4ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਵਿਭਾਗ ਨੇ ਪਿਛਲੇ ਕਾਫੀ ਸਮੇਂ ਤੋਂ ਤਰੱਕੀਆਂ ਤੋਂ ਵਾਂਝੇ ਚੱਲ ਰਹੇ ਜੇ.ਬੀ.ਟੀ./ਈ.ਟੀ.ਟੀ./ਸੀ.ਐਂਡ ਵੀ. ਕਾਡਰ ਦੇ ਅਧਿਆਪਕਾਂ ਦੀਆਂ ਪਦ ਉਨਤੀਆਂ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਅਧਿਆਪਕ ਯੋਗਤਾ ਟੈਸਟ (ਟੀ.ਈ.ਟੀ.) ਲਾਗੂ ਹੋਣ ਤੋਂ ਬਾਅਦ ਉਕਤ ਕਾਡਰ ਦੇ ਅਧਿਆਪਕਾਂ ਦੀਆਂ ਤਰੱਕੀਆਂ ਰੁਕ ਗਈਆਂ ਜਿਸ ਦਾ ਹੱਲ ਲੱਭਣ ਲਈ ਬਣਾਈ ਕਮੇਟੀ ਵੱਲੋਂ ਦਿੱਤੀਆਂ ਸਿਫਾਰਸ਼ਾਂ ਨੂੰ ਪ੍ਰਵਾਨ ਕਰਦਿਆਂ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਇਸ ਕਾਡਰ ਦੇ ਅਧਿਆਪਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਹ ਜਾਣਕਾਰੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਸਰਕਾਰੀ ਬੁਲਾਰੇ ਨੇ ਸਿੱਖਿਆ ਮੰਤਰੀ ਵੱਲੋਂ ਪ੍ਰਵਾਨ ਕੀਤੀਆਂ ਸਿਫਾਰਸ਼ਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ 3 ਸਤੰਬਰ 2001 ਤੋਂ ਪਹਿਲਾਂ ਭਰਤੀ ਇਸ ਕਾਡਰ ਦਾ ਹਰ ਅਧਿਆਪਕ ਤਰੱਕੀ ਦੇ ਯੋਗ ਹੈ। ਇਸੇ ਤਰ੍ਹਾਂ 3 ਸਤੰਬਰ 2001 ਤੋਂ 23 ਅਗਸਤ 2010 ਤੱਕ ਭਰਤੀ ਇਸ ਕਾਡਰ ਦੇ ਉਹ ਅਧਿਆਪਕ ਜਿਨ੍ਹਾਂ ਦੀ ਭਰਤੀ ਨੈਸ਼ਨਲ ਕਾਊਂਸਲ ਫਾਰ ਟੀਚਰ ਐਜੂਕੇਸ਼ਨ (ਐਨ.ਸੀ.ਟੀ.ਈ.) ਦੇ ਨਿਯਮਾਂ ਅਨੁਸਾਰ ਹੋਈ ਹੈ, ਉਹ ਸਾਰੇ ਤਰੱਕੀ ਦੇ ਯੋਗ ਹੈ। ਬੁਲਾਰੇ ਨੇ ਦੱਸਿਆ ਕਿ ਉਸ ਵੇਲੇ ਤੱਕਟੀ.ਈ.ਟੀ. ਲਾਗੂ ਨਹੀਂ ਸੀ। ਉਨ੍ਹਾਂ ਦੱਸਿਆ ਕਿ 23 ਅਗਸਤ 2010 ਤੋਂ ਬਾਅਦ ਭਰਤੀ ਹੋਏੇ ਇਸ ਕਾਡਰ ਦੇ ਅਧਿਆਪਕਾਂ ਨੂੰ ਤਰੱਕੀ ਲਈ ਟੀ.ਈ.ਟੀ. ਪਾਸ ਕਰਨਾ ਜ਼ਰੂਰੀ ਹੈ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਟੀ.ਈ.ਟੀ. ਲਾਗੂ ਹੋਣ ਤੋਂ ਬਾਅਦ ਇਨ੍ਹਾਂ ਕਾਡਰਾਂ ਦੇ ਸਮੂਹ ਅਧਿਆਪਕਾਂ ਦੀ ਤਰੱਕੀ ਦਾ ਕੰਮ ਰੁਕ ਗਿਆ ਸੀ ਹਾਲਾਂਕਿ ਇਨ੍ਹਾਂ ਵਿੱਚੋਂ ਕਈ ਅਧਿਆਪਕਾਂ ਨੇ ਤਰੱਕੀ ਲਈ ਤੈਅ ਅੱਠ ਸਾਲ ਦੀ ਸੇਵਾ ਟੀ.ਈ.ਟੀ. ਲਾਗੂ ਹੋਣ ਤੋਂ ਪਹਿਲਾਂ ਪੂਰੀ ਕਰ ਲਈ ਸੀ। ਉਨ੍ਹਾਂ ਦੱਸਿਆ ਕਿ ਸਿੱਖਿਆ ਮੰਤਰੀ ਡਾ.ਚੀਮਾ ਨੇ ਇਨ੍ਹਾਂ ਅਧਿਆਪਕਾਂ ਦੀ ਮੰਗ ਨੂੰ ਦੇਖਦਿਆਂ ਇਸ ਸਾਲ ਜੂਨ ਮਹੀਨੇ ਡੀ.ਜੀ.ਐਸ.ਈ. ਸ੍ਰੀ ਪਰਦੀਪ ਅੱਗਰਵਾਲ ਦੀ ਅਗਵਾਈ ਹੇਠ ਚਾਰ ਮੈਂਬਰੀ ਕਮੇਟੀ ਬਣਾਈ। ਇਸ ਕਮੇਟੀ ਵਿੱਚ ਡੀ.ਪੀ.ਈ. (ਸੈਕੰਡਰੀ ਸਿੱਖਿਆ) ਸ੍ਰੀ ਬਲਬੀਰ ਸਿੰਘ ਢੋਲ, ਡੀ.ਪੀ.ਆਈ.(ਐਲੀਮੈਂਟਰੀ ਸਿੱਖਿਆ) ਸ੍ਰੀ ਹਰਬੰਸ ਸਿੰਘ ਸੰਧੂ ਤੇ ਓ.ਐਸ.ਡੀ. (ਲਿਟੀਗੇਸ਼ਨ) ਸ੍ਰੀ ਮੈਂਬਰ ਸਨ। ਕਮੇਟੀ ਵੱਲੋਂ ਉਕਤ ਸਿਫਾਰਸ਼ਾਂ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਸਿੱਖਿਆ ਮੰਤਰੀ ਨੇ ਪ੍ਰਵਾਨ ਕਰ ਕੇ ਇਸ ਕਾਡਰ ਦੇ ਅਧਿਆਪਕਾਂ ਦੀ ਤਰੱਕੀ ਦਾ ਰਾਹ ਪੱਧਰਾ ਕਰ ਕੇ ਇਨ੍ਹਾਂ ਨੂੰ ਵੱਡੀ ਰਾਹਤ ਦਿੱਤੀ।

LEAVE A REPLY