1ਚੰਡੀਗੜ੍ਹ : ਮੈਂਬਰ ਪਾਰਲੀਮੈਂਟ ਸ. ਰਵਨੀਤ ਸਿੱਘ ਬਿੱਟੂ ਨੇ ਅੱਜ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਲੰਬੇ ਹੱਥੀਂ ਲੈਂਦਿਆਂ ਉਨ੍ਹਾਂ ‘ਤੇ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਦਾ ਅਪਮਾਣ ਕਰਨ ਅਤੇ ਮੋਹਾਲੀ ਹਵਾਈ ਅੱਡੇ ਦੇ ਨਾਂਅ ਨੂੰ ਲੈ ਕੇ ਘਟੀਆ ਰਾਜਨੀਤੀ ਕਰਨ ਦਾ ਗੰਭੀਰ ਦੋਸ਼ ਲਾਇਆ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੋਹਾਲੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂਅ ‘ਤੇ ਨਾ ਰੱਖਿਆ ਗਿਆ ਤਾਂ ਕਾਂਗਰਸ ਪਾਰਟੀ ਆਉਂਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ ‘ਤੇ ਸੰਘਰਸ਼ ਸੂਬੇ ਭਰ ‘ਚ ਵਿਢੇਗੀ ਤਾਂ ਜੋ ਕੇਂਦਰ ਸਰਕਾਰ, ਪੰਜਾਬ ਅਤੇ ਹਰਿਆਣਾ ਦੀ ਸਰਕਾਰਾਂ ਨੂੰ ਮੋਹਾਲੀ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ ‘ਤੇ ਰੱਖਣ ਲਈ ਮਜ਼ਬੂਰ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਲਈ ਖਾਸ ਕਰ ਨੌਜਵਾਨਾਂ ਲਈ ਅੱਜ ਵੀ ਭਗਤ ਸਿੰਘ ਹੀਰੋ ਹਨ ਪਰ ਭਾਜਪਾ ਸ਼ਾਸਿਤ ਹਰਿਆਣਾ ਸਰਕਾਰ ਵੱਲੋਂ ਆਪਣੀ ਹੀ ਪਿਛਲੀ ਸਰਕਾਰ ਦੇ ਪ੍ਰਸਤਾਵ ਨੂੰ ਰੱਦ ਕਰਦਿਆਂ ਹਵਾਈ ਅੱਡੇ ਦਾ ਨਾਂਅ ਆਪਣੇ ਸਾਬਕਾ ਪ੍ਰਧਾਨ ਅਤੇ ਆਰ.ਐਸ.ਐਸ ਦੇ ਪ੍ਰਚਾਰਕ ਦੇ ਨਾਂ ‘ਤੇ ਰੱਖਣ ਦੇ ਕੇਂਦਰ ਨੂੰ ਭੇਜੇ ਗਏ ਪ੍ਰਸਤਾਵ ਜਿਸ ਵਿੱਚ ਉਨ੍ਹਾਂ ਮੰਗ ਕੀਤੀ ਕਿ ਹਵਾਈ ਅੱਡੇ ਦਾ ਨਾਅ ਡਾ. ਮੰਗਲ ਸੈਣ ਇੰਟਰਨੈਸ਼ਨਲ ਹਵਾਈ ਅੱਡਾ, ਚੰਡੀਗੜ੍ਹ ਰੱਖਿਆ ਜਾਵੇ, ਨਾਲ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਭਾਜਪਾ ਦੇ ਇਰਾਦਿਆਂ ਤੇ ਸਵਾਲ ਖੜੇ ਕਰਦਿਆਂ ਰਵਨੀਤ ਨੇ ਪੁਛਿਆ ਕਿ ਆਖਿਰ ਹਰਿਆਣਾ ਸਰਕਾਰ ਨੇ ਆਪਣੀ ਹੀ ਪਿੱਛਲੀ ਸਰਕਾਰ ਦੇ ਪ੍ਰਸਤਾਵ ਜਿਸ ਵਿੱਚ ਉਨ੍ਹਾਂ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਦੇ ਰੱਖਣ ਲਈ ਕਿਹਾ ਸੀ ਨੂੰ ਰੱਦ ਕਰ ਦਿੱਤਾ ਅਤੇ ਨਵਾਂ ਪ੍ਰਸਾਵ ਭੇਜਿਆ।
ਲੋਕ ਸਭਾ ਦੇ ਚੱਲ ਰਹੇ ਇਜਲਾਸ ਵਿੱਚ ਹਵਾਈ ਅੱਡੇ ਦੇ ਨਾਅ ਨੂੰ ਬਦਲਣ ਬਾਰੇ ਪੁੱਛੇ ਗਏ ਉਨ੍ਹਾਂ ਦੇ ਸਵਾਲ ਦੇ ਮਿਲੇ ਜਵਾਬ ਦਾ ਜ਼ਿਕਰ ਕਰਦਿਆਂ ਸ. ਬਿੱਟੂ ਨੇ ਕਿਹਾ ਕਿ ਇਹ ਸਪਸ਼ਟ ਹੋ ਗਿਆ ਹੈ ਕਿ ਜਦੋਂ ਤੋਂ ਮੋਦੀ ਸਰਕਾਰ ਕੇਂਦਰ ‘ਚ ਸੱਤਾ ਵਿੱਚ ਆਈ ਹੈ ਉਦੋਂ ਤੋਂ ਹੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਆਰ. ਐਸ.ਐਸ ਦੇ ਦਬਾਅ ਹੇਠ ਦੀ ਬੀ ਟੀਮ ਵਾਂਗ ਕੰਮ ਕਰ ਰਹੇ ਹਨ। ਇਨ੍ਹਾਂ ਸਾਰਿਆਂ ਵੱਲੋਂ ਹਰਿਆਣਾ ਸਰਕਾਰ ਦੇ ਨਵੇਂ ਪ੍ਰਸਤਾਵ ‘ਤੇ ਡੁੰਘਾ ਵਿਚਾਰ ਵਟਾਂਦਰਾ ਕੀਤਾ ਗਿਆ। ਰਵਨੀਤ ਬਿੱਟੂ ਨੇ ਸਵਾਲ ਕੀਤਾ ਕਿ ਜਦੋਂ ਪਹਿਲਾਂ ਹੀ ਹਵਾਈ ਅੱਡੇ ਦਾ ਨਾਂ ਰੱਖਣ ਲਈ ਸਾਡੇ ਕੌਮੀ ਸ਼ਹੀਦ ਦੇ ਨਾਂਅ ਚੱਲ ਰਿਹਾ ਹੈ ਤਾਂ ਇਸ ਨਵੇਂ ਪ੍ਰਸਤਾਵ ਦਾ ਕਿ ਮਤਲਬ ਅਤੇ ਇਹ ਕਿਉਂ ਵਿਚਾਰਿਆ ਗਿਆ। ਦੂਜਾ, ਹਰਿਆਣਾ ਸਰਕਾਰ ਦੇ ਨਵੇਂ ਪ੍ਰਸਤਾਵ ਨੂੰ ਗੁਪਤ ਕਿਉਂ ਰੱਖਿਆ ਗਿਆ ਅਤੇ ਜਨਤਕ ਕਿਉਂ ਨਹੀਂ ਕੀਤਾ ਗਿਆ। ਤੀਜਾ, ਇਹ ਜਾਣਦੇ ਹੋਏ ਕਿ ਇਸ ਵੇਲੇ ਕਿਸੇ ਹੋਰ ਨਾਂਅ ਤੇ ਵਿਚਾਰ ਕਰਨਾਂ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਦਾ ਅਪਮਾਨ ਹੈ, ਇਸ ਪ੍ਰਸਤਾਵ ਨੂੰ ਸਿਰੇ ਤੋਂ ਹੀ ਖਾਰਿਜ ਕਿਉਂ ਨਹੀਂ ਕੀਤਾ ਗਿਆ।
ਅੰਤ ਵਿੱਚ ਸ. ਬਿੱਟੂ ਨੇ ਕਿਹਾ ਕਿ ਦੇਸ਼ ਦੇ ਲੋਕ ਇਹ ਕਤੱਈ ਬਰਦਾਸ਼ਤ ਨਹੀਂ ਕਰਨਗੇ ਕਿ ਸ਼ਹੀਦ ਭਗਤ ਸਿੰਘ ਦੀ ਜਗਾ ਕਿਸੇ ਹੋਰ ਸਿਆਸੀ ਆਗੂ ਦੇ ਨਾਂ ‘ਤੇ ਹਵਾਈ ਅੱਡੇ ਦਾ ਨਾਂਅ ਰੱਖ ਦਿੱਤਾ ਜਾਵੇ। ਕਾਂਗਰਸ ਪਾਰਟੀ ਸ਼ਹੀਦਾਂ ਨੂੰ ਬਣਦਾ ਮਾਣ ਸਨਮਾਨ ਦਿਵਾ ਕਿ ਰਹੇਗੀ।

LEAVE A REPLY