'ਗੁਰੂ ਨਾਨਕ ਨੇ ਤੋ ਗਾ ਕਰ ਹੀ ਪਾ ਲਿਆ'
ਸਾਡੇ ਸਮਿਆਂ ਦੇ ਸਭ ਤੋਂ ਵੱਧ ਪੜ੍ਹੇ ਅਤੇ ਵਿਵਾਦਮਈ ਮਨੁੱਖ ਓਸ਼ੋ (ਭਗਵਾਨ ਰਜਨੀਸ਼) ਵੱਲੋਂ ਬਾਬਾ ਨਾਨਕ ਬਾਰੇ ਕੀਤੀ ਇਹ ਟਿੱਪਣੀ ਬਹੁਤ ਅਰਥ ਭਰਪੂਰ ਹੈ। ਬਾਬਾ ਨਾਨਕ ਨੇ ਵਿਸ਼ਵ ਨੂੰ ਪ੍ਰਮਾਤਮਾ ਨੂੰ ਪਾਉਣ ਦੀ ਅਜਿਹੀ ਵਿਧੀ ਦੱਸੀ ਜਿਸ ਨੇ ਸਮੁੱਚੀ ਕਾਇਨਾਤ ਨੂੰ ਸੰਗੀਤਮਈ ਬਣਾ ਦਿੱਤਾ। ਇਸ ਧਰਤੀ ਉਪਰ ਪੰਜਾਬ ਇਕ ਅਜਿਹਾ ਖਿੱਤਾ ਹੈ ਜਿਸ ਦੀ ਫਿਜ਼ਾ ਵਿਚ ਬਾਬੇ ਦੇ ਬੋਲਾਂ ਨੇ ਅਜਿਹੀ ਮਿਠਾਸ ਘੋਲੀ ਜੋ ਹੋਰ ਕਿਸੇ ਖ਼ਿੱਤੇ ਵਿਚ ਨਹੀਂ ਮਿਲਦੀ। ਭਾਵੇਂ ਇਹੋ ਜਿਹੋ ਜਿਹਾ ਮਰਜ਼ੀ ਸੰਗੀਤ ਹੋਵੇ ਪਰ ਇਕ ਗੱਲ ਸਪੱਸ਼ਟ ਹੈ ਕਿ ਪੰਜਾਬੀਆਂ ਨੂੰ ਗੁੜ੍ਹਤੀ ਗੁਰਮਤਿ ਸੰਗੀਤ ਤੋਂ ਹੀ ਮਿਲਦੀ ਹੈ। ਗੁਰੂ ਸਾਹਿਬਾਨ ਨੇ ਸ਼ਬਦ ਵੀ ਦਿੱਤੇ ਸਾਜ਼ ਵੀ ਅਤੇ ਸੰਗੀਤ ਵੀ। ਗੁਰੂ ਸਾਹਿਬਾਨ ਦੀ ਬਖਸ਼ੀ ਸੰਗੀਤ ਦੀ ਦਾਤ ਨੂੰ ਸਮੁੱਚੇ ਵਿਸ਼ਵ ਨੂੰ ਦੇਣਾ ਜ਼ਰੂਰੀ ਸੀ। ਓਨਾ ਹੀ ਜ਼ਰੂਰੀ ਸੀ, ਗੁਰੂ ਸਾਹਿਬ ਨੇ ਬਖ਼ਸ਼ੇ ਸਾਜ਼ਾਂ ਦੀ ਮੁੜ ਸੁਰਜੀਤੀ। ਅੱਜ ਦੇ ਦੌਰ ਵਿਚ ਜਿੱਥੇ ਸੰਗੀਤ ਅਤੇ ਸ਼ੋਰ ਵਿਚ ਫਰਕ ਖਤਮ ਹੋ ਰਿਹਾ ਹੈ ਉਥੇ ਗੁਰਮਤਿ ਸੰਗੀਤ ਦੀ ਗੱਲ ਕਰਨਾ ਇਕ ਵੱਡੀ ਚੁਣੌਤੀ ਸੀ ਜਿਸ ਨੂੰ ਜਿਨ੍ਹਾਂ ਲੋਕਾਂ ਅਤੇ ਅਚਾਰੀਆਂ ਨੇ ਕਬੂਲਿਆ ਉਨ੍ਹਾਂ ਵਿਚੋਂ
ਪੰਜਾਬੀ ਯੂਨੀਵਰਸਿਟੀ ਅਤੇ ਡਾ. ਗੁਰਨਾਮ ਸਿੰਘ ਦਾ ਨਾਮ ਅਹਿਮ ਹੈ।
ਗੁਰਮਤਿ ਸੰਗੀਤ ਅਸਲ ਵਿਚ ਪੂਰੇ ਵਿਸ਼ਵ ਦੀ ਧਰੋਹਰ ਹੈ। ਜਦੋਂ ਵੀ ਕਿਤੋਂ ਅਧਿਆਤਮ ਕ੍ਰਾਂਤੀ ਦੀ ਆਵਾਜ਼ ਉਠੇਗੀ ਤਾਂ ਗੁਰਮਤਿ ਸੰਗੀਤ ਦਾ ਜ਼ਿਕਰ ਸੁਭਾਵਿਕ ਤੌਰ 'ਤੇ ਹੋਵੇਗਾ। ਹੁਣ ਜਦੋਂ ਨਾਨਕ ਦੇ ਵਾਰਸਾਂ ਨੇ ਪੂਰੇ ਵਿਸ਼ਵ ਵਿਚ ਛੋਟੇ-ਛੋਟੇ ਪੰਜਾਬ ਵਸਾ ਲਏ ਹਨ ਤਾਂ ਗੁਰਮਤਿ ਸੰਗੀਤ ਤਾਂ ਪੰਜਾਬੀਆਂ ਦੀ ਰੂਹ ਦੀ ਖੁਰਾਕ ਹੋਣ ਕਾਰਨ ਸਹੀ ਰੂਪ ਵਿਚ ਨਵੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ, ਯੂਨੀਵਰਸਿਟੀਆਂ ਅਤੇ ਇਸ ਖੇਤਰ ਵਿਚ ਵਿਚਰ ਰਹੇ ਸੰਗੀਤਾਚਾਰੀਆਂ ਦੀ ਹੈ। ਅੱਜ ਸ਼ੋਰ ਅਤੇ ਮਿਲਾਵਟ ਦੇ ਯੁੱਗ ਵਿਚ ਸੰਗੀਤ ਅਤੇ ਖਾਸ ਤੌਰ 'ਤੇ ਗੁਰਮਤਿ ਸੰਗੀਤ ਨੂੰ ਸਹੀ ਰੂਪ ਵਿਚ ਅਤੇ ਠੀਕ ਰਾਗਾਂ ਵਿਚ ਪੇਸ਼ ਕਰਨ ਦੀ ਲੋੜ ਹੈ। ਸ਼ਾਇਦ ਇਸ ਜ਼ਰੂਰਤ ਨੂੰ ਵੇਖਦੇ ਹੋਏ ਅਤੇ ਆਪਣੀ ਖਾਨਦਾਨੀ ਵਿਰਾਸਤ ਨੂੰ ਅੱਗੇ ਤੋਰਦੇ ਹੋਏ ਡਾ. ਗੁਰਨਾਮ ਸਿੰਘ ਨੇ ਇਹ ਬੀੜਾ ਚੁੱਕਿਆ ਹੈ ਅਤੇ ਉਨ੍ਹਾਂ ਨੂੰ ਸਰਪ੍ਰਸਤੀ ਅਤੇ ਮੌਕਾ ਦਿੱਤਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ।
ਪੰਜਾਬੀ ਯੂਨੀਵਰਸਿਟੀ ਦੀ ਇਕ ਪਛਾਣ ਬਣ ਚੁੱਕਾ ਹੈ, ਗੁਰਮਤਿ ਸੰਗੀਤ। ਗੁਰਮਤਿ ਸੰਗੀਤ ਸਬੰਧੀ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਗੁਰਮਤਿ ਸੰਗੀਤ ਉਤਸਵ ਦੇ ਅਵਸਰ 'ਤੇ ਇਸ ਪ੍ਰਾਪਤੀ ਉਤੇ ਮਾਣ ਕਰਦਿਆਂ, ਗੁਰਮਤਿ ਸੰਗੀਤ ਦੀ ਅਕਾਦਮਿਕ ਸਥਾਪਤੀ ਲਈ ਇਕ ਸੰਸਥਾ ਵਾਂਗੂ ਕਾਰਜਸ਼ੀਲ ਅਕਾਦਮੀਸ਼ਨ, ਵਿਦਵਾਨ ਸੰਗੀਤਕਾਰ ਡਾ. ਗੁਰਨਾਮ ਸਿੰਘ ਦੇ ਸਰਬਪੱਖੀ ਉਦਮ ਵੀ ਭਰਪੂਰ ਸ਼ਲਾਘਾ ਕੀਤੀ। ਕਿਸੇ ਅਜ਼ੀਜ਼ ਦੋਸਤ ਦੀ ਸਿਫ਼ਤ ਉਤੇ ਅਸੀਂ ਘੱਟ ਹੀ ਖੁਸ਼ ਹੁੰਦੇ ਹਾਂ; ਮੇਰੇ ਨਾਲ ਵੀ ਕੁਝ ਅਜਿਹਾ ਹੋ ਸਕਦਾ ਸੀ ਪਰ ਮੇਰੀਆਂ ਅੱਖਾਂ ਅੱਗੇ ਗੁਰਮਤਿ ਸੰਗੀਤ ਦੀ ਸਥਾਪਤੀ ਲਈ ਕਾਰਜ ਕਰ ਰਹੇ ਡਾ. ਗੁਰਨਾਮ ਸਿੰਘ ਦੇ ਕਾਰਜ ਇਕ ਇਕ ਕਰਕੇ ਗੁਜ਼ਰ ਗਏ। ਦਰਅਸਲ ਅਸੀਂ ਸਾਰੇ ਉਸ ਹਰ ਮੌਕੇ ਦੇ ਗਵਾਹ ਹਾਂ ਜਿਨ੍ਹਾਂ ਵਿਚੋਂ 'ਗੁਰਮਤਿ ਸੰਗੀਤ' ਅਕਾਦਮਿਕ ਸਥਾਪਤੀ ਦੇ ਔਖੇ ਬਿਖੜੇ ਰਾਹਾਂ 'ਚੋਂ ਲੰਘਿਆ। ਨੌਂ ਵਰ੍ਹਿਆਂ ਦਾ ਇਤਿਹਾਸ ਕਿਸੇ ਵਿਸ਼ੇ ਨੂੰ ਅਕਾਦਮਿਕ ਰੂਪ ਵਿਚ ਸਥਾਪਤ ਕਰਨ ਵਿਚ ਲੰਮੇਰਾ ਨਹੀਂ ਹੁੰਦਾ ਪਰ ਜਿਸ ਅਕਾਦਮਿਕ ਸੂਝ ਬੂਝ ਤੇ ਪ੍ਰਬੰਧਕੀ ਸਿਆਣਪ ਨਾਲ ਡਾ. ਗੁਰਨਾਮ ਸਿੰਘ ਨੇ ਕਾਰਜ ਕੀਤਾ, ਉਹ ਕਾਬਿਲੇ ਤਾਰੀਫ਼ ਹੈ।
ਅਕਾਦਮਿਕ ਜਗਤ ਵਿਚ 2003 ਤੋਂ ਪਹਿਲਾਂ ਇਸ ਵਿਸ਼ੇ ਸਬੰਧੀ ਰਾਵਾਂ ਸਪਸ਼ਟ ਨਹੀਂ ਸੀ। ਪੰਜਾਬ ਯੂਨੀਵਰਸਿਟੀ ਵਿਚ ਤਾਂ ਅਜੇ ਵੀ ਇਹ ਵਿਸ਼ਾ ਹਾਸ਼ੀਏ 'ਤੇ ਹੈ ਅਤੇ ਵਿਦਿਅਕ ਪੜ੍ਹਾਈ ਦਾ ਹਿੱਸਾ ਨਹੀਂ। 2003 ਵਿਚ ਪੰਜਾਬੀ ਯੂਨੀਵਰਸਿਟੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਵੀ ਕੇਵਲ ਕੁਝ ਕਲਾਸਾਂ ਵਿਚ ਵੀ ਇਕ ਤਿਹਾਈ ਹਿੱਸਾ ਹੀ ਸੀ। ਮੈਨੂੰ ਉਹ ਦਿਨ ਯਾਦ ਹੈ ਜਦੋਂ ਤਿੰਨੇ ਯੂਨੀਵਰਸਿਟੀਆਂ ਦੇ ਸੰਗੀਤ ਪਾਠ-ਕ੍ਰਮਾਂ ਦੀ ਇਕਸਾਰਤਾ ਕਮੇਟੀ ਦੀ ਇਕਤਰਫ਼ਾ ਦੇ ਰਵੱਈਏ ਤੋਂ ਡਾ. ਗੁਰਨਾਮ ਸਿੰਘ ਬੇਹਦ ਪ੍ਰੇਸ਼ਾਨ ਸੀ ਕਿਉਂ ਜੋ ਇਸ ਕਮੇਟੀ ਦੇ ਮੈਂਬਰਜ਼ ਇਸ ਇਕ ਤਿਹਾਈ ਵਿਸ਼ੇ ਨੂੰ ਵੀ ਹਟਾਉਣ ਜਾਂ ਹੋਰ ਪੇਤਲਾ ਕਰਨ ਤੇ ਲੱਗੇ ਹੋਏ ਸਨ। ਭਲਾ ਹੋਵੇ ਡਾ. ਐਸ.ਪੀ. ਸਿੰਘ, ਉਸ ਸਮੇਂ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਦਾ ਜਿਨ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਇਸ ਕਮੇਟੀ ਵਿਚ ਡਾ. ਗੁਰਨਾਮ ਸਿੰਘ ਨੂੰ ਆਪਣਾ ਨਾਮਜ਼ਦ ਮੈਂਬਰ ਵਜੋਂ ਭੇਜਿਆ। ਵਿਸ਼ਾ ਤਾਂ ਬਣ ਗਿਆ ਪਰ ਡਾ. ਗੁਰਨਾਮ ਸਿੰਘ ਨੂੰ ਵਿਰੋਧ ਦਾ ਚੰਗਾ ਮੁੱਲ ਤਾਰਨਾ ਪਿਆ। ਉਸ ਸਮੇਂ ਦੇ ਵਾਈਸ ਚਾਂਸਲਰ ਦੇ ਧਿਆਨ ਵਿਚ ਜਦੋਂ ਮੀਡੀਆ ਨੇ ਲਿਆਂਦਾ ਤਾਂ ਉਨ੍ਹਾਂ ਬੜੇ ਜਿਗਰੇ ਨਾਲ ਇਸ ਵਿਸ਼ੇ ਨੂੰ ਲਾਗੂ ਕਰਨ ਲਈ 2003 'ਚ ਗੁਰਮਤਿ ਸੰਗੀਤ ਚੇਅਰ ਬਨਾਉਣ ਦੀ ਹਾਮੀ ਭਰੀ। ਬੀਬੀ ਜਸਬੀਰ ਕੌਰ ਖਾਲਸਾ ਦੁਆਰਾ ਸ੍ਰੀ ਗੁਰੂ ਗਿਆਨ ਪ੍ਰਕਾਸ਼ ਫਾਊਂਡੇਸ਼ਨ ਦੇ ਉਦਮ ਨਾਲ ਗੁਰਮਤਿ ਸੰਗੀਤ ਚੇਅਰ ਦੀ ਸਥਾਪਤੀ ਨਾਲ ਪੰਜਾਬੀ ਯੂਨੀਵਰਸਿਟੀ ਵਿਚ ਬਾਹਰੀ ਸਰੋਤਾਂ ਤੋਂ ਅਕਾਦਮਿਕ ਉਸਾਰੀ ਦਾ ਮਿਸਾਲੀ ਕਾਰਜ ਆਰੰਭ ਹੋਇਆ ਜਿਸਨੂੰ ਮਿਆਰੀ ਬਨਾਉਣ ਲਈ ਇਕ ਵਿਸ਼ਾਲ 'ਗੁਰਮਤਿ ਸੰਗੀਤ ਉਤਸਵ' ਆਯੋਜਿਤ ਕੀਤਾ ਗਿਆ।
ਗੁਰਮਤਿ ਸੰਗੀਤ ਦਾ ਇਹ ਸਫ਼ਰ ਸੀ- ਸੀ.ਸੀ. ਬਿਲਡਿੰਗ ਦੇ ਨਿੱਕੇ ਜਿਹੇ ਕਮਰੇ, ਇਕ ਯੂਨੀਵਰਸਿਟੀ ਕੁਆਰਟਰ ਤੋਂ ਮੇਰੇ ਪੱਤਰਕਾਰੀ ਵਿਭਾਗ ਦੇ ਇਮਾਰਤੀ ਸਥਾਨ ਦਾ ਗੁਆਂਢੀ ਬਣਿਆ। ਸਾਨੂੰ ਵੀ ਇਹ ਸੀ ਕਿ ਇਹ ਵਿਸ਼ਾ ਸ਼ਾਇਦ ਕਿਸੇ ਇਕ ਚੇਅਰ ਦੇ ਰਿਸਰਚ ਕਮਰੇ ਤੱਕ ਸੀਮਤ ਹੋਣਗੇ। ਪਰ ਅਸੀਂ ਦਿਨ ਰਾਤ ਡਾ. ਗੁਰਨਾਮ ਸਿੰਘ ਨੂੰ ਆਪਣੀਆਂ ਅੱਖਾਂ ਨਾਲ ਕਾਰਜ ਕਰਦੇ ਕਰਵਾਉਂਦੇ ਵੇਖਿਆ। ਐਮ.ਏ. ਬੀ.ਏ. ਦੇ ਪਾਠਕ੍ਰਮ ਤਿਆਰ ਕੀਤੇ ਗਏ, ਪਾਠ ਸਮੱਗਰੀ ਤਿਆਰ ਹੋ ਰਹੀ ਸੀ। ਗੁਰਮਤਿ ਸੰਗੀਤ ਉਤਸਵ ਦਾ ਆਯੋਜਨ, ਗੁਰਮਤਿ ਸੰਗੀਤ ਪ੍ਰਤਿਯੋਗਤਾ ਰੱਖੀਆਂ ਗਈਆਂ। ਤੰਤੀ ਸਾਜ਼ਾਂ ਦੀ ਖੋਜ ਚਲ ਰਹੀ ਸੀ। ਤੰਤੀ ਸਾਜ਼ਾਂ ਦੀਆਂ ਸਿਖਲਾਈ ਵਰਕਸ਼ਾਪਾਂ ਰੱਖੀਆਂ ਗਈਆਂ। (ਸਾਡੇ ਵੇਖਦਿਆਂ ਵੇਖਦਿਆਂ ਜਥੇਦਾਰ ਅਵਤਾਰ ਸਿੰਘ ਨੇ ਇਨ੍ਹਾਂ ਯਤਨਾਂ ਨੂੰ ਭਰਪੂਰ ਸਲਾਹਿਆ ਅਤੇ ਹਰਿਮੰਦਰ ਸਾਹਿਬ ਤੋਂ ਤੰਤੀ ਸਾਜ਼ਾਂ ਦੀ ਪਰੰਪਰਾ ਪੂਰਨ ਰੂਪ ਵਿਚ ਲਾਗੂ ਕਰ ਦਿੱਤੀ) ਸਾਨੂੰ ਬੜਾ ਮਾਣ ਲੱਗਾ ਕਿ ਸਾਡੇ ਗੁਆਂਢ ਦੇ ਵਿਭਾਗ ਦੇ ਨਿਮਾਣੇ ਜਿਹੇ ਵਿਦਿਆਰਥੀ ਸਾਜ਼ ਫੜਕੇ ਰੋਜ਼ ਦਰਬਾਰ ਸਾਹਿਬ ਦੇ ਲਾਈਵ ਪ੍ਰਸਾਰਣ ਵਿਚ ਦਿਸਣ ਲਗੇ। ਕਈ ਵਿਰੋਧ ਤੇ ਕਈ ਮਿੱਤਰਾਂ ਚੋਂ ਗੁਜ਼ਰੇ ਤੇ ਹੰਢਾਏ ਇਹ ਪਲ। ਪਾਕਿਸਤਾਨੀ ਰਬਾਬੀ ਭਾਈ ਲਾਲ, ਭਾਈ ਚਾਂਦ ਰਬਾਬੀ ਕੀਰਤਨ ਦੀ ਸੁਗਾਤ ਲੈ ਕੇ ਆਏ, ਰਬਾਬੀ ਸੰਗੀਤ ਵਿਦਿਆਰਥੀਆਂ ਨੇ ਸਿਖਿਆ। ਸੀਡੀਜ਼ ਬਣਾਈਆਂ ਗਈਆਂ। ਵਿਦੇਸ਼ਾਂ ਵਿਚੋਂ ਜੇਨ ਪਰੋਟੋਪੋਪਸ ਵਰਗੇ ਸਕਾਲਰ ਵੀ ਯੂਨੀਵਰਸਿਟੀ ਵਿਚ ਤਸ਼ਰੀਫ ਲਿਆਏ। ਹਰਦੇਵ ਸਿੰਘ ਆਰਟਿਸਟ, ਕੈਨੇਡਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਨੂੰ ਚਿਤਰਿਆ। 2005 ਵਿਚ ਯੂਨੀਵਰਸਿਟੀ ਨੂੰ ਗੁਰਮਤਿ ਸੰਗੀਤ ਦੀ ਅਕਾਦਮਿਕ ਸਰਗਰਮੀਆਂ ਚੌਖੀਆਂ ਤੇ ਸਾਡਾ ਗੁਆਂਢ ਦਿੱਤਾ ਸਥਾਨ ਛੋਟਾ ਜਾਪਣ ਲਗ ਪਿਆ। ਫੇਰ 2006 ਵਿਚ ਡਾ. ਗੁਰਨਾਮ ਸਿੰਘ ਵਿਦੇਸ਼ ਉਦਾਸੀ ਤੇ ਚੜ੍ਹ ਗਿਆ ਅਤੇ ਡੇਢ ਮਹੀਨੇ ਹੀ ਆਪਣੇ ਕੀਰਤਨ ਦੀ ਬਰਕਤ ਨਾਲ ਗੁਰਮਤਿ ਸੰਗੀਤ ਭਵਨ ਦੀ ਉਸਾਰੀ ਲਈ ਵਿੱਤੀ ਸਹਾਇਤਾ ਲੈ ਆਇਆ। 2007 ਵਿਚ ਗੁਰਮਤਿ ਸੰਗੀਤ ਭਵਨ ਦੇ ਨਿਰਮਾਣ ਨਾਲ ਇਹ ਵਿਭਾਗ ਭਾਵੇਂ ਸਾਡੇ ਕੋਲੋਂ ਕੁਝ ਦੂਰ ਚਲਾ ਗਿਆ ਪਰ ਇਸ ਦੀਆਂ ਗਤੀਵਿਧੀਆਂ ਦੀ ਗੂੰਜ ਹਮੇਸ਼ਾ ਸਾਡੇ ਕੰਨੀ ਪੈਂਦੀ ਰਹੀ। ਬਾਕੀ ਵਿਸ਼ਿਆਂ ਦੀ ਤੁਲਨਾ ਵਿਚ ਜਦੋਂ ਕਿ ਆਰਟਸ ਵਿਸ਼ਿਆਂ ਵਲੋਂ ਵੈਸੇ ਹੀ ਵਿਦਿਆਰਥੀਆਂ ਦਾ ਰੁਝਾਨ ਘੱਟ ਰਿਹਾ ਸੀ, ਪੰਜਾਬੀ ਯੂਨੀਵਰਸਿਟੀ ਵਲੋਂ 2007 ਵਿਚ ਬੀ.ਏ. ਆਨਰਜ਼ ਇਨ ਗੁਰਮਤਿ ਸੰਗੀਤ ਦਾ ਸਫਲ ਆਰੰਭ ਕਰ ਦਿੱਤਾ ਅਤੇ ਕਾਲਜਾਂ ਵਿਚ ਵੀ ਸੰਗੀਤ ਵਿਸ਼ੇ ਦੇ ਨਾਲ ਨਾਲ ਗੁਰਮਤਿ ਸੰਗੀਤ ਦਾ ਵਿਸ਼ਾ ਡਾ. ਗੁਰਨਾਮ ਸਿੰਘ ਵਲੋਂ ਲਾਗੂ ਕਰਵਾਇਆ ਗਿਆ ਜਦੋਂ ਕਿ ਕਈ ਰਵਾਇਤੀ ਵਿਸ਼ੇ ਕਈ ਦਹਾਕਿਆਂ ਬਾਅਦ ਵੀ ਇਹ ਪ੍ਰਾਪਤੀ ਨਹੀਂ ਕਰ ਸਕੇ। ਹੁਣ ਵੀ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਵਲੋਂ ਕਾਨਸਟੀਚੂਐਂਟ ਕਾਲਜ ਵਿਚ ਇਹ ਵਿਸ਼ਾ ਹੋਰ ਲਾਗੂ ਕੀਤਾ ਜਾ ਰਿਹਾ ਹੈ। ਡਿਸਟੈਂਸ ਐਜੂਕੇਸ਼ਨ ਰਾਹੀਂ ਬੀ.ਏ. ਗੁਰਮਤਿ ਸੰਗੀਤ ਅਤੇ ਗੁਰਮਤਿ ਸੰਗੀਤ ਵਿਚ ਤਿੰਨ ਐਮ.ਏ. ਸ਼ੁਰੂ ਕਰਨਾ ਪੰਜਾਬੀ ਯੂਨੀਵਰਸਿਟੀ ਦਾ ਇਹ ਹੋਰ ਹਾਸਲ ਹੈ। ਦਰਅਸਲ ਗੁਰਮਤਿ ਸੰਗੀਤ ਦੇ ਸੂਤਰਧਾਰ ਵਜੋਂ ਡਾ. ਗੁਰਨਾਮ ਸਿੰਘ ਨੂੰ ਕਿਰਿਆਤਮਕ ਰੂਪ ਵਿਚ ਇਹ ਹੁਨਰ ਤੇ ਆਬੂਰ ਹਾਸਲ ਸੀ, ਉਥੇ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਰਾਗ ਨਾ ਕੇਵਲ ਗਾਏ ਸਗੋਂ ਦੁਨੀਆ 'ਚ ਪਹਿਲੀ ਵਾਰ ਗਾ ਕੇ ਐਚ.ਐਮ.ਵੀ. ਵਲੋਂ ਰਿਕਾਰਡ ਵੀ ਕਰਵਾਏ। ਉਸ ਸਿਧਾਂਤਕ ਰੂਪ ਵਿਚ ਆਪਣੇ ਹੋਰ ਸਹਿਯੋਗੀਆਂ ਨਾਲ ਮਿਲਕੇ ਇਸ ਵਿਸ਼ੇ ਸਬੰਧੀ ਨਿਰੰਤਰ ਲਿਖਿਆ ਵੀ। ਐਸ ਵੇਲੇ ਗੁਰਮਤਿ ਸੰਗੀਤ ਵਿਚ ਦੇਸ਼ ਵਿਦੇਸ਼ ਦੇ 22 ਵਿਦਿਆਰਥੀ ਐਨਰੋਲਡ ਹਨ ਅਤੇ 10 ਪੀ-ਐਚ.ਡੀ. ਕਰ ਚੁਕੇ ਹਨ। ਨਿਰੰਤਰ ਸਾਧਕ ਵਜੋਂ ਕਾਰਜ ਕਰ ਰਿਹਾ ਗੁਰਮਤਿ ਸੰਗੀਤ ਪੰਜਾਬੀ ਯੂਨੀਵਰਸਿਟੀ ਵਿਚ ਗਤੀਸ਼ੀਲ ਹੈ। ਹੋਰ ਵਿਸ਼ਿਆਂ ਲਈ ਇਹ ਇਕ ਉਦਾਹਰਣ ਵੀ ਹੈ ਅਤੇ ਅਕਾਦਮਿਕ ਭਾਈਚਾਰੇ ਲਈ ਇਕ ਮਾਣ ਵਾਲੀ ਗੱਲ ਵੀ ਹੈ ਜਦੋਂ ਅਸੀਂ ਆਪਣੇ ਨਿੱਜ ਤੋਂ ਉਪਰ ਉਠਕੇ ਆਪਣੇ ਅਦਾਰੇ ਆਪਣੇ ਵਿਸ਼ੇ ਲਈ ਕਾਰਜ ਕਰਦੇ ਹਾਂ ਸੱਚ ਹੀ ਯਤਨ ਸਾਰਥਕ ਹੁੰਦੇ ਹਨ। ਦੇਸ਼ ਤੇ ਵਿਦੇਸ਼ ਵਿਚ ਇਹ ਵਿਸ਼ਾ ਹਰ ਪੱਧਰ 'ਤੇ ਪੜ੍ਹਿਆ ਪੜਾਇਆ ਜਾ ਰਿਹਾ ਹੈ, ਥਾਂ ਥਾਂ ਤੇ ਗੁਰਮਤਿ ਸੰਗੀਤ ਸਿਖਾਇਆ ਜਾ ਰਿਹਾ ਹੈ। ਦੇਸ਼ ਵਿਦੇਸ਼ਾਂ ਵਿਚ ਕਿਤੇ ਵੀ ਜਾਈਏ, ਅਸੀਂ ਗੁਰਮਤਿ ਸੰਗੀਤ ਦੇ ਨਾਮ ਨਾਲ ਪੰਜਾਬੀ ਯੂਨੀਵਰਸਿਟੀ ਦੇ ਹਵਾਲੇ ਨਾਲ ਪਛਾਣੇ ਜਾਣ ਲੱਗ ਪਏ ਹਾਂ। ਇਸ ਲਈ ਡਾ. ਗੁਰਨਾਮ ਸਿੰਘ ਦੀ ਅਗਵਾਈ ਤੇ ਡਾ. ਜਸਪਾਲ ਸਿੰਘ ਵਾਈਸ ਚਾਂਸਲਰ ਦੀ ਸਰਪਰਤੀ ਵਧਾਈ ਦੀ ਪਾਤਰ ਹੈ।੍ਵ