7ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਦੇ ਕਿਸਾਨਾਂ ਨੂੰ ਖੇਤੀਬਾੜੀ ਲਈ ਨਹਿਰੀ ਪਾਣੀ ਮੁਹੱਈਆ ਕਰਾਉਣ ਹਿੱਤ ਵੱਡਾ ਫੈਸਲਾ ਲੈਂਦਿਆਂ ਰੂਪਨਗਰ ਹੈਡ ਵਰਕਸ ਤੋਂ ਨਿਕਲਦੀ ਬਿਸਤ ਦੁਆਬ ਕੈਨਾਲ ਦੇ ਨਵੀਨੀਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਪ੍ਰਾਜੈਕਟ ‘ਤੇ  ਕੰਮ ਦਸੰਬਰ, 2015 ਤੋਂ ਸ਼ੁਰੂ ਹੋ ਜਾਵੇਗਾ। ਇਹ ਪ੍ਰਗਟਾਵਾ ਪੰਜਾਬ ਦੇ ਸਿੰਚਾਈ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਇੱਥੇ ਕੀਤੀ ਇੱਕ ਉਚ ਪੱਧਰੀ ਮੀਟਿੰਗ ਦੌਰਾਨ ਕੀਤਾ।
ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ  ਸੂਬਾ ਸਰਕਾਰ ਨੇ 1882 ‘ਚ ਬਣੀ ਸਰਹਿੰਦ ਨਹਿਰ ਦੇ ਪੁਰਾਣੇ ਸਿਸਟਮ ‘ਚ ਸੁਧਾਰ ਕਰਦਿਆਂ ਬਿਸਤ ਦੁਆਬ ਕੈਨਾਲ ਨਹਿਰ ਦਾ ਨਵੀਨੀਕਰਨ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਸ ਪ੍ਰਾਜੈਕਟ ‘ਤੇ 270 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਜ਼ਿਲ੍ਹਾ ਸਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ), ਕਪੂਰਥਲਾ, ਜਲੰਧਰ ਜ਼ਿਲ੍ਹਿਆਂ ਦੇ 847 ਪਿੰਡਾਂ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸਿੰਚਾਈ ਦਾ ਸਿੱਧੇ ਤੌਰ ‘ਤੇ ਲਾਭ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਨੂੰ 30 ਜੂਨ, 2016 ਤੱਕ ਮੁਕੰਮਲ ਕਰਨ ਦੇ ਹੁਕਮ ਦਿੱਤੇ ਗਏ ਹਨ ਤਾਂ ਕਿ ਸੂਬੇ ਦੇ ਕਿਸਾਨਾਂ ਨੂੰ ਘੱਟ ਤੋਂ ਘੱਟ ਸਮੇਂ ‘ਚ ਸਿੰਚਾਈ ਸਹੂਲਤਾਂ ਦਿੱਤੀਆਂ ਜਾ ਸਕਣ।
ਸ. ਢਿਲੋਂ ਨੇ ਦੱਸਿਆ ਕਿ ਬਿਸਤ ਦੁਆਬ ਕੈਨਾਲ ਸਿਸਟਮ ਪੁਰਾਣਾ ਹੋ ਚੁੱਕਾ ਹੋਣ ਕਾਰਨ ਪੂਰਾ ਪਾਣੀ ਨਹੀਂ ਸੀ ਲੈ ਰਿਹਾ, ਇਸ ਲਈ ਇਸ ਪ੍ਰਾਜੈਕਟ ਨੂੰ ਮਨਜ਼ੂਰ ਕਰਕੇ ਜਲਦ ਪੂਰਾ ਕਰਨ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਨਵੀਨੀਕਰਨ ਦਾ ਕੰਮ ਮੁਕਮੰਲ ਹੋਣ ਨਾਲ ਬਿਸਤ ਦੁਆਰ ਕੈਨਾਲ ਦੀ ਸਮਰੱਥਾ ਵਧੇਗੀ ਅਤੇ ਪੰਜਾਬ ਦੀ ਸਿੰਚਾਈ ਫੀਸਦ ਮੌਜੂਦਾ 28 ਤੋਂ 30 ਤੋਂ ਵਧ ਕੇ 40 ਫੀਸਦ ਤੱਕ ਪਹੁੰਚ ਜਾਵੇਗੀ।
ਸਿੰਚਾਈ ਮੰਤਰੀ ਨੇ ਅੱਗੇ ਦੱਸਿਆ ਕਿ ਬਿਸਤ ਦੁਆਬ ਕੈਨਾਲ ਅਧੀਨ 35 ਹਜਾਰ ਏਕੜ ਰਕਬਾ ਸਿੰਚਾਈ ਅਧੀਨ ਹੈ ਅਤੇ ਇਸਦੇ ਨਵੀਨੀਕਰਣ ਮਗਰੋਂ 2 ਲੱਖ ਏਕੜ ਰਕਬਾ ਸਿੰਚਾਈ ਅਧੀਨ ਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੂਬੇ ਦੇ ਹੋਰਨਾਂ ਸਿੰਚਾਈ ਪ੍ਰਾਜੈਕਟਾਂ ਲਈ ਮਾਨਯੋਗ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ 918 ਕਰੋੜ ਰੁਪਏ ਦੇ ਵਿਸ਼ੇਸ਼ ਫੰਡ ਜਾਰੀ ਕਰਨ ਦਾ ਮਾਮਲਾ ਪਹਿਲਾਂ ਹੀ ਕੇਂਦਰ ਸਰਕਾਰ ਨੂੰ ਮਨਜ਼ੂਰੀ ਲਈ ਭੇਜਿਆ ਗਿਆ ਹੈ, ਜਿਸ ਦੀ ਮਨਜ਼ੂਰ ਛੇਤੀ ਮਿਲ ਜਾਵੇਗੀ।
ਸਿੰਚਾਈ ਵਿਭਾਗ ਦੇ ਸਕੱਤਰ ਸ. ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਪੰਜਾਬ ਵਿੱਚ ਲਗਭਗ 28 ਫੀਸਦੀ ਰਕਬੇ ਨੂੰ ਨਹਿਰੀ ਪਾਣੀ ਮਿਲਦਾ ਹੈ ਅਤੇ ਬਿਸਤ ਦੁਆਬ ਕੈਨਾਲ ਦੇ ਇਸ ਨਵੀਨੀਕਰਨ ਨਾਲ ਜਿੱਥੇ ਇਸ ਨਹਿਰ ਦੇ ਪਾਣੀ ਦੀ ਸਮਰੱਥਾ ਵਧੇਗੀ, ਉੱਥੇ ਸੂਬੇ ਦੇ ਕਿਸਾਨਾਂ ਨੂੰ ਸਿੰਚਾਈ ਦੀਆਂ ਹੋਰ ਵਧੇਰੇ ਸਹੂਲਤਾਂ ਮਿਲਣਗੀਆਂ। ਉਨ੍ਹਾਂ ਦੱਸਿਆ ਕਿ 270 ਕਰੋੜ ਦੇ ਇਸ ਪ੍ਰਾਜੈਕਟ ਤੋਂ ਇਲਾਵਾ 50 ਕਰੋੜ ਦੇ ਇੱਕ ਵੱਖਰੇ ਪ੍ਰਾਜੈਕਟ ਤਹਿਤ ਬਿਸਤ ਦੁਆਬ ਕੈਨਾਲ ਦੇ ਰਜਵਾਹੇ ਨੂੰ ਵੀ ਸੁਧਾਰਿਆ ਜਾਵੇਗਾ।
ਇਸ ਮੌਕੇ ਸ. ਸਹਿਜਪ੍ਰੀਤ ਸਿੰਘ ਮਾਂਗਟ, ਓ.ਐਸ.ਡੀ, ਸਿੰਚਾਈ ਵਿਭਾਗ ਦੇ ਸਮੂਹ ਚੀਫ ਇੰਜੀਨੀਅਰ, ਅਤੇ ਅਧਿਕਾਰੀ ਹਾਜ਼ਰ ਸਨ।

LEAVE A REPLY