8ਵਾਸ਼ਿੰਗਟਨ : ਫਰਾਂਸ ਦੇ ਲੜਾਕੂ ਜਹਾਜ਼ਾਂ ਨੇ ਉਤਰੀ ਇਰਾਕ ਦੇ ਮੋਸੁਲ ਸ਼ਹਿਰ ਨਜ਼ਦੀਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਇਕ ਕਮਾਂਡ ਸੈਂਟਰ ਅਤੇ ਇਕ ਟ੍ਰੈਨਿੰਗ ਕੈਂਪ ਨੂੰ ਤਬਾਹ ਕਰ ਦਿੱਤਾ। ਇਸ ਹਮਲੇ ਦੀ ਜਾਣਕਾਰੀ ਫਰਾਂਸ ਦੇ ਇਕ ਅਧਿਕਾਰੀ ਨੇ ਦਿੱਤੀ। ਉਸ ਨੇ ਦੱਸਿਆ ਕਿ ਇਸ ਹਮਲੇ ‘ਚ ਸ਼ਹਿਰ ਦੇ ਨਜ਼ਦੀਕ ਤਾਲ ਅਫਾਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਹ ਕਾਰਵਾਈ ਉਸ ਸਮੇਂ ਕੀਤੀ ਗਈ, ਜਦੋਂ ਫਰਾਂਸ ਦੇ ਰਾਸ਼ਟਰਪਤੀ ਫ੍ਰਾਂਸਵਾ ਓਲਾਂਦ ਨੇ ਅਮਰੀਕੀ ਬਰਾਕ ਓਬਾਮਾ ਨਾਲ ਗੱਲਬਾਤ ਕਰਨ ਲਈ ਵਾਸ਼ਿੰਗਟਨ ਦਾ ਦੌਰਾ ਕੀਤਾ। ਪੈਰਿਸ ‘ਚ ਓਬਾਮਾ ਅਤੇ ਓਲਾਂਦ ਨੇ ਐਲਾਨ ਕੀਤਾ ਕਿ ਉਹ ਆਈ.ਐੱਸ. ਵਿਰੁੱਧ ਆਪਣੇ ਹਵਾਈ ਹਮਲੇ ਤੇਜ਼ ਕਰਨਗੇ। ਉਨ੍ਹਾਂ ਨੇ ਰੂਸ ਨੂੰ ਅਪੀਲ ਕੀਤੀ ਕਿ ਉਹ ਆਪਣੀ ਫੌਜ ਦੀ ਵਰਤੋਂ ਆਈ.ਐੱਸ. ਦੇ ਖਿਲਾਫ ਕਰੇ। ਫਰਾਂਸ ਦੇ ਰੱਖਿਆ ਮੰਤਰਾਲੇ ਨੇ ਆਪਣੇ ਬਿਆਨ ‘ਚ ਕਿਹਾ ਕਿ ਅਮਰੀਕੀ ਏਅਰ ਫੋਰਸ ਨਾਲ ਮਿਲ ਕੇ ਇਹ ਹਮਲੇ ਕੌਮਾਂਤਰੀ ਸਮੇਂ ਅਨੁਸਾਰ 18.30 ਵਜੇ ਕੀਤੇ ਗਏ, ਜੋ ਕਿ ਲਗਾਤਾਰ ਕਰੀਬ ਪੰਜ ਘੰਟੇ ਤੱਕ ਜਾਰੀ ਰਹੇ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੈਰਿਸ ‘ਚ ਹੋਏ ਅੱਤਵਾਦੀ ਹਮਲਿਆਂ ‘ਚ ਤਕਰੀਬਨ 130 ਲੋਕਾਂ ਨੂੰ ਬੜੀ ਬੇਦਰਦੀ ਨਾਲ ਕਤਲ ਕਰ ਦਿੱਤਾ ਗਿਆ ਸੀ।

LEAVE A REPLY