
'ਤੁਸੀਂ ਹੰਸਾਲੀ ਕਾਲਜ ਜਾ ਕੇ ਪੜਤਾਲ ਕਰੋ ਕਿ ਉਸ ਕਾਲਜ ਵਿੱਚ ਅੰਗਰੇਜ਼ੀ ਦਾ ਇਲੈਕਟਿਵ ਵਿਸ਼ਾ ਦਿੱਤਾ ਜਾ ਸਕਦਾ ਹੈ ਕਿ ਨਹੀਂ।' ਇਸ ਕਿਸਮ ਦੀ ਇਬਾਰਤ ਵਾਲੀ ਇੱਕ ਚਿੱਠੀ ਮੈਨੂੰ ਪੰਜਾਬੀ ਯੂਨੀਵਰਸਿਟੀ ਦੇ ਕਾਲਜਾਂ ਦੇ ਡੀਨ ਵੱਲੋਂ ਪ੍ਰਾਪਤ ਹੁੰਦੀ ਹੈ। ਮੈਂ ਇਸ ਸਬੰਧੀ ਹੰਸਾਲੀ ਕਾਲਜ ਨੂੰ ਫ਼ੋਨ ਕਰਦਾ ਹਾਂ ਤਾਂ ਜਵਾਬ ਮਿਲਦਾ ਹੈ:
'ਅਜੇ ਤਾਂ ਬਹੁਤ ਠੰਡ ਹੈ ਮਹੀਨਾ ਕੁ ਠਹਿਰ ਕੇ ਆ ਜਾਓ।' ਕੋਈ ਪ੍ਰਬੰਧਕ ਕਮੇਟੀ ਦਾ ਅਹੁਦੇਦਾਰ ਅਜਿਹਾ ਜਵਾਬ ਦੇ ਰਿਹਾ ਹੈ। ਮੈਂ ਹੈਰਾਨ ਹੁੰਦਾ ਹਾਂ ਕਿ ਆਮ ਤੌਰ 'ਤੇ ਕਾਲਜਾਂ ਵਾਲੇ ਖ਼ੁਦ ਬੁਲਾਉਂਦੇ ਹਨ ਕਿ ਜਲਦੀ ਆਓ ਅਤੇ ਪੜਤਾਲ ਕਰ ਕੇ ਰਿਪੋਰਟ ਦਿਓ ਤਾਂ ਕਿ ਜਲਦੀ ਤੋਂ ਜਲਦੀ ਵਿਸ਼ੇ ਨੂੰ ਲਾਗੂ ਕੀਤਾ ਜਾ ਸਕੇ। ਪ੍ਰਬੰਧਕ ਦੇ ਮੂੰਹੋਂ ਜਵਾਬ ਸੁਣ ਕੇ ਮੈਨੂੰ ਹੈਰਾਨੀ ਵੀ ਹੁੰਦੀ ਹੈ ਅਤੇ ਮੇਰੀ ਹਉਮੈ ਨੂੰ ਵੀ ਥੋੜ੍ਹੀ ਸੱਟ ਵੱਜਦੀ ਹੈ। ਮੈਂ ਫ਼ੈਸਲਾ ਕਰਦਾ ਹਾਂ ਕਿ ਇਸ ਸਾਲ ਮੈਂ ਇਸ ਕਾਲਜ ਵਿੱਚ ਪੜਤਾਲ ਲਈ ਨਹੀਂ ਜਾਵਾਂਗਾ। ਕੀ ਸਮਝ ਰੱਖਿਆ ਹੈ ਇਹਨਾਂ ਨੇ ਯੂਨੀਵਰਸਿਟੀ ਨੂੰ? ਕੀ ਹੁਣ ਯੂਨੀਵਰਸਿਟੀ ਇਨ੍ਹਾਂ ਮੁਤਾਬਕ
ਚੱਲੇਗੀ। ਅਜਿਹੀਆਂ ਸੋਚਾਂ ਸੋਚਦੇ ਹੋਏ ਮੈਂ ਹੰਸਾਲੀ ਕਾਲਜ ਵਾਲੀ ਫ਼ਾਈਲ ਚੁੱਕ ਕੇ ਇੱਕ ਖੂੰਜੇ ਵਿੱਚ ਰੱਖ ਦਿੰਦਾ ਹਾਂ। ਇਸ ਤਰ੍ਹਾਂ ਦੋ ਤਿੰਨ ਮਹੀਨੇ ਬੀਤ ਜਾਂਦੇ ਹਨ। ਮੈਨੂੰ ਕਾਲਜਾਂ ਦੇ ਡੀਨ ਦਾ ਫ਼ਿਰ ਫ਼ੋਨ ਆਉਂਦਾ ਹੈ ਤੇ ਉਹ ਪੁੱਛ ਰਿਹਾ ਹੈ ਕਿ ਹੰਸਾਲੀ ਕਾਲਜ ਵਾਲੀ ਪੜਤਾਲ ਦਾ ਕੀ ਬਣਿਆ।
ਮੈਂ ਉਨ੍ਹਾਂ ਨੂੰ ਸਾਰੀ ਵਾਰਤਾ ਸੁਣਾਉਂਦਾ ਹਾਂ। ਉਨ੍ਹਾਂ ਦੇ ਕਹਿਣ ਉੱਤੇ ਮੈਂ ਇੱਕ ਵਾਰ ਫ਼ਿਰ ਫ਼ੋਨ ਕਰਦਾ ਹਾਂ।
'ਤੁਸੀਂ ਕਦੋਂ ਆ ਰਹੇ ਹੋ? ਅਸੀਂ ਤਾਂ ਤੁਹਾਡੀ ਕਈ ਦਿਨਾਂ ਤੋਂ ਉਡੀਕ ਕਰ ਰਹੇ ਹਾਂ, ' ਪ੍ਰਿੰਸੀਪਲ ਦੀ ਆਵਾਜ਼ ਹੈ।
ਮੈਂ ਦਿਨ ਤੈਅ ਕਰਦਾ ਹਾਂ ਅਤੇ ਟੀਮ ਦੇ ਬਾਕੀ ਮੈਂਬਰਾਂ ਨੂੰ ਲੈ ਕੇ ਉੱਥੇ ਪਹੁੰਚ ਜਾਂਦਾ ਹਾਂ। ਹੰਸਾਲੀ ਲੜਕੀਆਂ ਦਾ ਕਾਲਜ ਹੈ। ਕਾਲਜ ਵਿੱਚ ਪੜ੍ਹ ਰਹੀਆਂ ਲੜਕੀਆਂ ਦੀ ਗਿਣਤੀ ਘੱਟ ਹੈ। ਪੇਂਡੂ ਖੇਤਰ ਦਾ ਕਾਲਜ ਹੋਣ ਕਾਰਨ ਅੰਗਰੇਜ਼ੀ ਵਿਸ਼ੇ ਨੂੰ ਇਲੈਕਟਿਵ ਵਿਸ਼ੇ ਦੇ ਤੌਰ 'ਤੇ ਪੜ੍ਹਨ ਵਾਲੀਆਂ ਕੁੜੀਆਂ ਦੀ ਗਿਣਤੀ ਵੀ ਕੋਈ ਜ਼ਿਆਦਾ ਨਹੀਂ ਹੋਣ ਲੱਗੀ ਪਰ ਅਸੀਂ ਇਹ ਵਿਸ਼ਾ ਕਾਲਜ ਨੂੰ ਦੇਣ ਦੀ ਸਿਫਾਰਸ਼ ਕਰ ਕੇ ਉਥੋਂ ਚੱਲਣ ਲੱਗਦੇ ਹਾਂ ਤਾਂ ਪ੍ਰਬੰਧਕ ਕਮੇਟੀ ਦੇ ਮੈਨੇਜਰ ਜੋ ਰਿਟਾਇਰਡ ਡੀ. ਆਈ. ਜੀ. ਹਨ, ਪੁੱਛਦੇ ਹਨ:
'ਸੰਤਾਂ ਦੇ ਦਰਸ਼ਨ ਨਹੀਂ ਕਰੋਗੇ?'
ਮੈਂ ਕਿਹਾ 'ਚਲੋ, ਆਏ ਹਾਂ ਤਾਂ ਦਰਸ਼ਨ ਵੀ ਕਰ ਚੱਲਦੇ ਹਾਂ।'
ਮੈਂ ਭਾਵੇਂ ਹੰਸਾਲੀ ਵਾਲੇ ਸੰਤਾਂ ਬਾਰੇ ਸੁਣਿਆ ਤਾਂ ਸੀ ਪਰ ਦਰਸ਼ਨ ਨਹੀਂ ਕੀਤੇ ਸਨ। ਪਹਿਲੀ ਵਾਰ ਮੈਂ ਉਹਨਾਂ ਦਾ ਨਾਮ ਕ੍ਰਿਕਟਰ ਹਰਭਜਨ ਦੇ ਮੂੰਹੋਂ ਸੁਣਿਆ ਸੀ। ਜਦੋਂ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਉਸ ਨੂੰ ਕਿਸੇ ਟੀ. ਵੀ. ਰਿਪੋਰਟਰ ਨੇ ਟਿੱਪਣੀ ਕਰਨ ਲਈ ਕਿਹਾ ਤਾਂ ਹਰਭਜਨ ਦਾ ਜਵਾਬ ਸੀ ਕਿ 'ਹੰਸਾਲੀ ਵਾਲੇ ਬਾਬਿਆਂ ਦੀ ਕਿਰਪਾ ਨਾਲ ਜਿੱਤੇ ਹਾਂ।'
ਇਸ ਤੋਂ ਬਾਅਦ ਇੱਕ ਪੰਜਾਬੀ ਅਖ਼ਬਾਰ ਵਿੱਚ ਸ੍ਰ. ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਸੰਤਾਂ ਦੇ ਚਰਨਾਂ ਵਿੱਚ ਬੈਠੇ ਹੋਏ ਵੇਖਿਆ ਸੀ। ਦੋਵੇਂ ਪਿਓ-ਪੁੱਤਾਂ ਦੇ ਨਾਲ ਤਜਿੰਦਰਪਾਲ ਸਿੰਘ ਸੰਧੂ ਵੀ ਫ਼ੋਟੋ ਵਿੱਚ ਨਜ਼ਰ ਆ ਰਿਹਾ ਸੀ। ਬਾਦਲ ਜੋੜੀ ਜਿੱਤ ਤੋਂ ਬਾਅਦ ਆਸ਼ੀਰਵਾਦ ਲੈਣ ਲਈ ਪਹੁੰਚੀ ਹੋਈ ਸੀ। ਅੱਜ ਕੁਦਰਤ ਵੱਲੋਂ ਮੌਕਾ ਮਿਲਿਆ ਸੀ ਸੋ ਮੈਂ ਤੁਰੰਤ ਸੰਤਾਂ ਦੇ ਦਰਸ਼ਨਾਂ ਲਈ ਤੁਰ ਪਿਆ।
ਉਂਝ ਤਾਂ ਪੰਜਾਬ ਵਿੱਚ 'ਸੰਤਾਂ' ਦੇ ਵੱਗ ਫ਼ਿਰਦੇ ਹਨ ਪਰ ਅਸਲੀ ਸੰਤ ਵਿਰਲੇ ਹੀ ਹੁੰਦੇ ਹਨ। ਮੈਂ ਭਗਤ ਤੁਲਸੀਦਾਸ ਦੀ ਰਾਮਚਰਿਤਮਾਨਸ ਵਿੱਚ ਸੰਤਾਂ ਬਾਰੇ ਟਿੱਪਣੀ ਯਾਦ ਕਰ ਰਿਹਾ ਸੀ।
''ਸੰਤ ਵਿਸ਼ਿਆਂ ਵਿੱਚ ਫਸੇ ਨਹੀਂ ਹੁੰਦੇ, ਸ਼ੀਲ ਅਤੇ ਸਦਗੁਣਾਂ ਦੀ ਖਾਣ ਹੁੰਦੇ ਹਨ। ਉਹਨਾਂ ਨੂੰ ਪਰਾਇਆ ਦੁੱਖ ਦੇਖ ਕੇ ਦੁੱਖ ਅਤੇ ਸੁਖ ਦੇਖ ਕੇ ਸੁਖ ਮਿਲਦਾ ਹੈ। ਸੰਤਾਂ ਅਤੇ ਅਸੰਤਾਂ ਦੀ ਕਰਨੀ ਅਜਿਹੀ ਹੈ ਜਿਵੇਂ ਕੁਹਾੜੀ ਅਤੇ ਚੰਦਨ ਦਾ ਆਚਰਣ ਹੁੰਦਾ ਹੈ। ਕੁਹਾੜੀ ਚੰਦਨ ਨੂੰ ਕੱਟਦੀ ਹੈ (ਕਿਉਂਕਿ ਉਸ ਦਾ ਸੁਭਾਅ ਹੀ ਦਰਖਤਾਂ ਨੂੰ ਕੱਟਣਾ ਹੈ) ਪ੍ਰੰਤੂ ਚੰਦਨ (ਆਪਣੇ ਸੁਭਾਅ ਕਾਰਨ) ਆਪਣੇ ਗੁਣ ਦੇ ਕੇ ਉਸ ਨੂੰ (ਕੱਟਣ ਵਾਲੀ ਕੁਹਾੜੀ ਨੂੰ) ਸੁਗੰਧੀਆਂ ਨਾਲ ਭਰ ਦਿੰਦਾ ਹੈ।'
ਭਗਤ ਤੁਲਸੀਦਾਸ ਦੇ ਉਕਤ ਬਚਨਾਂ ਦੇ ਨਾਲ ਨਾਲ ਮੈਨੂੰ ਗੁਰੂ ਅਰਜਨ ਦੇਵ ਜੀ ਦੇ ਸੰਤਾਂ ਬਾਰੇ ਬਚਨ ਯਾਦ ਆ ਰਹੇ ਸਨ:
ਸੰਤ ਜਨਾ ਮਿਲਿ ਹਰਿ ਜਸੁ ਗਾਇਓ
ਕੋਟਿ ਜਨਮ ਦੇ ਦੂਖ ਗਵਾਇਓ॥
ਸੰਤ ਕੀ ਨਿੰਦਾ ਜੋਨੀ ਭਵਨਾ॥
ਸੰਤ ਕੀ ਨਿੰਦਾ ਰੋਗੀ ਕਰਨਾ॥
ਸੰਤ ਕੀ ਨਿੰਦਾ ਦੁਖ ਸਹਾਮ॥
ਡਾਕੁ ਦੈਤ ਨਿੰਦਕ ਕਉ ਜਾਮ॥
ਇਉਂ ਗੁਰੂ ਅਰਜਨ ਦੇਵ ਦੇ ਸ਼ਬਦਾਂ ਨੂੰ ਮਨ ਹੀ ਮਨ ਵਿੱਚ ਦੁਹਰਾਉਂਦੇ ਹੋਏ ਮੈਂ ਪ੍ਰਬੰਧਕ ਕਮੇਟੀ ਦੇ ਮੈਨੇਜਰ ਡੀ. ਆਈ. ਜੀ. ਸਾਹਿਬ ਦੇ ਪਿੱਛੇ ਤੁਰਿਆ ਜਾ ਰਿਹਾ ਸੀ। ਉਹਨਾਂ ਕਾਲਜ ਨਾਲ ਲੱਗਦੀ ਲੰਗਰ ਦੀ ਇਮਾਰਤ ਵਿੱਚੋਂ ਲੰਘ ਕੇ ਕੁੱਝ ਹੀ ਪਲਾਂ ਵਿੱਚ ਸੰਤਾਂ ਦੇ ਦਰਸ਼ਨ ਕਰਵਾ ਦਿੱਤੇ। ਮੈਂ ਸੰਤਾਂ ਦੇ ਚਰਨੀ ਹੱਥ ਲਾਏ ਅਤੇ ਉਹਨਾਂ ਮੈਨੂੰ ਸਿਰੋਪਾਓ ਬਖਸ਼ਿਆ ਅਤੇ ਮੈਂ ਵਾਪਸੀ ਦਾ ਰਾਹ ਲਿਆ। ਉੱਥੇ ਹੀ ਮੈਨੂੰ ਸਨੋਰ ਤੋਂ ਹਲਕਾ ਇੰਚਾਰਜ ਅਤੇ ਮੇਰੇ ਵਿਦਿਆਰਥੀ ਰਹੇ ਸ੍ਰ. ਤੇਜਿੰਦਰਪਾਲ ਸਿੰਘ ਸੰਧੂ ਦੀ ਪਤਨੀ ਸਰਦਾਰਨੀ ਅਤਿੰਦਰ ਕੌਰ ਸੰਧੂ ਅਤੇ ਉਹਨਾਂ ਦਾ ਬੇਟਾ ਮਿਲ ਗਏ। ਸਰਦਾਰਨੀ ਸੰਧੂ ਮੈਨੂੰ ਕਹਿਣ ਲੱਗੇ ਕਿ ਸੰਤਾਂ ਦੇ ਮੁੱਖ ਸੇਵਾਦਾਰ ਤੁਹਾਨੂੰ ਮਿਲਣਾ ਚਾਹੁੰਦੇ ਹਨ। ਮੈਂ ਮਿਸਿਜ਼ ਸੰਧੂ ਨਾਲ ਪਿੱਛੇ ਬਣੇ ਵੱਡੇ ਹਾਲ ਕਮਰੇ ਵਿੱਚ ਚਲਿਆ ਗਿਆ। ਉੱਥੇ ਲੰਗਰ ਛਕਿਆ। ਲੰਗਰ ਛਕਣ ਤੋਂ ਬਾਅਦ ਉੱਥੋਂ ਦੇ ਮੁੱਖ ਸੇਵਾਦਾਰ ਨੇ ਮੈਨੂੰ ਫ਼ਿਰ ਸੰਤਾਂ ਦੇ ਆਰਾਮ ਕਰਨ ਵਾਲੇ ਕਮਰੇ ਵਿੱਚ ਬਿਠਾ ਦਿੱਤਾ।
ਉਸ ਕਮਰੇ ਵਿੱਚ ਵਿਦੇਸ਼ ਤੋਂ ਆਈਆਂ ਦੋ ਔਰਤਾਂ ਬੈਠੀਆਂ ਸਨ। ਸੋਫ਼ੇ ਵਾਲੀ ਵੱਡੀ ਕੁਰਸੀ ਦੇ ਸਾਹਮਣੇ ਬੈਠ ਕੇ ਅਸੀਂ ਸੰਤਾਂ ਦੀ ਇੰਤਜ਼ਾਰ ਕਰਨ ਲੱਗੇ। ਮੈਂ ਕੰਧ 'ਤੇ ਲੱਗੀਆਂ ਫ਼ੋਟੋਆਂ ਨਿਹਾਰ ਰਿਹਾ ਸੀ ਕਿ ਇੱਕ ਦੋ ਸੇਵਾਦਾਰਾਂ ਦੇ ਸਹਾਰੇ ਸੰਤ ਆ ਕੇ ਸੋਫ਼ਾਨੁਮਾ ਕੁਰਸੀ 'ਤੇ ਬੈਠ ਗਏ। ਮੈਂ ਫ਼ਿਰ ਸੰਤਾਂ ਦੇ ਚਰਨੀ ਹੱਥ ਲਾਏ। ਸੰਤਾਂ ਦੇ ਮੁੱਖ ਸੇਵਾਦਾਰ, ਸ਼ਾਇਦ ਉਹਨਾਂ ਦਾ ਨਾਮ ਅਜੀਤ ਸਿੰਘ ਸੀ, ਜੋ ਕਿ ਖ਼ੁਦ ਇੱਕ ਰਿਟਾਇਰਡ ਇੰਜੀਨੀਅਰ ਹਨ, ਨੇ ਮੇਰੀ ਜਾਣ ਪਛਾਣ ਕਰਾਉਂਦੇ ਹੋਏ ਸੰਤਾਂ ਨੂੰ ਦੱਸਿਆ:
''ਇਹ ਡਾ. ਹਰਜਿੰਦਰ ਸਿੰਘ ਵਾਲੀਆ ਹਨ। ਪੰਜਾਬੀ ਯੂਨੀਵਰਸਿਟੀ ਵਿੱਚ ਆਈ. ਏ. ਐਸ. ਟਰੇਨਿੰਗ ਸੈਂਟਰ ਦੇ ਡਾਇਰੈਕਟਰ ਹਨ।'' ਜਦੋਂ ਉਨ੍ਹਾਂ ਨੂੰ ਲੱਗਿਆ ਕਿ ਸੰਤਾਂ ਨੂੰ ਅਜੇ ਕੁੱਝ ਸਮਝ ਨਹੀਂ ਆਇਆ ਤਾਂ ਫ਼ਿਰ ਕਹਿਣ ਲੱਗੇ, 'ਇਹ ਜਿੱਥੇ ਡੀ. ਸੀ, ਐਸ. ਡੀ. ਐਮ. , ਤਹਿਸੀਲਦਾਰ ਅਤੇ ਡੀ. ਐਸ. ਪੀ. ਬਣਾਉਣ ਲਈ ਟਰੇਨਿੰਗ ਦਿੱਤੀ ਜਾਂਦੀ ਹੈ, ਉਹਦੇ ਡਾਇਰੈਕਟਰ ਹਨ।'
'ਹਾਂ, ਹਾਂ, ਜਾਓ, ਡੀ. ਸੀ. ਬਣਾਓ, ਕੁੜੀਆਂ ਨੂੰ ਡੀ. ਸੀ. ਬਣਾਓ। ਇੱਕ ਅੰਗਰੇਜ਼ ਹੁੰਦੀ ਸੀ ਡੀ. ਸੀ. । ਹੁਣ ਤੁਸੀਂ ਬਣਾਓ। ਫ਼ਿਰ ਵੀ ਆਇਓ।' ਇਉਂ ਬੋਲਦੇ ਬੋਲਦੇ ਉਨ੍ਹਾਂ ਸੇਵਾਦਾਰ ਨੂੰ ਇਸ਼ਾਰਾ ਕੀਤਾ ਅਤੇ ਉਸ ਨੇ ਮੇਰੇ ਹੱਥ ਵਿੱਚ ਨੋਟਾਂ ਦੇ ਪੰਜ ਛੇ ਬੰਡਲ ਫੜਾ ਦਿੱਤੇ।
'ਹਾਂ, ਡੀ. ਸੀ. ਤਹਿਸੀਲਦਾਰ ... ।' ਸੰਤਾਂ ਨੇ ਕੀ ਕਿਹਾ ਮੈਨੂੰ ਕੁੱਝ ਸਮਝ ਨਹੀਂ ਆਇਆ। ਹਾਂ, ਇੰਨਾ ਕੁ ਜ਼ਰੂਰ ਯਾਦ ਹੈ ਕਿ ਪੈਸਾ ਫੜਾਉਂਦੇ ਹੋਏ ਕਹਿਣ ਲੱਗੇ ਫ਼ਿਰ ਆਇਓ ਹੋਰ ਦੇਊਂਗਾ। ਹਾਲਾਂਕਿ ਉਸ ਤੋਂ ਬਾਅਦ ਮੁੜ ਮੈਂ ਨਹੀਂ ਗਿਆ ਜਾਂ ਜਾ ਨਹੀਂ ਸਕਿਆ।
ਮੈਂ ਲਿਸ਼ਕਦੇ ਹੋਏ ਨੋਟ ਫੜ ਲਏ ਅਤੇ ਮੱਥਾ ਟੇਕਿਆ ਅਤੇ ਪਟਿਆਲੇ ਵੱਲ ਚੱਲ ਪਿਆ। ਰਾਹ ਵਿੱਚ ਮੈਂ ਵੇਖਿਆ ਇਹ ਢਾਈ ਲੱਖ ਰੁਪਏ ਸਨ। ਬਿਨਾਂ ਮੰਗੇ ਢਾਈ ਲੱਖ ਰੁਪਏ ਦੇਣੇ ਮੇਰੀ ਸਮਝ ਵਿੱਚ ਨਹੀਂ ਆਏ। ਮੇਰੇ ਨਾਲ ਅੰਗਰੇਜ਼ੀ ਦੇ ਪ੍ਰੋਫ਼ੈਸਰ ਡਾ. ਸ਼ਰਨਪਾਲ ਸਿੰਘ ਬੈਠੇ ਸਨ।
'ਡਾ. ਸ਼ਰਨ ਪਾਲ ਸੰਤਾਂ ਨੇ ਮੈਨੂੰ ਢਾਈ ਲੱਖ ਰੁਪਏ ਦਿੱਤੇ ਹਨ, ਮੈਂ ਮੰਗੇ ਵੀ ਨਹੀਂ। ਇਹ ਕੀ ਹੈ ਤੁਹਾਡੇ ਖ਼ਿਆਲ ਵਿੱਚ?'
''ਸੰਤਾਂ ਦਾ ਆਸ਼ੀਰਵਾਦ ਹੈ। ਖ਼ੁਸ਼ਕਿਸਮਤ ਹੋ ਸੰਤਾਂ ਨੇ ਤੁਹਾਨੂੰ ਅਸੀਸ ਦਿੱਤੀ ਹੈ, '' ਸ਼ਰਨਪਾਲ ਦਾ ਜਵਾਬ ਸੀ।
ਸ਼ਰਨਪਾਲ ਦਾ ਜਵਾਬ ਸੁਣ ਕੇ ਮੈਂ ਆਸ਼ੀਰਵਾਦ ਬਾਰੇ ਸੋਚਣ ਲੱਗਾ। ਅਸੀਸ ਜਾਂ ਆਸ਼ੀਰਵਾਦ ਬਾਰੇ ਲੋਕਾਂ ਦਾ ਵਿਸ਼ਵਾਸ ਹੈ ਕਿ ਬਜ਼ੁਰਗਾਂ ਤੇ ਮਹਾਂਪੁਰਖਾਂ ਦੇ ਮੂੰਹੋਂ ਸਹਿਜ ਸੁਭਾਅ ਨਿਕਲੇ ਬਚਨ ਸਦਾ ਅਟੱਲ ਹੁੰਦੇ ਹਨ। ਸੋ, ਉਹਨਾਂ ਵੱਲੋਂ ਦਿੱਤੀ ਅਸੀਸ ਨੂੰ ਸਦਾ ਫੱਲ ਲੱਗਦਾ ਹੈ। ਇਹ ਵਿਚਾਰ ਵਾਕ-ਸਿਧੀ ਦੇ ਸੰਕਲਪ ਉੱਤੇ ਆਧਾਰਿਤ ਹੈ। ਸਾਧਾਂ-ਸੰਤਾਂ, ਬਜ਼ੁਰਗਾਂ ਨੂੰ ਪਰਣਾਮ ਕਰਨ ਵੇਲੇ ਜਦੋਂ ਕੋਈ ਉਹਨਾਂ ਦੇ ਪੈਰ ਛੂੰਹਦਾ ਹੈ ਤਾਂ ਉਹ ਅੱਗੋਂ ਪਿੱਠ ਉਤੇ ਹੱਥ ਫੇਰ ਕੇ ਅਸੀਸਾਂ ਦਿੰਦੇ ਹਨ।
ਲੋਕ ਵਿਸ਼ਵਾਸ ਹੈ ਕਿ ਮਹਾਂਪੁਰਖਾਂ ਦੀਆਂ ਅਸੀਸਾਂ ਵਿੱਚ ਸਵੈ-ਸਿੱਧੀ ਦੀ ਸ਼ਕਤੀ ਸਹਿਜ ਰੂਪ ਵਿੱਚ ਸਮਾਈ ਹੋਈ ਮੰਨੀ ਗਈ ਹੈ। ਲੋਕ-ਨਿਸਚੇ ਅਨੁਸਾਰ ਮਹਾਂਪੁਰਖਾਂ ਦੇ ਬਚਨਾਂ ਵਿੱਚ ਉਹਨਾਂ ਦੀ ਸ਼ਰਧਾ ਦਾ ਅੰਸ਼ ਜਾਂ ਪ੍ਰਭੁਤਾ ਦੀ ਕੋਈ ਕਣੀ ਰਚੀ ਰਹਿੰਦੀ ਹੈ। ਜਿਸ ਕਰ ਕੇ ਉਹਨਾਂ ਦੇ ਬਚਨ ਪ੍ਰਜਵਲਤ ਹੋ ਕੇ ਸੱਚੇ ਸਿੱਧ ਹੁੰਦੇ ਹਨ। ਅਸੀਸਾਂ ਵਿੱਚ ਵੀ ਇਹੋ ਕਣੀ ਵਿਦਮਾਨ ਹੁੰਦੀ ਹੈ। ਮੈਂ ਸੋਚਾਂ ਸੋਚਾਂ ਵਿੱਚ ਪਟਿਆਲੇ ਪਹੁੰਚ ਗਿਆ।
ਪਟਿਆਲੇ ਮੈਂ ਸਿੱਧਾ ਗੁਰਦੁਆਰਾ ਸਿੰਘ ਸਭਾ ਪਹੁੰਚਿਆ, ਜਿੱਥੇ ਪੰਜਾਬੀ ਗਾਇਕ ਪੰਮੀ ਬਾਈ ਦੀ ਮਾਤਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣਾ ਸੀ। ਅਰਦਾਸ ਤੋਂ ਬਾਅਦ ਮੈਂ ਉੱਥੇ ਖੜ੍ਹੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੂੰ ਦੱਸਿਆ ਕਿ ਮੈਨੂੰ ਅੱਜ ਹੰਸਾਲੀ ਵਾਲੇ ਸੰਤਾਂ ਨੇ ਢਾਈ ਲੱਖ ਰੁਪਏ ਦਿੱਤੇ ਹਨ। ਡਾ. ਜਸਪਾਲ ਸਿੰਘ ਕਹਿਣ ਲੱਗੇ ਗ਼ਰੀਬ ਬੱਚਿਆ ਦੀ ਫ਼ੀਸ ਮਾਫ਼ ਕਰ ਦੇਈ। ਅਗਲੇ ਦਿਨ ਉਹਨਾਂ ਇਸ ਮਕਸਦ ਲਈ ਇੱਕ ਕਮੇਟੀ ਬਣਾ ਦਿੱਤੀ। ਇਸ ਗੱਲ ਨੂੰ ਅਜੇ ਦੋ ਮਹੀਨੇ ਵੀ ਨਹੀਂ ਵਾਪਰੇ ਸਨ ਕਿ ਪੰਜਾਬ ਸਿਵਲ ਸਰਵਿਸਜ਼ ਦਾ ਨਤੀਜਾ ਆ ਗਿਆ, ਜਿਸ ਵਿੱਚ ਮੇਰੇ ਸੈਂਟਰ ਦੇ 12 ਵਿਦਿਆਰਥੀ ਚੁਣੇ ਗਏ ਸਨ। ਅਖ਼ਬਾਰਾਂ ਨੇ ਚੁਣੇ ਵਿਦਿਆਰਥੀਆਂ ਦੀਆਂ ਫ਼ੋਟੋਆਂ ਛਾਪੀਆਂ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਈ. ਏ. ਐਸ. ਸੈਂਟਰ ਦੀ ਰੱਜ ਕੇ ਪ੍ਰਸ਼ੰਸਾ ਕੀਤੀ। ਅਜਿਹਾ ਕਰਦੇ ਵੀ ਕਿਉਂ ਨਾ ਇੰਨੀ ਵੱਡੀ ਗਿਣਤੀ ਵਿੱਚ ਵਿਦਿਆਰਥੀ ਪਹਿਲੀ ਵਾਰ ਜੋ ਸਿਲੈਕਟ ਹੋਏ ਸਨ? ਇਸ ਤੋਂ ਪਹਿਲਾਂ ਤਾਂ ਕੋਈ ਇੱਕਾ-ਦੁੱਕਾ ਵਿਦਿਆਰਥੀ ਹੀ ਸਿਲੈਕਟ ਹੁੰਦਾ ਸੀ। ਕੀ ਅਜਿਹਾ ਇਸ ਵਾਰ ਹੰਸਾਲੀ ਵਾਲੇ ਸੰਤਾਂ ਦੇ ਆਸ਼ੀਰਵਾਦ ਕਰ ਕੇ ਹੀ ਵਾਪਰਿਆ ਸੀ?