Friday, 05 October 2012 11:16
Print PDF

'ਸਿਆਸੀ ਆਗੂਆਂ ਨੂੰ ਮੂੰਹ ਨਾ ਲਾਉਣ ਦਾ ਅਹਿਦ' ਸੁਰਖ਼ੀ ਅਧੀਨ ਛਪੀ ਇਕ ਅਹਿਮ ਖ਼ਬਰ ਨੇ ਜਿੱਥੇ ਸਿਆਸੀ ਲੋਕਾਂ ਦੇ ਧਿਆਨ ਖਿੱਚਿਆ ਹੈ, ਉਥੇ ਆਮ ਲੋਕਾਂ ਵਿਚ ਵੱਡੀ ਦਿਲਚਸਪੀ ਪੈਦਾ ਕੀਤੀ ਹੈ। ਖ਼ਬਰ ਅਨੁਸਾਰ ਚੰਡੀਗੜ੍ਹ ਦੇ 350 ਵੋਟਰਾਂ ਨੇ ਲਿਖਤੀ ਸਹੁੰ ਪੱਤਰ ਭਰ ਕੇ ਸਾਲਾਂ ਤੋਂ ਝੂਠੇ ਲਾਰੇ-ਲੱਪੇ ਲਾਉਣ ਵਾਲੇ ਕਿਸੇ ਵੀ ਸਿਆਸੀ ਪਾਰਟੀ ਦੇ ਨੇਤਾ ਨੂੰ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਮੂੰਹ ਨਾ ਲਾਉਣ ਅਤੇ ਕੇਵਲ ਲੋਕਾਂ ਦੇ ਹਕੀਕੀ ਤੌਰ 'ਤੇ ਮਸਲੇ ਹੱਲ ਕਰਨ ਵਾਲੇ ਨੇਤਾ ਨੂੰ ਹੀ ਵੋਟ ਪਾਉਣ ਦਾ ਪ੍ਰਣ ਲੈ ਕੇ ਜਿੱਥੇ ਲੋਕਤੰਤਰ ਵਿਚ ਇਕ ਨਵੀਂ ਪਿਰਤ ਸ਼ੁਰੂ ਕੀਤੀ ਹੈ, ਉਥੇ ਸਾਰੀਆਂ ਸਿਆਸੀ ਪਾਰਟੀਆਂ ਲਈ ਇਕ ਨਵੀਂ ਚੁਣੌਤੀ ਵੀ ਖੜ੍ਹੀ ਕਰ ਦਿੱਤੀ ਹੈ।
ਇਸ ਮੁਹਿੰਮ ਦੀ ਸ਼ੁਰੂਆਤ ਭਾਵੇਂ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਫਲੈਟਾਂ ਅਤੇ ਮੁੜ ਵਸੇਬਾ ਕਲੋਨੀਆਂ ਵਿਚ ਰਹਿੰਦੇ 90 ਹਜ਼ਾਰ ਤੋਂ ਵੱਧ ਪਰਿਵਾਰਾਂ ਵੱਲੋਂ ਲੜੇ ਜਾ ਰਹੇ ਸੰਘਰਸ਼ ਦੀ ਅਗਲੀ ਕੜੀ ਵਜੋਂ ਕੀਤੀ ਗਈ ਪਰ ਜਿਸ ਤਰ੍ਹਾਂ ਦਾ ਸੁਨੇਹਾ ਇਹ ਮੁਹਿੰਮ ਦੇਣ ਵਿਚ ਸਫਲ ਹੋ ਰਹੀ ਹੈ, ਉਸਦਾ ਅਸਰ

ਪੰਜਾਬ ਦੇ ਹੋਰ ਹਲਕਿਆਂ ਵਿਚ ਵੀ ਪੈ ਜਾਣਾ ਸੁਭਾਵਿਕ ਹੈ। ਚੰਡੀਗੜ੍ਹ ਰੈਜੀਡੈਂਟਸ ਫੈਡਰੇਸ਼ਨ ਦੇ ਬੈਨਰ ਹੇਠ ਇਸ ਮੁਹਿੰਮ ਨੂੰ ਚਲਾ ਰਹੇ ਪ੍ਰਬੰਧਕ ਹਰੇਕ ਐਤਵਾਰ ਦੀ ਸ਼ਾਮ ਨੂੰ ਅਜਿਹੇ ਇਕੱਠ ਵੱਖ ਵੱਖ ਸੈਕਟਰਾਂ ਅਤੇ ਕਾਲੋਨੀਆਂ ਵਿਚ ਕਰਕੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਜਿਹੇ ਹਜ਼ਾਰਾਂ ਸਹੁੰ ਪੱਤਰ ਭਰਾਉਣ ਦਾ ਟੀਚਾ ਲੈ ਕੇ ਚੱਲੇ ਹਨ, ਜਿਸ ਵਿਚ ਲਿਖਿਆ ਹੈ ਕਿ ਮੈਂ ਭਵਿੱਖ ਵਿਚ ਆਪਣੀ ਵੋਟ ਮਹਿਜ਼ ਪਾਰਟੀ ਲਾਈਨ ਦੇ ਆਧਾਰ 'ਤੇ ਨਹੀਂ ਸਗੋਂ ਉਸਦੇ ਮਕਾਨ ਵਿਚ ਕੀਤੀਆਂ ਲੋੜ ਅਨੁਸਾਰ ਉਸਾਰੀਆਂ ਨੂੰ ਰੈਗੂਲਰ ਕਰਾਉਣ ਅਤੇ ਮਕਾਨਾਂ ਦਾ ਮਾਲਕਾਨਾ ਹੱਕ ਦਿਵਾਉਣ ਵਾਲੇ ਨੇਤਾ ਨੂੰ ਹੀ ਪਾਵਾਂਗਾ।
ਚੰਡੀਗੜ੍ਹ ਹਾਊਸਿੰਗ ਬੋਰਡ ਦੇ ਫਲੈਟਾਂ ਅਤੇ ਮੁੜ ਵਸੇਬਾ ਕਾਲੋਨੀਆਂ ਵਿਚ ਰਹਿਣ ਵਾਲੇ ਲੋਕਾਂ ਵੱਲੋਂ ਕੀਤਾ ਜਾ ਰਿਹਾ ਅਹਿਦ ਆਪਣੀਆਂ ਫ਼ੌਰੀ ਜ਼ਰੂਰਤਾਂ ਨੂੰ ਮੁੱਖ ਰੱਖ ਕੇ ਕੀਤਾ ਜਾ ਰਿਹਾ ਹੈ ਪਰ ਇਸਦਾ ਵਿਚਲਾ ਇਕ ਸੰਕੇਤ ਸਪਸ਼ਟ ਹੈ ਕਿ ਲਾਰੇ ਲੱਪੇ ਦੀ ਸਿਆਸਤ ਦੇ ਦਿਨ ਹੁਣ ਪੁੱਗ ਰਹੇ ਹਨ ਅਤੇ ਲੋਕ ਸਿਆਸੀ ਤੌਰ 'ਤੇ ਚੇਤੰਨ ਤੇ ਜਾਗਰੂਕ ਹੋ ਰਹੇ ਹਨ। ਜਦੋਂ ਦੀਵੇ ਨਾਲ ਦੀਵਾ ਬਲਿਆ ਅਤੇ ਜਦੋਂ ਅਜਿਹੇ ਲੋਕਾਂ ਦਾ ਕਾਫ਼ਲਾ ਬਣ ਗਿਆ ਤਾਂ ਸਿਆਸਤਦਾਨਾਂ ਨੂੰ ਆਪਣੇ ਤੌਰ-ਤਰੀਕੇ ਬਦਲਣ ਲਈ ਮਜਬੂਰ ਹੋਣਾ ਪਵੇਗਾ।
ਜਦੋਂ ਬਾਬਾ ਪੰਜਾਬ ਸਿੰਘ ਨੂੰ ਉਕਤ ਖ਼ਬਰ ਬਾਰੇ ਟਿੱਪਣੀ ਕਰਨ ਲਈ ਕਿਹਾ ਗਿਆ ਤਾਂ ਬਾਬਾ ਜੀ ਦਾ ਕਹਿਣਾ ਸੀ:
''ਮੌਸਮ ਦਾ ਮਿਜ਼ਾਜ ਇਹ ਸਿਆਸੀ ਲੋਕਾਂ ਦੀ ਸਮਝ ਤੋਂ ਪਰੇ ਹੈ, ਇਹਨਾਂ ਨੂੰ ਧੁੰਦ ਵਿਚ ਲੁਕੇ ਸੂਰਜ ਦੀਆਂ ਕਿਰਨਾਂ ਦੀ ਨਾ ਰੌਸ਼ਨੀ ਦਿਸਦੀ ਹੈ ਅਤੇ ਨਾ ਹੀ ਤਪਸ਼ ਮਹਿਸੂਸ ਹੁੰਦੀ ਹੈ। ਜੇ ਜ਼ਰਾ ਰੌਸ਼ਨੀ ਦੀ ਕਿਰਨ ਨਜ਼ਰ ਪੈਂਦੀ ਵੀ ਹੋਵੇ ਤਾਂ ਅੱਖਾਂ ਤੇ ਬੰਨ੍ਹੀ ਹੋਈ ਸੱਤਾ, ਪੈਸਾ ਅਤੇ ਹਉਮੈਂ ਦੀ ਪੱਟੀ ਕੁਝ ਵੀ ਵੇਖਣ ਨਹੀਂ ਦਿੰਦੀ। ਇਹਨਾਂ ਦੇ ਭਾਸ਼ਣਾਂ ਅਤੇ ਜ਼ਮੀਨੀ ਹਕੀਕਤ ਵਿਚ ਕੋਹਾਂ ਦਾ ਫਾਸਲਾ ਹੁੰਦਾ ਹੈ। ਅਵਧੀ ਭਾਸ਼ਾ ਦਾ ਕਵੀ ਅਦਮ ਗੋਂਡਵੀਂ ਇਨ੍ਹਾਂ ਨੂੰ ਯਾਦ ਕਰਵਾਉਂਦਾ ਹੈ:
ਤੁਮਹਾਰੀ ਫਾਈਲੋਂ ਮੇਂ ਆਂਵ ਕਾ ਮੌਸਮ ਗੁਲਾਬੀ ਹੈ
ਮਗਰ ਬੇ ਅੰਕੜੇ ਝੂਠੇ ਹੈਂ, ਯੇ ਦਾਅਵਾ ਕਿਤਾਬੀ ਹੈ।
ਸਿਆਸਤ ਦੀ ਸ਼ਤਰੰਜ ਦੇ ਇਨ੍ਹਾਂ ਖਿਡਾਰੀਆਂ ਨੂੰ ਬਹੁਤ ਵਾਰ ਸਮਝਾਇਆ ਹੈ ਕਿ ਉਚੇ ਮਹਿਲਾਂ ਵਿਚੋਂ ਜ਼ਮੀਨ 'ਤੇ ਰਹਿਣ ਵਾਲੇ ਆਮ ਇਨਸਾਨਾਂ ਵੱਲ ਵੀ ਨਿਗਾਹ ਮਾਰ ਕੇ ਵੇਖੋ:
ਘਰ ਮੇਂ ਠੰਢੇ ਚੂਹਲੇ ਪਰ ਅਗਰ ਖਾਲੀ ਪਤੀਲੀ ਹੈ
ਬਣਾਓ ਕੈਸੇ ਲਿਖ ਦੂੰ ਧੂਪ ਕੀ ਫਾਗੁਨ ਨਸ਼ੀਲੀ ਹੈ।
ਲੁਭਾਉਣੇ ਸੁਪਨੇ ਵਿਖਾ ਕੇ ਵੋਟਾਂ ਬਟੋਰਨ ਵਾਲੇ ਸੱਤਾ ਦੇ ਦਲਾਲਾਂ ਅਤੇ ਸੱਤਾਧਾਰੀਆਂ ਨੂੰ ਇਹ ਸਮਝਾਉਣਾ ਜ਼ਰੂਰੀ ਹੈ ਕਿ ਹੁਣ ਲੋਕ ਤੁਹਾਡੇ ਲਾਰਿਆਂ ਭਰੇ ਭਾਸ਼ਣਾਂ ਨੂੰ ਗਹਿਰਾਈ ਤੱਕ ਸਮਝਣ ਲੱਗੇ ਹਨ। ਹੁਣ ਉਹਨਾਂ ਜ਼ਿੰਦਗੀ ਦੀ ਜਿੱਤ ਦੀ ਇਬਾਰਤ ਲਿਖਣ ਲਈ ਕਲਮ ਚੁੱਕ ਲਈ ਹੈ। ਆਮ ਲੋਕਾਂ ਨੂੰ ਵੀ ਇਹ ਸ਼ਿੱਦਤ ਨਾਲ ਸਮਝਣੀ ਜ਼ਰੂਰੀ ਹੈ ਕਿ ਦੇਸ਼ ਨੂੰ ਲੁੱਟਣ ਦਾ ਲਾਇਸੈਂਸ ਤੁਸੀਂ ਆਪ ਦਿੱਤਾ ਹੈ। ਚੰਡੀਗੜ੍ਹ ਰੈਜ਼ੀਡੈਂਟਸ ਫੈਡਰੇਸ਼ਨ ਦੀ ਇਸ ਮੁਹਿੰਮ ਵਿਚ ਬੜਾ ਕੁਝ ਹੋਰ ਜੋੜਨਾ ਬਾਕੀ ਹੈ। ਸਿਰਫ਼ ਵੋਟਾਂ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਨਾ ਕਾਫ਼ੀ ਨਹੀਂ ਸਗੋਂ ਭ੍ਰਿਸ਼ਟ ਸਿਆਸੀ ਲੀਡਰਾਂ ਦਾ ਸਮਾਜਿਕ ਬਾਈਕਾਟ ਕਰਨਾ ਜ਼ਰੂਰੀ ਹੈ। ਸਮਾਜਿਕ ਤੌਰ ਤੇ ਉਹਨਾਂ ਭ੍ਰਿਸ਼ਟਾਚਾਰ 'ਤੇ ਕਾਬੂ ਪਾਉਣ ਦਾ ਸਭ ਤੋਂ ਅਹਿਮ ਤਰੀਕਾ ਭ੍ਰਿਸ਼ਟਾਚਾਰੀਆਂ ਦਾ ਸਮਾਜਿਕ ਤੌਰ 'ਤੇ ਤ੍ਰਿਸਕਾਰ ਕਰਨਾ ਹੈ। ਅਫ਼ਸੋਸ ਇਸ ਗੱਲ ਦਾ ਹੈ ਕਿ ਅਸੀਂ ਸਭ ਕੁਝ ਜਾਣਦੇ ਬੁੱਝਦੇ ਹਾਂ ਕਿ ਇਸ ਬੰਦੇ ਨੇ ਦੇਸ਼ ਅਤੇ ਗਰੀਬ ਲੋਕਾਂ ਦੇ ਪੈਸੇ ਨੂੰ ਦੋਹੀਂ ਹੱਥੀਂ ਲੁੱਟਿਆ ਹੈ ਪਰ ਫਿਰ ਵੀ ਅਸੀਂ ਉਹਨਾਂ ਦੇ ਹਾਰ ਪਾਉਂਦੇ ਹਾਂ। ਮੁੱਖ ਮਹਿਮਾਨ ਦੇ ਤੌਰ 'ਤੇ ਸਨਮਾਨ ਬਖ਼ਸ਼ਦੇ ਹਾਂ। ਉਹਨਾਂ ਦੇ ਝੂਠੇ ਭਾਸ਼ਣਾਂ ਤੇ ਤਾੜੀਆਂ ਮਾਰ ਕੇ ਉਹਨਾਂ ਦੀ ਹਉਮੈਂ ਨੂੰ ਪੱਠੇ ਪਾਉਂਦੇ ਹਾਂ। ਜੇ ਤੁਸੀਂ ਚਾਹੁੰਦੇ ਹੋ ਕਿ ਸਮਾਜ ਬਦਲੇ, ਸਿਆਸਤ ਬਦਲੇ, ਭ੍ਰਿਸ਼ਟ ਲੋਕਾਂ ਦੀ ਬਜਾਏ ਇਮਾਨਦਾਰ ਲੋਕ ਅੱਗੇ ਆਉਣ ਤਾਂ ਅਜਿਹੇ ਰਿਸ਼ਵਤਖੋਰ ਅਤੇ ਸਮਾਜ ਨੂੰ ਲੁੱਟਣ ਵਾਲੇ ਲੋਕਾਂ ਨੂੰ ਮੂੰਹ ਲਾਉਣਾ ਬੰਦ ਕਰਨਾ ਪਵੇਗਾ।
ਇੱਥੇ ਇਕ ਹੋਰ ਗੱਲ ਮੈਂ ਸਪਸ਼ਟ ਕਰ ਦੇਣੀ ਜ਼ਰੂਰੀ ਸਮਝਦਾ ਹਾਂ ਕਿ ਸਾਡੀ ਕਹਿਣੀ ਅਤੇ ਕਰਨੀ ਵਿਚ ਜੋ ਅੰਤਰ ਹੈ, ਉਸ ਨੂੰ ਦੂਰ ਕਰਨਾ ਜ਼ਰੂਰੀ ਹੈ। ਜੇ ਮੈਂ ਜ਼ਰਾ ਸਖ਼ਤ ਸ਼ਬਦ ਵਰਤਾਂ ਤਾਂ ਲੋਕਾਂ ਨੂੰ ਦੋਗਲੀ ਪਹੁੰਚ ਤੋਂ ਬਚਣਾ ਹੋਵੇਗਾ। ਇਕ ਦਿਨ ਮੈਂ ਟਰਾਂਟੋ ਦੇ ਇਕ ਪੰਜਾਬੀ ਪ੍ਰੋਗਰਾਮ ਦੌਰਾਨ ਇਕ ਸਰੋਤੇ ਦੇ ਮੂੰਹੋਂ ਸੁਣਿਆ ਕਿ ਫਲਾਣਾ ਲੀਡਰ ਬੇਈਮਾਨ ਹੈ ਅਤੇ ਉਸਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇ ਦਾ ਫਾਇਦਾ ਉਠਾ ਕੇ ਬਹੁਤ ਪੈਸਾ ਖਾਧਾ ਹੈ।
'ਮੈਨੂੰ ਯਾਦ ਆਇਆ ਕਿ ਪਿਛਲੇ ਸਾਲ ਜਦੋਂ ਇਹ ਲੀਡਰ ਟਰਾਂਟੋ ਗਿਆ ਸੀ ਤਾਂ ਇਹ ਰੇਡੀਓ ਤੇ ਸਵਾਲ ਕਰਨ ਵਾਲੇ ਸਰੋਤਾ ਹਵਾਈ ਅੱਡੇ ਤੇ ਉਸਦੇ ਹਾਰ ਪਾਉਣ ਵਾਲਿਆਂ ਵਿਚ ਸਭ ਤੋਂ ਪਹਿਲਾ ਸ਼ਖਸ ਸੀ। ਸਾਨੂੰ ਦੋਗਲੀ ਨੀਤੀ ਤਿਆਗਣੀ ਚਾਹੀਦੀ ਹੈ। ਕੁੜੀਆਂ ਮੁੰਡਿਆਂ ਦੇ ਰਿਸ਼ਤੇ ਕਰਨ ਵੇਲੇ ਇਮਾਨਦਾਰ ਪਰਿਵਾਰ ਲੱਭਣੇ ਚਾਹੀਦੇ ਹਨ ਨਾ ਕਿ ਲੁੱਟ ਦੇ ਮਾਲ ਨਾਲ ਅਮੀਰ ਬਣੇ ਪਰਿਵਾਰਾਂ ਨਾਲ ਸਾਕ ਜੁੜਨਾ ਚਾਹੀਦਾ ਹੈ। ਜਦੋਂ ਭ੍ਰਿਸ਼ਟ ਲੀਡਰਾਂ ਦਾ ਸਮਾਜਿਕ ਤੌਰ 'ਤੇ ਅਪਮਾਨ ਹੋਵੇਗਾ ਤਾਂ ਹੀ ਉਹ ਇਸ ਰਾਹ ਤੋਂ ਪਿੱਛੇ ਹਟਣਗੇ। ਦੁੱਖ ਇਸ ਗੱਲ ਦਾ ਹੈ ਕਿ ਇਮਾਨਦਾਰ ਬਾਪੂ ਦੇ ਭੋਗ ਤੇ ਸ਼ਰਧਾਂਜਲੀ ਭੇਂਟ ਕਰਨ ਵਾਲੇ ਬੇਈਮਾਨ ਨੇਤਾਵਾਂ ਨੂੰ ਸੱਦੇ ਦਿੰਦੇ ਹਾਂ। ਸਮਾਜ ਨੂੰ ਇਸ ਪੱਖੋਂ ਵੀ ਜਾਗਰੂਕ ਹੋਣਾ ਚਾਹੀਦਾ ਹੈ।
ਚੰਡੀਗੜ੍ਹ ਰੈਜ਼ੀਡੈਂਟਸ ਫੈਡਰੇਸ਼ਨ ਤੋਂ ਸੁਨੇਹਾ ਲੈ ਕੇ ਹਰ ਹਲਕੇ ਦੇ ਲੋਕਾਂ ਨੂੰ ਆਪਣੇ ਆਪਣੇ ਹਲਕੇ ਦੇ ਇਮਾਨਦਾਰ, ਸਮਾਜ ਸੇਵੀ ਅਤੇ ਹਲਕੇ ਦੀਆਂ ਲੋੜਾਂ ਦੀ ਪੂਰਤੀ ਲਈ ਯਤਨਸ਼ੀਲ ਲੋਕਾਂ ਨੂੰ ਨੇਤਾਵਾਂ ਦੇ ਤੌਰ 'ਤੇ ਉਭਾਰਨ ਵਿਚ ਸਾਰਥਕ ਭੂਮਿਕਾ ਨਿਭਾਉਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਸਿਆਸੀ ਪਾਰਟੀਆਂ ਦੀ ਮਜਬੂਰੀ ਹੋਵੇਗੀ ਕਿ ਉਹ ਸਹੀ ਬੰਦਿਆਂ ਨੂੰ ਹੀ ਅੱਗੇ ਲੈ ਕੇ ਆਉਣਗੀਆਂ। ਨਿਜ਼ਾਮ ਬਦਲਣ ਲਈ ਹੁਕਮਰਾਨ ਬਦਲਣੇ ਜ਼ਰੂਰੀ ਹਨ। ਸੁਰਜੀਤ ਪਾਤਰ ਨੂੰ ਯਾਦ ਕਰ ਲਈਏ:
ਜੇ ਆਈ ਏ ਪੱਤਝੜ ਤਾਂ ਫੇਰ ਕੀ ਏ
ਤੂੰ ਅਗਲੀ ਰੁੱਤ 'ਚ ਯਕੀਨ ਰੱਖੀਂ
ਮੈਂ ਲੱਭ ਕੇ ਕਿਤਿਉਂ ਲਿਆਉਨਾ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ।
ਨਿਜ਼ਾਮ ਬਦਲਣ ਤਾਂ ਮਨਪ੍ਰੀਤ ਬਾਦਲ ਵੀ ਚੱਲਿਆ ਸੀ, ਕੀ ਬਣਿਆ ਉਸਦਾ। ਸੂਬੇਦਾਰ ਨੇ ਬਾਬਾ ਪੰਜਾਬ ਸਿੰਘ ਨੂੰ ਵਿਅੰਗ ਨਾਲ ਕਿਹਾ।
''ਬਿਲਕੁਲ ਠੀਕ ਮਨਪ੍ਰੀਤ ਬਾਦਲ ਵੀ ਨਿਜ਼ਾਮ ਬਦਲਣ ਲਈ ਪੰਜਾਬ ਨੂੰ ਜਗਾਉਣ ਚੱਲਿਆ ਸੀ। ਇਹ ਵੀ ਠੀਕ ਹੈ ਕਿ ਉਹ ਬੁਰੀ ਤਰ੍ਹਾਂ ਫੇਲ੍ਹ ਹੋਇਆ। ਪਰ ਉਸਦੇ ਅਸਫ਼ਲ ਹੋਣ ਦੇ ਕਾਰਨ ਸਮਝਣੇ ਜ਼ਰੂਰੀ ਹਨ। ਪਹਿਲਾ ਤਾਂ ਉਸਦਾ ਪਿਛੋਕੜ ਦੇਖਣਾ ਪਵੇਗਾ। ਉਹ ਆਪ ਕੀ ਹੈ। ਉਸਦਾ ਪਰਿਵਾਰਕ ਪਿਛੋਕੜ ਕੀ ਹੈ। ਉਸਦਾ ਸਿਆਸੀ ਮਾਡਲ ਕੀ ਹੈ? ਸ਼ਰੀਕਾਂ ਦੀ ਲੜਾਈ ਵਿਚੋਂ ਪੰਜਾਬ ਦਾ ਸਮਾਜ ਬਦਲਣ ਦੀ ਆਸ ਰੱਖਣਾ ਉਹਨਾਂ ਦੀ ਬੇਸਮਝੀ ਹੈ। ਚਾਚੇ-ਤਾਏ ਦੇ ਮੁੰਡਿਆਂ ਦੀ ਹਉਮੈਂ ਅਤੇ ਸੱਤਾ ਦੀ ਲੜਾਈ ਪੰਜਾਬ ਦੇ ਲੋਕਾਂ ਦੀ ਲੜਾਈ ਭਲਾ ਕਿਵੇਂ ਬਣ ਜਾਂਦੀ। ਮਨਪ੍ਰੀਤ ਬਾਦਲ ਦੀ ਪਾਰਟੀ ਵਿਚ ਆਮ ਲੋਕਾਂ ਨਾਲੋਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਹੋਰ ਪਾਰਟੀਆਂ 'ਚੋਂ ਕੱਢੇ ਹੋਏ, ਖੂੰਜੇ ਲੱਗੇ ਹੋਏ ਜਾਂ ਨੇਤਾ ਬਣਨ ਦੀ ਰੀਝ ਦਿਲ ਵਿਚ ਪਾਲੀਂ ਕੁਝ ਲੋਕ ਆ ਜੁੜੇ ਸਨ। ਕੁਝ ਨੂੰ ਡਰਾ ਲਿਆ ਗਿਆ। ਕੁਝ ਨੂੰ ਲਾਲਚ ਵਿਚ ਫਸਾ ਲਿਆ ਗਿਆ। ਕੁਝ ਜੋ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਭਾਵੁਕ ਸਨ ਜਾਂ ਸੱਚਮੁਚ ਹੀ ਪੰਜਾਬ ਲਈ ਕੁਝ ਕਰਨਾ ਲੋਚਦੇ ਸਨ, ਉਹ ਮਨਪ੍ਰੀਤ ਨਾਲ ਰਹੇ ਅਤੇ ਕਾਂਗਰਸ ਨੂੰ ਹਰਾ ਗਏ ਅਤੇ ਬਾਦਲਾਂ ਨੂੰ ਜਿਤਾ ਗਏ। ਕਈ ਇੱਥੋਂ ਤੱਕ ਕਹਿੰਦੇ ਹਨ ਕਿ ਇਹ ਤਾਂ ਮਿਲ ਕੇ ਖੇਡੀ ਗਈ ਖੇਡ ਸੀ। ਮੈਂ ਤਾਂ ਇਹੀ ਕਹਿਣਾ ਕਿ ਦੋਗਲੀ ਕਿਸਮ ਦੇ ਬੰਦੇ ਭਾਵੇਂ ਮਨਪ੍ਰੀਤ ਨਾਲ ਹੋਣ ਭਾਵੇਂ ਸੁਖਬੀਰ ਬਾਦਲ ਜਾਂ ਕਿਸੇ ਵੀ ਪਾਰਟੀ ਵਿਚ ਹੋਣ, ਆਮ ਲੋਕਾਂ ਨੂੰ ਉਹਨਾਂ ਨੂੰ ਤ੍ਰਿਸਕਾਰਨਾ ਚਾਹੀਦਾ ਹੈ। ਪਾਰਟੀ ਲਾਈਨ ਤੋਂ ਉਪਰ ਉਠ ਕੇ ਪੰਜਾਬ ਬਾਰੇ, ਸਮਾਜ ਬਾਰੇ ਸੋਚਣ ਵਾਲੇ ਲੋਕਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਪਰ ਲੋਕ ਕੀ ਕਰਨ, ਕਿੱਥੇ ਜਾਣ। ਸਿਆਸਤ ਦੇ ਇਸ ਹਮਾਮ ਵਿਚ ਸਭ ਨੰਗੇ ਹਨ।
ਹਮ ਤੋ ਸੋਚਤੇ ਥੇ ਕੇ ਮੁਨਸਫ਼ ਸੇ ਕਰੇਂਗੇ ਫਰਿਆਦ
ਵੋ ਵੀ ਕੰਬਖਤ ਤੇਰੇ ਚਾਹਨੇ ਵਾਲਾ ਨਿਕਲਾ
''ਮਨਪ੍ਰੀਤ ਬਾਦਲ ਦੀ ਛੱਡੋ ਬਾਬਾ ਜੀ, ਉਪਰ ਵੇਖੋ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਾਉਣ ਵਾਲੇ ਅੰਨਾ ਹਜ਼ਾਰੇ ਅਤੇ ਅਰਵਿੰਦ ਕੇਜਰੀਵਾਲ ਵੀ ਛਿਤਰੋ ਛਿਤਰੀ  ਹੋਣ ਲੱਗੇ ਹਨ।' ਨੰਬਰਦਾਰ ਜ਼ੈਲ ਸਿੰਘ ਨੇ ਵੀ ਬਾਬਾ ਪੰਜਾਬ ਸਿੰਘ ਨੂੰ ਮੁਖ਼ਾਤਬ ਹੁੰਦਿਆਂ ਕਿਹਾ।
''ਤੂੰ ਠੀਕ ਕਹਿ ਰਿਹਾਂ ਨੰਬਰਦਾਰਾ। ਇਕ ਵਾਰ ਤਾਂ ਅੰਨਾ ਹਜ਼ਾਰੇ ਨੇ ਦੇਸ਼ ਨੂੰ ਹਲੂਣਾ ਦੇ ਦਿੱਤਾ ਸੀ। ਗਾਂਧੀ ਟੋਪੀ ਵਾਲਾ ਇਹ ਬਜ਼ੁਰਗ ਕਰੋੜਾਂ ਲੋਕਾਂ ਦਾ ਮਸੀਹਾ ਬਣ ਗਿਆ ਸੀ। ਲੋਕ ਸਿਸਟਮ ਤੋਂ ਅੱਕੇ ਹੋਏ ਹਨ। ਉਹਨਾਂ ਨੂੰ ਆਸ ਦੀ ਕਿਰਨ ਨਜ਼ਰ ਆਈ ਸੀ। ਮੀਡੀਆ ਅਤੇ ਸੋਸ਼ਲ ਮੀਡੀਆ ਨੇ ਅੰਨਾ ਦੇ ਅੰਦੋਲਨ ਨੂੰ ਘਰ-ਘਰ ਪਹੁੰਚਾ ਦਿੱਤਾ ਸੀ। ਹਜ਼ਾਰੇ ਦੀ ਟੀਮ ਵਿਚ ਅਨੇਕਾਂ ਉਹ ਬੰਦੇ ਆ ਜੁੜੇ ਸਨ ਜੋ ਆਪਣੇ ਸਿਆਸੀ ਸੁਪਨੇ ਪੂਰੇ ਕਰਨਾ ਚਾਹੁੰਦੇ ਸਨ। ਇਕ ਅਨਪੜ੍ਹ ਫੌਜੀ ਕੋਲ ਇਕ ਸੁਪਨਾ ਤਾਂ ਸੀ ਪਰ ਕੋਈ ਮਾਡਲ ਨਹੀਂ ਸੀ। ਅਜਿਹਾ ਮਾਡਲ ਜੋ ਦੇਸ਼ ਨੂੰ ਰਿਸ਼ਵਤ ਦੀ ਦਲਦਲ ਵਿਚੋਂ ਕੱਢ ਸਕਦਾ। ਦੂਜੇ ਪਾਸੇ ਸਿਆਸੀ ਪਾਰਟੀਆਂ ਵਿਚ ਬੈਠੇ ਘਾਗ ਸਿਆਸਤਦਾਨਾਂ ਨੇ ਭਖਦੇ ਤੰਦੂਰ ਵਿਚ ਆਪਣੀਆਂ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿੱਤੀਆਂ ਸਨ। ਹੁਕਮਰਾਨ ਪਾਰਟੀ ਦੇ ਸਿਆਸੀ ਹੱਥਕੰਡਿਆਂ ਨੂੰ ਸਮਝਣਾ ਨਾ ਤਾਂ ਅੰਨਾ ਹਜ਼ਾਰੇ ਦੇ ਵੱਸ ਦੀ ਗੱਲ ਸੀ ਅਤੇ ਨਾ ਹੀ ਉਸਦੇ ਟੀਮ ਮੈਂਬਰਾਂ ਦੀ। ਅਰਵਿੰਦ ਕੇਜਰੀਵਾਲ ਖੁਦ ਨੂੰ ਹੀ ਮਹਾਤਮਾ ਗਾਂਧੀ ਸਮਝਣ ਲੱਗ ਪਿਆ। ਮੀਡੀਆ ਵੱਲੋਂ ਚਲਾਏ ਅੰਦੋਲਨ ਨੂੰ ਆਪਣੀ ਜਿੱਤ ਸਮਝਣ ਦੀ ਭੁੱਲ ਕੇਜਰੀਵਾਲ ਸਮੇਤ ਸਾਰੀ ਟੀਮ ਕਰ ਬੈਠੀ। ਹੁਣ ਇਹ ਛਿਤਰੋ ਛਿਤਰੀ ਹੋ ਰਹੇ ਹਨ। ਸਰਕਾਰ ਬੈਠੀ ਤਮਾਸ਼ਾ ਵੇਖ ਰਹੀ ਹੈ। ਕੇਜਰੀਵਾਲ ਪਾਰਟੀ ਬਣਾ ਲਵੇ, ਅੱਗੇ ਸੈਂਕੜੇ ਸਿਆਸੀ ਪਾਰਟੀਆਂ ਹਨ। ਇਕ ਹੋਰ ਬਣ ਜਾਵੇਗੀ ਤਾਂ ਕੀ ਫਰਕ ਪਵੇਗਾ। ਉਸਦੇ ਚੋਣ ਲੜਨ ਨਾਲ ਸਗੋਂ ਬਿੱਲੀ ਥੈਲੇ 'ਚੋਂ ਬਾਹਰ ਆ ਜਾਵੇਗੀ।
ਕੁਝ ਵੀ ਹੋਵੇ ਮਿੱਤਰੋ। ਮੈਂ ਤਾਂ ਆਪਣੇ ਦਿਲ ਦੀ ਗੱਲ ਕਹਿਣੀ ਐ। ਕਿਸੇ ਨੂੰ ਚੰਗੀ ਲੱਗੀ ਜੇ ਨਾ। ਕਿਸੇ ਦੇ ਗੋਡੇ ਲੱਗੇ ਜਾਂ ਕਿਸੇ ਦੇ ਗਿੱਟੇ ਲੱਗੇ। ਗੱਲ ਤਾਂ ਸੱਚੀ ਇਹ ਐ ਕਿ ਭ੍ਰਿਸ਼ਟ, ਰਿਸ਼ਵਤਖੋਰ ਅਤੇ ਬੇਈਮਾਨ ਲੋਕਾਂ ਨੂੰ ਸਮਾਜਿਕ ਤੌਰ ਤੇ ਅਲੱਗ ਥਲੱਗ ਕਰਨਾ ਸਮੇਂ ਦੀ ਜ਼ਰੂਰਤ ਹੈ। ਮੈਂ ਤਾਂ ਇਹੀ ਕਹਿੰਦਾ ਹਾਂ ਅਤੇ ਲਿਖਦਾ ਹਾਂ:
ਮੇਰੇ ਸ਼ੇਅਰਾਂ ਦਾ ਜ਼ਿਆਦਾਤਰ ਇਹੋ ਮਜ਼ਮੂਨ ਹੁੰਦਾ ਹੈ
ਇਹ ਬੇਇਨਸਾਫ਼ ਮੌਸਮ ਅਤੇ ਤਿਤਲੀਆਂ ਦੀ ਬਗਾਵਤ ਬੱਸ?
ਬਾਬਾ ਪੰਜਾਬ ਸਿੰਘ ਦਾ ਪ੍ਰਵਾਨ ਜਾਰੀ ਸੀ ਅਤੇ ਸਾਰੀ ਸੱਥ ਮੰਤਰ ਮੁਗਧ ਹੋ ਕੇ ਸੁਣ ਰਹੀ ਸੀ।

 

Comments (0)

Write comment

smaller | bigger

busy
You are here:   Homeਲੜੀਵਾਰਹਾਸ਼ੀਏ ਦੇ ਆਰ-ਪਾਰ ਇਹ ਬੇਇਨਸਾਫ਼ ਮੌਸਮ ਤੇ ਤਿਤਲੀਆਂ ਦੀ ਬਗਾਵਤ ਬੱਸ

Currency Converter

Amount:
From:
To:


Gurbani Radio


Gurbani - Sri Harmandir Sahib