default

ਅੰਮ੍ਰਿਤਸਰ -ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲਿਆਂ ਸੰਬੰਧੀ ਅੰਮ੍ਰਿਤਸਰ ਦੇ ਡੇਰਾ ਬਾਬਾ ਨੋਧ ਸਿੰਘ ਦੇ ਪਿੰਡ ਚੱਬਾ ‘ਚ ‘ਸਰਬੱਤ ਖਾਲਸਾ’ ਦਾ ਆਯੋਜਨ ਕੀਤਾ ਗਿਆ ਹੈ। ਸਿੱਖ ਸੰਗਠਨਾਂ ਵਲੋਂ ਬੁਲਾਏ ਗਏ ਸਰਬੱਤ ਖਾਲਸਾ ਦੇ ਖਿਲਾਫ ਪੰਜਾਬ ਸਰਕਾਰ, ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜ ਤਖਤਾਂ ਦੇ ਜੱਥੇਦਾਰਾਂ ਵਲੋਂ ਗੈਰ-ਸੰਵਿਧਾਨਿਕ ਕਰਾਰ ਦਿੱਤਾ ਗਿਆ ਹੈ।
ਚੱਪੇ-ਚੱਪੇ ‘ਤੇ ਪੁਲਸ ਤਾਇਨਾਤ
ਸਰਬੱਤ ਖਾਲਸਾ ਨੂੰ ਲੈ ਕੇ ਕੋਈ ਟਕਰਾਅ ਪੈਦਾ ਨਾ ਹੋਵੇ, ਇਸ ਲਈ ਪੰਜਾਬ ਪੁਲਸ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਪੁਲਸ ਛਾਉਣੀ ‘ਚ ਤਬਦੀਲ ਕਰ ਦਿੱਤਾ ਹੈ। ਇੰਡੋ-ਤਿੱਬਤਨ ਬਾਰਡਰ ਪੁਲਸ, ਇੰਡੀਅਨ ਰਿਜ਼ਰਵ ਬਟਾਲੀਅਨ ਦੇ ਨਾਲ-ਨਾਲ ਐਂਟੀ ਰਾਈਟਸ ਪੁਲਸ ਦੀਆਂ ਕੰਪਨੀਆਂ ਨੂੰ ਵੀ ਇੱਥੇ ਤਾਇਨਾਤ ਕੀਤਾ ਗਿਆ ਹੈ।
ਸੁਰੱਖਿਆ ਨੂੰ ਲੈ ਕੇ ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਖੁਦ ਅੰਮ੍ਰਿਤਸਰ ਪਹੁੰਚੇ ਅਤੇ ਜ਼ਿਲੇ ਦੇ ਸਾਰੇ ਉੱਚ ਅਧਿਕਾਰੀਆਂ ਨਾਲ ਸੁਰੱਖਿਆ ਦੀ ਰਣਨੀਤੀ ਤਿਆਰ ਕੀਤੀ।
ਸ਼ਹਿਰ ਦੇ ਕਈ ਸੰਵੇਦਨਸ਼ੀਲ ਖੇਤਰਾਂ ‘ਚ ਪੁਲਸ ਵਲੋਂ ਸੀ. ਸੀ. ਟੀ. ਵੀ. ਕੈਮਰੇ ਵੀ ਲਗਾ ਦਿੱਤੇ ਗਏ ਹਨ। ਚੱਪੇ-ਚੱਪੇ ‘ਤੇ ਨਾਕੇ ਲੱਗੇ ਹੋਏ ਹਨ, ਜਿੱਥੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਸ਼ੱਕੀ ਵਿਅਕਤੀਆਂ ‘ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ।

ਅਕਾਲੀ ਦਲ ਦੇ ਮੱਥੇ ‘ਤੇ ਚਿੰਤਾ ਦੀਆਂ ਲਕੀਰਾਂ
ਸਰਬੱਤ ਖਾਲਸਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਮੱਥੇ ‘ਤੇ ਚਿੰਤਾ ਦੀਆਂ ਲਕੀਰਾਂ ਸਾਫ ਦਿਖਾਈ ਦੇ ਰਹੀਆਂ ਹਨ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਵਲੋਂ ਦਿੱਤਾ ਗਿਆ ਫਖਰ-ਏ-ਕੌਮ ਖਿਤਾਬ ਵਾਪਸ ਲੈਣ ਦਾ ਮਤਾ ਵੀ ਪੇਸ਼ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਐੱਸ. ਜੀ. ਪੀ. ਸੀ. ਨੂੰ ਸਿਆਸੀ ਹੱਥਾਂ ਤੋਂ ਮੁਕਤ ਕਰਵਾਉਣ ਦੇ ਆਦੇਸ਼ਾਂ ਨਾਲ ਇਸ ਨੂੰ ਕੇਂਦਰ ਤੇ ਰਾਜ ਸਰਕਾਰ ਦੇ ਘੇਰੇ ‘ਚੋਂ ਕੱਢਣ ਦਾ ਮਤਾ ਵੀ ਆਵੇਗਾ। ਸਰਬੱਤ ਖਾਲਸਾ ‘ਚ ਦੁਨੀਆ ਭਰ ਦੇ ਸਿੱਖਾਂ ਨੂੰ ਸ਼ਾਮਲ ਕੀਤੇ ਜਾਣ ਦੇ ਸੁਝਾਅ ਦਿੱਤੇ ਗਏ ਹਨ ਤਾਂ ਜੋ ਸਿੱਖ ਭਾਈਚਾਰਾ ਆਪਣੇ ਮਸਲੇ ਇਸ ਸੰਸਦ ਰਾਹੀਂ ਨਿਪਟਾ ਸਕਣ।

 

LEAVE A REPLY