1ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਕੇਂਦਰੀ ਰੇਲਵੇ ਮੰਤਰੀ ਸ੍ਰੀ ਸੁਰੇਸ਼ ਪ੍ਰਭੂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੰਤਰਾਲੇ ਨੂੰ ਸਰਹਿੰਦ-ਨੰਗਲ ਡੈਮ ਸੈਕਸ਼ਨ ‘ਤੇ ਘਨੌਲੀ-ਬੜੀ ਸਟੇਸ਼ਨ ਦਰਮਿਆਨ 64/15-16 ਵਿਖੇ ਬੰਦ ਪਈ ਰੇਲਵੇ ਕਰਾਸਿੰਗ ਨੰਬਰ 55-ਸੀ ਦੀ ਥਾਂ ‘ਤੇ ਸੀਮਿਤ ਉਚਾਈ ਵਾਲਾ ਸਬ-ਵੇਅ ਉਸਾਰਨ ਦੀ ਹਦਾਇਤ ਕਰਨ ਤਾਂ ਕਿ ਇਸ ਇਲਾਕੇ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਨਿਜਾਤ ਮਿਲ ਸਕੇ।
ਸ੍ਰੀ ਪ੍ਰਭੂ ਨੂੰ ਲਿਖੇ ਇਕ ਪੱਤਰ ਵਿਚ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੌਮੀ ਮਾਰਗ-205 ‘ਤੇ ਪਿੰਡ ਖਰੋਟਾ ਵਿਖੇ ਭਰਤਗੜ੍ਹ-ਖਰੋਟਾ ਲਿੰਕ ਰੋਡ ‘ਤੇ ਰੇਲ ਮੰਤਰਾਲੇ ਵੱਲੋਂ ਕਰਾਸਿੰਗ ਨੂੰ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬੰਦ ਹੋਣ ਨਾਲ ਨੇੜਲੇ ਪਿੰਡ ਮਾਜਰੀ, ਅਵਾਨਕੋਟ, ਅਲੋਵਾਲ, ਹਿੰਮਤਪੁਰ, ਕੀਮਤਪੁਰ ਅਤੇ ਖਰੋਟਾ ਦੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਖਰੀਦੋ-ਫਰੋਖਤ ਲਈ ਨੇੜਲੇ ਕਸਬੇ ਭਰਤਗੜ੍ਹ ਵਿਚ ਜਾਣ ਲਈ ਲੰਮਾ ਪੈਂਡਾ ਤੈਅ ਕਰਨਾ ਪੈਂਦਾ ਹੈ। ਸ. ਬਾਦਲ ਨੇ ਅੱਗੇ ਕਿਹਾ ਕਿ ਆਪਣੀਆਂ ਫਸਲਾਂ ਦੀ ਢੋਆ-ਢੁਆਈ ਲਈ ਅਤੇ ਸਿਹਤ ਤੇ ਸਿੱਖਿਆ ਸੁਵਿਧਾਵਾਂ ਵਾਸਤੇ ਵੀ ਲੋਕਾਂ ਨੂੰ ਮੁਸ਼ਕਲਾਂ ਸਹਿਣੀਆਂ ਪੈ ਰਹੀਆਂ ਹਨ।
ਮੁੱਖ ਮੰਤਰੀ ਨੇ ਸ੍ਰੀ ਪ੍ਰਭੂ ਨੂੰ ਜਾਣੂ ਕਰਵਾਇਆ ਕਿ ਫੇਜ਼-2 ਦੇ ਤਹਿਤ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਕੌਮੀ ਮਾਰਗ-205 ਤੋਂ ਘਨੌਲੀ ਤੋਂ ਬੜਾਅ ਪਿੰਡ ਤੱਕ ਮੌਜੂਦਾ ਲਿੰਕ ਰੋਡ ਨੂੰ ਅਪਗ੍ਰੇਡ ਕਰਨ ਦੀ ਤਜਵੀਜ਼ ਹੈ ਜਿਸ ਨਾਲ ਇਸ ਰੋਡ ‘ਤੇ ਟ੍ਰੈਫਿਕ ਵਧਣ ਦੀ ਸੰਭਾਵਨਾ ਹੈ। ਉਨ੍ਹਾਂ ਆਖਿਆ ਕਿ ਸੀਮਤ ਉਚਾਈ ਵਾਲੇ ਸਬ-ਵੇਅ ਦੀ ਉਸਾਰੀ ਹੋਣ ਨਾਲ ਦੂਰੀ ਘਟਣ ਕਰਕੇ ਲੋਕਾਂ ਦਾ ਸਮਾਂ ਅਤੇ ਪੈਸੇ ਦੀ ਵੱਡੀ ਬਚਤ ਹੋਵੇਗੀ।

LEAVE A REPLY