main newsਜਿਉਂ ਹੀ ਬਾਬਾ ਆਤਮਾ ਸਿਉਂ ਸੱਥ ਵਿੱਚ ਆ ਕੇ ਥੜ੍ਹੇ ਕੋਲ ਆਪਣੀ ਸੋਟੀ ਉੱਤੇ ਦੋਵੇਂ ਹੱਥ ਧਰ ਕੇ ਸੋਟੀ ਦੇ ਸਹਾਰੇ ਖੜ੍ਹਾ ਹੋ ਕੇ ਨਿਗ੍ਹਾ ਵਾਲੇ ਗੋਲ ਸ਼ੀਸ਼ਿਆਂ ਅਤੇ ਨੱਕ ‘ਤੇ ਟਿਕਣ ਵਾਲੀ, ਡੰਡੀ ਉੱਪਰ ਮੈਲ਼ੇ ਜੇ ਲਪੇਟੇ ਚਿੱਟੇ ਧਾਗੇ ਵਾਲੀ ਐਨਕ ਵਿਚਦੀ ਨੱਕੋ ਨੱਕ ਭਰੀ ਹੋਈ ਸੱਥ ‘ਚ ਬੈਠੇ ਲੋਕਾਂ ਵੱਲ ਗਹੁ ਨਾਲ ਵੇਖਣ ਲੱਗਿਆ ਤਾਂ ਪ੍ਰਤਾਪਾ ਭਾਊ ਬਾਬੇ ਨੂੰ ਕਹਿੰਦਾ, ”ਕੀਹਨੂੰ ਵੇਹਨੈਂ ਬਾਬਾ?”
ਸੀਤੇ ਮਰਾਸੀ ਨੇ ਬਾਬੇ ਦੇ ਬੋਲਣ ਤੋਂ ਪਹਿਲਾਂ ਹੀ ਬਾਬੇ ਨੂੰ ਪੁੱਛ ਲਿਆ, ”ਬਾਬਾ ਕੇਵਲ ਨੂੰ ਵੇਹਨੈਂ?”
ਕੇਵਲ ਬਾਬੇ ਆਤਮਾ ਸਿਉਂ ਦੇ ਵੱਡੇ ਪੋਤੇ ਦਾ ਨਾਂਅ ਸੀ ਤੇ ਉਹ ਵੀ ਕਿੰਨਾ ਕਿੰਨਾ ਚਿਰ ਸੱਥ ‘ਚ ਬੈਠਾ ਰਹਿੰਦਾ ਸੀ।
ਬਾਬਾ ਕਹਿੰਦਾ, ”ਕਾਹਨੂੰ! ਮੈਨੂੰ ਤਾਂ ਚਬਾਰੇ ‘ਚ ਬੈਠੇ ਨੂੰ ਭਲੇਖਾ ਜਾ ਪਿਆ ਜਿਮੇਂ ਗਮਦੂਰ ਸਿਉਂ ਸੱਥ ‘ਚ ਆਇਆ ਹੁੰਦਾ। ਮੈਂ ਤਾਂ ਤਾਹੀਉਂ ਆਇਆ ਸੀ ਬਈ ਕੀ ਗੱਲ ਹੋ ਗਈ ਉਹਨੂੰ ਤਾਂ ਮਹੀਨੇ ਆਂਗੂੰ ਈ ਹੋ ਗਿਆ ਯਾਰ ਸੱਥ ‘ਚ ਈ ਨ੍ਹੀ ਆਇਆ।”
ਮਾਹਲਾ ਨੰਬਰਦਾਰ ਕਹਿੰਦਾ, ”ਘਰੇ ਤਾਪ ਵੜਿਆ ਵਿਆ। ਕਿਤੋਂ ਚੱਜ ਦੀ ਦੁਆ ਬੂਟੀ ਤਾਂ ਕਰਾਉਣੀ ਨ੍ਹੀ, ਟੂਣੇ ਟੱਪਿਆਂ ‘ਚ ਉਲਝਿਆ ਫ਼ਿਰਦਾ ਸਾਰਾ ਟੱਬਰ ਸਣੇ ਗਮਦੂਰ ਸਿਉਂ।”
ਬਾਬਾ ਕਹਿੰਦਾ, ”ਤਾਪ ਕਿਮੇਂ ਵੜ ਗਿਆ ਬਈ ਖਾਣ ਪੀਣ ਆਲਿਆਂ ਦੇ ਘਰੇ, ਨਾਲੇ ਤਾਪ ਤਾਂ ਸੁਣਿਆਂ ਵੱਡੇ ਪੋਤੇ ਨੂੰ ਚੜ੍ਹਿਆ ਵਿਆ, ਗਮਦੂਰ ਸਿਉਂ ਘਰੇ ਬੈਠਾ ਕਾਹਦੀ ਵੈਦਗੀ ਕਰਦਾ?”
ਨਾਥਾ ਅਮਲੀ ਕਹਿੰਦਾ, ”ਜਦੋਂ ਕਿਤੇ ਪੋਤੇ ਨੂੰ ਲੈ ਕੇ ਜਾਣਾ ਹੁੰਦਾ ਉਦੋਂ ਵਾਸਣੀ ਤਾਂ ਗਮਦੂਰ ਸਿਉਂ ਈਂ ਢਿੱਲੀ ਕਰਦਾ ਭਾੜੇ ਕਰਾਏ ਨੂੰ ਜਿਹੜੀ ਲੱਕ ਨੂੰ ਬੰਨ੍ਹੀ ਫ਼ਿਰਦਾ। ਟੱਬਰ ਦੇ ਕਿਸੇ ਜੀਅ ਨੂੰ ਧੇਲੀ ਨ੍ਹੀ ਵਖਾਉਂਦਾ। ਤਾਹੀਉਂ ਸੱਥ ‘ਚ ਆਇਆ ਜਾਂਦਾ ਹੁਣ।”
ਸੀਤਾ ਮਰਾਸੀ ਬਾਬੇ ਨੂੰ ਕਹਿੰਦਾ, ”ਬਾਬਾ-ਬਾਬਾ! ਜੇ ਖਾਂਦੇ ਪੀਂਦੇ ਹੋਣ ਤਾਂ ਤਾਪ ਬਾਰ ਮੂਹਰਦੀ ਮਨ੍ਹੀ ਨੰਘਦਾ। ਖਾਣਾ ਨ੍ਹੀ ਪੀਣਾ ਨ੍ਹੀ ਤਾਪ ਈ ਚੜ੍ਹਣਾ ਹੋਰ ਕੀ ਹੋਣਾ। ਨਾਲੇ ਤਾਪ ਨੇ ਕਿਹੜਾ ਘਰੇ ਵੜਨ ਲੱਗੇ ਨੇ ਕਿਸੇ ਤੋਂ ਕੋਈ ਮਨਜੂਰੀ ਲੈਣੀ ਹੁੰਦੀ ਐ ਬਈ ਮੈਂ ਸੋਡੇ ਘਰੇ ਆ ਜਾਂ ਕੁ ਨਾ। ਇੱਕ ਸਾਡੀ ਜਾਤ ਹੋਈ ਮਰਾਸੀ, ਇੱਕ ਤਾਪ ਹੋਇਆ ਇੱਕ ਮੰਗਤਾ, ਇਹ ਤਿੰਨੇ ਬਿਨਾਂ ਸੱਦੇ ਈ ਅਗਲੇ ਦੇ ਘਰੇ ਵੜ ਜਾਂਦੇ ਐ। ਗਮਦੂਰ ਸਿਉਂ ਦੇ ਸਾਰਿਆਂ ਤੋਂ ਛੋਟੇ ਪੋਤੇ ਨੂੰ ਤੇਈਆ ਚੜ੍ਹਦਾ ਵੱਡੇ ਨੂੰ ਨ੍ਹੀ। ਕਿਸੇ ਚੰਗੇ ਡਾਕਦਾਰ ਤੋਂ ਤਾਂ ਦੁਆਈ ਬੂਟੀ ਕਰਾਉਂਦੇ ਨ੍ਹੀ, ਧਾਗੇ ਤਵੀਤਾਂ ‘ਚ ਤੁਰੇ ਫ਼ਿਰਦੇ ਐ ਸਾਧਾਂ ਸੂਧਾਂ ਕੋਲੇ। ਕਦੇ ਕਿਸੇ ਡੇਰੇ ਉਠ ਜਾਂਦੇ ਐ ਕਦੇ ਕਿਸੇ ਹੋਰ ਦੇ ਉਠ ਜਾਂਦੇ ਐ। ਮੈਨੂੰ ਤਾਂ ਲੱਗਦਾ ਦੋ ਢਾਈ ਮਹੀਨੇ ਈ ਨਾ ਹੋ ਗੇ ਹੋਣ ਕਿਤੇ ਜੁਆਕ ਨੂੰ ਤਾਪ ਚੜ੍ਹਦੇ ਨੂੰ। ਮੁੰਡਿਆਂ ਨੂੰ ਗਮਦੂਰ ਸਿਉਂ ਖੇਤ ਬੰਨੇ ਦੇ ਕੰਮ ਲਾਈ ਰੱਖਦਾ, ਪੋਤੇ ਨੂੰ ਆਪ ਲੈ ਕੇ ਜਾਂਦਾ ਜਿੱਥੇ ਜਾਣਾ ਹੁੰਦਾ ਦੁਆਈ ਬੂਟੀ ਕਰਾਉਣ।”
ਬੁੱਘਰ ਦਖਾਣ ਕਹਿੰਦਾ, ”ਦੁਆਈ ਬੂਟੀ ਕਿਹੜੀ ਕਰਾਉਣ ਜਾਂਦਾ? ਚਾਰਾਂ ਪੰਜਾਂ ਦਿਨਾਂ ਪਿੱਛੋਂ ਕੱਲ੍ਹ ਆਇਆ ਹਜੇ ਬੀਕਾਨੇਰੋਂ। ਉੱਥੇ ਕਹਿੰਦੇ ਕੋਈ ਡੇਰੇ ‘ਚ ਬਾਬਾ ਤੇਈਏ ਤਾਪ ਆਲੇ ਦੇ ਮੱਥੇ ‘ਤੇ ਤੜਕੇ ਆਥਣੇ ਸੱਤ ਡੰਗ ਮੋਰ ਦਾ ਫ਼ੰਘ ਲਾਉਂਦਾ। ਕਹਿੰਦੇ ਸਾਰੀ ਉਮਰ ਤੇਈਆ ਨ੍ਹੀ ਚੜ੍ਹਦਾ ਮੁੜ ਕੇ।”
ਸੀਤਾ ਮਰਾਸੀ ਡੇਰੇ ਵਾਲੇ ਬਾਬੇ ਦੇ ਖੰਭ ਦੀ ਗੱਲ ਸੁਣ ਕੇ ਟਿੱਚਰ ‘ਚ ਕਹਿੰਦਾ, ”ਮੱਥੇ ‘ਤੇ ਲਾਉਂਦਾ ਕੁ ਕਿਤੇ ਹੋਰ ਲਾਉਂਦਾ ਕੱਛ ਕੁੱਛ ‘ਚ?”
ਜੰਗੇ ਰਾਹੀ ਕਾ ਗੇਲਾ ਕਹਿੰਦਾ, ”ਕੱਛ ‘ਚ ਤਾਂ ਦਿੜ੍ਹਬੇ ਆਲਾ ਭੜਭੂੰਜਾ ਕਛਰਾਲੀ ਦਾ ਡੱਕਾ ਲਾਉਂਦਾ ਫ਼ੰਘ ਨ੍ਹੀ ਉਹ ਲਾਉਂਦਾ। ਉਹਦਾ ਤਾਂ ਸ਼ਰਤੀਆ ‘ਲਾਜ ਐ ਕਛਰਾਲੀ ਦਾ।”
ਨਾਥਾ ਅਮਲੀ ਗੇਲੇ ਦੀ ਗੱਲ ਸੁਣ ਕੇ ਹੱਸ ਪਿਆ। ਅਮਲੀ ਨੂੰ ਹਸਦੇ ਨੂੰ ਵੇਖ ਕੇ ਬਾਬਾ ਆਤਮਾਂ ਸਿਉਂ ਅਮਲੀ ਨੂੰ ਕਹਿੰਦਾ, ”ਕੀ ਗੱਲ ਨਾਥਾ ਸਿਆਂ ਤੂੰ ਹੱਸਿਐਂ ਬਈ ਡੱਕੇ ਤੋਂ?”
ਨਾਥਾ ਅਮਲੀ ਕਹਿੰਦਾ, ”ਹੁਣ ਨ੍ਹੀ ਬਾਬਾ ਦਿੜ੍ਹਬੇ ਆਲੇ ਦਾ ਡੱਕੇ ਆਲਾ ਟੂਣਾ ਫ਼ੁਰਦਾ, ਉਹ ਪਹਿਲੀਆਂ ‘ਚੀ ਤੁੱਕਾ ਲੱਗੀ ਗਿਆ ਉਹਦਾ। ਹੁਣ ਤਾਂ ਜਿੱਦੇਂ ਦਾ ਆਪਣੇ ਓਧਰਲੇ ਗੁਆੜ ਆਲੇ ਮਖੌਲੀਆਂ ਦਾ ਤੇਜਾ ਤਿੱਤਰ ਭੂਰੀ ਕੇ ਕੌਰੇ ਕਾਢੂ ਦੇ ਡੱਕਾ ਲਵਾਉਣ ਗਿਆ ਸੀ, ਓਦਣ ਦਾ ਓਹਦਾ ਟੂਣਾ ਫ਼ੋਕਾ ਈ ਜਾਂਦਾ।”
ਬਾਬੇ ਆਤਮਾ ਸਿਉਂ ਨੇ ਪੁੱਛਿਆ, ”ਕਿਉਂ ਹੁਣ ਕੀ ਹੋ ਗਿਆ ਡੱਕੇ ਨੂੰ, ਉਹ ਡੱਕਾ ਕੀ ਲਿਖਣ ਆਲੀ ਕੋਈ ਪਿਲਸਨ ਸੀ ਬਈ ਹੁਣ ਉਹਦਾ ਸੁਰਮਾ ਘਸ ਗਿਆ ਤੇ ਲਿਖਣੋਂ ਹੱਟਗੀ ਜੀਹਦਾ ਕਰ ਕੇ ਟੂਣਾਂ ਫ਼ੁਰਦਾ ਨ੍ਹੀ।”
ਨਾਥਾ ਅਮਲੀ ਬਾਬੇ ਨੂੰ ਕਹਿੰਦਾ, ”ਤੂੰ ਪਹਿਲਾਂ ਉਰੇ ਐਥੇ ਥੜ੍ਹੇ ‘ਤੇ ਆ ਜਾ ਬਹਿ ਜਾ, ਫ਼ੇਰ ਸਣਾਉਨੇ ਐਂ ਤੈਨੂੰ ਸਾਰੀ ਹੀਰ। ਆਂਏਂ ਤਾਂ ਤੂੰ ਖੜ੍ਹਾ ਈ ਥੱਕ ਜੇਂਗਾ, ਆ ਜਾ ਬਹਿ ਜਾ ਪਹਿਲਾਂ।”
ਨਾਥੇ ਅਮਲੀ ਆਪਣੇ ਨਾਲ ਚੌਕੜਾਂ ਮਾਰੀ ਬੈਠੇ ਮਸ਼ੀਨ ਆਲਿਆਂ ਦੇ ਮੁੰਡੇ ਜੱਗੂ ਨੂੰ ਧੱਕਾ ਮਾਰ ਕੇ ਕਹਿੰਦਾ, ”ਪਰ੍ਹਾਂ ਨੂੰ ਹੋ ਓਏ ਬਾਬੇ ਨੂੰ ਬੈਠਣ ਦੇ। ‘ਕੱਲਾ ਈ ਘਮਾਂਅ ਥਾਂ ਰੋਕੀ ਬੈਠੈਂ ਜਿਮੇਂ ਗਾਹਾਂ ਸਤੀਲਦਾਰ ਲੱਗਿਆ ਹੁੰਨੈ। ਐਥੇ ਉਰ੍ਹੇ ਆ ਜਾ ਬਾਬਾ ਤੈਨੂੰ ਦੱਸੀਏ ਦਿੜ੍ਹਬੇ ਆਲੇ ਭੜਭੂੰਜੇ ਦੇ ਡੱਕੇ ਦੀ ਵੀ ਰਾਮ ਕਹਾਣੀ।”
ਥੜ੍ਹੇ ਦੇ ਨਾਲ ਸੋਟੀ ਖੜ੍ਹੀ ਰੱਖ ਕੇ ਬਾਬਾ ਆਤਮਾ ਸਿਉਂ ਲੱਤਾਂ ਲਮਕਾ ਕੇ ਥੜ੍ਹੇ ‘ਤੇ ਬੈਠਣ ਸਾਰ ਕਹਿੰਦਾ, ”ਹਾਂ ਬਈ! ਦੱਸ ਫ਼ੇਰ ਕਿਮੇਂ ਆ ਗੱਲ ਡੱਕੇ ਦੀ। ਹੁਣ ਕਾਹਤੋਂ ਨ੍ਹੀ ਫ਼ੁਰਦਾ ਓਹਦੇ ਡੱਕੇ ਦਾ ਟੂਣਾ?”
ਨਾਥਾ ਅਮਲੀ ਕਹਿੰਦਾ, ”ਤਿੱਤਰ ਭੂਰੀ ਕੇ ਜੋਰੀ ਕੌਰੇ ਕਾਢੂ ਨੂੰ ਵੀ ਗਮਦੂਰ ਸਿਉਂ ਦੇ ਪੋਤੇ ਆਂਗੂੰ ਤਾਪ ਚੜ੍ਹਦਾ ਸੀ। ਮਾਈ ਰੇਲੋ ਨੇ ਕਿਤੇ ਭੂਰੀ ਕੀ ਬੁੜ੍ਹੀ ਨੂੰ ਦੱਸ ਪਾ ‘ਤੀ ਬਈ ਦਿੜ੍ਹਬੇ ਡੇਰੇ ਆਲਾ ਬਾਬਾ ਤੇਈਏ ਤਾਪ ਦਾ ਡੱਕਾ ਲਾਉਂਦਾ, ਮਜਾਲੈ ਮੁੜ ਕੇ ਤਾਪ ਘਰ ਬੰਨੀ ਮੂੰਹ ਵੀ ਕਰ ਜੇ। ਬੁੜ੍ਹੀ ਨੇ ਕਿਤੇ ਤਿੱਤਰ ਭੂਰੀ ਨੂੰ ਦੱਸਿਆ। ਤਿੱਤਰ ਭੂਰੀ ਮਖੌਲੀਆਂ ਦੇ ਤੇਜੇ ਨੂੰ ਨਾਲ ਲੈ ਗਿਆ ਕਿਉਂਕਿ ਤੇਜੇ ਕੋਲੇ ਵੱਡਾ ਭਿਟਭਿਟੀਆ ਰੀਂਡਲ ਫ਼ੀਂਡਲ। ਤੇਜੇ ਤੇ ਤਿੱਤਰ ਭੂਰੀ ਨੇ ਕੌਰੇ ਨੂੰ ਬਠਾਇਆ ਵਚਾਲੇ, ਭਿਟਭਿਟੀਆ ਲੈ ਕੇ ਦਿੜ੍ਹਬੇ ਡੇਰੇ ਜਾ ਵੜੇ। ਡੇਰੇ ਆਲੇ ਸਾਧ ਨੂੰ ਕਹਿੰਦੇ ‘ਆਹ ਮੁੰਡੇ ਦਾ ਬਾਬਾ ਜੀ ਤਾਪ ਨ੍ਹੀ ਲਹਿੰਦਾ’। ਸਾਧ ਨੇ ਤਿੰਨ ਚਾਰ ਵਾਰੀ ਕੌਰੇ ਦੇ ਡੱਕਾ ਖਭੋਇਆ ਤੇ ਕਹਿੰਦਾ ‘ਇੱਕ ਵਾਰੀ ਪਰਸੋਂ ਆ ਜਿਓ, ਇੱਕ ਵਾਰੀ ਓਦੂੰ ਦੋ ਦਿਨ ਨੰਘਾ ਕੇ ਆ ਜਿਓ। ਤਾਪ ਨਾ ਚੜ੍ਹਿਆ ਮੁੜ ਕੇ’। ਕੌਰੇ ਦੇ ਡੱਕਾ ਲਾ ਕੇ ਸਾਧ ਆਪ ਤਾਂ ਕੁਟੀਆ ਜੀ ‘ਚ ਵੜ ਗਿਆ ਕੋਈ ਦੁਆਈ ਬੂਟੀ ਲੈਣ। ਤੇਜਾ ਕਿਤੇ ਤਿੱਤਰ ਭੂਰੀ ਨੂੰ ਕਹਿੰਦਾ ‘ਭੋਰਾ ਕੁ ਡੱਕੇ ਕਰ ਕੇ ਦੋ ਤਿੰਨ ਵਾਰੀ ਫ਼ੇਰ ਆਉਣਾ ਪਊ। ਤੇਜੇ ਨੇ ਹੌਲੀ ਕੁ ਦੇਣੇ ਬਾਬਾ ਡੱਕਾ ਚੱਕ ਕੇ ਨੇਫ਼ੇ ‘ਚ ਟੰਗ ਲਿਆ ਤੇ ਭਿਟਭਿਟੀਏ ‘ਤੇ ਚੜ੍ਹ ਕੇ ਪਿੰਡ ਵੱਜੇ। ਤੀਜੇ ਦਿਨ ਤਿੱਤਰ ਭੂਰੀ ਤੇਜੇ ਨੂੰ ਘਰੇ ਜਾ ਕੇ ਕਹਿੰਦਾ ‘ਤੇਜ ਸਿਆਂ! ਅੱਜ ਆਪਾਂ ਫ਼ੇਰ ਚੱਲਣਾ ਯਾਰ ਮੁੰਡੇ ਦੇ ਡੱਕਾ ਲਵਾਉਣ’। ਤੇਜਾ ਕਹਿੰਦਾ ‘ਹੁਣ ਨ੍ਹੀ ਆਪਾਂ ਨੂੰ ਜਾਣਾ ਪੈਂਦਾ, ਹੁਣ ਸਾਧ ਆਲਾ ਡੱਕਾ ਆਪਣੇ ਕੋਲੇ ਐ। ਤੂੰ ਮੁੰਡੇ ਨੂੰ ਐਥੈ ਲਿਆ, ਆਹ ਵੇਖ ਉਹੀ ਡੱਕਾ ਜਿਹੜਾ ਪਰਸੋਂ ਸਾਧ ਨੇ ਤੇਰੇ ਮੁੰਡੇ ਦੇ ਲਾਇਆ ਸੀ। ਮੈਂ ਘਰੇ ਈ ਚੱਕ ਲਿਆਇਆ। ਹੁਣ ਆਪਾਂ ਲਾਇਆ ਕਰਾਂਗੇ ਲੋਕਾਂ ਦੇ। ਸਹੀ ‘ਲਾਜ ਆਲਾ ਡੱਕਾ ਤਾਂ ਹੁਣ ਆਪਣੇ ਘਰੇ ਐ, ਓੱਥੇ ਕੀਅ੍ਹਾ ਹੁਣ। ਉੱਥੇ ਤਾਂ ਫ਼ੋਕਾ ਤੂਤੜਾ ਈ ਰਹਿ ਗਿਆ। ਲਿਆ ਮੁੰਡੇ ਨੂੰ ਤੂੰ ਐਥੇ ਕਰੀਏ ਦਿੜ੍ਹਬੇ ਆਲੇ ਬਾਬੇ ਆਲਾ ਟੂਣਾ’।
ਬਾਬੇ ਨੇ ਅਮਲੀ ਨੂੰ ਪੁੱਛਿਆ, ”ਹੁਣ ਫ਼ਿਰ ਤੂੰ ਇਹ ਦੱਸ ਬਈ ਗਮਦੂਰ ਸਿਉਂ ਕੇ ਕਿੱਥੇ ਲੈ ਕੇ ਜਾਂਦੇ ਐ ਜੁਆਕ ਨੂੰ?”
ਸੀਤਾ ਮਰਾਸੀ ਕਹਿੰਦਾ, ”ਜਿੱਥੇ ਕੋਈ ਕਿਸੇ ਸਾਧ ਦੀ ਦੱਸ ਪਾਉਂਦਾ, ਉੱਥੇ ਈ ਲੈ ਤੁਰਦੇ ਐ ਮੁੰਡੇ ਨੂੰ। ਨਾਲੇ ਬਮਾਰ ਠਮਾਰ ‘ਤੇ ਤਾਂ ਸਾਰੇ ਈ ਵੈਦ ਬਣ ਜਾਂਦੇ ਐ, ਆਵਦੇ ਘਰੇ ਭਾਮੇਂ ਨਲੀ ਨਾ ਪੂੰਝੀ ਜਾਂਦੀ ਹੋਵੇ।”
ਸੱਥ ‘ਚ ਬੈਠਾ ਸੂਤ ਵੱਟੀ ਜਾਂਦਾ ਗੋਲ਼ੇ ਨੂੰ ਘੁਮਾ ਕੇ ਬਖਤੌਰੇ ਕਾ ਤੋਤੀ ਕਹਿੰਦਾ, ”ਪਹਿਲਾਂ ਤਾਂ ਗਮਦੂਰ ਸਿਉਂ ਕਿਆਂ ਨੂੰ ਇਹ ਨ੍ਹੀ ਪਤਾ ਬਈ ਮੁੰਡੇ ਨੂੰ ਤੇਈਆ ਚੜ੍ਹਦਾ ਕੁ ਸੱਤ ਰੋਜਾ ਤਾਪ ਐ। ਫ਼ੇਰ ਦੂਜੀ ਗੱਲ ਉਹ ਕਿਸੇ ਨੂੰ ਪੁੱਛਦੇ ਨ੍ਹੀ ਬਈ ਬਮਾਰ ਨੂੰ ਕਿੱਥੋਂ ਦੁਆਈ ਬੂਟੀ ਕਰਾਈਏ। ਜਿੱਥੇ ਕੋਈ ਦੱਸ ਪਾਉਂਦਾ ਪਤੰਦਰ ਉੱਥੇ ਈ ਲੈ ਕੇ ਤੁਰ ਪੈਂਦੇ ਐ।”
ਨਾਥਾ ਅਮਲੀ ਕਹਿੰਦਾ, ”ਤੇਈਆ ਚੜ੍ਹਦਾ।”
ਸੀਤਾ ਮਰਾਸੀ ਕਹਿੰਦਾ, ”ਚੜ੍ਹਦਾ ਤਾਂ ਫ਼ਿਰ ਤੇਈਆ, ਲਈ ਫ਼ਿਰਦੇ ਐ ਦਿੜ੍ਹਬੇ ਆਲੇ ਕਛਰਾਲੀ ਵੈਦ ਕੋਲੇ।”
ਨਾਥਾ ਅਮਲੀ ਕਹਿੰਦਾ, ”ਦਿੜ੍ਹਬੇ ਕਾਹਨੂੰ ਗਏ ਐ ਯਾਰ ਓਹੋ। ਉਹ ਤਾਂ ਊਂ ਗੱਲ ਕੀਤੀ ਸੀ ਬਈ ਤਿੱਤਰ ਭੂਰੀ ਤੇ ਤੇਜੇ ਨੇ ਇਉਂ ਕੀਤੀ ਸੀ ਪਖੰਡੀ ਸਾਧ ਨਾਲ ਬਈ ਉਹਦਾ ਕਛਰਾਲੀ ਹਟਾਉਣਾ ਝੁਰਲੂ ਈ ਚੱਕ ਲਿਆਏ। ਇਨ੍ਹਾਂ ਕੋਲੇ ਕਿੱਥੇ ਐ ਕਿਸੇ ਬਮਾਰੀ ਦਾ ਕੋਈ ‘ਲਾਜ। ਇਹ ਪਖੰਡੀ ਜੇ ਤਾਂ ਜੇਬ੍ਹ ਖੀਸੇ ਦਾ ‘ਲਾਜ ਤਾਂ ਕਰ ਦਿੰਦੇ ਐ ਬਮਾਰੀ ਦਾ ਨ੍ਹੀ ਹੁੰਦਾ ‘ਲਾਜ ਹੁੰਦਾ ਇਨ੍ਹਾਂ ਤੋਂ।”
ਗੱਲਾਂ ਸੁਣੀ ਜਾਂਦਾ ਘੀਚਰ ਬੁੜ੍ਹਾ ਕਹਿੰਦਾ, ”ਜੇ ਤੇਈਆ ਚੜ੍ਹਦਾ ਤਾਂ ਆਹ ਪੰਡੋਰੀ ਸਿੱਧਮਾਂ ਆਲੇ ਦਸੌਂਧੀ ਬਾਵੇ ਤੋਂ ‘ਥ੍ਹੌਲ਼ਾ ਪੁਆਉਣ। ਹੋਰ ਈਂ ਸੁੰਨੀਆਂ ਖੱਡਾਂ ‘ਚ ਹੱਥ ਪਾਈ ਜਾਂਦੇ ਐ।”
ਦਸੌਂਧੀ ਬਾਵੇ ਦਾ ਨਾਂ ਸੁਣ ਕੇ ਨਾਥਾ ਅਮਲੀ ਕਹਿੰਦਾ, ”ਰਹਿਣ ਦੇ ਬੁੜ੍ਹਿਆ ਇਹੋ ਜੀ ਸਲਾਹ ਦੇਣ ਨੂੰ। ਅੱਗੇ ਤਾਂ ਪੱਠੇ ਵੱਢਣ ਆਲੀ ਦਾਤੀ ਨਾਲ ਥ੍ਹੌਲ਼ਾ ਪਾਉਂਦੇ ਹੁੰਦੇ ਸੀ। ਅੱਜ ਕੱਲ੍ਹ ਹੱਥ ਆਲਾ ਥ੍ਹੌਲ਼ਾ ਈ ਫ਼ੁਰਦਾ, ਦਾਤੀ ਦੂਤੀ ਆਲਾ ‘ਥ੍ਹੌਲਾ ਨ੍ਹੀ ਕੰਮ ਕਰਦਾ। ਜਿਹੜੇ ਦਸੌਂਧੀ ਬਾਵੇ ਦੇ ‘ਥ੍ਹੌਲ਼ੇ ਦੀ ਬੁੜ੍ਹਿਆ ਤੂੰ ਗੱਲ ਕਰਦੈਂ, ਉਹਦੇ ਹੱਥ ਦਾ ਥ੍ਹੌਲ਼ਾ ਤਾਂ ਵੱਡਿਆਂ ਵੱਡਿਆਂ ਨੂੰ ਭੰਬੂ ਤਾਰੇ ਵਖਾ ਦਿੰਦਾ, ਮੁੰਡੇ ਨੂੰ ਤਾਂ ਇਉਂ ਚਲਾ ਦੂ ਜਿਮੇਂ ਭੀਮ ਸੈਨ ਨੇ ਕਹਿੰਦੇ ਹਾਥੀ ਚਲਾ ‘ਤੇ ਸੀ। ਇੱਲ੍ਹ ਦੇ ਫ਼ਰ ਜਿੱਡਾ ਲਫ਼ੇੜਾ ਉਹਦਾ, ਐਮੇਂ ਨਾ ਜੁਆਕ ਮਰਵਾ ਕੇ ਰੱਖ ਦਿਉ, ਤਾਪ ਤਾਂ ਹੋਰ ਦਸਾਂ ਦਿਨਾਂ ਨੂੰ ਲਹਿ ਜੂ। ਜੇ ਜੁਆਕ ਦੀ ਕੋਈ ਜਾਹ ਜਾਂਦੀ ਹੋ ਗੀ ਸਾਰੀ ਉਮਰ ਦਾ ਪਛਤਾਵਾ ਲੱਗ ਜੂ।”
ਜੋਗਾ ਕਾਮਰੇਡ ਕਹਿੰਦਾ, ”ਜੇ ਤਾਂ ਚੜ੍ਹਦਾ ਤੇਈਆ ਤਾਪ, ਫ਼ੇਰ ਤਾਂ ਦਸੌਂਧੀ ਬਾਵੇ ਤੋਂ ਈਂ ‘ਥ੍ਹੌਲ਼ਾ ਕਰਾਉਣ। ਜੇ ਭਾਈ ਕੱਛ ਵਿੱਚ ਕਛਰਾਲੀ ਕੁਛਰੂਲੀ ਐ, ਫ਼ੇਰ ਮਖੌਲੀਆਂ ਦਾ ਤੇਜਾ ਦਿੜ੍ਹਬੇ ਆਲੇ ਡੇਰੇ ‘ਚੋਂ ਜਿਹੜਾ ਡੱਕਾ ਚੱਕ ਕੇ ਲਿਆਇਆ, ਉਹ ਲਵਾ ਲੈਣ।”

ਨਾਥਾ ਅਮਲੀ ਕਹਿੰਦਾ, ”ਜੇ ਦਸੌਂਧੀ ਬਾਵੇ ਆਲੇ ‘ਥ੍ਹੌਲ਼ੇ ਦਾ ਪੱਕਾ ਈ ‘ਲਾਜ ਐ ਤਾਂ ਪੋਤੇ ਵੰਡੇ ਦਾ ਲਫ਼ੇੜਾ ਫ਼ੇਰ ਗਮਦੂਰ ਸਿਉਂ ਖਾਵੇ। ਫ਼ੇਰ ਤਾਂ ਕਹਾਣੀ ਸੂਤ ਆ ਜੂ, ਨਹੀਂ ਫ਼ੇਰ ਤੁਰੇ ਫ਼ਿਰਨ ਭਾੜਾ ਪੱਟਦੇ।”
ਬਾਬਾ ਆਤਮਾ ਸਿਉਂ ਕਹਿੰਦਾ, ”ਚਲੋ ਖਾਂ ਆਪਾਂ ਪਤਾ ਲੈ ਈ ਲੈਨੇਂ ਆਂ ਬਈ ਜੁਆਕ ਨੂੰ ਤੇਈਆ ਚੜ੍ਹਦਾ ਕੁ ਹੋਰ ਕੋਈ ਮਰਜ਼ ਐ?”
ਬਾਬੇ ਦੀ ਗੱਲ ਸੁਣ ਕੇ ਸਾਰੇ ਜਾਣੇ ਸੱਥ ‘ਚੋਂ ਉੱਠ ਕੇ ਗਮਦੂਰ ਸਿਉਂ ਦੇ ਘਰ ਨੂੰ ਉਹਦੇ ਪੋਤੇ ਦੀ ਖ਼ਬਰ ਨੂੰ ਚੱਲ ਪਏ।

LEAVE A REPLY