7ਹੁਸ਼ਿਆਰਪੁਰ : ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ ਮਾਈ ਭਾਗੋ ਸਕੀਮ ਤਹਿਤ ਸਕੂਲ ਦੀਆਂ 12ਵੀਂ ਕਲਾਸ ਦੀਆਂ 382 ਲੜਕੀਆਂ ਨੂੰ ਸਾਈਕਲ ਵੰਡੇ। ਇਸ ਤੋਂ ਪਹਿਲਾਂ ਸਕੂਲ ਵਿਖੇ ਪਹੁੰਚਣ ‘ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ  (ਸੈਕੰ:) ਬਲਬੀਰ ਸਿੰਘ ਅਤੇ ਪ੍ਰਿੰਸੀਪਲ ਲਲਿਤਾ ਰਾਣੀ ਨੇ ਸ੍ਰੀ ਸੂਦ ਦਾ ਸਵਾਗਤ ਕੀਤਾ। ਸਮਾਗਮ ਵਿੱਚ ਮੇਅਰ ਨਗਰ ਨਿਗਮ ਸ਼ਿਵ ਸੂਦ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਤੀਕਸ਼ਨ ਸੂਦ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਮਾਈ ਭਾਗੋ ਸਕੀਮ ਦੇ ਤਹਿਤ ਵਿਦਿਆਰਥਣਾਂ ਨੂੰ ਸਾਈਕਲ ਵੰਡੇ ਗਏ ਹਨ। ਅੱਜ ਤੋਂ ਕਾਫ਼ੀ ਸਾਲ ਪਹਿਲਾਂ ਜਦੋ ਮੁੱਖ ਮੰਤਰੀ ਪੰਜਾਬ ਸ੍ਰ: ਪਰਕਾਸ਼ ਸਿੰਘ ਬਾਦਲ ਦੇ ਨਾਲ ਵਿਚਾਰ-ਵਟਾਂਦਰਾ ਹੋਇਆ ਸੀ ਤਾਂ ਇਸ ਗੱਲ ਤੇ ਕਾਫ਼ੀ ਚਿੰਤਾ ਪ੍ਰਗਟ ਕੀਤੀ ਗਈ ਸੀ ਕਿ ਸਕੂਲਾਂ ਵਿੱਚ 8ਵੀਂ ਜਮਾਤ ਤੋਂ ਬਾਅਦ ਬੁਨਿਆਦੀ ਸਹੂਲਤਾਂ ਕਰਕੇ ਕਾਫੀ ਲੜਕੀਆ ਸਕੂਲ ਛੱਡ ਜਾਂਦੀਆਂ ਹਨ। ਇਸ ਕਰਕੇ ਲੜਕੀਆਂ ਦਾ ਸਿੱਖਿਆ ਦਾ ਪੱਧਰ ਵੀ ਕਾਫ਼ੀ ਨੀਵਾਂ ਹੁੰਦਾ ਜਾ ਰਿਹਾ ਸੀ। ਕਾਫ਼ੀ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਇੱਕ ਯੋਜਨਾ ਤਿਆਰ ਕੀਤੀ ਗਈ ਜਿਸ ਵਿੱਚ ਲੜਕੀਆਂ ਨੂੰ ਪੜਾਈ ਪ੍ਰਤੀ ਉਤਸ਼ਾਹਿਤ ਕਰਨ ਲਈ ਘੱਟ ਫੀਸਾਂ ਕਰਨ, ਸਕੂਲ ਆਉਣ-ਜਾਣ ਲਈ ਵਿਦਿਆਰਥਣਾਂ ਨੂੰ ਸਾਈਕਲ ਮੁਹੱਈਆ ਕਰਾਉਣ ਅਤੇ ਸਕੂਲਾਂ ਵਿੱਚ ਬੱਚਿਆਂ ਨੂੰ ਵਰਦੀਆ ਮੁਹੱਈਆ ਕਰਾਉਣ ਦੇ ਲਈ ਅਲੱਗ-ਅਲੱਗ ਸਕੀਮਾਂ ਚਲਾਈਆਂ ਗਈਆਂ। ਇਨ੍ਹਾਂ ਸਕੀਮਾਂ ਦਾ ਹੀ ਨਤੀਜਾ ਹੈ ਕਿ ਅੱਜ ਸਰਕਾਰੀ ਸਕੂਲ ਦੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਵੱਖ-ਵੱਖ ਸਿੱਖਿਅਤ ਖੇਤਰਾਂ ਵਿੱਚ ਮੱਲ੍ਹਾਂ ਮਾਰ ਰਹੇ ਹਨ। ਉਨ੍ਹਾਂ ਬੱਚਿਆਂ ਨੂੰ ਦਿਲ ਲਗਾ ਕੇ ਪੜਾਈ ਕਰਨ ਦੀ ਅਪੀਲ ਕੀਤੀ ਤਾਂ ਜੋ ਵਿਦਿਆਰਥੀ ਆਪਣੇ ਜੀਵਨ ਵਿੱਚ ਸਫ਼ਲ ਹੋ ਸਕਣ। ਇਸ ਦੌਰਾਨ ਸ੍ਰੀ ਸੂਦ ਨੇ ਘੋਸ਼ਣ ਕਰਦਿਆਂ ਕਿਹਾ ਕਿ ਸਕੂਲ ਵਿੱਚ 9 ਨਵੇਂ ਕਮਰੇ, ਸਾਇੰਸ ਲੈਬ, ਇੱਕ ਲਾਇਬ੍ਰੇਰੀ ਅਤੇ ਹੋਰ ਬੁਨਿਆਦੀ ਢਾਂਚੇ ਲਈ ਕਰੀਬ 85 ਲੱਖ ਰੁਪਏ ਅਕਾਲੀ-ਭਾਜਪਾ ਸਰਕਾਰ ਵੱਲੋਂ ਮਨਜ਼ੂਰ ਹੋ ਗਏ ਹਨ। ਆਉਣ ਵਾਲੇ ਸਮੇਂ ਵਿੱਚ ਇਸ ਰਾਸ਼ੀ ਦੇ ਨਾਲ ਸਕੂਲ ਵਿੱਚ ਅਤਿ-ਆਧੁਨਿਕ ਕਮਰਿਆਂ ਦੀ ਵਿਵਸਥਾ ਕੀਤੀ ਜਾਵੇਗੀ।
ਇਸ ਦੌਰਾਨ ਸਕੂਲ ਦੀ ਪ੍ਰਿੰਸੀਪਲ ਲਲਿਤਾ ਰਾਣੀ ਨੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਉਪਲਬੱਧੀਆਂ ਸਬੰਧੀ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ। ਸਮਾਗਮ ਨੂੰ ਜ਼ਿਲ੍ਹਾ ਪ੍ਰਧਾਨ ਭਾਜਪਾ ਅਨੰਦਵੀਰ ਸਿੰਘ ਨੇ ਵੀ ਸੰਬੋਧਨ ਕਰਦਿਆਂ ਵਿਦਿਆਰਥੀਣਾਂ ਨੂੰ ਆਪਣੇ ਟੀਚੇ ਪੂਰੇ ਕਰਨ ਦੇ ਲਈ ਦਿਨ-ਰਾਤ ਮਿਹਨਤ ਕਰਨ ਲਈ ਕਿਹਾ।
ਇਸ ਮੌਕੇ ‘ਤੇ ਗਿਆਨ ਬਾਂਸਲ, ਰਿਤੂ ਬਾਂਸਲ, ਐਮ ਸੀ ਸੁਰੇਸ਼ ਭਾਟੀਆ ਬਿੱਟੂ , ਐਮ ਸੀ ਅਸ਼ੋਕ ਕੁਮਾਰ ਸ਼ੋਕੀ, ਰਾਮ ਦੇਵ ਯਾਦਵ, ਯਸ਼ਪਾਲ ਸ਼ਰਮਾ, ਕੌਂਸਲਰ ਨਿਪੁੰਨ ਸ਼ਰਮਾ, ਕੌਂਸਲਰ ਰਮੇਸ਼ ਠਾਕਰ ਮੇਸ਼ੀ, ਸਾਬਕਾ ਕੌਂਸਲਰ ਲਾਲ ਅਮਰਨਾਥ, ਸੁਨੀਲ ਸ਼ਰਮਾ, ਰਜਨੀ ਬਾਲਾ, ਅਪਰਾਜਤਾ ਕਪੂਰ ਸਮੇਤ ਸਕੂਲ ਦੇ ਵਿਦਿਆਰਥੀ ਸ਼ਾਮਲ ਸਨ।

LEAVE A REPLY