
(ਪਰਵਾਸੀ ਸ਼ਾਇਰ ਗੁਰਚਰਨ ਸੇਖੋਂ)
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਤਾਮਿਲਨਾਡੂ ਦੇ ਸਾਬਕਾ ਰਾਜਪਾਲ ਸ੍ਰ. ਸੁਰਜੀਤ ਸਿੰਘ ਬਰਨਾਲਾ ਦੇ ਸਾਲੇ ਸਾਹਿਬ ਅਤੇ ਮੇਰੇ ਮਿੱਤਰ ਸ੍ਰ. ਪੁਸ਼ਵਿੰਦਰ ਸਿੰਘ ਢਿੱਲੋਂ ਦੀ ਅੰਤਿਮ ਅਰਦਾਸ ਸਮੇਂ ਹੋਏ ਸ਼ਰਧਾਂਜਲੀ ਸਮਾਗਮ ਦੀ ਮੈਂ ਸਟੇਜ ਸਕੱਤਰੀ ਦੀ ਭੂਮਿਕਾ ਨਿਭਾਅ ਰਿਹਾ ਸੀ ਕਿ ਇੱਕ ਸ਼ਖਸ ਮੇਰੇ ਕੋਲ ਆਇਆ ਅਤੇ ਕਹਿਣ ਲੱਗਾ:
''ਮੈਂ ਬੌੜਹਾਈ ਵਾਲਾ ਗੁਰਚਰਨ ਸਿੰਘ ਸੇਖੋਂ ਹਾਂ, ਅੱਜਕਲ੍ਹ ਕਨੇਡਾ ਰਹਿ ਰਿਹਾ ਹਾਂ। ਇਸ ਪ੍ਰੋਗਰਾਮ ਤੋਂ ਬਾਅਦ ਮਿਲ ਕੇ ਜਾਣਾ।'' ਮੈਨੂੰ ਗੁਰਚਰਨ ਸੇਖੋਂ ਦੀ ਪਹਿਲੀ ਮਿਲਣੀ ਵਿੱਚ ਹੀ ਬੜੀ ਅਪਣੱਤ, ਨਿੱਘ ਅਤੇ ਦੋਸਤੀ ਦੀ ਝਲਕ ਨਜ਼ਰ ਆਈ। ਉਂਝ ਵੀ ਉਹ ਮੰਡੀ ਅਹਿਮਦਗੜ੍ਹ ਦੇ ਲਾਗਲੇ ਪਿੰਡ ਬੌੜਹਾਈ ਦਾ ਹੋਣ ਕਰ ਕੇ ਜਾਂ ਕਿਤੇ ਅਖ਼ਬਾਰਾਂ ਅਤੇ ਕਿਤਾਬਾਂ ਵਿੱਚੋਂ ਪੜ੍ਹਨ ਕਰ ਕੇ ਚੇਤਿਆਂ 'ਚ ਜ਼ਰੂਰ ਪਿਆ ਸੀ। ਮੁਲਾਕਾਤ ਭਾਵੇਂ ਪਹਿਲੀ ਵਾਰ ਹੋ ਰਹੀ ਸੀ। ਮੈਂ ਸਮਾਗਮ ਸਮਾਪਤ ਹੋਣ ਤੋਂ ਬਾਅਦ ਸ੍ਰ. ਪੁਸ਼ਵਿੰਦਰ ਸਿੰਘ ਢਿੱਲੋਂ ਦੇ ਛੋਟੇ
ਭਰਾ ਸ੍ਰ. ਪਰਮਜੀਤ ਸਿੰਘ ਢਿੱਲੋਂ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਆਈਆਂ ਸੰਗਤਾਂ ਦੇ ਧੰਨਵਾਦ ਲਈ ਖੜ੍ਹਾ ਸਾਂ ਅਤੇ ਗੁਰਚਰਨ ਸਿੰਘ ਸੇਖੋਂ ਸ੍ਰ. ਸੁਰਜੀਤ ਸਿੰਘ ਬਰਨਾਲਾ ਨਾਲ ਕੋਈ ਗੱਲ ਕਰ ਰਿਹਾ ਸੀ ਕਿ ਅਚਾਨਕ ਉਸ ਨੇ ਫ਼ਿਰ ਆਵਾਜ਼ ਮਾਰ ਲਈ, ''ਆਪਾਂ ਆਪਣੀ ਕਿਤਾਬ ਬਰਨਾਲਾ ਸਾਹਿਬ ਤੋਂ ਰਿਲੀਜ਼ ਕਰਾਉਣੀ ਹੈ।"
ਬਰਨਾਲਾ ਸਾਹਿਬ ਨੇ ਵੀ ਸਹਿਮਤੀ ਜਤਾਈ ਅਤੇ ਮੈਂ ਅਤੇ ਗੁਰਚਰਨ ਸੇਖੋਂ ਗੁਰੂ ਘਰ ਦੇ ਇੱਕ ਖੂੰਜੇ ਵਿੱਚ ਖੜ੍ਹ ਕੇ ਗੱਲਾਂ ਕਰਨ ਲੱਗੇ। ਇਹ ਮੇਰੀ ਗੁਰਚਰਨ ਸੇਖੋਂ ਨਾਲ ਪਹਿਲੀ ਮੁਲਾਕਾਤ ਸੀ। ਪਹਿਲੀ ਮੁਲਾਕਾਤ ਵਿੱਚ ਹੀ ਮੁਲਾਕਾਤੀ ਨੂੰ ਦੋਸਤ ਬਣਾਉਣ ਦੀ ਕਲਾ ਵਿੱਚ ਮਾਹਿਰ ਹੈ ਗੁਰਚਰਨ ਸੇਖੋਂ ਅਤੇ ਮੈਂ ਵੀ ਉਸ ਦੇ ਦੋਸਤਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ। ਇੱਕ ਇਲਾਕੇ ਦਾ ਹੋਣ ਕਾਰਨ ਅਨੇਕਾਂ ਬੰਦੇ ਸਾਡੇ ਸਾਂਝੇ ਮਿੱਤਰ ਸਨ। ਉਹਨਾਂ ਵਿੱਚੋਂ ਪੰਜਾਬੀ ਦਾ ਪ੍ਰਸਿੱਧ ਆਲੋਚਕ ਅਤੇ ਮੇਰਾ ਪੰਜਾਬੀ ਯੂਨੀਵਰਸਿਟੀ ਵੇਲੇ ਦਾ ਮਿੱਤਰ ਡਾ. ਸੁਰਜੀਤ ਸਿੰਘ ਭੱਟੀ ਵੀ ਸ਼ਾਮਲ ਸੀ। ਸੁਰਜੀਤ ਭੱਟੀ ਦੇ ਪਿੰਡ ਜੰਡਾਲੀ ਵਿਆਹਿਆ ਹੋਣ ਕਾਰਨ, ਡਾ. ਭੱਟੀ ਗੁਰਚਰਨ ਸੇਖੋਂ ਨੂੰ ਫੁੱਫੜ ਸੱਦਦਾ ਹੈ। ਰਿਸ਼ਤਾ ਕੋਈ ਵੀ ਬਣਾ ਲਵੋ ਪਰ ਸੇਖੋਂ ਯਾਰਾਂ ਦਾ ਯਾਰ ਅਤੇ ਮੋਹ ਅਤੇ ਵਫ਼ਾ ਪਾਲਣ ਵਾਲਾ ਇਨਸਾਨ ਹੈ। ਮੈਂ ਆਪਣੀਆਂ ਕਨੇਡਾ ਫ਼ੇਰੀਆਂ ਦੌਰਾਨ ਗੁਰਚਰਨ ਸੇਖੋਂ ਕਾਫ਼ੀ ਨੇੜਿਉਂ ਤੱਕਿਆ ਹੈ। ਸੰਨ 2009 ਦੀ ਕਨੇਡਾ ਫ਼ੇਰੀ ਦੌਰਾਨ ਮੈਂ ਅਤੇ ਸੁਰਜੀਤ ਭੱਟੀ ਇਕੱਠੇ ਹੀ ਵਰਲਡ ਪੰਜਾਬੀ ਕਾਨਫਰੰਸ ਵਿੱਚ ਹਿੱਸਾ ਲੈਣ ਤੋਂ ਬਾਅਦ ਟੋਰੋਂਟੋ, ਐਡਮੰਟਨ ਅਤੇ ਕੈਲਗਰੀ ਹੁੰਦੇ ਹੋਏ ਵੈਨਕੂਵਰ ਪਹੁੰਚੇ ਸਾਂ ਅਤੇ ਉਥੇ ਗੁਰਚਰਨ ਸੇਖੋਂ ਜੰਡਾਲੀ ਵਾਲੇ ਮਾਸਟਰ ਅਮਰੀਕ ਸਿੰਘ ਨੇ ਜਾਂਦੇ ਹੀ ਸਾਨੂੰ ਬੋਚ ਲਿਆ ਸੀ। ਉਸ ਫ਼ੇਰੀ ਦੌਰਾਨ ਜਿੰਨੇ ਸਾਹਿਤਕ ਜਾਂ ਸਮਾਜਕ ਪ੍ਰੋਗਰਾਮ ਹੋਏ, ਇਹ ਦੋਵੇਂ ਮਿੱਤਰ ਸਾਡੇ ਨਾਲ ਰਹੇ। ਅਗਸਤ 2011 ਵਿੱਚ ਜਿਸ ਦਿਨ ਮੈਂ ਵੈਨਕੂਵਰ ਪਹੁੰਚਿਆ, ਉਸੇ ਦਿਨ ਹੀ ਕੁਦਰਤ ਨੇ ਇੱਕ ਇਮਤਿਹਾਨ ਵਿੱਚ ਪਾ ਦਿੱਤਾ। ਸਰੀ ਵਿਖੇ ਹਾਲੇ ਮੈਨੂੰ ਪਹੁੰਚੇ ਨੂੰ ਕੁੱਝ ਘੰਟੇ ਹੀ ਹੋਏ ਸਨ ਕਿ ਮੇਰੀ ਛਾਤੀ ਵਿੱਚ ਥੋੜ੍ਹਾ ਦਰਦ ਹੋਇਆ ਪਰ ਜਿਵੇਂ ਕਿ ਅਕਸਰ ਸਾਡੀ ਆਦਤ ਹੁੰਦੀ ਹੈ, ਮੈਂ ਉਸ ਨੂੰ ਕੋਈ ਖ਼ਾਸ ਗੰਭੀਰਤਾ ਨਾਲ ਨਹੀਂ ਲਿਆ। ਗੁਰਚਰਨ ਸੇਖੋਂ ਅਤੇ ਮਾਸਟਰ ਅਮਰੀਕ ਸਿੰਘ ਨਾਲ ਕਿਸੇ ਦੋਸਤ ਕੋਲ ਜਾਣ ਦਾ ਪ੍ਰੋਗਰਾਮ ਬਣਾ ਲਿਆ। ਗੁਰਚਰਨ ਸੇਖੋਂ ਕਾਰ ਚਲਾ ਰਿਹਾ ਸੀ ਕਿ ਦਿਲ ਦਾ ਦਰਦ ਸ਼ੁਰੂ ਹੋ ਗਿਆ। ਸੇਖੋਂ ਸਾਹਿਬ ਦੇ ਘਰ ਜਾ ਕੇ ਥੋੜ੍ਹਾ ਆਰਾਮ ਕਰਨ ਦੀ ਕੋਸ਼ਿਸ਼ ਕੀਤੀ ਪਰ ਦਰਦ ਵਧਦਾ ਹੀ ਗਿਆ ਅਤੇ ਆਖ਼ਿਰ ਹਸਪਤਾਲ ਜਾਣਾ ਹੀ ਪਿਆ ਕਿਉਂਕਿ ਇਹ ਦਿਲ ਦਾ ਦੌਰਾ ਸੀ। ਖ਼ੈਰ, ਇਹ ਕਹਾਣੀ ਫ਼ਿਰ ਸਹੀ, ਅੱਜ ਤਾਂ ਮੈਂ ਗੱਲ ਪੰਜਾਬੀ ਸ਼ਾਇਰ ਗੁਰਚਰਨ ਸੇਖੋਂ ਦੀ ਕਰਨੀ ਹੈ, ਜੋ ਪੁਸਤਕਾਂ ਉੱਪਰ ਗੁਰਚਰਨ ਸਿੰਘ ਸੇਖੋਂ (ਬੌੜਹਾਈ ਵਾਲਾ) ਕੈਨੇਡਾ ਲਿਖਦਾ ਹੈ। ਇਸ ਦਾ ਮਤਲਬ ਹੈ ਕਿ ਕੈਨੇਡਾ ਜਾ ਕੇ ਵੀ ਉਹ ਆਪਣੇ ਪਿੰਡ ਦੀ ਮਿੱਟੀ ਨਾਲ ਜੁੜਿਆ ਹੋਇਆ ਹੈ। ਸ਼ਾਇਦ ਇਸੇ ਕਾਰਨ 'ਵਤਨ ਦੀ ਖ਼ੁਸ਼ਬੋ' ਉਸਨੂੰ ਖਿੱਚ ਪਾਉਂਦੀ ਰਹਿੰਦੀ ਹੈ। ਉਂਝ ਉਸ ਨੇ 'ਵਤਨ ਦੀ ਖ਼ੁਸ਼ਬੋ' ਤੋਂ ਪਹਿਲਾਂ 'ਦੁੱਖ ਪਰਦੇਸਾਂ ਦੇ' ਪੰਜਾਬੀ ਪਾਠਕਾਂ ਦੀ ਝੋਲੀ ਪਾਈ ਸੀ। 2009 ਵਿੱਚ ਪ੍ਰਕਾਸ਼ਿਤ ਹੋਈ ਪੁਸਤਕ 'ਆਲਣਾ' ਵਿੱਚ ਗੁਰਚਰਨ ਸੇਖੋਂ ਖੁਦ ਕਹਿੰਦਾ ਹੈ:
''ਮੈਂ ਚਾਰ ਪੁਸਤਕਾਂ 'ਦੁੱਖ ਪਰਦੇਸਾਂ ਦੇ', 'ਵਤਨ ਦੀ ਖ਼ੁਸ਼ਬੋ', 'ਭਰੂਣ ਦੀ ਪੁਕਾਰ' ਅਤੇ 'ਵੰਡ-ਵੰਡਾਰਾ' ਪਾਠਕਾਂ ਦੇ ਹੱਥਾਂ ਵਿੱਚ ਪਹੁੰਚਾ ਚੁੱਕਿਆ ਹਾਂ। ਇਹਨਾਂ ਪੁਸਤਕਾਂ ਵਿੱਚ ਮੈਂ ਵਿਸਥਾਰ ਸਹਿਤ ਨਸ਼ਿਆਂ ਦਾ ਵੱਧ ਰਿਹਾ ਰੁਝਾਨ, ਭਰੂਣ ਹੱਤਿਆ ਵਰਗਾ ਸਮਾਜ ਦੇ ਮੱਥੇ ਉਤੇ ਉਕਰ ਰਿਹਾ ਕਲੰਕ, ਭੇਖੀ ਬਾਬਿਆਂ ਵੱਲੋਂ ਭੋਲੇ-ਭਾਲੇ ਲੋਕਾਂ ਦਾ ਆਰਥਕ ਅਤੇ ਸਰੀਰਕ ਸ਼ੋਸ਼ਣ, ਕੈਂਸਰ ਵਾਂਗ ਵੱਧ ਰਿਹਾ ਭ੍ਰਿਸ਼ਟਾਚਾਰ ਦਾ ਰੋਗ ਅਤੇ ਹੋਰ ਬੇਅੰਤ ਵਿਸ਼ਿਆਂ ਦਾ ਵਰਣਨ ਕਰਨ ਦੀ ਕੋਸ਼ਿਸ਼ ਕੀਤੀ ਸੀ।'
ਪਿਛਲੀ ਵਾਰ ਜਦੋਂ ਗੁਰਚਰਨ ਸਿੰਘ ਸੇਖੋਂ ਮੈਨੂੰ ਮਿਲਣ ਪਟਿਆਲੇ ਆਇਆ ਤਾਂ ਆਪਣੀਆਂ ਪੁਸਤਕਾਂ ਦੇ ਕੁੱਝ ਸੈਟ ਮੈਨੂੰ ਦੇ ਗਿਆ ਪਰ ਮੈਨੂੰ ਹੈਰਾਨੀ ਹੋਈ, ਜਦੋਂ ਮੈਂ ਗੁਰਚਰਨ ਸੇਖੋਂ ਬਾਰੇ ਲਿਖਣ ਲਈ ਅਲਮਾਰੀ ਵਿੱਚੋਂ ਕਿਤਾਬਾਂ ਕੱਢਣ ਲੱਗਿਆ ਤਾਂ ਮੇਰੇ ਹੱਥੋਂ 'ਵਤਨ ਦੀ ਖ਼ੁਸ਼ਬੋ' ਅਤੇ 'ਆਲ੍ਹਣਾ' ਹੀ ਲੱਗੀਆਂ। ਜਦੋਂ ਬਾਕੀ ਕਿਤਾਬਾਂ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਉਹ ਤਾਂ ਆਉਂਦੇ ਜਾਂਦੇ ਵਿਦਿਆਰਥੀ ਅਤੇ ਹੋਰ ਪਾਠਕਾਂ ਦੇ ਹੱਥ ਲੱਗ ਗਈਆਂ। ਗੱਲ ਸੁਣ ਕੇ ਮੈਂ ਸਿਰਫ਼ ਮੁਸਕਰਾ ਹੀ ਸਕਿਆ ਅਤੇ ਯਾਦਾਂ ਦੀ ਪਟਾਰੀ ਖੋਲ੍ਹਣ ਤੋਂ ਬਿਨਾਂ ਕੋਈ ਚਾਰਾ ਨਾ ਰਿਹਾ। ਸੇਖੋਂ ਦੀ ਸਮੁੱਚੀ ਕਵਿਤਾ ਪੜ੍ਹਨ ਤੋਂ ਬਾਅਦ ਨਿਰਸੰਕੋਚ ਇਸ ਕਥਨ ਨਾਲ ਸਹਿਮਤ ਹੋਇਆ ਜਾ ਸਕਦਾ ਹੈ ਕਿ ਉਸ ਦਾ ਸਾਰਾ ਕਾਵਿ ਜ਼ਿੰਦਗੀਨਾਮਾ ਹੈ, ਇੱਕ ਹੇਕ ਹੈ, ਇੱਕ ਰੂਹ ਹੈ, ਤੁਹਾਡੀ, ਮੇਰੀ, ਮੇਰੀ ਧੀ, ਮੇਰੇ ਵੀਰ, ਮੇਰੇ ਪੰਜਾਬ ਦੀ ਗਾਥਾ ਹੈ, ਵਾਰਤਾਲਾਪ ਹੈ। ਇਹ ਚਾਨਣ ਦੀ ਰੰਗ-ਬਰੰਗੀ ਫੁਲਕਾਰੀ ਹੈ। ਗੁਰਚਰਨ ਸੇਖੋਂ ਦੀ ਕਵਿਤਾ ਸਮਾਜ ਦੀ ਦੁਖਦੀ ਰਗ 'ਤੇ ਉਂਗਲ ਰੱਖਦੀ ਹੈ। ਉਸ ਨੇ ਉਸਾਰੂ ਸੋਚ ਤੇ ਮਾਨਵੀ ਕਦਰਾਂ ਕੀਮਤਾਂ 'ਤੇ ਡਟ ਕੇ ਪਹਿਰਾ ਦਿੱਤਾ ਹੈ। ਉਹ ਆਪਣੀਆਂ ਲਿਖਤਾਂ ਰਾਹੀਂ ਸਮਾਜ ਨੂੰ ਬਦਲਣਾ ਲੋਚਦਾ ਹੈ। ਸੇਖੋਂ ਮਾਦਾ ਭਰੂਣ ਹੱਤਿਆ ਦੇ ਖ਼ਿਲਾਫ ਜਿੱਥੇ ਉਚੀ ਸੁਰ ਵਿੱਚ ਆਵਾਜ਼ ਬੁਲੰਦ ਕਰਦਾ ਹੈ, ਉਥੇ ਖ਼ੁਦ ਆਪਣੇ ਪਰਿਵਾਰ ਦੀਆਂ ਧੀਆਂ, ਦੋਹਤੀਆਂ ਅਤੇ ਪੋਤੀਆਂ ਨੂੰ ਪੁੱਤਾਂ ਵਾਂਗ ਪਿਆਰ ਦੇ ਕੇ ਇੱਕ ਉਦਾਹਰਣ ਪੇਸ਼ ਕਰਦਾ ਹੈ। 'ਆਲਣਾ' ਪੁਸਤਕ ਦੇ ਸਮਰਪਣ ਵਿੱਚ ਉਹ ਲਿਖਦਾ ਹੈ:
''ਆਲਣਾ ਨਾਮੀ ਇਹ ਪੁਸਤਕ ਮੈਂ ਆਪਣੀ ਨਵ-ਜੰਮੀ ਪੋਤਰੀ ਜੈਸਮੀਨ ਸੇਖੋਂ ਨੂੰ ਸਮਰਪਿਤ ਕਰਦਾ ਹੋਇਆ ਸਮੂਹ ਰੱਬ ਵਰਗੀਆਂ ਮਾਵਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀ ਕੁੱਖ ਵਿੱਚ ਕਬਰ ਬਣਾ ਕੇ ਕਿਸੇ 'ਨੰਨੀ ਛਾਂ' ਨੂੰ ਨਾ ਦਫਨਾਉਣ:
''ਕੁਦਰਤ ਦੀ ਪ੍ਰਕਿਰਿਆ ਅੰਦਰ, ਰੋੜਾ ਨਾ ਅਟਕਾਵੋ,
ਪਵਿੱਤਰ ਕੁੱਖ ਨੂੰ ਕਬਰ ਬਣਾਕੇ, ਧੀਆਂ ਨਾ ਦਫ਼ਨਾਵੋ।
ਗੁਰਚਰਨ ਸੇਖੋਂ ਤਾਂ ਪੁੱਤਾਂ ਵਾਂਗ 'ਧੀਆਂ ਦੀ ਘੋੜੀ' ਵੀ ਗਾਉਂਦਾ ਹੈ:
''ਮਾਪਿਆਂ ਦੇ ਦੁੱਖੜੇ ਵੰਡਾਉਣ ਕੁੜੀਆਂ।
ਪੇਕਿਆਂ ਦੀ ਸੁੱਖ ਹੀ ਮਨਾਉਣ ਕੁੜੀਆਂ।
ਮਿਲਜੇ ਸੁਨੇਹਾ ਕਿਤੇ ਵਾਧ ਘਾਟ ਦਾ
ਨੰਗੇ ਪੈਰੀਂ ਸੌਹਰਿਆਂ ਤੋਂ ਆਉਣ ਕੁੜੀਆਂ।
ਕਵੀ ਨਾ ਸਿਰਫ਼ ਧੀਆਂ ਦੇ ਜੰਮਣ ਦੇ ਹੱਕ ਵਿੱਚ ਹੈ, ਸਗੋਂ ਉਹ ਤਾਂ ਉਹਨਾਂ ਨੂੰ ਸਮਾਜ ਵਿੱਚ ਸਨਮਾਨਜਨਕ ਸਥਾਨ ਦਿਵਾਉਣ ਲਈ ਵੀ ਸੰਘਰਸ਼ ਕਰ ਰਿਹਾ ਹੈ। ਜਿਹੜੇ ਲੋਕ ਔਰਤ ਨੂੰ ਸਿਰਫ ਬਾਜ਼ਾਰ ਦੀ ਵਸਤੂ ਸਮਝਦੇ ਹਨ, ਕਵੀ ਉਹਨਾਂ ਵਿਰੁੱਧ ਆਪਣੀ ਕਲਮ ਚੁੱਕਦਾ ਹੈ। ਸੇਖੋਂ ਨੇ ਲੱਚਰ ਗੀਤਾਂ ਨੂੰ ਪ੍ਰਫੁੱਲਿਤ ਕਰਨ ਵਾਲਿਆਂ ਨੂੰ ਵੰਗਾਰਿਆ ਹੈ।
''ਮੋਟੀਆਂ ਰਕਮਾਂ ਲੈ ਕੇ 'ਸੇਖੋਂ' ਕਬੂਤਰ ਛੱਡ ਕੇ ਆਵੋ ਨਾ
ਲੱਚਰ ਗੀਤ ਸਟੇਜਾਂ ਉਪਰ, ਹਿੱਕਾਂ ਕੱੈਢ ਕੱਢ ਗਾਵੋ ਨਾ।''
ਪਦਾਰਥਵਾਦੀ ਯੁੱਗ ਵਿੱਚ ਰਿਸ਼ਤਿਆਂ ਦੀ ਗੁੰਮ ਰਹੀ ਪਵਿੱਤਰਤਾ ਅਤੇ ਅਹਿਮੀਅਤ ਨੂੰ ਸ਼ਾਇਰ ਸੇਖੋਂ ਨੇ ਬਾਖ਼ੂਬੀ ਬਿਆਨਿਆ ਹੈ।
''ਘਰ ਘਰ ਜਾ ਕੇ ਵੇਖਿਆ ਮੈਂ
ਹੁੰਦਾ ਵੱਡਿਆਂ ਦਾ ਸਤਿਕਾਰ ਨਹੀਂ।
'ਰੁਲਦੇ ਬੁਢਾਪੇ' ਬਾਰੇ ਵੀ ਸ਼ਾਇਰ ਚਿੰਤਾ ਜ਼ਾਹਿਰ ਕਰਦਾ ਹੈ।
'ਇਕ ਰੋਟੀ ਦੀ ਖ਼ਾਤਰ ਮਾਂ ਪਿਓ ਨੂੰ ਵੰਡ ਲੈਂਦੇ,
ਘਰ ਦੀ ਸਾਂਭੀ ਇੱਜ਼ਤ, ਸੱਥਾਂ ਵਿੱਚ ਭੰਡ ਲੈਂਦੇ।
ਪਹਿਲਾਂ ਵੰਡਣ ਜ਼ਮੀਨਾਂ ਪਿੱਛੋਂ ਮਰਨਾ ਕਰਦੇ ਨੇ।
ਵੱਟਾਂ ਪਿੱਛੇ ਅੰਮਾ ਜਾਏ ਲੜ ਲੜ ਮਰਦੇ ਨੇ।
ਸ਼ਾਇਰ ਹਮੇਸ਼ਾ ਆਪਣੇ ਆਲੇ ਦੁਆਲੇ ਤੋਂ ਪ੍ਰਭਾਵਿਤ ਹੁੰਦਾ ਹੈ। ਬੋੜਹਾਈ ਪਿੰਡ ਤੋਂ ਕਨੇਡਾ ਜਾ ਕੇ ਗੁਰਚਰਨ ਸੇਖੋਂ ਨੇ ਵੇਖਿਆ ਕਿ ਕਨੇਡਾ ਆ ਕੇ ਪੰਜਾਬੀਆਂ ਨੇ ਕੀ ਕੀ ਪਾਪੜ ਨਹੀਂ ਵੇਲੇ। ਹੱਡ ਭੰਨਵੀਂ ਮਿਹਨਤ ਕਰ ਕੇ ਡਾਲਰ ਤਾਂ ਕਮਾ ਲਏ ਪਰ ਰਿਸ਼ਤੇ, ਨਾਤੇ, ਮੁਹੱਬਤਾਂ, ਮੋਹ ਅਤੇ ਇਨਸਾਨੀਅਤ ਦਾਅ 'ਤੇ ਲਾ ਦਿੱਤੇ।
''ਡਾਲਰ ਇਕੱਠੇ ਕਰਦੈਂ ਤੂੰ, ਵੈਨਲ ਦੀ ਗੋਲੀ ਖਾ ਕੇ।
ਚੇਟਕ ਲਾ ਕੇ ਡਰੱਗਾਂ ਦੀ, ਗਵਾ ਕੇ ਬਹਿ ਗਿਆ ਲਾਲਾਂ ਨੂੰ
ਚਾਲੀਆਂ ਨਾਲ ਜ਼ਰਬਾਂ ਕਰ ਕੇ, ਹੱਡਾਂ ਦਾ ਮੁੱਲ ਵੱਟਿਆ ਤੂੰ।''
ਗੁਰਚਰਨ ਸੇਖੋਂ ਨੇ 'ਵੰਡ ਵੰਡਾਰਾ' ਵਿੱਚ 1947 ਦੇ ਹੱਲਿਆਂ ਸਮੇਂ ਹੋਏ ਹੈਵਾਨੀਅਤ ਦੇ ਤਾਂਡਵ ਨੂੰ ਆਪਣੀ ਕਲਮ ਦਾ ਵਿਸ਼ਾ ਬਣਾਇਆ ਹੈ। ਉਸ ਨੂੰ ਦੁੱਖ ਹੈ ਕਿ ਕਿਵੇਂ ਭਰਾ ਭਰਾ ਦਾ ਦੁਸ਼ਮਣ ਬਣ ਗਿਆ ਸੀ। ਉਸ ਮੁਤਾਬਕ ਇਹ ਸਭ ਸੌੜੀ ਸਿਆਸਤ ਕਰ ਕੇ ਵਾਪਰਿਆ ਪਰ ਸ਼ਾਇਰ ਅਜੇ ਵੀ ਉਮੀਦ ਨਾਲ ਭਰਿਆ ਹੋਇਆ ਹੈ ਕਿ ਪੁਰਾਣੇ ਅਤੇ ਭਲੇ ਦਿਨ ਵਾਪਸ ਆਉਣਗੇ।
''ਲੀਡਰੋ। ਮਿਟਾ ਦੇਵੋ ਵਾਹਗੇ ਦੀ ਲਕੀਰ ਨੂੰ
ਮਿਲਜੇ ਗ਼ੁਲਾਮਾਂ ਆ ਕੇ ਫੱਤੇ ਤੇ ਬਸ਼ੀਰ ਨੂੰ
ਚੀਰ ਦਿੱਤੀ ਛਾਤੀ ਮੇਰੀ ਕੁਰਸੀ ਦੇ ਭੁੱਖਿਆਂ
ਕਰ ਲਿਆ ਸੌਦਾ ਮੇਰਾ ਬੁਰਕੀ ਦੇ ਭੁੱਖਿਆਂ।
ਕਵੀ ਸੇਖੋਂ ਹਿੰਦੁਸਤਾਨ ਅਤੇ ਕਨੇਡਾ ਦੇ ਸਮਾਜਾਂ ਦੀ ਤੁਲਨਾ ਵੀ ਕਰਦਾ ਹੈ। ਉਸ ਦਾ ਵਿਚਾਰ ਕਿ ਕਨੇਡੀਅਨ ਸਮਾਜ ਭਾਰਤੀ ਸਮਾਜ ਨਾਲੋਂ ਕਿਤੇ ਬਿਹਤਰ ਹੈ। ਭਾਵੇਂ ਉਸ ਨੂੰ ਆਪਣੀ ਮਿੱਟੀ ਨਾਲ ਪਿਆਰ ਹੈ ਪਰ ਤਾਂ ਵੀ ਉਹ ਸੱਚ ਲਿਖਣੋਂ ਨਹੀਂ ਰਹਿੰਦਾ:
''ਹਰ ਧਰਮ ਦਾ ਹੁੰਦਾ ਏ ਸਤਿਕਾਰ ਕਨੇਡਾ 'ਚ
ਇਕ ਦੂਜੇ ਨੂੰ ਸਭ ਕਰਦੇ ਨੇ ਪਿਆਰ ਕਨੇਡਾ 'ਚ
ਰਿਸ਼ਵਤਖ਼ੋਰੀ ਅਤੇ ਮਿਲਾਵਟ ਦਾ ਨਿਸ਼ਾਨ ਨਹੀਂ
ਸ਼ਰੇਆਮ ਦੜ-ਦੜਾਉਂਦਾ ਕਿਤੇ ਸ਼ੈਤਾਨ ਨਹੀਂ।
ਇੰਦਰਜੀਤ ਕੌਰ ਸੰਧੂ ਸ਼ਾਇਰ ਗੁਰਚਰਨ ਸੇਖੋਂ ਦੀ ਕਵਿਤਾ ਬਾਰੇ ਠੀਕ ਹੀ ਲਿਖਦੇ ਹਨ ਕਿ ਹਰ ਰੰਗ ਨਾਲ ਰੰਗੀ, ਹਰ ਤਾਲ ਨਾਲ ਠੁਮਕਦੀ, ਹਰ ਵੰਗ ਵਿੱਚ ਰੁਮਕਦੀ, ਸਧਾਰਨ ਨੂੰ ਅਸਧਾਰਨ ਕਰਦੀ ਸੇਖੋਂ ਦੀ ਕਵਿਤਾ ਪਤਾ ਨਹੀਂ ਕੀ ਰੰਗ ਲਿਆਵੇਗੀ, ਕਿਉਂ ਸਾਹਿਤਕ ਚਿੰਤਕਾਂ ਤੇ ਆਲੋਚਕਾਂ ਦੀ ਆਪੋ ਆਪਣੀ ਕਸਵੱਟੀ ਹੁੰਦੀ ਹੈ। ਹਰ ਇੱਕ ਆਪਣੀ ਅਕਲ ਅਤੇ ਸਮਰੱਥਾ ਅਨੁਸਾਰ ਸੇਖੋਂ ਦੀ ਕਵਿਤਾ ਨੂੰ ਪਰਖੇਗਾ। ਮੈਂ ਨਹੀਂ ਜਾਣਦੀ ਪਰ ਮੇਰੀ ਨਜ਼ਰੇ ਸੇਖੋਂ ਨੇ ਇੱਕ ਚਿੱਤਰ ਚਿਤਰਿਆ ਹੈ, ਜਿਸ ਵਿੱਚਲਾ ਕੈਨਵਸ ਬੜਾ ਵਸੀਹ ਹੈ। ਇੱਕ ਰੰਗ ਬਿਰੰਗੀ ਫੁਲਕਾਰੀ ਕੱਢੀ ਹੈ, ਜਿਸ ਦੇ ਰੰਗ ਦਿਲ ਨੂੰ ਟੁੰਬਦੇ ਹਨ। ਸੱਚਮੁਚ ਹੀ ਇਸ ਫੁਲਕਾਰੀ ਦੇ ਰੰਗ ਪੰਜਾਬੀ ਕਾਵਿ ਜਗਤ ਨੂੰ ਹੋਰ ਵੀ ਗੂੜ੍ਹਾ ਕਰ ਰਹੇ ਹਨ। ਕੁਰੂਕਸ਼ੇਤਰਾ ਯੂਨੀਵਰਸਿਟੀ ਨੇ ਗੁਰਚਰਨ ਸੇਖੋਂ ਦੀ ਕਵਿਤਾ 'ਤੇ ਖੋਜ ਕਰਵਾਈ ਹੈ। ਆਸ ਹੈ ਇਸ ਨਾਲ ਉਸ ਦੀ ਕਵਿਤਾ ਦੇ ਰੰਗ ਨੂੰ ਸਮਝਣਾ ਹੋਰ ਵੀ ਸੌਖਾ ਹੋਵੇਗਾ।