sports newsਨਿਕੀ ਰੋਸਬਰਗ ਨੇ ਸੀਜ਼ਨ ਦੇ ਆਖਰੀ ਆਬੂ ਧਾਬੀ ਗ੍ਰਾਂ. ਪ੍ਰੀ. ‘ਚ ਜਿੱਤ ਦੇ ਨਾਲ ਆਪਣੀ ਹੈਟ੍ਰਿਕ ਪੂਰੀ ਕਰਦੇ ਹੋਏ ਫ਼ਾਰਮੂਲਾ ਵਨ ਸੀਜ਼ਨ ਦਾ ਅੰਤ ਕੀਤਾ। ਰੋਸਬਰਗ ਨੇ ਮਰਸਡੀਜ਼ ਟੀਮ ਦੇ ਆਪਣੇ ਸਾਥੀ ਅਤੇ ਵਿਸ਼ਵ ਚੈਂਪੀਅਨ ਲੁਈਸ ਹੈਮਿਲਟਨ ਨੂੰ ਪਛਾੜ ਦਿੱਤਾ।
ਪਿਛਲੇ ਮਹੀਨੇ ਅਮਰੀਕੀ ਗ੍ਰਾਂ. ਪ੍ਰੀ. ਦੌਰਾਨ ਹੈਮਿਲਟਨ ਨੇ ਵਿਸ਼ਵ ਖਿਤਾਬ ਆਪਣੇ ਨਾਂ ਤੈਅ ਕਰਨ ਤੋਂ ਬਾਅਦ ਜਰਮਨੀ ਦੇ ਰੋਸਬਰਗ ਨੇ ਲਗਾਤਾਰ ਛੇਵੀਂ ਰੇਸ ‘ਚ ਪੋਲ ਪੋਜੀਸ਼ਨ ਨਾਲ ਸ਼ੁਰੂਆਤ ਕੀਤੀ ਅਤੇ ਪੂਰੀ ਰੇਸ ਦੌਰਾਨ ਆਪਣਾ ਦਬਦਬਾ ਬਣਾ ਕੇ ਰੱਖਿਆ ਤੇ ਜਿੱਤ ਦਰਜ ਕੀਤੀ।
ਇਹ ਰੋਸਬਰਗ ਦੀ ਸਾਲ ਦੀ ਛੇਵੀਂ ਅਤੇ ਕੈਰੀਅਰ ਦੀ 14ਵੀਂ ਜਿੱਤ ਹੈ। ਦੂਜੇ ਨੰਬਰ ‘ਤੇ ਰਹੇ ਹੈਮਿਲਟਨ ਨੇ ਸੈਸ਼ਨ ਦੌਰਾਨ 10 ਰੇਸਾਂ ‘ਚ ਜਿੱਤ ਦਰਜ ਕੀਤੀ। ਫ਼ਿਨਲੈਂਡ ਦੇ ਕਿ.ਮੀ. ਰਾਈਕੋਨੇਨ ਨੇ ਤੀਜੇ ਜਦਕਿ ਫ਼ੇਰਾਰੀ ਟੀਮ ਦੇ ਉਸ ਦੇ ਸਾਥੀ ਸਬੇਸਟਿਅਨ ਵੇਟੇਲ ਚੌਥੇ ਨੰਬਰ ‘ਤੇ ਰਹੇ। ਫ਼ੋਰਸ ਇੰਡੀਆ ਦੇ ਸਰਜਿਚ ਪੇਰੇਜ ਨੇ 5ਵਾਂ ਜਦਕਿ ਉਸ ਦੇ ਸਾਥੀ ਨਿਕੋ ਹੁਲਕੇਨਬਰਗ ਨੇ 7ਵਾਂ ਸਥਾਨ ਹਾਸਲ ਕੀਤਾ, ਜਿਸ ਨਾਲ ਸਹਾਰਾ ਫ਼ੋਰਸ ਇੰਡੀਆ ਨੇ ਸੈਸ਼ਨ ਦੀ ਆਖਰੀ ਰੇਸ ‘ਚ ਦੁਗਣੇ ਅੰਕ ਹਾਸਲ ਕੀਤੇ।
ਪੇਰੇਜ ਨੇ 5ਵੇਂ ਅਤੇ ਹੁਲਕੇਨਬਰਗ ਨੇ 7ਵੇਂ ਸਥਾਨ ‘ਤੇ ਰਹਿਣ  ਕਰ ਕੇ ਫ਼ੋਰਸ ਇੰਡੀਆ ਨੂੰ 16 ਅੰਕ ਮਿਲੇ ਅਤੇ ਟੀਮ ਕੁੱਲ 136 ਅੰਕਾਂ ਨਾਲ ਟੀਮ ਚੈਂਪੀਅਨਸ਼ਿਪ ‘ਚ 5ਵੇਂ ਨੰਬਰ ‘ਤੇ ਰਹੀ। ਫ਼ੋਰਸ ਇੰਡੀਆ ਨੇ 6ਵੇਂ ਸਥਾਨ ‘ਤੇ ਰਹੇ ਲੋਟਸ ਦੀ ਟੀਮ ਨੂੰ ਵੱਡੇ ਫ਼ਰਕ ਨਾਲ ਪਛਾੜਿਆ, ਜਿਸ ਨੇ 78 ਅੰਕ ਹਾਸਲ ਕੀਤੇ। ਫ਼ੋਰਸ ਇੰਡੀਆ ਦੇ ਡਰਾਈਵਰਾਂ ਨੇ ਸੀਜ਼ਨ ਦੀ ਸਧਾਰਣ ਸ਼ੁਰੂਆਤ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਅਤੇ ਨਿਯਮਿਤ ਤੌਰ ‘ਤੇ ਟੌਪ 10 ‘ਚ ਜਗ੍ਹਾ ਬਣਾਈ।
ਮੈਕੱਸਿਕੋ ਦੇ ਪੇਰੇਜ ਨੇ ਰੂਸ ਗ੍ਰਾਂ. ਪ੍ਰੀ. ‘ਚ ਤੀਜੇ ਨੰਬਰ ‘ਤੇ ਰਹਿੰਦੇ ਹੋਏ ਫ਼ੋਰਸ ਇੰਡੀਆ ਨੂੰ ਸਿਰਫ਼ ਤੀਜੀ ਵਾਰ ਪੋਡਿਯਮ ‘ਤੇ ਜਗ੍ਹਾ ਦਿਵਾਈ ਜਦਕਿ ਉਹ ਡਰਾਈਵਰ ਚੈਂਪੀਅਨਸ਼ਿਪ ‘ਚ ਵੀ 78 ਅੰਕਾਂ ਨਾਲ 9ਵੇਂ ਨੰਬਰ ‘ਤੇ ਰਹੇ। ਹੁਲਕੇਨਬਰਗ ਨੇ 10ਵਾਂ ਸਥਾਨ ਹਾਸਲ ਕੀਤਾ।

LEAVE A REPLY