Friday, 12 October 2012 12:41
Print PDF

''ਕਿੱਥੇ ਹੋ ਫ਼ੋਨ ਹੀ ਨਹੀਂ ਚੁੱਕ ਰਹੇ। ਕਈ ਵਾਰ ਟਰਾਈ ਕਰ ਚੁੱਕੀਂ ਹਾਂ। ਖੁਸ਼ੀ ਦੀ ਖ਼ਬਰ ਹੈ। ਮੁਬਾਰਕਾਂ ਹੋਣ, ਗਲੋਬਲ ਪੰਜਾਬ ਫਾਊਂਡੇਸ਼ਨ ਨੂੰ ਬੇਨਤੀ ਦੀ ਦਾਤ ਮਿਲੀ ਹੈ। ਅੱਜ ਹੀ ਕੋਈ 'ਪੰਘੂੜੇ' ਵਿਚ ਪਾ ਗਿਆ ਹੈ।'' ਕੇ. ਕੇ. ਇੰਟਰਨੈਸ਼ਨਲ ਸਕੂਲ ਦੀ ਡਾਇਰੈਕਟਰ ਹਰਜੀਤ ਕੌਰ ਦੀ ਆਵਾਜ਼ ਮੇਰੇ ਮੋਬਾਇਲ ਫੋਨ ਤੇ ਗੂੰਜ ਰਹੀ ਹੈ ਅਤੇ ਉਸਦੇ ਬੋਲਾਂ ਵਿਚ ਅਜੀਬ ਕਿਸਮ ਦੀ ਖੁਸ਼ੀ ਅਤੇ ਉਤਸ਼ਾਹ ਦਾ ਅਹਿਸਾਸ ਹੋ ਰਿਹਾ ਹੈ।
''ਕਦੋਂ ਹੋਇਆ ਅਤੇ ਕਿੰਨੇ ਕੁ ਦਿਨ ਦੀ ਹੈ?'' ਮੇਰਾ ਸਵਾਲ ਸੀ।
''ਇਕ ਦਿਨ ਹੋਵੇਗੀ। ਬਹੁਤ ਪਿਆਰੀ ਹੈ। ਜਿਵੇਂ ਪਰੀ ਅਸਮਾਨੋਂ ਉਤਰ ਹੋਵੇ।'' ਹਰਜੀਤ ਦਾ ਜਵਾਬ ਸੀ।
''ਪਰੀ, ਹਾਂ, ਨੰਨੀ ਪਰੀ ਤਾਂ ਹੀ ਤਾਂ ਮਾਪਿਆਂ ਨੇ ਦਰਕਾਰ ਦਿੱਤੀ। ਇਕ ਦਿਨ ਵੀ ਨਾ ਰੱਖ ਸਕੇ ਇਸ ਮਾਸੂਮ ਜਿੰਦੜੀ ਨੂੰ। ਤੂੰ ਮੁਬਾਰਕ ਦੇ ਰਹੀ ਐਂ। ਕਿਸ ਗੱਲ ਦੀਆਂ ਮੁਬਾਰਕਾਂ, ਇਸ ਬੱਚੀ ਨੂੰ ਬਦਕਿਸਮਤ ਮਾਂ ਤੋਂ ਜੁਦਾ ਹੋਣ ਦੀਆਂ। ਮਾਂ ਦੇ ਦੁੱਖ ਤੋਂ ਬਿਰਵਾ ਹੋਣ ਦੀਆਂ ਜਾਂ ਨਵਾਂ ਆਸਰਾ ਮਿਲਣ ਦੀਆਂ ਜਾਂ ਕੁੱਤਿਆਂ ਅਤੇ ਜਾਨਵਰਾਂ ਤੋਂ ਜਾਨ ਬਚਣ ਦੀਆਂ।'' ਮੈਂ ਅਜਿਹੇ ਅਹਿਸਾਸਾਂ ਵਿਚੋਂ ਗੁਜ਼ਰਦਾ ਹੋਇਆ ਕਹਿਣਾ ਤਾਂ ਬਹੁਤ ਕੁਝ ਚਾਹੁੰਦਾ ਸੀ

ਪਰ ਇਕ ਸ਼ਬਦ ਵੀ ਬੋਲ ਨਹੀਂ ਸਕਿਆ। ਹਰਜੀਤ ਕੌਰ ਦੀ ਉਤੇਜਨਾ ਮੈਨੂੰ ਸਮਝ ਆ ਰਹੀ ਸੀ। ਪਿਛਲੇ ਸਾਲ ਮਈ ਵਿਚ ਗਲੋਬਲ ਪੰਜਾਬ ਫਾਊਂਡੇਸ਼ਨ ਨੇ ਇਕ ਪੰਘੂੜਾ ਕੇ. ਕੇ. ਇੰਟਰਨੈਸ਼ਨਲ ਸਕੂਲ ਸਰਹਿੰਦ ਰੋਡ ਉਤੇ ਲਗਾਇਆ ਸੀ, ਜਿਸਦੇ ਉਦਘਾਟਨੀ ਸਮਾਰੋਹ ਵਿਚ ਹਿੰਦੁਸਤਾਨ ਦੇ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਸਨ। ਇਕ ਸਾਲ ਤੋਂ ਵੱਧ ਸਮੇਂ ਬਾਅਦ ਇਸ ਪੰਘੂੜੇ ਵਿਚ ਇਹ ਪਹਿਲਾ ਬੱਚਾ ਆਇਆ ਸੀ। ਅਸਲ ਵਿਚ ਇਹ 'ਪੰਘੂੜਾ' ਯੋਜਨਾ ਫਾਊਂਡੇਸ਼ਨ ਵੱਲੋਂ ਮਾਪਿਆਂ ਵੱਲੋਂ ਦਰਕਾਰੇ ਗਏ ਨਵਜੰਮੇ ਬੱਚਿਆਂ ਲਈ 2007 ਵਿਚ ਸ਼ੁਰੂ ਕੀਤੀ ਗਈ ਸੀ। ਉਸ ਸਮੇਂ ਇਸ ਯੋਜਨਾ ਵਿਚ ਮੁੱਖ ਸਹਿਯੋਗ ਟਿਕਾਣਾ ਭਾਈ ਰਾਮ ਕਿਸ਼ਨ ਸ਼ੇਰਾਂ ਵਾਲੇ ਗੇਟ ਪਟਿਆਲਾ ਦੇ ਮਹੰਤ ਚਮਕੌਰ ਸਿੰਘ ਦਾ ਸੀ। ਟਿਕਾਣਾ ਭਾਈ ਰਾਮ ਕ੍ਰਿਸ਼ਨ ਵਿਖੇ ਲੱਗੇ 'ਪੰਘੂੜੇ' ਵਿਚ ਵੀ ਜਿੰਨੇ ਬੱਚੇ ਆਏ, ਉਹਨਾਂ ਵਿਚ ਇਕ ਨੂੰ ਛੱਡ ਕੇ ਬਾਕੀ 'ਕੁੜੀਆਂ' ਹੀ ਸਨ। ਇਹ ਸਾਡੇ ਸਮਾਜ ਦੀ ਕੌੜੀ ਸਚਾਈ ਕਿ ਇੱਥੇ ਅਣਚਾਹੀਆਂ ਸਿਰਫ਼ ਕੁੜੀਆਂ ਹੀ ਹੁੰਦੀਆਂ ਹਨ। ਉਸ 'ਪੰਘੂੜੇ' ਵਿਚ ਜਿਹੜਾ ਇਕ ਮੁੰਡਾ ਆਇਆ ਸੀ, ਉਹ ਸਰੀਰਕ ਤੌਰ 'ਤੇ ਠੀਕ ਨਹੀਂ ਸੀ। ਉਸ ਤੋਂ ਬਾਅਦ ਟਿਕਾਣਾ ਭਾਈ ਰਾਮ ਕ੍ਰਿਸ਼ਨ ਮਹੰਤੀ ਦੀ ਲੜਾਈ ਵਿਚ ਉਲਝ ਗਿਆ ਅਤੇ ਜਿਹੜਾ ਨਵਾਂ ਮਹੰਤ ਆਇਆ ਉਸਨੇ 'ਪੰਗੂੜਾ' ਬੰਦ ਕਰਵਾ ਦਿੱਤਾ। ਉਸ ਤੋਂ ਬਾਅਦ ਗਲੋਬਲ ਪੰਜਾਬ ਫਾਊਂਡੇਸ਼ਨ ਦੇ ਸਕੱਤਰ ਰਾਮਿੰਦਰਜੀਤ ਸਿੰਘ ਵਾਸੂ ਦੀ ਮਾਤਾ ਜੀ ਵੱਲੋਂ ਸ਼ੇਰਾਂ ਵਾਲਾ ਗੇਟ ਨਜ਼ਦੀਕ ਭਾਸ਼ਾ ਵਿਭਾਗ ਪਟਿਆਲਾ ਦੇ ਸਾਹਮਣੇ ਇਕ ਪੰਘੂੜਾ ਲਾਇਆ ਗਿਆ। ਇਹ ਪੰਘੂੜਾ ਅਮਰੀਕਾ ਵਿਚ ਰਹਿੰਦੇ ਇਕ ਪ੍ਰਵਾਸੀ ਪੰਜਾਬੀ ਸ. ਮੇਜਰ ਸਿੰਘ ਭੰਗੂ ਨੇ ਆਪਣੇ ਪਿਤਾ ਸ. ਬੂਟਾ ਸਿੰਘ ਭੰਗੂ ਦੀ ਯਾਦ ਵਿਚ ਲਗਵਾਇਆ ਸੀ। ਇਸੇ ਤਰ੍ਹਾਂ ਬਰਨਾਲਾ ਦੇ ਇਕ ਮੰਦਰ ਵਿਚ ਇਕ 'ਪੰਘੂੜਾ' ਸਥਾਪਤ ਕੀਤਾ ਗਿਆ ਹੈ।
ਦਰਅਸਲ 'ਪੰਗੂੜਾ' ਯੋਜਨਾ ਉਸ ਵੇਲੇ ਮੇਰੇ ਮਨ ਵਿਚ ਆਈ ਸੀ, ਜਦੋਂ ਮੈਂ ਇਕ ਖ਼ਬਰ ਪੜ੍ਹੀ ਕਿ ਇਕ ਨਵਜੰਮੇ ਬੱਚੇ ਨੂੰ ਕੋਈ ਰੂੜੀ ਉਤੇ ਸੁੱਟ ਗਿਆ ਅਤੇ ਉਸ ਬੱਚੇ ਨੂੰ ਕੁੱਤਿਆਂ ਨੇ ਨੋਚ ਲਿਆ ਸੀ। ਫਾਊਂਡੇਸ਼ਨ ਨੇ ਉਸ ਸਮੇਂ ਫੈਸਲਾ ਕੀਤਾ ਸੀ ਕਿ ਕਿਸੇ ਵੀ ਕਾਰਨ ਜੇ ਮਾਪੇ ਬੱਚਿਆਂ ਨੂੰ ਨਹੀਂ ਪਾਲ ਸਕਦੇ ਤਾਂ ਉਹ 'ਬੱਚਿਆਂ' ਨੂੰ ਰੂੜੀਆਂ ਤੇ ਸੁੱਟਣ ਦੀ ਬਜਾਏ 'ਪੰਘੂੜੇ' ਵਿਚ ਪਾ ਦੇਣ। ਅਕਸਰ ਇਹ ਪੁੱਛਿਆ ਜਾਂਦਾ ਹੈ ਕਿ ਜਿਹੜੇ ਬੱਚੇ 'ਪੰਘੂੜੇ' ਵਿਚ ਆ ਜਾਂਦੇ ਹਨ, ਉਹਨਾਂ ਨੂੰ ਕੌਣ ਪਾਲਦਾ ਹੈ। ਇਸ ਬਾਰੇ ਮੈਂ ਦੱਸਣਾ ਚਾਹਾਂਗਾ ਕਿ ਜੋ ਬੱਚੀਆਂ ਟਿਕਾਣਾ ਭਾਈ ਰਾਮ ਕ੍ਰਿਸ਼ਨ ਦੇ 'ਪੰਘੂੜੇ' ਵਿਚ ਆਈਆਂ ਸਨ, ਉਹ ਮਹੰਤ ਚਮਕੌਰ ਸਿੰਘ ਨੇ ਲੋੜਵੰਦ ਅਤੇ ਬੇਔਲਾਦ ਜੋੜਿਆਂ ਨੂੰ ਗੋਦ ਦੇ ਦਿੱਤੀਆਂ ਸਨ। ਪਰ ਹੁਣ ਅਸੀਂ ਫੈਸਲਾ ਕੀਤਾ ਹੈ ਗਲੋਬਲ ਪੰਜਾਬ ਫਾਊਂਡੇਸ਼ਨ ਦੀ ਇਕ ਸਹਿਯੋਗੀ ਸੰਸਥਾ ਨਿਰਮਲ ਫੰਡਲਿੰਗ ਵੱਲੋਂ ਬਣਾਏ ਗਏ ਯਤੀਮ ਘਰ ਵਿਚ ਬੱਚਿਆਂ ਨੂੰ ਪਾਲਿਆ ਜਾਵੇਗਾ ਅਤੇ ਉਹਨਾਂ ਦੀ ਪੜ੍ਹਾਈ ਲਿਖਾਈ ਲਈ ਫਾਊਂਡੇਸ਼ਨ ਦੇ ਨਾਲ-ਨਾਲ ਕੇ. ਕੇ. ਇੰਟਰਨੈਸ਼ਨਲ ਸਕੂਲ ਅਤੇ ਹੋਰ ਸਹਿਯੋਗੀ ਸੰਸਥਾਵਾਂ ਸਾਥ ਦੇਣਗੀਆਂ।
ਖ਼ੈਰ, ਜੋ ਬੱਚੀ ਹੁਣ ਆਈ ਹੈ, ਇਸਦਾ ਨਾਮ ਗਲੋਬੀ ਰੱਖਿਆ ਗਿਆ ਹੈ। ਹਰ ਬੱਚਾ ਆਪਣੀ ਕਿਸਮਤ ਨਾਲ ਲੈ ਕੇ ਆਉਂਦਾ ਹੈ। 'ਗਲੋਬੀ' ਨੂੰ ਸਵੇਰੇ ਛੇ ਵਜੇ ਇਸ ਦੇ ਪਿਤਾ ਵੱਲੋਂ ਪੰਘੂੜੇ ਵਿਚ ਰੱਖਿਆ ਗਿਆ। 'ਪੰਘੂੜੇ' ਵਿਚ ਬੱਚੀ ਨੂੰ ਰੱਖਦੇ ਹੋਏ ਸਕੂਲ ਦੇ ਡਰਾਈਵਰ ਨੇ ਵੇਖ ਲਿਆ ਅਤੇ ਬੱਚੀ ਦਾ ਪਿਤਾ ਇਹ ਕਹਿੰਦਾ ਹੋਇਆ ਉਥੋਂ ਚੱਲਿਆ ਗਿਆ ਕਿ 'ਮੈਂ ਗਰੀਬ ਆਦਮੀ ਹਾਂ। ਪਹਿਲਾਂ ਹੀ ਦੋ ਕੁੜੀਆਂ ਨੇ, ਇਸਨੂੰ ਮੈਂ ਪਾਲ ਨਹੀਂ ਸਕਦਾ। ਬੱਸ ਆਪਣੀ ਧੀ ਨੂੰ ਰੱਬ ਆਸਰੇ ਛੱਡ ਕੇ ਜਾ ਰਿਹਾ ਹਾਂ।' ਸੱਚਮੁਚ ਹੀ ਉਹ ਕੋਈ ਮਜਬੂਰ ਗਰੀਬ ਬਾਪ ਹੋਵੇਗਾ। ਪਰ ਦੂਜੇ ਪਾਸੇ 'ਗਲੋਬੀ ਦੀ ਕਿਸਮਤ ਵੇਖੋ' ਕਿ ਕਿੰਨੇ ਹੀ ਅਮੀਰ ਪਰਿਵਾਰ ਉਸਨੂੰ ਗੋਦ ਲੈਣ ਲਈ ਅੱਗੇ ਆ ਗਏ, ਹਾਲਾਂਕਿ ਮੀਡੀਆ ਰਾਹੀਂ ਦੱਸ ਦਿੱਤਾ ਗਿਆ ਕਿ ਹੁਣ ਪੰਘੂੜੇ ਵਿਚ ਆਉਣ ਵਾਲੇ ਬੱਚਿਆਂ ਨੂੰ ਖ਼ੁਦ ਹੀ ਪਾਲਿਅ ਜਾਵੇਗਾ। ਇਹ ਬੱਚੀ ਅਜੇ ਦੋ ਦਿਨ ਦੀ ਹੋਈ ਹੈ ਕਿ ਹਿੰਦੁਸਤਾਨ ਦੀ ਵਿਦੇਸ਼ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਇਸਨੂੰ ਪਹਿਚਾਨਣ ਲੱਗੀ ਹੈ। ਘਟਨਾ ਇਸ ਤਰ੍ਹਾਂ ਵਾਪਰੀ:
ਪਟਿਆਲਾ ਦੇ ਇਕ ਹੋਟਲ ਵਿਚ ਕਾਂਗਰਸੀ ਵਰਕਰਾਂ ਨੇ ਸ੍ਰੀਮਤੀ ਪਰਨੀਤ ਕੌਰ ਦਾ ਜਨਮ ਦਿਨ ਮਨਾਉਣ ਲਈ ਇਕ ਪਾਰਟੀ ਰੱਖੀ ਹੋਈ ਸੀ ਅਤੇ ਸ੍ਰੀਮਤੀ ਪ੍ਰਨੀਤ ਕੌਰ ਖ਼ੁਦ ਉਸ ਵਿਚ ਸ਼ਾਮਲ ਸੀ। ਉਸ ਹੋਟਲ ਦੇ ਇਕ ਹੋਰ ਹਾਲ ਵਿਚ ਮੀਡੀਆ ਐਸੋਸੀਏਸ਼ਨ ਵੱਲੋਂ ਮੇਰਾ ਵਿਸ਼ੇਸ਼ ਭਾਸ਼ਣ ਕਰਵਾਇਆ ਜਾ ਰਿਹਾ ਸੀ ਕਿ ਅਚਾਨਕ ਸ੍ਰੀਮਤੀ ਪਰਨੀਤ ਕੌਰ ਆ ਗਏ। ਮੈਂ ਉਹਨਾਂ ਦਾ ਸਵਾਗਤ ਕਰਦੇ ਹੋਏ ਦੱਸਿਆ ਕਿ ਖੁਸ਼ੀ ਦੀ ਗੱਲ ਹੈ ਕਿ ਜਿਸ ਪੰਘੂੜੇ ਦਾ ਤੁਸੀਂ ਉਦਘਾਟਨ ਕੀਤਾ ਸੀ, ਉਸ ਵਿਚ ਇਕ ਬੱਚੀ ਆ ਗਈ ਹੈ। ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਸ੍ਰੀਮਤੀ ਪ੍ਰਨੀਤ ਕੌਰ ਨੇ ਆਪਣੇ ਪਰਸ ਵਿਚੋਂ ਉਸ ਬੱਚੇ ਦੀ ਫੋਟੋ ਕੱਢ ਕੇ ਵਿਖਾ ਦਿੱਤੀ ਜੋ ਉਸ ਦਿਨ ਅਖ਼ਬਾਰ ਵਿਚ ਛਪੀ ਸੀ। ਇਸ ਕਰਕੇ ਮੈਂ ਕਹਿ ਦਿੱਤਾ ਸੀ ਕਿ ਹਰ ਬੱਚਾ ਆਪਣੀ ਕਿਸਮਤ ਨਾਲ ਲੈ ਕੇ ਆਉਂਦਾ ਹੈ। ਅੱਜ 'ਗਲੋਬੀ' ਨੂੰ ਫੇਸ ਬੁਕ ਅਤੇ ਹੋਰ ਸੋਸ਼ਲ ਨੈਟਵਰਕ ਸਾਈਟਾਂ ਰਾਹੀਂ ਸਾਰੀ ਦੁਨੀਆਂ ਦੇ ਹਜ਼ਾਰਾਂ ਲੋਕਾਂ ਨੇ ਵੇਖਿਆ ਹੈ। ਮੈਂ ਉਸ ਬਾਰੇ ਜਾਣਿਆ ਹੈ ਅਤੇ ਉਸਨੂੰ ਸ਼ੁਭ ਇਛਾਵਾਂ ਭੇਜੀਆਂ ਹਨ।
ਬਾਬਾ ਪੰਜਾਬ ਸਿੰਘ ਗਲੋਬੀ ਦੀ ਖ਼ਬਰ ਪੜ੍ਹ ਕੇ ਭਲਾ ਕਿਵੇਂ ਚੁੱਪ ਰਹਿੰਦਾ। ਕਹਿਣ ਲੱਗਾ, ਅੱਜ ਮੈਨੂੰ ਸ਼ਿਵ ਕੁਮਾਰ ਯਾਦ ਆ ਰਿਹਾ ਹੈ, ਉਸਨੇ ਲਿਖਿਆ ਸੀ:
ਧੀਆਂ ਦੇ ਦੁੱਖ
ਡਾਢੇ ਵੇ ਲੋਕਾ
ਵਿਰਲਾ ਤਾਂ ਜਾਣੇ ਕੋਈ
ਧੀ ਤੇ ਤਿਤਲੀ
ਲੋਕੀ ਆਖਣ
ਵੇਖੀ ਨਾ ਜਾਂਦੀ ਸੋਈ
ਧੀਆਂ, ਧਰੇਕਾਂ
ਸਾਵੀਆਂ ਸੁੰਹਦੀਆਂ
ਮਿਰਗਾਂ ਸੰਗ ਖੁਸ਼ਬੋਈ
ਧੀਆਂ ਦੀ ਧੁੱਪ
ਚਾਰ ਦਿਹਾੜੇ
ਫਿਰ ਹੋਈ ਨਾ ਹੋਈ
ਦੁਖੀਆ ਧੀ ਦਾ
ਦੁਖੀਆ ਬਾਬਲ
ਅੱਜ ਕਰੇ ਅਰਜ਼ੋਈ
ਸੁਣੀ ਵੇ ਲੋਕਾ
ਦੇਵਾਂ ਮੈਂ ਹੋਕਾ
ਧੀਆਂ ਨਾ ਜੰਮੇ ਕੋਈ।
ਸ਼ਿਵ ਬਟਾਲਵੀ ਵਾਂਗ ਵਾਰਿਸ ਸ਼ਾਹ ਵੀ ਧੀਆਂ ਦੇ ਹੱਕ ਵਿਚ ਹੋਕਾ ਦੇ ਰਿਹੈ:
ਅੰਮਾ, ਬੱਸ ਕਰ, ਗਾਲੀਆਂ ਦੇ ਨਾਹੀਂ।
ਗਾਲੀ ਦਿੱਤਿਆਂ ਵੱਡਾ ਹੀ ਪਾਪ ਆਵੇ
ਨੀਉਂ ਰੱਬ ਦੀ ਪੁੱਟਣੀ ਬਹੁਤ ਔਖੀ
ਧੀਆਂ ਮਾਰਿਆਂ ਬੜਾ ਸਰਾਪ ਆਵੇ
ਇਨ੍ਹਾਂ ਸ਼ਾਇਰਾਂ ਦੇ ਹਾਅ ਦੇ ਨਾਅਰੇ ਦਾ ਤਾਂ ਕੀ ਅਸਰ ਹੋਣਾ ਹੈ, ਸਾਡੇ ਸਮਾਜ ਉਤੇ। ਜਦੋਂ ਅਸੀਂ ਬਾਬਾ ਨਾਨਕ ਦੇ ਬੋਲਾਂ ਤੇ ਵੀ ਫੁੱਲ ਨਹੀਂ ਚੜ੍ਹਾਉਂਦੇ। ਬਾਬਾ ਨਾਨਕ ਦੇਵ ਜੀ ਨੇ 500 ਵਰ੍ਹੇ ਪਹਿਲਾਂ ਸਾਨੂੰ ਸਮਝਾਇਆ ਸੀ:
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੇ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ॥
ਬਾਬਾ ਪੰਜਾਬ ਸਿੰਘ ਦਾ ਪ੍ਰਵਚਨ ਜਾਰੀ ਸੀ ਅਤੇ ਸਮੂਹ ਸੰਗਤ ਮੰਤਰ ਮੁਗਧ ਹੋ ਕੇ ਸੁਣ ਰਹੀ ਸੀ।

Comments (0)

Write comment

smaller | bigger

busy
You are here:   Homeਲੜੀਵਾਰਹਾਸ਼ੀਏ ਦੇ ਆਰ-ਪਾਰਸੁਣੀ ਵੇ ਲੋਕਾ, ਦੇਵਾਂ ਮੈਂ ਹੋਕਾ, ਧੀਆਂ ਨਾ ਜੰਮੇ ਕੋਈ

Currency Converter

Amount:
From:
To:


Gurbani Radio


Gurbani - Sri Harmandir Sahib