6ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਉਚੇਰੀ ਸਿੱਖਿਆ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਸੂਬੇ ਦੇ ਨੌਜਵਾਨਾਂ ਨੂੰ ਮਿਆਰੀ ਤੇ ਸਸਤੀ ਸਿੱਖਿਆ ਦੇਣ ਲਈ ਸਮੂਹ 47 ਸਰਕਾਰੀ ਕਾਲਜਾਂ ਨੂੰ 17.55 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਦੱਸਿਆ ਕਿ ਇਸ ਰਾਸ਼ੀ ਨਾਲ ਜਿੱਥੇ ਕਾਲਜਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਹੋਵੇਗਾ ਉਥੇ 2 ਕਾਲਜਾਂ ਦੀ ਮਾਡਲ ਡਿਗਰੀ ਕਾਲਜ ਵਜੋਂ ਅੱਪਗ੍ਰਡੇਸ਼ਨ ਕੀਤੀ ਜਾਵੇਗੀ। ਕਾਲਜਾਂ ਨੂੰ ਸਮਾਨਤਾ ਗਰਾਂਟ ਜਾਰੀ ਕਰਦਿਆਂ ਕਾਲਜਾਂ ਵਿੱਚ ਪੜ੍ਹਦੇ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਅਤੇ ਲੜਕੀਆਂ ਦੀ ਸਿੱਖਿਆ ਨੂੰ ਹੁਲਾਰਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਵੋਕੇਸ਼ਨਲ ਸਿੱਖਿਆ ਲਈ ਵੀ ਰਾਸ਼ੀ ਖਰਚੀ ਜਾਵੇਗੀ।
ਸ. ਰੱਖੜਾ ਨੇ ਸੂਬੇ ਦੇ ਸਮੂਹ 47 ਸਰਕਾਰੀ ਕਾਲਜਾਂ ਨੂੰ ਜਾਰੀ ਕੀਤੀ ਕੁੱਲ ਰਾਸ਼ੀ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਸੂਬੇ ਦੇ 37 ਸਰਕਾਰੀ ਕਾਲਜਾਂ ਨੂੰ ਬੁਨਿਆਦੀ ਢਾਂਚੇ ਲਈ ਕੁੱਲ 14.25 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਹਰ ਕਾਲਜ ਨੂੰ 37.50-37.30 ਲੱਖ ਰੁਪਏ ਮਿਲਣਗੇ। ਇਸ ਰਾਸ਼ੀ ਨਾਲ ਕਾਲਜਾਂ ਨੂੰ ਸਮੇਂ ਦਾ ਹਾਣੀ ਬਣਾਉਣ ਅਤੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੂਬੇ ਦੇ ਦੋ ਸਰਕਾਰੀ ਕਾਲਜਾਂ ਹੁਸ਼ਿਆਰਪੁਰ ਤੇ ਲੁਧਿਆਣਾ ਨੂੰ ਮਾਡਲ ਡਿਗਰੀ ਕਾਲਜ ਵਜੋਂ ਅੱਪਗ੍ਰਡੇਸ਼ਨ ਲਈ 75-75 ਲੱਖ ਰੁਪਏ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਰਾਸ਼ੀ ਨਾਲ ਇਹ ਦੋਵੇਂ ਸਰਕਾਰੀ ਕਾਲਜ ਸਟੇਟ ਆਫ ਆਰਟ ਹੋਣਗੇ ਜਿੱਥੇ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲੇਗੀ।
ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨੇ ਦੱਸਿਆ ਕਿ ਸੂਬੇ ਦੇ 13 ਕਾਲਜਾਂ ਅਜਨਾਲਾ, ਬਠਿੰਡਾ, ਫਰੀਦਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਟਾਂਡਾ ਉੜਮੁੜ, ਐਸ.ਸੀ.ਡੀ. ਸਰਕਾਰੀ ਕਾਲਜ ਲੁਧਿਆਣਾ, ਸਰਕਾਰੀ ਕਾਲਜ ਲੁਧਿਆਣਾ, ਮਾਨਸਾ, ਢੁੱਡੀਕੇ, ਮਹਿੰਦਰਾ ਕਾਲਜ ਪਟਿਆਲਾ, ਸੁਨਾਮ ਅਤੇ ਤਰਨ ਤਾਰਨ ਨੂੰ ਵੋਕੇਸ਼ਨਲ ਸਿੱਖਿਆ ਲਈ ਕੁੱਲ 92.65 ਲੱਖ ਰੁਪਏ ਜਾਰੀ ਕੀਤੇ ਗਏ ਹਨ। ਹਰ ਕਾਲਜ ਨੂੰ 7.125-7.125 ਲੱਖ ਰੁਪਏ ਮਿਲਣਗੇ। ਉਨ੍ਹਾਂ ਦੱਸਿਆ ਕਿ ਸੂਬੇ ਦੇ ਸਮੂਹ 48 ਕਾਲਜਾਂ ਨੂੰ ਸਮਾਨਤਾ ਗਰਾਂਟ ਵਜੋਂ 88.125 ਲੱਖ ਰੁਪਏ ਜਾਰੀ ਕੀਤੇ ਗਏ ਜਿਸ ਤਹਿਤ ਹਰ ਕਾਲਜ ਨੂੰ 1.875- 1.875 ਲੱਖ ਰੁਪਏ ਮਿਲਣਗੇ। ਉਨ੍ਹਾਂ ਦੱਸਿਆ ਕਿ ਇਹ ਸਮਾਨਤਾ ਗਰਾਂਟ ਸਿਰਫ ਕਮਜ਼ੋਰ ਵਰਗ ਦੇ ਵਿਦਿਆਰਥੀਆਂ, ਲੜਕੀਆਂ ਆਦਿ ਲਈ ਹੀ ਖਰਚੀ ਜਾਵੇਗੀ।
ਸ. ਰੱਖੜਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਉਚੇਰੀ ਸਿੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਲਈ ਨਿਰੰਤਰ ਕੰਮ ਕਰ ਰਹੀ ਹੈ। ਪਹਿਲਾਂ ਹੀ ਚੱਲ ਰਹੇ ਕਾਲਜਾਂ ਨੂੰ ਜਿੱਥੇ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਉਥੇ ਸੂਬੇ ਵਿੱਚ 11 ਨਵੇਂ ਡਿਗਰੀ ਕਾਲਜ ਖੋਲ੍ਹੇ ਜਾ ਰਹੇ ਹਨ ਜਿਨ੍ਹਾਂ ਵਿੱਚ ਉਸਾਰੀ ਦਾ ਕੰਮ ਵੱਡੇ ਪੱਧਰ ‘ਤੇ ਚੱਲ ਰਿਹਾ ਹੈ। ਇਨ੍ਹਾਂ ਨਵੇਂ ਕਾਲਜਾਂ ਵਿੱਚ ਅਗਲੇ ਨਵੇਂ ਵਿਦਿਅਕ ਸੈਸ਼ਨ ਤੋਂ ਪੜ੍ਹਾਈ ਸ਼ੁਰੂ ਹੋ ਜਾਵੇਗੀ। ਇਸ ਤੋਂ ਇਲਾਵਾ ਸੂਬੇ ਵਿੱਚ ਦੋ ਡਿਗਰੀ ਕਾਲਜਾਂ ਦਾ ਕੰਮ ਵੱਡੇ ਪੱਧਰ ‘ਤੇ ਜਾਰੀ ਹੈ ਜਿਨ੍ਹਾਂ ਵਿੱਚ ਪਟਿਆਲਾ ਵਿਖੇ ਐਰੋਨੇਟਿਕ ਅਤੇ ਜਲੰਧਰ ਵਿਖੇ ਸਪੋਰਟਸ ਕਾਲਜ ਸ਼ਾਮਲ ਹੈ।

LEAVE A REPLY