image_thumb_aadfc3ad7ed574b12e643add8cea732fਪਟਨਾ ਆਵਾਜ਼ ਬਿਊਰੋ-ਬਿਹਾਰ ਵਿਧਾਨ ਸਭਾ ਚੋਣਾਂ ਦੇ ਅੱਜ ਆਏ ਨਤੀਜਿਆਂ ਨੇ ਕੇਂਦਰੀ ਸੱਤਾ ’ਤੇ ਕਾਬਜ਼ ਭਾਜਪਾ ਗੱਠਜੋੜ ਨੂੰ ਕੀਤੀ ਜਾ ਰਹੀ ਉਮੀਦ ਦੇ ਉਲਟ ਵੱਡਾ ਝਟਕਾ ਦਿੰਦਿਆਂ ਨਿਤੀਸ਼-ਲਾਲੂ ਨੂੰ ਰਿਕਾਰਡ ਤੋੜ ਜਿੱਤ ਨਾਲ ਜਿਤਾ ਦਿੱਤਾ ਹੈ। ਨਿਤੀਸ਼-ਲਾਲੂ ਨੂੰ ਸਰਕਾਰ ਬਣਾਉਣ ਲਈ ਦੋ ਤਿਹਾਈ ਬਹੁਮਤ ਲਈ ਲੋੜੀਂਦੀਆਂ 162 ਸੀਟਾਂ ਤੋਂ ਵੱਧ 200 ਦੇ ਕਰੀਬ ਸੀਟਾਂ ਤੇ ਸ਼ਾਨਦਾਰ ਜਿੱਤ ਮਿਲੀ ਹੈ। ਇਸ ਬਹੁਮਤ ਦੇ ਸਦਕਾ ਸਰਕਾਰ ਬਣਾਉਣ ਲਈ ਕਾਂਗਰਸ ਦੇ ਸਹਿਯੋਗ ਦੀ ਵੀ ਲੋੜ ਨਹੀਂ ਰਹੀ। ਇਹ ਚੋਣਾਂ ਨਿਤੀਸ਼-ਲਾਲੂ-ਕਾਂਗਰਸ ਨੇ ਮਹਾਂਗੱਠਜੋੜ ਦੇ ਨਾਂਅ ਹੇਠ ਰਲ ਕੇ ਲੜੀਆਂ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਅਗਵਾਈ ਹੇਠ ਭਾਜਪਾ ਗੱਠਜੋੜ ਨੂੰ ਇਨ੍ਹਾਂ ਚੋਣਾਂ ਵਿੱਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਚੋਣ ਨਤੀਜੇ ਐਲਾਨੇ ਜਾਣ ਤੋਂ ਬਾਅਦ ਇੱਕ ਵਾਰ ਫਿਰ ਮੁੱਖ ਮੰਤਰੀ ਬਣਨ ਜਾ ਰਹੇ ਨਿਤੀਸ਼ ਕੁਮਾਰ ਨੇ ਲਾਲੂ ਯਾਦਵ ਦੀ ਹਾਜਰੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਿਹਾਰ ਦੀ ਜਨਤਾ ਨੇ ਸਾਡੇ ਉੱਪਰ ਜੋ ਵਿਸ਼ਵਾਸ ਕਰਦਿਆਂ ਸਾਨੂੰ ਸੇਵਾ ਲਈ ਫਤਵਾ ਦਿੱਤਾ ਹੈ, ਉਸ ਨੂੰ ਅਸਂੀਂ ਨਿਮਰਤਾ ਪੂਰਵਕ ਸਵੀਕਾਰ ਕਰਦੇ ਹਾਂ। ਨਿਤੀਸ਼ ਨੇ ਕਿਹਾ ਕਿ ਭਾਜਪਾ ਨਾਲ ਜਿਸ ਤਰ੍ਹਾਂ ਸਖਤ ਮੁਕਾਬਲਾ ਚੱਲ ਰਿਹਾ ਸੀ, ਉਸ ਤੋਂ ਅੱਗੇ ਜੋ ਲੋਕਾਂ ਨੇ ਸਾਨੂੰ ਇੱਕ ਤਰਫਾ ਜਿੱਤ ਦਿੱਤੀ ਹੈ, ਉਸ ਨਾਲ ਸਾਡੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ। ਨਿਤੀਸ਼ ਨੇ ਕਿਹਾ ਕਿ ਇਸ ਸ਼ਾਨਦਾਰ ਜਿੱਤ ਦੇ ਬਾਵਜੂਦ ਅਸੀਂ ਆਪਣੇ ਮਨ ਵਿੱਚ ਵਿਰੋਧੀ ਧਿਰ ਪ੍ਰਤੀ ਕਿਸੇ ਤਰ੍ਹਾਂ ਦੀ ਨਫਰਤ ਨਾਲ ਕੰਮ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦਾ ਸਨਮਾਨ ਕਰਦਿਆਂ ਅਸੀਂ ਸਮੁੱਚੇ ਦੇਸ਼ ਨੂੰ ਇਹ ਸੰਦੇਸ਼ ਦੇਣਾ ਚਾਹਾਂਗੇ ਕਿ ਬਿਹਾਰ ਕਿਸ ਤਰ੍ਹਾਂ ਦਾ ਰਾਸ਼ਟਰ ਧਰਮ ਨਿਭਾਏਗਾ ਕਿ ਕਿਸੇ ਨੂੰ ਵੀ ਇਸ ਦਾ ਮਜਾਕ ਉਡਾਉਣ ਦਾ ਮੌਕਾ ਨਾ ਮਿਲੇ। ਨਿਤੀਸ਼ ਨੇ ਇਹ ਵੀ ਕਿਹਾ ਕਿ ਸਾਡੀ ਸਰਕਾਰ ਕੇਂਦਰ ਸਰਕਾਰ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰੇਗੀ। ਉਨ੍ਹਾਂ ਕਿਹਾ ਕਿ ਬਤੌਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਸਤਿਕਾਰਤ ਹਨ ਅਤੇ ਮੁੱਖ ਮੰਤਰੀ ਦੇ ਤੌਰ ਤੇ ਉਹ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਅਨੁਸਾਰ ਪ੍ਰਧਾਨ ਮੰਤਰੀ ਨੂੰ ਸਹਿਯੋਗ ਦੇਣਗੇ ਅਤੇ ਲੈਣਗੇ। ਮੋਦੀ, ਸੋਨੀਆ, ਮੁਲਾਇਮ ਸਿੰਘ ਯਾਦਵ ਰਾਜਨਾਥ ਸਿੰਘ, ਕੇਜਰੀਵਾਲ ਅਤੇ ਹੋਰ ਨੇਤਾਵਾਂ ਵੱਲੋਂ ਨਿਤੀਸ਼ ਨੂੰ ਵਧਾਈਆਂ ਦੇ ਫੋਨ ਬਿਹਾਰ ਵਿੱਚ ਨਿਤੀਸ਼-ਲਾਲੂ ਗੱਠਜੋੜ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ ਕਰਕੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਇਸ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ। ਮੋਦੀ ਵੱਲੋਂ ਵਧਾਈ ਦਾ ਫੋਨ ਕੀਤੇ ਜਾਣ ਦੇ ਕੁੱਝ ਹੀ ਮਿੰਟ ਬਾਅਦ ਨਿਤੀਸ਼ ਕੁਮਾਰ ਨੇ ਟਵਿਟਰ ਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਹੁਣੇ ਹੁਣੇ ਪ੍ਰਧਾਨ ਮੰਤਰੀ ਵੱਲੋਂ ਫੋਨ ਆਇਆ ਅਤੇ ਉਨ੍ਹਾਂ ਨੇ ਮੈਨੂੰ ਵਧਾਈ ਦਿੱਤੀ। ਨਿਤੀਸ਼ ਕੁਮਾਰ ਨੂੰ ਸੋਨੀਆ ਗਾਂਧੀ ਨੇ ਵੀ ਫੋਨ ਕਰਕੇ ਵਧਾਈ ਦਿੱਤੀ। ਇਸੇ ਤਰ੍ਹਾਂ ਬਿਹਾਰ ਚੋਣਾਂ ’ਚ ਜਿੱਤ ਲਈ ਨਿਤਿਸ਼ ਕੁਮਾਰ ਨੂੰ ਸ੍ਰੀ ਮੁਲਾਇਮ ਸਿੰਘ ਯਾਦਵ, ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ, ਭਾਜਪਾ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ, ਦਿੱਲੀ ਦੇ ਸੀ.ਐੱਮ. ਅਰਵਿੰਦ ਕੇਜਰੀਵਾਲ, ਕੁਮਾਰ ਵਿਸ਼ਵਾਸ ਅਤੇ ਮਮਤਾ ਬੈਨਰਜੀ ਨੇ ਵੀ ਵਧਾਈ ਦਿੱਤੀ। ਮਮਤਾ ਬੈਨਰਜੀ ਦਾ ਨਿਤੀਸ਼ ਕੁਮਾਰ ਨੇ ਟਵਿਟਰ ਤੇ ਧੰਨਵਾਦ ਵੀ ਕੀਤਾ। ਬੀ.ਜੇ.ਪੀ. ਨੇਤਾ ਅਤੇ ਭਾਜਪਾ ਦੇ ਜਿੱਤਣ ਦੀ ਹਾਲਤ ਵਿੱਚ ਮੁੱਖ ਮੰਤਰੀ ਬਣਨ ਦੇ ਦਾਅਵੇਦਾਰ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਵੀ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਲਾਲੂ ਜੀ ਅਤੇ ਨਿਤੀਸ਼ ਨੂੰ ਬਿਹਾਰ ਚੋਣਾਂ ਵਿੱਚ ਇਸ ਜਿੱਤ ਦੇ ਲਈ ਦਿੱਤੀ ਵਧਾਈ। ਅਸੀਂ ਲੋਕ ਫਤਵੇ ਦਾ ਸਨਮਾਨ ਕਰਦੇ ਹਾਂ। ਇਸੇ ਤਰ੍ਹਾਂ ਅਮਿਤ ਸ਼ਾਹ ਨੇ ਕਿਹਾ ਹੈ ਕਿ ਇਸ ਜਿੱਤ ਲਈ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਸ੍ਰੀ ਲਾਲੂ ਯਾਦਵ ਨੂੰ ਇਸ ਸ਼ਾਨਦਾਰ ਜਿੱਤ ਲਈ ਉਹ ਤਹਿ ਦਿਲੋਂ ਵਧਾਈ ਦਿੰਦੇ ਹਨ। ਸਰਵੇ ਝੂਠਾ ਸਾਬਤ ਹੋਣ ’ਤੇ ਮੰਗੀ ਮਾਫੀ ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਸਬੰਧੀ ਕੀਤੇ ਗਏ ਐਗਿਜਟ ਪੋਲ ਦੇ ਅਨੁਮਾਨ ਗਲਤ ਸਾਬਤ ਹੋ ਗਏ ਹਨ। ਇਨ੍ਹਾਂ ਅਨੁਮਾਨਾਂ ਵਿੱਚ ਐੱਨ.ਡੀ.ਏ. ਦੀ ਜਿੱਤ ਦੀ ਸੰਭਾਵਨਾ ਵਧਾ ਚੜ੍ਹਾ ਕੇ ਦੱਸੀ ਜਾ ਰਹੀ ਸੀ। ਨਿਊਜ-ਟੁਡੇਜ਼ ਚਾਣਕਿਆ ਨੇ ਵੀ ਆਪਣੇ ਅਨੁਮਾਨਾਂ ਵਿੱਚ ਐੱਨ.ਡੀ.ਏ. ਦੀ ਜਿੱਤ ਦੀ ਸੰਭਾਵਨਾ ਵਿਖਾਈ ਸੀ। ਲੇਕਿਨ ਅਸਲ ਨਤੀਜਿਆਂ ਦੇ ਉਸ ਦੇ ਅਨੁਮਾਨ ਦੇ ਉਲਟ ਆਉਣ ਤੋਂ ਬਾਅਦ ਟੂਡੇਜ਼ ਚਾਣਕਿਆ ਨੇ ਮਾਫੀ ਮੰਗੀ ਹੈ। ਬਿਹਾਰ ਵਿੱਚ ਐੱਨ.ਡੀ.ਏ. ਨਹੀਂ, ਸੰਘ ਅਤੇ ਭਾਜਪਾ ਦੀ ਵਿਚਾਰਧਾਰਾ ਹਾਰੀ-ਰਾਹੁਲ ਬਿਹਾਰ ਚੋਣਾਂ ਵਿੱਚ ਭਾਜਪਾ ਦੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਇਸ ਹਾਰ ਨਾਲ ਮੋਦੀ ਦਾ ਹੰਕਾਰ ਚੂਰ-ਚੂਰ ਹੋ ਗਿਆ ਹੈ। ਰਾਹੁਲ ਨੇ ਕਿਹਾ ਕਿ ਭਾਰਤ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਲੜਾ ਕੇ ਕੋਈ ਵੀ ਚੋਣ ਨਹੀਂ ਜਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਇਸ ਜਿੱਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਅਤੇ ਭਾਜਪਾ ਇਸ ਦੇਸ਼ ਨੂੰ ਵੰਡ ਨਹੀਂ ਸਕਦੀ ਹੈ। ਰਾਹੁਲ ਨੇ ਇਹ ਵੀ ਕਿਹਾ ਕਿ ਬਿਹਾਰ ਦੀ ਇਹ ਹਾਰ ਐੱਨ.ਡੀ.ਏ. ਦੀ ਹਾਰ ਨਹੀਂ ਹੈ। ਇਹ ਸੰਘ ਅਤੇ ਭਾਜਪਾ ਦੀ ਵਿਚਾਰਧਾਰਾ ਦੀ ਹਾਰ ਹੈ। ਰਾਹੁਲ ਨੇ ਇਹ ਵੀ ਕਿਹਾ ਕਿ ਮੋਦੀ ਹੁਣ ਚੁਟਕੀਲੇ ਭਾਸ਼ਣ ਦੇਣੇ ਅਤੇ ਚੋਣ ਪ੍ਰਚਾਰ ਕਰਨੇ ਬੰਦ ਕਰਕੇ ਪ੍ਰਧਾਨ ਮੰਤਰੀ ਵੱਜੋਂ ਉਹ ਕੰਮ ਕਰਨੇ ਸ਼ੁਰੂ ਕਰਨ ਜਿਸ ਦੀ ਲੋਕ ਇੱਕ ਸਾਲ ਤੋਂ ਉਡੀਕ ਕਰ ਰਹੇ ਹਨ। ਰਾਹੁਲ ਨੇ ਟਿੱਪਣੀ ਕੀਤੀ ਕਿ ਮੋਦੀ ਦੇਸ਼ ਰੂਪੀ ਗੱਡੀ ਚਲਾਉਣ ਲਈ ਗੱਡੀ ਵਿੱਚ ਬੈਠਣ ਅਤੇ ਰੇਸ ਉੱਪਰ ਪੈਰ ਰੱਖਣ। ਜੇਕਰ ਮੋਦੀ ਇਹ ਨਹੀਂ ਕਰਨਗੇ ਤਾਂ ਦੇਸ਼ ਦੇ ਲੋਕ ਉਸ ਨੂੰ ਗੱਡੀ ਵਿੱਚੋਂ ਬਾਹਰ ਸੁੱਟ ਦੇਣਗੇ। ਬਿਹਾਰ ਨਤੀਜੇ ਦੇਸ਼ ਦੀ ਰਾਜਨੀਤੀ ਵਿੱਚ ਨਵੀਂ ਤਬਦੀਲੀ ਲਿਆਉਣਗੇ-ਸ਼ਿਵ ਸੈਨਾ ਮਹਾਂਰਾਸ਼ਟਰ ਵਿੱਚ ਭਾਜਪਾ ਨਾਲ ਮਿਲ ਕੇ ਗੱਠਜੋੜ ਸਰਕਾਰ ਚਲਾ ਰਹੀ ਸ਼ਿਵ ਸੈਨਾ ਨੇ ਬਿਹਾਰ ਵਿੱਚ ਭਾਜਪਾ ਦੀ ਹਾਰ ਉੱਪਰ ਖੁਸ਼ੀ ਜ਼ਾਹਰ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਪਰ ਸਿੱਧਾ ਹਮਲਾ ਕਰਦਿਆਂ ਸ਼ਿਵ ਸੈਨਾ ਨੇ ਕਿਹਾ ਹੈ ਕਿ ਭਾਜਪਾ ਦੀ ਇਹ ਹਾਰ ਇੱਕ ਵੱਡੇ ਨੇਤਾ ਦੇ ਕਮਜੋਰ ਹੋਣ ਦਾ ਸੰਕੇਤ ਹੈ। ਸ਼ਿਵ ਸੈਨਾ ਨੇਤਾ ਸੰਜੇ ਰਾਓਤ ਨੇ ਕਿਹਾ ਹੈ ਕਿ ਅੱਜ ਮਹਾਂਰਾਸ਼ਟਰ ਵਿੱਚ ਦੁਬਾਰਾ ਚੋਣਾਂ ਹੋਣ ਤਾਂ ਇੱਥੇ ਵੀ ਭਾਜਪਾ ਹਾਰੇਗੀ ਅਤੇ ਸਾਡੀ ਪਾਰਟੀ ਸਪੱਸ਼ਟ ਬਹੁਮਤ ਲਵੇਗੀ। ਸ਼ਿਵ ਸੈਨਾ ਨੇ ਕਿਹਾ ਹੈ ਕਿ ਨਿਤੀਸ਼ ਕੁਮਾਰ ਸੁਪਰ ਹੀਰੋ ਬਣ ਕੇ ਉੱਭਰੇ ਹਨ। ਉਨ੍ਹਾਂ ਦੀ ਜਿੱਤ ਬਿਹਾਰ ਵਿੱਚ ਕੀਤੇ ਚੰਗੇ ਕੰਮਾਂ ਦਾ ਸਿੱਟਾ ਹੈ। ਸ਼ਿਵ ਸੈਨਾ ਨੇ ਇਹ ਵੀ ਕਿਹਾ ਹੈ ਕਿ ਬਿਹਾਰ ਦੇ ਇਨ੍ਹਾਂ ਨਤੀਜਿਆਂ ਨਾਲ ਦੇਸ਼ ਦੀ ਰਾਜਨੀਤੀ ਵਿੱਚ ਵੱਡੀਆਂ ਤਬਦੀਲੀਆਂ ਆਉਣਗੀਆਂ। ਹੁਣ ਮੈਂ ਮੋਦੀ ਸਰਕਾਰ ਉਖਾੜ ਦਿਆਂਗਾ-ਲਾਲੂ ਪਟਨਾ, ਆਵਾਜ ਬਿਊਰੋ-ਬਿਹਾਰ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਮਹਾਂਗੱਠਜੋੜ ਦੇ ਪ੍ਰਮੁੱਖ ਨੇਤਾ ਲਾਲੂ ਯਾਦਵ ਨੇ ਕਿਹਾ ਹੈ ਕਿ ਹੁਣ ਉਨ੍ਹਾਂ ਦਾ ਨਿਸ਼ਾਨਾ ਦਿੱਲੀ ਵਿੱਚ ਮੋਦੀ ਦੀ ਕੇਂਦਰ ਸਰਕਾਰ ਨੂੰ ਉਖਾੜ ਸੁੱਟਣਾ ਹੈ। ਲਾਲੂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਕਾਇਮ ਰੱਖਣ ਦਾ ਮਤਲਬ ਦੇਸ਼ ਨੂੰ ਟੁਕੜਿਆਂ ਵਿੱਚ ਵੰਡ ਦੇਣ ਦਾ ਮੌਕਾ ਦੇਣਾ ਹੈ। ਨਵੀਂ ਸ਼ਕਤੀ ਨਾਲ ਭਰੇ ਲਾਲੂ ਨੇ ਕਿਹਾ ਹੈ ਕਿ ਹੁਣ ਮੈਂ ਸਾਰੇ ਦੇਸ਼ ਦਾ ਦੌਰਾ ਕਰਾਂਗਾ ਅਤੇ ਮੋਦੀ ਸਰਕਾਰ ਖਿਲਾਫ ਲੋਕ ਅੰਦੋਲਨ ਖੜ੍ਹਾ ਕਰਾਂਗਾ। ਕਾਂਗਰਸ ਨੇ ਰਾਹੁਲ ਸਿਰ ਬੰਨ੍ਹਿਆ ਲਾਲੂ-ਨਿਤੀਸ਼ ਗੱਠਜੋੜ ਜਿੱਤ ਦਾ ਸਿਹਰਾ ਨਵੀਂ ਦਿੱਲੀ, ਆਵਾਜ ਬਿਊਰੋ-ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਨਿਤੀਸ਼ ਕੁਮਾਰ ਦੀ ਅਗਵਾਈ ਹੇਠਲੇ ਮਹਾਂਗਠਬੰਧਨ ਦੇ ਜਿੱਤਣ ਦਾ ਸਿਹਰਾ ਕਾਂਗਰਸ ਨੇ ਰਾਹੁਲ ਸਿਰ ਬੰਨ੍ਹਿਆ ਹੈ। ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਇਸ ਜੇਤੂ ਮਹਾਂਗਠਬੰਧਨ ਦਾ ਸੂਤਰਧਾਰ ਹੈ। ਕਾਂਗਰਸ ਨੇਤਾ ਸੰਜੇ ਨਿਰੂਪਮ ਨੇ ਕਿਹਾ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਬਿਹਾਰ ਜਿੱਤ ਦੇ ਸੂਤਰਧਾਰ ਹਨ ਅਤੇ ਰਾਹੁਲ ਗਾਂਧੀ ਗੱਠਬੰਧਨ ਦੇ ਸੂਤਰਧਾਰ ਹਨ। ਪਾਰਟੀ ਦੇ ਜਨਰਲ ਸਕੱਤਰ ਸ਼ਕੀਲ ਅਹਿਮਦ ਨੇ ਕਿਹਾ ਕਿ ਕਾਂਗਰਸ ਅਧਿਕਾਰੀ ਰਾਹੁਲ ਗਾਂਧੀ ਦੀ ਪ੍ਰਭਾਵਸ਼ਾਲੀ ਭੂਮਿਕਾ ਦੇ ਬਿਨਾਂ ਮਹਾਂਗੱਠਬੰਧਨ ਸੰਭਵ ਨਹੀਂ ਸੀ। ਪਾਰਟੀ ਨੇਤਾਵਾਂ ਨੇ ਕਿਹਾ ਕਿ ਜਿਸ ਸਮੇਂ ਰਾਜਦ ਪ੍ਰਮੁੱਖ ਨੂੰ ਇਸ ਬਾਰੇ ਇਤਰਾਜ ਸੀ ਤਾਂ ਰਾਹੁਲ ਹੀ ਸੀ ਜਿਨ੍ਹਾਂ ਨੇ ਨਿਤੀਸ਼ ਕੁਮਾਰ ਅਤੇ ਲਾਲੂ ਪ੍ਰਸ਼ਾਦ ਨੂੰ ਇੱਕਠੇ ਕਰਨ ਵਿੱਚ ਬੜੀ ਭੂਮਿਕਾ ਨਿਭਾਈ। ਇਹ ਵੀ ਚਰਚਾ ਵਿੱਚ ਹੈ ਕਿ ਬਿਹਾਰ ਦੀ ਜਿੱਤ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਾਉਣ ਦਾ ਸਹੀ ਸਮਾਂ ਹੈ। ਸਵਾਲਾਂ ਦੇ ਜਵਾਬ ਵਿੱਚ ਸ਼ਕੀਲ ਅਹਿਮਦ ਸਮੇਤ ਕਾਂਗਰਸੀ ਨੇਤਾਵਾਂ ਨੇ ਕਿਹਾ ਕਿ ਵੈਸੇ ਇਸ ਮੁੱਦੇ ਤੇ ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਫੈਸਲਾ ਕਰਨਾ ਹੈ। ਐਸੀਆਂ ਚਰਚਾਵਾਂ ਹਨ ਕਿ ਇਸ ਮਹੀਨੇ ਕਾਂਗਰਸ ਜਨਰਲ ਇਜਲਾਸ ਬੁਲਾਇਆ ਜਾ ਸਕਦਾ ਹੈ। ਪਟਾਖੇ ਮੋਦੀ ਦੇ ਹੀ ਚੱਲੇ ਪਟਨਾ, ਆਵਾਜ਼ ਬਿਊਰੋ-ਬਿਹਾਰ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਣ ਰਣਨੀਤੀ ਅਤੇ ਭਾਜਪਾ ਗੱਠਜੋੜ ਦੋਵੇਂ ਹਾਰ ਗਏ ਹਨ। ਇਸ ਦੇ ਬਾਵਜੂਦ ਮੋਦੀ ਵੱਲੋਂ ਵਾਰ-ਵਾਰ ਕੀਤੇ ਇਹ ਐਲਾਨ ਕਿ ਬਿਹਾਰ ਦੇ ਲੋਕ ਦੋ ਵਾਰ ਦਿਵਾਲੀ ਮਨਾਉਣਗੇ, ਉਹ ਸੱਚ ਸਾਬਤ ਹੋਏ ਹਨ। ਅੱਜ ਨਤੀਜੇ ਆਉਣ ਸਾਰ ਨਿਤੀਸ਼-ਲਾਲੂ ਗੱਠਜੋੜ ਹਿਮਾਇਤੀਆਂ ਨੇ ਪਟਾਖਿਆਂ ਸਮੇਤ ਹਰ ਤਰ੍ਹਾਂ ਦੇ ਨਾਲ ਦੀਵਾਲੀ ਵਰਗਾ ਮਾਹੌਲ ਬਣਾ ਦਿੱਤਾ। ਮੋਦੀ ਅਤੇ ਭਾਜਪਾ ਅੱਜ ਕਰਾਰੀ ਹਾਰ ਕਾਰਨ ਦੀਵਾਲੀ ਵਾਲੇ ਪਟਾਖੇ ਭਾਵੇਂ ਨਹੀਂ ਵਜਾ ਸਕੇ, ਪਰ ਅੱਜ ਨਿਤੀਸ਼-ਲਾਲੂ ਗੱਠਜੋੜ ਦੇ ਜਿੱਤ ਦੇ ਜਸ਼ਨਾਂ ਦੌਰਾਨ ਬਿਹਾਰ ਵਿੱਚ ਮੋਦੀ ਪਟਾਖੇ ਹੀ ਜੋਰ-ਸ਼ੋਰ ਨਾਲ ਚੱਲੇ। ਦੀਵਾਲੀ ਕਾਰਨ ਅਤੇ ਚੋਣ ਮਾਹੌਲ ਕਾਰਨ ਬਿਹਾਰ ਦੇ ਬਜ਼ਾਰਾਂ ਵਿੱਚ ਮੋਦੀ ਮਾਅਰਕਾ ਪਟਾਖਿਆਂ ਦੀ ਭਰਮਾਰ ਹੈ। ਪਟਾਖੇ ਉਤੁਾਦਕ ਲੋਕਾਂ ਨੇ ਭਾਜਪਾ ਦੇ ਜਿੱਤਣ ਦੀ ਆਸ ਕਾਰਨ ਬਹੁਤ ਭਾਰੀ ਮਾਤਰਾ ਵਿੱਚ ਮੋਦੀ ਮਾਅਰਕਾ ਪਟਾਖੇ ਤਿਆਰ ਕੀਤੇ। ਇਸ ਦਾ ਸਟਾਕ ਇੰਨਾ ਜ਼ਿਆਦਾ ਹੈ ਕਿ ਜੇ ਬਦਲੇ ਘਟਨਾਕ੍ਰਮ ਦੌਰਾਨ ਮੋਦੀ ਪਟਾਖੇ ਨਾ ਵਿਕੇ ਤਾਂ ਇਸ ਦੇ ਉਤਪਾਦਕਾਂ ਦੀ ਦੀਵਾਲੀ ਫਿੱਕੀ ਹੋ ਸਕਦੀ ਹੈ। ਪਟਾਖਿਆਂ ਦਾ ਕਾਰੋਬਾਰ ਕਰਨ ਵਾਲੇ ਵਿਸ਼ਾਲ ਚੌਰਸੀਆ ਦਾ ਕਹਿਣਾ ਹੈ ਕਿ ਪਟਾਖਿਆਂ ਵਿੱਚ ਮੋਦੀ ਬਰਾਂਡ ਦੇ ਨਾਲ ਨਿਤੀਸ਼ ਅਤੇ ਲਾਲੂ ਬਰਾਂਡ ਦੇ ਪਟਾਖੇ ਵੀ ਹਨ। ਪਰ ਹੁਣ ਮੋਦੀ ਦੀ ਹਾਰ ਕਾਰਨ ਅਤੇ ਨਿਤੀਸ਼-ਲਾਲੂ ਦੀ ਜਿੱਤ ਕਾਰਨ ਪਟਾਖਿਆਂ ਦੇ ਬਰਾਂਡ ਦੀ ਮੰਗ ਵੀ ਤਬਦੀਲ ਹੋ ਗਈ ਹੈ। ਹੁਣ ਲੋਕਾਂ ਦੀ ਵਧੇਰੇ ਮੰਗ ਨਿਤੀਸ਼-ਲਾਲੂ ਬਰਾਂਡ ਵਾਲੇ ਪਟਾਖਿਆਂ ਵੱਲ ਵੱਧ ਗਈ ਹੈ। ਇਸ ਦੇ ਬਾਵਜੂਦ ਅੱਜ ਦੇ ਜੇਤੂ ਜਸ਼ਨਾਂ ਅਤੇ ਦੀਵਾਲੀ ਦੌਰਾਨ ਮੋਦੀ ਬਰਾਂਡ ਪਟਾਖੇ ਵੀ ਖੂਬ ਵਿਕਣਗੇ।

LEAVE A REPLY