮਲ ਨਹੀਂ ਕਰਦੇ ਸਨ। ਜ਼ਿੰਦਗੀ ਵਿੱਚ ਤਾਂ ਬ੍ਰਾਹਮਣਵਾਦ ਭਾਰੂ ਸੀ। ਗੁਰੂ ਸਾਹਿਬ ਨੇ ਤਾਂ ਜ਼ਾਤ ਪਾਤ ਦਾ ਖੰਡਨ ਕੀਤਾ ਸੀ।
ਬਾਬਾ ਨਾਨਕ ਨੇ ਤਾਂ ਸਾਨੂੰ ਸਮਝਾਇਆ ਸੀ:
ਸਭੁ ਕੋ ਉਚਾ ਆਖੀਐ ਨੀਚੁ ਨ ਦੀਸੈ ਕੋਇ
ਇਕਨੇ ਭਾਂਡੇ ਸਾਜਿਐ ਇਕੁ ਚਾਨਣ ਤਿਹ ਲੋਇ
ਕਰਮਿ ਮਿਲੈ ਸਚੁ ਪਾਈਐ ਧੁਰਿ ਬਖਸ ਨਾ ਮੋਟੈ ਕੋਇ
ਫਕੜ ਜਾਤੀ ਫਕੜ ਨਾਓ॥
ਸਭਨਾ ਜੀਅ ਇੱਕ ਛਾਉ॥

ਦੇਹੀ ਜਾਤਿ ਨ ਆਗੈ ਜਾਐ
ਜਿਥੇ ਲੇਖਾ ਮੰਗੀਐ ਤਿਥੇ ਛੁਟੈ ਸਚੁ ਕਮਾਇ

ਗੁਰੂ ਅਮਰਦਾਸ ਜੀ ਦਾ ਕਥਨ ਹੈ:
ਜਾਤਿ ਦਾ ਗਰਬੁ ਨਾ ਕਰੀਅਹ ਕੋਈ
ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ॥
ਜਾਤਿ ਦਾ ਗਰਬੁ ਨ ਕਰਿ ਮੂਰਖ ਗਵਾਰਾ
ਇਸ ਗਰਬ ਤੇ ਚਲਹਿ ਬਹੁਤ ਵਿਕਾਰਾ॥
ਜਾਂ
ਜਿਥੈ ਲੇਖਾ ਮੰਗੀਐ ਤਿਥੇ ਦੇਹ ਜਾਤਿ ਨਾ ਜਾਇ॥
ਸਾਚਿ ਰਤੇ ਸੇ ਉਬਰੇ ਦੁਖੀਏ ਦੂਜੇ ਭਾਇ॥

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਜ਼ਾਤ ਪਾਤ ਦਾ ਖੰਡਨ ਕਰਦੇ ਹੋਏ ਕਹਿੰਦੇ ਹਨ:
ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ॥
ਤਉ ਆਨ ਬਾਦ ਕਾਹੇ ਨਹੀਂ ਆਇਆ॥
ਤੁਮ ਕਤ ਬ੍ਰਹਮਣ ਹਮ ਕਤ ਸੂਦ॥
ਹਮ ਕਤ ਲੋਹੂ ਤੁਮ ਕਤ ਦੂਧ
ਕਹੁ ਕਬੀਰ ਜੋ ਬ੍ਰਹਮ ਬੀਚਾਰੈ
ਸੋ ਬ੍ਰਾਹਮਣ ਕਰੀਅਤੁ ਹੈ ਹਮਾਰੈ।

ਪਰ ਭਾਈਓ ਗੁਰੂ ਸਾਹਿਬਾਨ ਨੂੰ ਕੌਣ ਮੰਨਦੈ? ਸਭ ਆਪਣੇ ਸਵਾਰਥ ਨਾਲ ਬੰਨ੍ਹੇ ਹੋਏ ਹਨ। ਗੁਰੂ ਨੇ ਤਾਂ ਇਸਤਰੀ ਜਾਤੀ ਦੇ ਹੱਕ ਵਿੱਚ ਆਵਾਜ਼ ਉਠਾਈ ਸੀ। ਪਰ ਅਸੀਂ ਬਠਿੰਡੇ ਤੋਂ ਵੈਨਕੂਵਰ ਤੱਕ ਅਣਜੰਮੀਆਂ ਧੀਆਂ ਨੂੰ ਕਤਲ ਕਰ ਰਹੇ ਹਾਂ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਕੁੜੀਮਾਰਾਂ ਖ਼ਿਲਾਫ ਹੁਕਮਨਾਮਾ ਜਾਰੀ ਹੋ ਚੁੱਘਕਿਐ। ਅਸੀਂ ਕਿੰਨਾ ਕੁ ਮੰਨਦੇ ਆਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ। ਸੱਚੀ ਗੱਲ ਤਾਂ ਇਹ ਹੈ ਕਿ ਅਸੀਂ ਗੁਰੂ ਸਾਹਿਬਾਨ ਤੋਂ ਹੀ ਮੁਖ ਮੋੜ ਚੁੱਕੇ ਹਾਂ।"
ਬਾਬਾ ਪੰਜਾਬ ਸਿੰਘ ਦਾ ਪ੍ਰਵਚਨ ਜਾਰੀ ਸੀ ਅਤੇ ਸੱਥ ਵਿੱਚ ਬੈਠੇ ਲੋਕ ਮੰਤਰਮੁਗਧ ਹੋ ਕੇ ਸੁਣ ਰਹੇ ਸਨ।

 

 

Comments (0)

Write comment

smaller | bigger

busy
You are here:   Homeਲੜੀਵਾਰਹਾਸ਼ੀਏ ਦੇ ਆਰ-ਪਾਰਇਧਰ ਉਧਰ ਕੀ ਬਾਤ ਨਾ ਕਰ- ਬਾਬਾ ਪੰਜਾਬ ਸਿੰਘ

Currency Converter

Amount:
From:
To:


Gurbani Radio


Gurbani - Sri Harmandir Sahib