5ਚੰਡੀਗੜ੍ਹ : ਕਾਂਗਰਸ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਪੰਜਾਬ ਦੇ ਲਗਭਗ 15 ਲੱਖ ਟਿਊਬਵੈਲ ਖਪਤਕਾਰਾਂ ਨੂੰ ਮੁਫਤ ਬਿਜਲੀ ਦੇ ਬਿੱਲ ਦੀ ਸਬਸਿਡੀ ਸਲਾਨਾ 5400 ਕਰੋੜ ਰੁਪਏ ਦੇ ਵੱਡੇ ਅੰਕੜੇ ਨੂੰ ਛੂਹ ਚੁੱਕੀ ਹੈ। 1997 ਵਿੱਚ ਸ਼ੁਰੂ ਕੀਤੀ ਗਈ ਇਸ ਸਬਸਿਡੀ ਅਧੀਨ ਹੁਣ ਤੱਕ ਪੰਜਾਬ ਦੇ ਖਜ਼ਾਨੇ ਉਪਰ 45,000 ਕਰੋੜ ਰੁਪਏ ਦਾ ਬੋਝ ਪੈ ਚੁੱਕਾ ਹੈ। ਇਹ ਨਾ ਸਿਰਫ ਸੂਬੇ ਦੇ ਵਿੱਤੀ ਹਲਾਤਾਂ ਨੂੰ ਤਹਿਸ-ਨਹਿਸ ਕਰ ਰਿਹਾ ਹੈ ਬਲਕਿ ਜਮੀਨ ਹੇਠਲੇ ਪਾਣੀ ਦੇ ਪੱਧਰ ਅਤੇ ਵਾਤਾਵਰਨ ਲਈ ਵੀ ਨੁਕਸਾਨਦੇਹ ਹੈ। ਨਾਸਾ ਵਲੋਂ ਕੀਤੀ ਗਈ ਸਟੱਡੀ ਅਨੁਸਾਰ ਪੰਜਾਬ ਦੇ ਪਾਣੀ ਦੇ ਪੱਧਰ ਵਿੱਚ ਤਿੱਖੀ ਗਿਰਾਵਟ ਆਈ ਹੈ ਅਤੇ ਜੇਕਰ ਸਮੇਂ ਸਿਰ ਢੁੱਕਵੇਂ ਕਦਮ ਨਾ ਚੁੱਕੇ ਗਏ ਤਾਂ ਇਹ ਖੇਤੀਬਾੜੀ ਅਰਥਵਿਵਸਥਾ ਲਈ ਹੋਰ ਘਾਤਕ ਹੋਵੇਗਾ।
ਸ. ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਮੇਰੀ ਇਹ ਵੀ ਪੁਖਤਾ ਸੋਚ ਹੈ ਕਿ ਫਸਲਾਂ ਦੇ ਯੋਗ ਮੁੱਲ ਨਾ ਮਿਲਣ ਕਾਰਨ ਸੂਬੇ ਦੇ ਕਿਸਾਨਾਂ ਨੂੰ ਉਸ ਸਮੇਂ ਤੱਕ ਪਾਵਰ ਸਬਸਿਡੀ ਦਿੱਤੇ ਜਾਣ ਦੀ ਜਰੂਰਤ ਹੈ ਜਦ ਤੱਕ ਉਹਨਾਂ ਲਈ ਕੋਈ ਹੋਰ ਢੁੱਕਵਾਂ ਆਰਥਿਕ ਹੱਲ ਨਾ ਲੱਭਿਆ ਜਾਵੇ। ਇਹ ਵੀ ਰਿਕਾਰਡ ਦੀ ਗੱਲ ਹੈ ਕਿ ਨਾਬਾਰਡ ਦੀਆਂ ਤਾਜ਼ਾ ਰਿਪੋਰਟਾਂ ਅਨੁਸਾਰ ਪੰਜਾਬ ਦੇ ਕਿਸਾਨ 51,000 ਕਰੋੜ ਰੁਪਏ ਦੇ ਵੱਡੇ ਕਰਜ਼ੇ ਦੀ ਮਾਰ ਹੇਠ ਹਨ।
ਉਨ੍ਹਾਂ ਕਿਹਾ ਕਿ ਇਸ ਭਾਰੀ ਕਰਜ਼ੇ ਦੇ ਬੋਝ ਕਾਰਨ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਖੇਤੀ ਮਜਦੂਰ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਇਹਨਾਂ ਤਰਸਯੋਗ ਹਲਾਤਾਂ ਦੇ ਮੱਦੇਨਜ਼ਰ ਮੇਰੀ ਇਹ ਸੋਚ ਹੈ ਕਿ ਉਹ ਸਾਰੇ ਕਿਸਾਨ ਜੋ ਕਿ ਬਿਜਲੀ ਸਬਸਿਡੀ ਸੁਵਿਧਾ ਨੂੰ ਸਰੰਡਰ ਕਰਨ ਯੋਗ ਹਨ ਜੇਕਰ ਅਜਿਹਾ ਕਰ ਦੇਣ ਤਾਂ ਇਸ ਨਾਲ ਸਾਡੀ ਖੇਤੀਬਾੜੀ, ਸੂਬੇ ਦੀ ਅਰਥਵਿਵਸਥਾ ਦੇ ਨਾਲ ਨਾਲ ਪਾਣੀ ਦਾ ਪੱਧਰ ਸੁਧਰਾਨ ਵਿੱਚ ਵੀ ਮਦਦ ਹੋਵੇਗੀ। ਇਸ ਲਈ ਮੈਂ ਇਹ ਫੈਸਲਾ ਕੀਤਾ ਹੈ ਕਿ ਟਿਊਬਵੈਲ ਬਿਜਲੀ ਸਬਸਿਡੀ ਨੂੰ ਸਰੰਡਰ ਕਰਨ ਦੀ ਸ਼ੁਰੂਆਤ ਮੈਂ ਮੇਰੇ ਅਤੇ ਮੇਰੇ ਪਰਿਵਾਰ ਤੋਂ ਕਰਾਂ। ਇਸ ਬਾਰੇ ਵਿਚਾਰ ਮੈਨੂੰ ਪ੍ਰਧਾਨ ਮੰਤਰੀ ਵੱਲੋਂ ਉਹਨਾਂ ਸਾਰੇ ਆਰਥਿਕ ਤੋਰ ਉੱਤੇ ਸੰਪਨ ਲੋਕਾਂ ਨੂੰ ਲੈ.ਪੀ.ਜੀ ਸਬਸਿਡੀ ਛੱਡਣ ਲਈ ਕੀਤੀ ਗਈ ਅਪੀਲ ਤੋਂ ਆਇਆ ਹੈ, ਜਿਸ ਨਾਲ ਗਰੀਬਾਂ ਨੂੰ ਲਾਭ ਮਿਲ ਸਕੇ। ਇਥੇ ਵੀ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਉਹਨਾਂ ਸਾਰੇ ਕਿਸਾਨਾਂ ਨੂੰ ਸਬਸਿਡੀ ਛੱਡ ਦੇਣੀ ਚਾਹੀਦੀ ਹੈ ਜਿਹਨਾਂ ਕੋਲ ਜ਼ਿਆਦਾ ਜ਼ਮੀਨ ਦੀ ਮਾਲਿਕੀ ਹੈ ਤਾਂ ਕਿ ਛੋਟੇ ਅਤੇ ਦਰਮਿਆਨੇ ਕਿਸਾਨ ਇਸ ਸੁਵਿਧਾ ਦਾ ਲਾਹਾ ਲੈ ਸਕਣ। ਕਿਉਂਕਿ ਵੱਡੀ ਗਿਣਤੀ ਵਿੱਚ ਅਜਿਹੇ ਛੋਟੇ ਅਤੇ ਦਰਮਿਆਨੇ ਕਿਸਾਨ ਹਨ ਜਿਹਨਾਂ ਕੋਲ 2-3 ਏਕੜ ਜਮੀਨ ਹੈ ਅਤੇ ਇੱਕ ਟਿਊਬਵੈਲ ਕੁਨੈਕਸ਼ਨ ਹੈ ਜਾਂ ਕੋਈ ਕੁਨੈਕਸ਼ਨ ਨਹੀਂ ਹੈ ਅਤੇ ਫਸਲਾਂ ਉਗਾਉਣ ਲਈ ਪੂਰੀ ਤਰਾਂ ਨਾਲ ਡੀਜ਼ਲ ਜਨਰੇਟਰਾਂ ਉੱਪਰ ਨਿਰਭਰ ਹਨ।
ਉਨ੍ਹਾਂ ਕਿਹਾ ਕਿ ਮੇਰਾ ਇਹ ਵਿਸ਼ਵਾਸ ਹੈ ਕਿ ਇਕੱਲੇ ਬਾਦਲ ਪਰਿਵਾਰ ਕੋਲ ਹੀ 50 ਟਿਊਬਵੈਲ ਕੁਨਕੈਸ਼ਨ ਹਨ ਜੋ ਕਿ ਮੁਫਤ ਬਿਜਲੀ ਸਬਸਿਡੀ ਦਾ ਇਸਤੇਮਾਲ ਕਰ ਰਹੇ ਹਨ, ਇਸ ਤੋਂ ਇਲਾਵਾ ਤੁਹਾਡੇ ਸੈਂਕੜਿਆਂ ਏਕੜ ਦੇ ਵੱਡੇ ਬਾਗਾਂ ਨੂੰ ਸਿੰਜਣ ਲਈ ਬਿਨਾਂ ਕਿਸੇ ਰੁਕਾਵਟ ਦੇ ਪਾਣੀ ਦੀ ਸਪਲਾਈ ਮੁਹੱਈਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਮੰਦੇ ਹਲਾਤਾਂ ਵਿੱਚੋਂ ਨਿਕਲ ਰਹੇ ਸੂਬੇ ਦੇ ਮੁੱਖੀ ਹੋਣ ਦੇ ਨਾਤੇ ਤੁਸੀਂ ਬਿਜਲੀ ਸਬਸਿਡੀ ਸਰੰਡਰ ਕਰਕੇ ਇੱਕ ਮਿਸਾਲ ਕਾਇਮ ਕਰੋਗੇ। ਇਸ ਦੇ ਨਾਲ ਹੀ ਮੈਂ ਆਪਣੀ ਪਾਰਟੀ ਦੇ ਸਾਥੀ ਕਿਸਾਨਾਂ ਅਤੇ ਸਰਪੰਚਾਂ ਤੋਂ ਲੈ ਕੇ ਐਮ.ਪੀ ਤੱਕ ਚੁਣੇ ਹੋਏ ਨੁਮਾਂਇੰਦਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਉਕਤ ਸਬਸਿਡੀ ਛੱਡ ਦੇਣ ਤਾਂ ਕਿ ਇਸ ਚੰਗੀ ਮੁਹਿੰਮ ਨੂੰ ਹੋਰ ਅੱਗੇ ਵਧਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਮੈਂ ਪੰਜਾਬ ਸਰਕਾਰ ਕੋਲੋਂ ਇਹ ਵੀ ਮੰਗ ਕਰਦਾ ਹਾਂ ਕਿ ਪੂਰੇ ਪੰਜਾਬ ਵਿੱਚ ਸਾਰੇ ਵੱਡੇ ਕਿਸਾਨਾਂ ਨੂੰ ਆਪਣੀ ਬਿਜਲੀ ਸਬਸਡੀ ਸਰੰਡਰ ਕਰਨ ਵਾਸਤੇ ਮਨਾਉਣ ਲਈ ਇੱਕ ਸੂਬਾਪੱਧਰੀ ਮੁਹਿੰਮ ਚਲਾਈ ਜਾਵੇ ਤਾਂ ਕਿ ਬਿਜਲੀ ਸਬਸਿਡੀ ਦਾ ਫਾਇਦਾ ਗਰੀਬ ਤੋਂ ਗਰੀਬ ਕਿਸਾਨ ਨੂੰ ਮਿਲ ਸਕੇ।

LEAVE A REPLY