2015_11image_14_50_421410000harnam_singh_dhumma-ll

ਅੰਮ੍ਰਿਤਸਰ : ਸੰਤ ਸਮਾਜ ਨੇ ਸਰਬੱਤ ਖਾਲਸਾ ਤੋਂ ਪੈਰ ਪਿਛਾਂਹ ਖਿੱਚ ਲਏ ਜਾਪਦੇ ਹਨ। ਸੰਤ ਸਮਾਜ ਦੇ ਮੁਖੀ ਹਰਨਾਮ ਸਿੰਘ ਧੁੰਮਾ ਨੇ ਕਿਹਾ ਕਿ ਉਹ ਸਰਬੱਤ ਖਾਲਸਾ ਵਿਚ ਤਾਂ ਹੀ ਸ਼ਾਮਲ ਹੋਣਗੇ ਜੇਕਰ ਇਹ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਬੁਲਾਇਆ ਜਾਵੇ। ਉਨ੍ਹਾਂ ਕਿਹਾ ਕਿ ਸਰਬੱਤ ਖਾਲਸਾ ਸੰਸਥਾ ਨੂੰ ਵਿਵਾਦਾਂ ਦੇ ਘੇਰੇ ਤੋਂ ਬਚਾਅ ਕੇ ਰੱਖਣਾ ਮੌਜੂਦਾ ਸਮੇਂ ਦੀ ਲੋੜ ਹੈ। ਧੁੰਮਾ ਨੇ ਕਿਹਾ ਕਿ ਉਹ ਸਰਬੱਤ ਖਾਲਸਾ ਦੇ ਹੱਕ ਵਿਚ ਹਨ ਪਰ ਇਸ ਦੀ ਵਿਧੀ ਵਿਧਾਨ ਤੇ ਇਸ ਦਾ ਕੇਂਦਰ ਸ੍ਰੀ ਅਕਾਲ ਤਖ਼ਤ ਹੀ ਹੋਣਾ ਚਾਹੀਦਾ ਹੈ।
ਕਾਬਲੇਗੌਰ ਹੈ ਕਿ ਇਕ ਪਾਸੇ ਸਿੱਖ ਜਥੇਬੰਦੀਆਂ ਸਰਬੱਤ ਖਾਲਸਾ ਨੂੰ ਸਫਲ ਕਰਨ ਲਈ ਜੁਟੀਆਂ ਹੋਈਆਂ ਹਨ ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕੋਸ਼ਿਸ਼ਾਂ ਕਰ ਰਹੇ ਹਨ ਕਿ ਇਸ ਵਿਚ ਘੱਟ ਤੋਂ ਘੱਟ ਸੰਗਤ ਸ਼ਾਮਲ ਹੋਵੇ। ਇਸ ਮਕਸਦ ਲਈ ਉਨ੍ਹਾਂ ਕਈ ਜਥੇਬੰਦੀਆਂ ਤੇ ਸੰਤ ਸਮਾਜ ਦੇ ਲੀਡਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਚਲਾਇਆ ਹੋਇਆ ਹੈ। ਉਨ੍ਹਾਂ ਲੰਘੇ ਦਿਨ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾਂ ਨਾਲ ਵੀ ਬੰਦ ਕਮਰੇ ‘ਚ ਮੀਟਿੰਗ ਕੀਤੀ ਸੀ।
ਇਸ ਮੀਟਿੰਗ ਦਾ ਅਸਰ ਸ਼ੁਕਰਵਾਰ ਦੀ ਪ੍ਰੈੱਸ ਕਾਨਫਰੰਸ ਵਿਚ ਸਾਫ ਦਿੱਸਿਆ। ਹਰਨਾਮ ਸਿੰਘ ਧੁੰਮਾਂ ਹੁਣ ਤੱਕ ਸਰਬੱਤ ਖਾਲਸਾ ਬਲਾਉਣ ਵਾਲੀਆਂ ਜਥੇਬੰਦੀਆਂ ਨਾਲ ਡੱਟ ਕੇ ਖੜ੍ਹੇ ਸਨ ਪਰ ਸ਼ੁਕਰਵਾਰ ਨੂੰ ਉਨ੍ਹਾਂ ਦਾ ਸੁਰ ਕੁਝ ਵੱਖਰੀ ਸੀ। ਉਨ੍ਹਾਂ ਕਿਹਾ ਕਿ ਸਰਬੱਤ ਖਾਲਸਾ ਦੇ ਨਾਂ ‘ਤੇ ਸੱਦਿਆ ਇਕੱਠ ਸਿੱਖ ਮਸਲਿਆਂ ਨੂੰ ਸੁਲਝਾਉਣ ਦੀ ਥਾਂ ਹੋਰ ਉਲਝਾਏਗਾ। ਇਸ ਲਈ 10 ਨਵੰਬਰ ਨੂੰ ਇਕੱਠ ਕਰਨ ਵਾਲੀਆਂ ਜਥੇਬੰਦੀਆਂ ਨੂੰ ਇਕ ਵਾਰ ਫਿਰ ਵਿਚਾਰ ਕਰਨਾ ਚਾਹੀਦਾ ਹੈ।

LEAVE A REPLY